ਸਿੱਖਿਆ ਮੰਤਰੀ ਨੇ ਕੀਤੀ ਸਿੱਖਿਆ ਸੁਧਾਰਾਂ ਅਤੇ ਪ੍ਰੋਗਰਾਮਾਂ ਦੀ ਪ੍ਰਗਤੀ ਜਾਣਨ ਲਈ ‘ਅਧਿਆਪਕਾਂ ਨਾਲ ਸੰਵਾਦ’ ਦੀ ਸ਼ੁਰੂਆਤ

ਐਸ.ਏ.ਐਸ.ਨਗਰ, 25 ਨਵੰਬਰ, (ਖ਼ਬਰ ਖਾਸ ਬਿਊਰੋ)
ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਵਿੱਚ ਮਿਆਰੀ ਅਤੇ ਗੁਣਾਤਮਕ ਸਿੱਖਿਆ ਨੂੰ ਯਕੀਨੀ ਬਣਾਉਣ ਲਈ ਆਪਣੀ ਚੱਲ ਰਹੀ ਪਹਿਲਕਦਮੀ ਤਹਿਤ ਸਕੂਲ ਅਤੇ ਉਚੇਰੀ ਸਿੱਖਿਆ ਅਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਸ਼ਾਮ ਮੁਹਾਲੀ ਜ਼ਿਲ੍ਹੇ ਤੋਂ “ਅਧਿਆਪਕਾਂ ਨਾਲ ਸੰਵਾਦ” ਨਾਂ ਦੀ ਨਵੀਂ ਪਹਿਲਕਦਮੀ ਸ਼ੁਰੂ ਕੀਤੀ। ਉਨ੍ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿਖੇ ਕਰੀਬ ਦੋ ਘੰਟੇ ਅਧਿਆਪਕਾਂ ਨੂੰ ਠਰ੍ਹੰਮੇ ਨਾਲ ਸੁਣਿਆ।
ਸਿੱਖਿਆ ਮੰਤਰੀ ਬੈਂਸ ਨੇ ਦੱਸਿਆ ਕਿ ਇਸ ਕਦਮ ਦਾ ਉਦੇਸ਼ ਪ੍ਰਿੰਸੀਪਲਾਂ, ਹੈੱਡ ਮਾਸਟਰਾਂ, ਬੀਪੀਈਓਜ਼, ਸੈਂਟਰ ਹੈੱਡ ਟੀਚਰਾਂ, ਵੱਖ-ਵੱਖ ਪ੍ਰੋਗਰਾਮਾਂ ਦੇ ਨੋਡਲ ਅਫ਼ਸਰਾਂ ਅਤੇ ਸਕੂਲ ਕੈਂਪਸ ਪ੍ਰਬੰਧਕਾਂ ਤੋਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਹੋਰ ਸੁਧਾਰ ਜਾਂ ਬਦਲਾਅ ਲਈ, ਚੱਲ ਰਹੇ ਸੁਧਾਰਾਂ ਅਤੇ ਪ੍ਰੋਗਰਾਮਾਂ ਬਾਰੇ ਫੀਡਬੈਕ ਪ੍ਰਾਪਤ ਕਰਨਾ ਹੈ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਨ ਲਈ ਸਕੂਲ ਆਫ਼ ਐਮੀਨੈਂਸ, ਸਕੂਲ ਆਫ਼ ਹੈਪੀਨੈਸ ਅਤੇ ਸਕੂਲ ਆਫ਼ ਬ੍ਰਿਲੀਐਂਸ ਦੇ ਸੰਕਲਪ ਦੀ ਸ਼ੁਰੂਆਤ ਕਰਕੇ ਮੌਜੂਦਾ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਲਿਆਉਣ ਦੇ ਨਾਲ-ਨਾਲ ਉਨ੍ਹਾਂ ਨੂੰ ਚੰਦਰਯਾਨ ਦੀ ਸ਼ੁਰੂਆਤ ਅਤੇ ਸੈਟੇਲਾਈਟ ਦੀ ਉਡਾਣ ਦੇਖਣ ਲਈ ਪਲੇਟਫਾਰਮ ਪ੍ਰਦਾਨ ਕੀਤਾ ਹੈ। ਇਸੇ ਤਰ੍ਹਾਂ, ਸਕੂਲ ਦੇ ਪ੍ਰਿੰਸੀਪਲਾਂ, ਹੈੱਡਮਾਸਟਰਾਂ ਅਤੇ ਅਧਿਆਪਕਾਂ ਨੂੰ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਅਨੁਸਾਰ ਸਾਡੀ ਸਿੱਖਿਆ ਪ੍ਰਣਾਲੀ ਨੂੰ ਬਿਹਤਰ ਅਤੇ ਮਜ਼ਬੂਤ ​​ਕਰਨ ਲਈ ਅਗਵਾਈ ਅਤੇ ਪ੍ਰਬੰਧਕੀ ਹੁਨਰਾਂ ਨਾਲ ਲੈਸ ਕਰਨ ਲਈ ਸਿੰਘਾਪੁਰ, ਆਈਆਈਐਮ ਅਹਿਮਦਾਬਾਦ ਅਤੇ ਹੁਣ ਫਿਨਲੈਂਡ ਤੋਂ ਸਿਖਲਾਈ ਲੈਣ ਦੇ ਪ੍ਰਬੰਧ ਕੀਤੇ ਗਏ ਹਨ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਸਿੱਖਿਆ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਬਣਾਉਣ ਅਤੇ ਉੱਥੇ ਪੜ੍ਹਦੇ ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ ਅਤੇ ਮਾਣ ਦੀ ਭਾਵਨਾ ਪੈਦਾ ਕਰਨ ਲਈ ਕ੍ਰਾਂਤੀਕਾਰੀ ਕਦਮ ਚੁੱਕੇ ਗਏ ਹਨ।
ਉਨ੍ਹਾਂ ਕਿਹਾ ਕਿ ਸਾਡੇ ਆਲੋਚਕਾਂ ਨੂੰ ਇੱਕੋ ਇੱਕ ਜਵਾਬ ਹੈ ਸਾਡੇ ਸਕੂਲਾਂ ਦੀ ਵਧੀ ਹੋਈ ਵਿਦਿਆਰਥੀ ਗਿਣਤੀ ਅਤੇ ਬੁਨਿਆਦੀ ਢਾਂਚੇ ਦੇ ਨਾਲ ਨਵੇਂ ਯੁੱਗ ਦੇ ਸਕੂਲਾਂ ਵਿੱਚ ਬਦਲਣਾ। ਉਨ੍ਹਾਂ ਕਿਹਾ ਕਿ ਉਹ ਹੁਣ ਤੱਕ 1000 ਸਕੂਲਾਂ ਦਾ ਦੌਰਾ ਕਰ ਚੁੱਕੇ ਹਨ ਅਤੇ ਜ਼ਿਆਦਾਤਰ ਅਧਿਆਪਕ ਆਪਣੇ ਕੰਮ ਨੂੰ ਸਮਰਪਿਤ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਬੁਨਿਆਦੀ ਢਾਂਚਾ ਅਤੇ ਹੋਰ ਅਪਗ੍ਰੇਡੇਸ਼ਨ ਲਈ ਕੁੱਲ 20,000 ਸਕੂਲਾਂ ਦਾ ਸਰਵੇ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਲਗਭਗ 8000 ਸਕੂਲਾਂ ਨੂੰ 1300 ਕਿਲੋਮੀਟਰ ਚਾਰ ਦੀਵਾਰੀ ਮਿਲ ਚੁੱਕੀ ਹੈ ਜਦਕਿ 10,000 ਕਲਾਸਰੂਮਾਂ ਦੀ ਉਸਾਰੀ/ਮੁਰੰਮਤ ਅਤੇ ਨਵੀਨੀਕਰਣ ਦਾ ਕੰਮ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ 500 ਤੋਂ ਵੱਧ ਵਿਦਿਆਰਥੀਆਂ ਦੀ ਗਿਣਤੀ ਵਾਲੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਕੈਂਪਸ ਮੈਨੇਜਰਾਂ, ਸੁਰੱਖਿਆ ਗਾਰਡਾਂ ਅਤੇ ਸੈਨੀਟੇਸ਼ਨ ਵਰਕਰਾਂ ਦੀ ਤਾਇਨਾਤੀ ਦੀ ਸ਼ੁਰੂਆਤ ਨੇ ਅਧਿਆਪਨ ਦੇ ਕੰਮ ਨੂੰ ਹੁਲਾਰਾ ਦਿੱਤਾ ਹੈ ਕਿਉਂਕਿ ਅਧਿਆਪਕਾਂ ਕੋਲ ਹੁਣ ਪੜ੍ਹਾਈ ਵੱਲ ਧਿਆਨ ਦੇਣ ਲਈ ਵਧੇਰੇ ਸਮਾਂ ਹੈ।
ਉਨ੍ਹਾਂ ਕਿਹਾ ਕਿ ਮੈਗਾ ਪੀ.ਟੀ.ਐਮਜ਼ ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਅਧਿਆਪਕਾਂ ਨਾਲ ਗੱਲਬਾਤ ਕਰਨ ਲਈ ਇੱਕ ਢੁਕਵਾਂ ਪਲੇਟਫਾਰਮ ਪ੍ਰਦਾਨ ਕੀਤਾ ਹੈ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਉਸ ਦਿਨ ਦੇ ਦੌਰੇ ਦੌਰਾਨ ਉਨ੍ਹਾਂ ਦੇ ਹਲਕੇ ਆਨੰਦਪੁਰ ਸਾਹਿਬ ਵਿੱਚ ਵਿਦਿਆਰਥੀਆਂ ਦਾ ਹੁੰਗਾਰਾ ਦੇਖ ਕੇ ਉਹ ਹੈਰਾਨ ਰਹਿ ਗਏ ਸਨ।
ਸਿੱਖਿਆ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਵਿੱਚ ਸਿੱਖਿਆ ਦੇ ਹਾਲਾਤ ਠੀਕ ਕਰਨ ਲਈ ਸਿੱਖਿਆ ਮੰਤਰਾਲੇ ਨੂੰ ਇੱਕ ਵੱਡੀ ਚੁਣੌਤੀ ਵਜੋਂ ਸਵੀਕਾਰ ਕੀਤਾ ਹੈ ਅਤੇ ਉਹ ਇਸ ਵਿੱਚ ਕਾਮਯਾਬ ਵੀ ਹੋਏ ਹਨ।
ਸਿਖਲਾਈ ਲਈ ਫਿਨਲੈਂਡ ਗਏ ਅਧਿਆਪਕਾਂ ਨੇ ਆਪਣੇ ਤਜ਼ਰਬੇ ਸਾਂਝੇ ਕਰਦੇ ਹੋਏ ਉਨ੍ਹਾਂ ਨੂੰ ਮੌਕਾ ਪ੍ਰਦਾਨ ਕਰਨ ਲਈ ਰਾਜ ਦਾ ਧੰਨਵਾਦ ਕੀਤਾ। ਸੋਹਾਣਾ ਸਕੂਲ ਤੋਂ ਅਦਿਤੀ ਅਤੇ ਮਾਜਰੀ ਬਲਾਕ ਤੋਂ ਸਤਨਾਮ ਸਿੰਘ ਨੇ ਕਿਹਾ ਕਿ ਫਿਨਲੈਂਡ ਸਰਕਾਰ ਪ੍ਰਾਇਮਰੀ ਸਿੱਖਿਆ ਦੌਰਾਨ ਬੱਚਿਆਂ ਦੀ ਖੁਸ਼ੀ ‘ਤੇ ਧਿਆਨ ਦਿੰਦੀ ਹੈ ਅਤੇ ਉਨ੍ਹਾਂ ਨੇ ਆਪਣੇ ਦੌਰੇ ਤੋਂ ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਮੋਹਰੀ ਰਹਿਣ ਦਾ ਹੁਨਰ ਸਿੱਖ ਲਿਆ ਹੈ।
ਜਿਨ੍ਹਾਂ ਪ੍ਰਿੰਸੀਪਲਾਂ ਅਤੇ ਮੁਖੀਆਂ ਨਾਲ ਸਿੱਖਿਆ ਮੰਤਰੀ ਨੇ ਗੱਲਬਾਤ ਕੀਤੀ ਉਨ੍ਹਾਂ ਵਿੱਚ ਸ਼੍ਰੀਮਤੀ ਸੰਧਿਆ-ਪ੍ਰਿੰਸੀਪਲ, ਸਰਕਾਰੀ ਸੇਨ ਸੈਕੰਡਰੀ ਸਕੂਲ ਗੋਬਿੰਦਗੜ੍ਹ, ਸ਼੍ਰੀਮਤੀ ਅੰਸ਼ੁਲ ਜੈਨ-ਮੁਖੀ ਸਰਕਾਰੀ ਹਾਈ ਸਕੂਲ ਰਾਮਗੜ੍ਹ ਰੁੜਕੀ, ਖੁਸ਼ਵਿੰਦਰ ਕੌਰ- ਹੈੱਡ, ਜੀ.ਐੱਚ.ਐੱਸ.ਦੇਸੂਮਾਜਰਾ, ਗੁਰਸੇਵਕ ਸਿੰਘ-ਮੁਖੀ, ਜੀ.ਐੱਚ.ਐੱਸ. ਕੁੰਭੜਾ, ਲਵੀਸ਼-ਪ੍ਰਿੰਸੀਪਲ, ਐੱਸ.ਓ.ਈ., ਫੇਜ਼ 11, ਮੋਹਾਲੀ, ਸ਼ੁਭਵੰਤ ਕੌਰ-ਮੁਖੀ ਜੀ.ਐੱਚ.ਐੱਸ ਸਨੇਟਾ, ਪਰੇਨਾ- ਹੈੱਡ, ਜੀ.ਐੱਚ.ਐੱਸ. ਕਰਾਲਾ, ਜਤਿਨ ਮਿਗਲਾਨੀ ਬੀ.ਪੀ.ਈ.ਓ. ਬਲਦੇਵ ਸਿੰਘ ਖਰੜ, ਸ. ਸੋਹਾਣਾ, ਖੁਸ਼ਵਿੰਦਰ ਕੌਰ ਦੇਸੂਮਾਜਰਾ, ਸਰਕਾਰੀ ਪ੍ਰਾਇਮਰੀ ਸਕੂਲ ਲੋਹਗੜ੍ਹ ਤੋਂ ਸਤਿੰਦਰਪਾਲ ਕੌਰ, ਅਮਨਪ੍ਰੀਤ ਕੌਰ ਜੀ.ਪੀ.ਐਸ ਜੁਝਾਰ ਨਗਰ, ਦਵਿੰਦਰ ਕੌਰ ਮੀਰਪੁਰ (ਡੇਰਾਬੱਸੀ) ਸਕੂਲ ਆਫ਼ ਹੈਪੀਨੇਸ ਤੋਂ ਇਲਾਵਾ ਹੋਰ ਵੀ ਕਈਸ਼ਾਮਲ ਸਨ।
ਮਿਸ਼ਨ ਸਮਰਥ, ਅਰੰਭ, ਨਵੇਂ ਵਿਦਿਆਰਥੀ ਪ੍ਰੇਰਨ ਦੀ ਮੁਹਿੰਮ , ਅਤੇ ਸਾਥੀ ਪ੍ਰੋਜੈਕਟ ਜਿਸ ਦੇ ਤਹਿਤ ਆਈਆਈਟੀ ਕਾਨਪੁਰ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਏਆਈਈਈਈ ਦੀ ਸਿਖਲਾਈ ਲਈ ਆਨਲਾਈਨ ਕੋਚਿੰਗ ਪ੍ਰਦਾਨ ਕਰਦਾ ਹੈ ਅਤੇ ਅਧਿਆਪਕਾਂ ਲਈ ਅੰਦਰੂਨੀ ਸਿਖਲਾਈ ਵਰਗੇ ਮਹੱਤਵਪੂਰਨ ਪ੍ਰੋਗਰਾਮਾਂ ਬਾਰੇ ਵੀ ਚਰਚਾ ਕੀਤੀ ਗਈ।
ਸਰਵੋਤਮ ਪ੍ਰਦਰਸ਼ਨ ਕਰਨ ਵਾਲੇ ਸਕੂਲਾਂ ਜਿਨ੍ਹਾਂ ਵਿੱਚ ਜੀਪੀਐਸ ਬਲਟਾਣਾ, ਜੀਪੀਐਸ ਸੈਦਪੁਰਾ, ਜੀਐਸਐਸਐਸ ਫੇਜ਼ 11, ਮੁਹਾਲੀ, ਐਸਓਈ ਮੁੱਲਾਂਪੁਰ ਅਤੇ ਐਸਓਈ 3ਬੀ1 ਨੂੰ ਦਾਖਲੇ ਵਿੱਚ ਰਿਕਾਰਡ ਵਾਧੇ ਲਈ ਸਨਮਾਨਿਤ ਕੀਤਾ ਗਿਆ ਜਦੋਂ ਕਿ ਜੀਪੀਐਸ ਜੁਝਾਰ ਨਗਰ, ਜੀਪੀਐਸ ਝੁੰਗੀਆਂ (ਖਰੜ), ਜੀਪੀਐਸ ਛੱਜੂਮਾਜਰਾ, ਜੀਐਮਐਸ ਜਸਤਾਨਾ ਕਲਾਂ ਅਤੇ ਜੀਐਮਐਸ ਖਿੱਜ਼ਰਗੜ੍ਹ ਮਿਸ਼ਨ ਸਮਰਥ ਵਿੱਚ ਸਰਵੋਤਮ ਪ੍ਰਦਰਸ਼ਨ ਕਰਨ ਵਾਲੇ ਸਕੂਲ ਚੁਣੇ ਗਏ।
ਸਿੱਖਿਆ ਮੰਤਰੀ ਨੇ ਕਿਹਾ ਕਿ “ਅਧਿਆਪਕਾਂ ਨਾਲ ਸੰਵਾਦ” ਪੰਜਾਬ ਦੀ ਸਿੱਖਿਆ ਪ੍ਰਣਾਲੀ ਦੇ ਇਤਿਹਾਸ ਵਿੱਚ ਇੱਕ ਨਵਾਂ ਮੀਲ ਦਾ ਪੱਥਰ ਸਾਬਤ ਹੋਵੇਗਾ, ਜਿਸ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਪ੍ਰਣਾਲੀ ਨੂੰ ਹੋਰ ਬਿਹਤਰ ਬਣਾਉਣ ਲਈ ਵਧੀਆ ਕਾਰਗੁਜ਼ਾਰੀ ਵਾਲੇ ਅਧਿਆਪਕਾਂ, ਸਕੂਲ ਮੁਖੀਆਂ ਅਤੇ ਕੈਂਪਸ ਪ੍ਰਬੰਧਕਾਂ ਵਰਗੇ ਸਾਰੇ ਹਿੱਸੇਦਾਰਾਂ ਨਾਲ ਸਿੱਧੀ ਗੱਲਬਾਤ ਹੋਵੇਗੀ।
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ: ਗਿੰਨੀ ਦੁੱਗਲ ਨੇ ਮੰਤਰੀ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਵੱਖ-ਵੱਖ ਪ੍ਰੋਗਰਾਮਾਂ ਦੀ ਪ੍ਰਗਤੀ ਬਾਰੇ ਜਾਣੂ ਕਰਵਾਇਆ।
ਸਿੱਖਿਆ ਮੰਤਰੀ ਨੇ ਅਧਿਆਪਕਾਂ ਨੂੰ 4 ਦਸੰਬਰ ਨੂੰ ਹੋਣ ਵਾਲੀ ਪਰਖ ਪ੍ਰੀਖਿਆ ਲਈ ਵਿਦਿਆਰਥੀਆਂ ਨੂੰ ਚੰਗੀ ਤਰ੍ਹਾਂ ਤਿਆਰੀ ਕਰਵਾਉਣ ਲਈ ਕਿਹਾ।
ਵਿਸ਼ੇਸ਼ ਸਕੱਤਰ (ਸਿੱਖਿਆ) ਚਰਚਿਲ ਕੁਮਾਰ, ਸਕੱਤਰ ਪੀਐਸਈਬੀ ਸੰਜੀਵ ਕੁਮਾਰ, ਡੀਪੀਆਈ (ਸੈਕੰਡਰੀ) ਪਰਮਜੀਤ ਸਿੰਘ, ਡੀਪੀਆਈ (ਐਲੀਮੈਂਟਰੀ) ਹਰਕੀਰਤ ਕੌਰ ਚੰਨੀ ਵੀ ਹਾਜ਼ਰ ਸਨ।

ਹੋਰ ਪੜ੍ਹੋ 👉  10 ਕਿਲੋ ਹੈਰੋਇਨ ਸਮੇਤ ਦੋ ਪੇਸ਼ੇਵਰ ਨਸ਼ਾ ਤਸਕਰ ਕਾਬੂ

Leave a Reply

Your email address will not be published. Required fields are marked *