ਮਨ ਹੋਵੇ ਮਜ਼ਬੂਤ ਤਾਂ ਅਸੰਭਵ ਕੁੱਝ ਨਹੀਂ- ਬੁੱਧ ਸਿੰਘ ਨੀਲੋਂ

ਮਨੁੱਖੀ ਜ਼ਿੰਦਗੀ ਵਿੱਚ ਅਸੰਭਵ ਕੁੱਝ ਵੀ ਨਹੀਂ ਹੁੰਦਾ, ਬੰਦਾ ਕੀ ਨਹੀਂ ਕਰ ਸਕਦਾ, ਅਕਸਰ ਬੰਦੇ ਨੂੰ ਹਾਲਾਤ ਰੋਲਦੇ ਹਨ। ਬੰਦਾ ਹਲਾਤਾਂ ਦਾ ਝੰਬਿਆ ਤਾਪ ਨਹੀਂ ਆਉਂਦਾ। ਉਂਝ ਬੰਦੇ ਨੂੰ ਸੁਪਨੇ ਬਹੁਤ ਆਉਂਦੇ ਹਨ। ਸੁਪਨੇ ਆਉਣੇ, ਸੁਪਨੇ ਦੇਖਣੇ, ਸੁਪਨੇ ਲੈਣੇ, ਸੁਪਨੇ ਸਾਕਾਰ ਕਰਨੇ ਜਿਉਂਦੇ ਮਨੁੱਖ ਦੇ ਪ੍ਰਤੀਕ ਹਨ ਪਰ ਸੁਪਨਿਆਂ ਦਾ ਮਰ ਜਾਣਾ ਸਭ ਤੋਂ ਖ਼ਤਰਨਾਕ ਹੁੰਦਾ ਹੈ । ਪਾਸ਼ ਦੀ ਕਵਿਤਾ – ਸਭ ਤੋਂ ਖ਼ਤਰਨਾਕ – ਅਜੋਕੇ ਸਮਾਜ ਦੀ ਤ੍ਰਾਸਦੀ ਨੂੰ ਪੇਸ਼ ਕਰਦੀ ਹੈ।

ਬੁੱਧ ਸਿੰਘ ਨੀਲੋਂ

ਸਮਾਜ ਵਿੱਚ ਸਮਾਜਿਕ, ਆਰਥਿਕ, ਧਾਰਮਿਕ, ਰਾਜਨੀਤਿਕ ਨਾ ਬਰਾਬਰੀ ਕਾਰਨ ਬਹੁਤਿਆਂ ਦੇ ਸੁਪਨੇ ਮਰ ਜਾਂਦੇ ਹਨ। ਬੰਦੇ ਆਪਣੇ ਹੱਥੀਂ ਸੁਪਨਿਆਂ ਨੂੰ ਲਾਂਬੂ ਲਾਉਂਦਾ ਹੈ। ਜਿਹਨਾਂ ਨੇ ਜ਼ਿੰਦਗੀ ਵਿੱਚ ਭੀੜ ਨਾਲੋਂ ਵੱਖਰਾ ਹੋਣਾ ਸਿਖਿਆ ਹੈ, ਉਹਨਾਂ ਦਾ ਨਾਮ ਬੋਲਦਾ ਹੈ। ਜਿਵੇਂ ਸਿਆਣੇ ਲੋਕਾਂ ਦੀ ਭੀੜ ਨਹੀਂ ਹੁੰਦੀ, ਭੀੜ ਦੀ ਸੋਚ ਨਹੀਂ ਹੁੰਦੀ, ਉਹ ਤਾਂ ਹੜ੍ਹ ਵਰਗੀ ਹੁੰਦੀ ਹੈ, ਜਿਸ ਦੇ ਪਿੱਛੇ ਕੋਈ ਹੋਰ ਤਾਕਤ ਹੁੰਦੀ ਹੈ ਜੋਂ ਉਸਨੂੰ ਗਤੀਸ਼ੀਲ ਕਰਦੀ ਹੈ। ਭੀੜ ਹਮੇਸ਼ਾ ਖ਼ਤਰਨਾਕ ਹੁੰਦੀ ਹੈ। ਸਾਡੇ ਆਲੇ ਦੁਆਲੇ ਭੀੜ੍ਹ ਤੰਤਰ ਪੈਦਾ ਕਰ ਦਿੱਤਾ ਹੈ। ਇਸੇ ਕਰਕੇ ਆਪਣੇ ਪਰਾਏ ਦਾ ਪਤਾ ਨਹੀਂ ਲੱਗਦਾ। ਜ਼ਿੰਦਗੀ ਦੇ ਵਿੱਚ

ਸਾਹਿਤਕਾਰ, ਸੰਗੀਤਕਾਰ, ਅਦਾਕਾਰ, ਚਿਤਰਕਾਰ ਬਨਣ ਲਈ ਮੰਜ਼ਿਲ ਤਾਂ ਨੇੜੇ ਹੈ, ਪਰ ਰਸਤਾ ਬੜਾ ਬਿਖੜਾ ਹੈ। ਪਰ ਮਿਹਨਤ, ਸਿਦਕ, ਸ਼ਕਤੀ, ਚਾਅ, ਸੁਪਨੇ, ਦ੍ਰਿੜਤਾ ਤੇ ਆਪਣਾ ਸਾਰਾ ਧਿਆਨ ਇੱਕ ਥਾਂ ‘ਤੇ ਕੇਂਦਰ ਕਰਨ ਨਾਲ ਕੁੱਝ ਵੀ ਬਣਿਆ ਜਾ ਸਕਦਾ ਹੈ। ਕਿਸੇ ਦੀ ਰੂਹ ਨੂੰ ਆਪਣੀ ਰੂਹ ਵਿੱਚ ਸ਼ਾਮਲ ਕਰ ਲੈਣਾ ਤਾਂ ਔਖਾ ਹੁੰਦਾ ਹੈ, ਪਰ ਜੇ ਰੂਹ ਤੁਹਾਡੇ ਅੰਦਰ ਪ੍ਰਵੇਸ਼ ਕਰ ਜਾਵੇ ਤਾਂ ਇਹ ਕੁੱਝ ਵੀ ਔਖਾ ਨਹੀਂ ਹੁੰਦਾ ਪਰ ਅਸੀਂ ਇਸ ਰਸਤੇ ਤੁਰਦੇ ਨਹੀਂ। ਅਸੀਂ ਬਣੇ ਬਣਾਏ ਰਸਤਿਆਂ ਉੱਤੇ ਤੁਰਨ ਦੇ ਆਦੀ ਹਾਂ। ਵੱਖਰੇ ਰਸਤਿਆਂ ਉਤੇ ਤੁਰਨ ਵਾਲੇ ਵੀ ਭੀੜ੍ਹ ਤੋਂ ਵੱਖਰੇ ਹੁੰਦੇ ਹਨ।

ਵੱਡੇ ਵੱਡੇ ਫਨਕਾਰ, ਗਾਇਕ ਤੇ ਸਾਹਿਤਕਾਰ ਅਕਸਰ ਹੀ ਆਪਣੀ ਮੁਲਾਕਾਤ ਮੌਕੇ ਇਹ ਝੂਠ ਬੋਲਦੇ ਹਨ, ਕਿ ”ਇਹ ਤਾਂ ਉਨ੍ਹਾਂ ਨੂੰ ਕੁਦਰਤ ਵੱਲੋਂ ਮਿਲਿਆ ਤੋਹਫਾ ਹੈ।” ਅਸਲ ਵਿੱਚ ਇਹ ਸਭ ਕੁੱਝ ਉਨ੍ਹਾਂ ਦੇ ਅਭਿਆਸ ਦਾ ਸਿੱਟਾ ਹੁੰਦਾ ਹੈ। ਅਭਿਆਸ ਇੱਕ ਦਿਨ ਜ਼ਰੂਰ ਰੰਗ ਲਿਆਉਂਦਾ ਹੈ। ਲੋੜ ਤਾਂ ਹੁੰਦੀ ਹੈ, ਜ਼ਿੰਦਗੀ ਵਿੱਚ ਰੰਗ ਭਰਨ ਦੀ। ਜਿਸ ਨੂੰ ਜ਼ਿੰਦਗੀ ਵਿੱਚ ਰੰਗ ਭਰਨਾ ਆਉਂਦਾ ਹੈ, ਉਹ ਕਦੇ ਵੀ ਉਦਾਸ ਨਹੀਂ ਹੁੰਦਾ। ਸਗੋਂ ਹਰ ਵੇਲੇ ਖਿੜਿਆ ਰਹਿੰਦਾ ਹੈ। ਖਿੜੇ ਰਹਿਣ ਲਈ ਖੁਦ ਖਿੜਨਾ ਪੈਂਦਾ ਹੈ।
ਸ਼ਬਦਾਂ ਦੇ ਜਾਦੂਗਰ ਅਕਸਰ ਹੀ ਆਪਣੇ ਵਹਾਅ ਵਿੱਚ ਭੀੜ ਨੂੰ ਨਾਲ ਲੈ ਤੁਰਦੇ ਹਨ। ਉਨ੍ਹਾਂ ਅੰਦਰ ਇਹ ਮੁਹਾਰਤ ਇੱਕ ਦਿਨ ਵਿੱਚ ਨਹੀਂ ਆਉਂਦੀ । ਇਸ ਦੇ ਪਿਛੇ ਲੰਮੇ ਅਧਿਐਨ ਤੇ ਅਭਿਆਸ ਦਾ ਸਿੱਟਾ ਹੁੰਦਾ ਹੈ ਪਰ ਅਸੀਂ ਸਿੱਟੇ ‘ਤੇ ਪਹਿਲਾਂ ਪੁੱਜਦੇ ਹਾਂ, ਅਸੀਂ ਤੁਰਦੇ ਬਾਅਦ ਵਿੱਚ ਹਾਂ, ਇਸੇ ਕਰਕੇ ਅਸੀਂ ਅਸਫਲ ਹੁੰਦੇ ਹਾਂ।

ਹੋਰ ਪੜ੍ਹੋ 👉  ਪ੍ਰੀ-ਬਜ਼ਟ ਮੀਟਿੰਗ: ਪੰਜਾਬ ਵੱਲੋਂ ਪੁਲਿਸ ਦੇ ਆਧੁਨਿਕੀਕਰਨ ਲਈ 1000 ਕਰੋੜ ਰੁਪਏ ਦੇ ਪੈਕੇਜ, ਗੁਆਂਢੀ ਪਹਾੜੀ ਰਾਜਾਂ ਵਾਂਗ ਉਦਯੋਗਿਕ ਪ੍ਰੋਤਸਾਹਨ ਦੀ ਮੰਗ

ਹਰ ਸਫਲਤਾ ਦੀ ਹਰਕਤ ਪਹਿਲਾਂ ਮਨੁੱਖ ਦੇ ਮਨ ਵਿੱਚ ਅੰਗੜਾਈ ਭਰਦੀ ਹੈ, ਫਿਰ ਉਹ ਕਾਗਜ਼ ‘ਤੇ ਉਤਰਕੇ ਹਕੀਕਤ ਦਾ ਰੂਪ ਅਖਿਤਿਆਰ ਕਰਦੀ ਹੈ। ਅਸੀਂ ਰੂਪ ਨੂੰ ਵੇਖ ਕੇ ਪਹਿਲਾਂ ਚਕਾਚੋਂਧ ਹੁੰਦੇ , ਪਰ ਮਨ ਅੰਦਰ ਕੋਈ ਸੁਪਨਾ, ਕੋਈ ਇੱਛਾ, ਤਾਂਘ ਨਾ ਹੋਣ ਕਰਕੇ ਹੱਥ ਮਲਦੇ ਰਹਿ ਜਾਂਦੇ ਹਾਂ। ਹਰ ਮਨੁੱਖ ਹਰ ਵੇਲੇ ਇੱਕ ਅਦਾਕਾਰ ਵਾਂਗ ਜ਼ਿੰਦਗੀ ਵਿੱਚ ਅਦਾਕਾਰੀ ਕਰਦਾ ਹੈ, ਹਰ ਦੀ ਅਦਾਕਾਰੀ ਕਿਸੇ ਦੇ ਨਾਲ ਨਹੀਂ ਜੁੜਦੀ! ਜਿਹੜੇ ਕਿਸੇ ਦੀ ਨਕਲ ਕਰਦੇ ਹਨ, ਉਹ ਆਪਣੀ ਹੋਂਦ ਗੁਆ ਲੈਂਦੇ ਹਨ। ਆਪਣੀ ਹੋਂਦ ਗਵਾਉਣੀ ਉਨਾਂ ਦੇ ਹਿੱਸੇ ਹੀ ਆਉਂਦੀ ਜਿਹੜੇ ਦੂਸਰਿਆਂ ਦੇ ਨਕਸ਼ੇ ਕਦਮਾਂ ‘ਤੇ ਤੁਰਦੇ ਹਨ।

ਦਰਿਆਵਾਂ ਦਾ ਆਪਣਾ ਕੋਈ ਵਹਿਣ ਨਹੀਂ ਹੁੰਦਾ। ਪਾਣੀ ਦਾ ਵੇਗ ਆਪਣੇ ਆਪ ਰਸਤੇ ਬਣਾਉਂਦਾ ਤੇ ਵਗਦਾ ਰਹਿੰਦਾ ਹੈ। ਵਗਦੇ ਪਾਣੀਆਂ ਦੇ ਨਾਲ ਨਾਲ ਤੁਰਨਾ ਤਾਂ ਸੌਖਾ ਹੈ, ਪਰ ਆਪਣਾ ਰਾਹ ਆਪ ਬਣਾਉਣਾ ਦਰਿਆਵਾਂ ਤੋਂ ਹੀ ਸਿੱਖਿਆ ਜਾ ਸਕਦਾ ਹੈ। ਨਿੱਕੇ ਬੱਚੇ ਨੂੰ ਬੋਲਣਾ, ਤੁਰਨਾ, ਹੱਸਣਾ ਤਾਂ ਕੋਈ ਨਹੀਂ ਸਿਖਾਉਂਦਾ, ਪੰਛੀਆਂ ਦਾ ਕੋਈ ਅਧਿਆਪਕ ਨਹੀਂ ਹੁੰਦਾ। ਉਨ੍ਹਾਂ ਦਾ ਅਧਿਆਪਕ ਤਾਂ ਉਨਾਂ ਦੀ ਅੱਖ ਤੇ ਸੋਝੀ ਹੁੰਦੀ ਹੈ। ਜਿਹੜੀ ਉਨਾਂ ਨੂੰ ਉਡਣਾ ਸਿਖਾਉਂਦੀ ਹੈ। ਉਡਣਾ ਕੋਈ ਔਖਾ ਰਸਤਾ ਨਹੀਂ, ਅਸੀਂ ਅਕਸਰ ਹੀ ਹਵਾ ਵਿੱਚ ਉਡਦੇ ਰਹਿੰਦੇ ਹਾਂ, ਪਰ ਧਰਤੀ ਦੀ ਖਿੱਚ ਪਰਿਵਾਰ ਦਾ ਮੋਹ, ਸਾਨੂੰ ਸਦਾ ਧਰਤੀ ਨਾਲ ਜੋੜੀ ਰੱਖਦਾ ਹੈ।

ਸ਼ਬਦਾਂ ਦੇ ਵਣਜਾਰੇ ਆਪਣੀਆਂ ਲਿਖਤਾਂ ਵਿੱਚ ਤਾਂ ਨਿਜ਼ਾਮ ਬਦਲਣ ਦੀਆਂ ਟਾਹਰਾਂ ਤਾਂ ਮਾਰਦੇ ਹਨ, ਪਰ ਜਦੋਂ ਸੱਤਾ ਮਾਇਆ ਦੀ ਛੱਤਰੀ ਤਾਣਦੀ ਹੈ, ਤਾਂ ਉਹ ਉਡਾਰੀ ਮਾਰ ਕੇ ਉੱਥੇ ਉਤਰ ਜਾਂਦੇ ਹਨ। ਇਸੇ ਕਰਕੇ ਹੁਣ ਲਿਖਤਾਂ ਦੇ ਨਾਲ ਕੋਈ ਲਹਿਰ ਨੀਂ ਉਸਰਦੀ। ਨਾ ਸਮਾਜ ਵਿਚ ਕੋਈ ਅਜਿਹੀ ਲਹਿਰ ਉਠ ਰਹੀ ਹੈ ਜਿਸ ਨਾਲ ਨਵੇਂ ਸਮਾਜ ਦੀ ਸਿਰਜਣਾ ਹੋ ਸਕੇ। ਜਿੱਥੇ ਕਿਤੇ ਕੋਈ ਲਹਿਰ ਉਠਦੀ ਹੈ ਉਸਨੂੰ ਸੱਤਾ ਡੰਡੇ ਦੇ ਜ਼ੋਰ ਨਾਲ ਦਬਾਅ ਦੇਂਦੀ ਹੈ, ਪਰ ਜਿਸ ਤਰਾਂ ਹੁਣ ਕਿਤੋਂ ਕਿਤੋਂ ਅੱਗ ਉਠ ਰਹੀ ਹੈ, ਇਹ ਜਰੂਰ ਕੋਈ ਰੰਗ ਲਿਆ ਸਕਦੀ ਹੈ। ਆਪਣੇ ਹੱਡਾਂ ਦਾ ਬਾਲਣ ਬਾਲ ਕੇ ਆਪਣਾ ਢਿੱਡ ਪਕਾਉਣਾ ਤਾਂ ਸੌਖਾ ਹੁੰਦਾ ਹੈ, ਪਰ ਕਿਸੇ ਭਾਗੋ ਦੇ ਪਕਵਾਨ ਖਾਣੇ ਬਹੁਤ ਔਖੇ ਹੁੰਦੇ ਹਨ। ਆਪਣੇ ਹੀ ਖੇਤਾਂ ਵਿੱਚ ਪਰਾਇਆਂ ਵਾਂਗ ਸਿਲਾ ਚੁਗਿਆ ਤਾਂ ਜਾ ਸਕਦਾ ਹੈ, ਪਰ ਕਿਸੇ ਲਈ ਛੱਤ ਜਾਂ ਬਾਂਹ ਨਹੀਂ ਬਣਿਆ ਜਾ ਸਕਦਾ। ਜੜ੍ਹਾਂ ਨਾਲੋਂ ਟੁੱਟ ਕੇ , ਬੇਗਾਨੀ ਥਾਂ ਜਾ ਕੇ ਧੁੱਪ ਤਾਂ ਮਾਣੀ ਜਾ ਸਕਦੀ ਹੈ, ਪਰ ਕਿਸੇ ਲਈ ਫੁੱਲ ਤੇ ਫ਼ਲ ਨਹੀਂ ਬਣਿਆ ਜਾ ਸਕਦਾ। ਸ਼ੋਹਰਤ ਦੀ ਹਨੇਰੀ ਜੜ੍ਹਾਂ ਉਖਾੜ ਸਕਦੀ ਹੈ, ਪਰ ਆਪਣੀਆਂ ਜੜ੍ਹਾਂ ਨਾਲ ਬੱਝੇ ਰਹਿਣਾ ਵੀ ਕੋਈ ਸੌਖਾ ਨਹੀਂ ਹੁੰਦਾ। ਮਨੁੱਖ ਪਰਵਾਸ ਨਹੀਂ ਕਰਦਾ ਸਗੋਂ ਢਿੱਡ ਪਰਵਾਸ ਕਰਦਾ ਹੈ ਇਸੇ ਕਰਕੇ ਅਸੀਂ ਆਪਣੇ ਢਿੱਡ ਦੇ ਰਖਵਾਲੇ ਬਣ ਜਾਂਦੇ ਹਾਂ। ਜਿਹੜੇ ਦੂਜਿਆਂ ਦੇ ਲਈ ਸੋਚਦੇ ਹਨ ਤੇ ਉਨ੍ਹਾਂ ਦੇ ਕੰਮ ਆਉਦੇ ਹਨ । ਲੋਕ ਉਨ੍ਹਾਂ ਨੂੰ ਹੀ ਯਾਦ ਰੱਖਦੇ ਹਨ ।

ਹੋਰ ਪੜ੍ਹੋ 👉  ਐਕਸਪੋ ਵਿੱਚ 30 ਵੱਖ-ਵੱਖ ਨਸਲਾਂ ਦੇ 500 ਤੋਂ ਵੱਧ ਕੁੱਤੇ ਕੀਤੇ ਜਾਣਗੇ ਪ੍ਰਦਰਸ਼ਿਤ

ਸਮਾਜ ਵਿੱਚ ਮਹਾਂਨਾਇਕਾਂ ਅਤੇ ਨਾਇਕਾਂ ਦਾ ਇਸੇ ਕਰਕੇ ਕਾਲ ਪੈ ਗਿਆ, ਕਿ ਇਨ੍ਹਾਂ ਬੋਹੜਾਂ ਨੇ ਆਪਣੇ ਥੱਲੇ ਕੋਈ ਰੁੱਖ ਹੀ ਉੱਗਣ ਤੇ ਮੌਲਣ ਦਿੱਤਾ। ਇਸੇ ਕਰਕੇ ਚਾਰੇ ਪਾਸੇ ਖਲਨਾਇਕਾਂ ਦਾ ਬੋਲਬਾਲਾ ਹੋ ਗਿਆ, ਅਸੀਂ ਭਵਿੱਖਹੀਣ, ਜੜ੍ਹਹੀਣ, ਰੁਜ਼ਗਾਰਹੀਣ, ਦਿਸ਼ਾਹੀਣ ਹੋ ਗਿਆ ਹੈ । ਇਸੇ ਕਰਕੇ ਸਵੈਵਾਦੀ ਤੇ ਪਦਾਰਥਵਾਦੀ ਹੋਏ ਹਾਂ, ਸਾਡੇ ਅੰਦਰੋਂ ਮਨੁੱਖ ਮਰ ਗਿਆ ਹੈ। ਉਹ ਬੰਦਾ ਮਰ ਗਿਆ ਹੈ, ਜਿਸਨੂੰ ਸਾਡੇ ਗੁਰੂਆਂ ਤੇ ਭਗਤਾਂ ਨੇ ਜਗਾਇਆ ਸੀ ।

ਸ਼ਰਧਾ ਦੇ ਭਰਤ ਨੇ ਸਾਨੂੰ ਗਿਆਨਹੀਣ ਬਣਾ ਦਿੱਤਾ ਹੈ । ਅਸੀਂ ਸ਼ਰਧਾ ਦੀਆਂ ਮੂਰਤੀਆਂ ਨੂੰ ਪੂਜਣ ਲੱਗੇ ਤੇ ਖੁਦ ਮੂਰਤੀਆਂ ਬਣ ਗਏ ਹਾਂ । ਅਸੀਂ ਮਾਨਵਵਾਦੀ ਨਹੀਂ ਸਗੋਂ ਪਦਾਰਥਵਾਦੀ ਹੋ ਗਏ ਹਾਂ ।ਸਾਡੇ ਅੰਦਰ ਵਸਤੂਆਂ ਦੀ ਭਰਮਾਰ ਹੋ ਗਈ ਹੈ। ਇਸ ਕਰਕੇ ਅਸੀਂ ਹਰ ਵੇਲੇ ਬਾਹਰ ਨੂੰ ਭੱਜਦੇ ਤੇ ਦੌੜਦੇ ਰਹਿੰਦੇ ਹਾਂ। ਲਿਖਣਾ ਕੋਈ ਔਖਾ ਕੰਮ ਨਹੀਂ, ਸੁਨਣਾ, ਪੜ੍ਹਨਾ, ਅਧਿਐਨ ਕਰਨਾ ਬੜਾ ਕੁੱਝ ਸਿਖਾ ਦਿੰਦਾ ਹੈ। ਬਹੁਤ ਘੱਟ ਲੋਕ ਹੁੰਦੇ ਹਨ ਜਿਹਨਾਂ ਦੇ ਖੂਨ ਵਿੱਚ ਕਲਾ ਹੁੰਦੀ ਹੈ। ਨਹੀਂ ਬਹੁਗਿਣਤੀ ਕਲਾ ਦੇ ਨਾਮ ਉਤੇ ਕਲਾ ਦਾ ਨਿਰਾਦਰ ਕਰਦੇ ਹਨ । ਚੁੱਪ ਰਹਿਣਾ ਤਾਂ ਚੰਗਾ ਹੈ, ਪਰ ਗੂੰਗੇ ਬਣ ਜਾਣਾ ਖਤਰਨਾਕ ਹੁੰਦਾ ਹੈ। ਅਸੀਂ ਗੂੰਗੇ, ਬੋਲੇ ਤੇ ਅੰਨ੍ਹੇ ਹੋ ਗਏ ਹਾਂ। ਬੋਲਣਾ ਤਾਂ ਮਾੜਾ ਨਹੀਂ ਹੁੰਦਾ ਪਰ ਸਦਾ ਬੋਲਦੇ ਰਹਿਣਾ, ਕੁੱਝ ਵੀ ਨਾ ਸੁਨਣਾ ਤੇ ਮੰਨਣਾ ਆਪਣਾ ਹੀ ਪਤਨ ਹੁੰਦਾ ਹੈ। ਤੁਰਦੇ ਰਹਿਣਾ ਤਾਂ ਚਾਹੀਦਾ ਹੈ ਪਰ ਕੋਹਲੂ ਦੇ ਬੈਲ ਦੀ ਵਾਂਗ ਇੱਕ ਥਾਂ ਉੱਤੇ ਘੁੰਮੀ ਜਾਣਾ ਸਭ ਤੋਂ ਖਤਰਨਾਕ ਹੁੰਦਾ ਹੈ। ਅੱਖਾਂ ਖੋਲ੍ਹ ਕੇ ਤੁਰਨਾ ਤਾਂ ਚਾਹੀਦਾ ਹੈ, ਪਰ ਖੁਲ੍ਹੀਆਂ ਅੱਖਾਂ ਦੇ ਹੁੰਦਿਆਂ ਕਿਸੇ ਵਿੱਚ ਟਕਰਾਅ ਜਾਣਾ ਨਹੀਂ ਹੁੰਦਾ। ਰਸੂਲ ਹਮਜ਼ਾਤੋਵ-ਮੇਰੇ ਦਾਗਸਿਤਾਨ ਵਿੱਚ ਲਿਖਦਾ ਹੈ ਕਿ :
ਇਹ ਨਾ ਕਹੋ ਕਿ ਮੈਨੂੰ ਵਿਸ਼ਾ ਦਿਓ
ਸਗੋਂ ਇਹ ਕਹੋ, ਮੈਨੂੰ ਅੱਖਾਂ ਦਿਓ।
ਸਾਰਾ ਸੰਸਾਰ ਵਿਸ਼ਿਆਂ ਨਾਲ ਭਰਿਆ ਪਿਆ ਹੈ, ਲੋੜ ਤਾਂ ਅੱਖਾਂ ਦੀ ਹੈ। ਅੱਖਾਂ ਦੇ ਸੋਚ ਸਮਝ ਤੇ ਤਰਕਵਾਨ ਬੁੱਧੀ ਤਾਂ ਕਿ ਦੇਖਿਆ, ਸੁਣਿਆ, ਮੰਨਿਆ ਤੇ ਜੀਵਨ ਵਿੱਚ ਲਾਗੂ ਕਰਨ ਹੀ ਕੁੱਝ ਨਵਾਂ ਸਿਰਜਿਆ ਜਾ ਸਕਦਾ ਹੈ। ਅਸੀਂ ਲਿਖਦੇ ਤੇ ਬੋਲਦੇ ਤਾਂ ਬਹੁਤ ਹਾਂ ਪਰ ਸੁਣਦੇ ਨਹੀਂ ,ਪੜ੍ਹਦੇ ਤਾਂ ਬਿਲਕੁਲ ਹੀ ਨਹੀਂ। ਪੜ੍ਹਨਾ , ਸੁਨਣਾ ਜ਼ਰੂਰੀ ਹੈ। ਵਿਦਿਆ ਸਾਨੂੰ ਜਗਾਉਦੀ ਹੈ । ਜਾਗਦੇ ਰਹਿਣਾ ਸਾਡੇ ਉੱਤੇ ਨਿਰਭਰ ਹੁੰਦਾ ਹੈ। ਜਿਵੇਂ ਦੁੱਧ ਵਿੱਚ ਘਿਓ ਹੁੰਦਾ ਹੈ। ਪਰ ਘਿਉ ਪ੍ਰਾਪਤ ਕਰਨ ਲਈ ਦੁੱਧ ਨੂੰ ਕਾੜਨਾ ਪੈਦਾ ਤੇ ਕਦੀ ਵੱਤ ਦੇਖ਼ ਕੇ ਜਾਗ ਲਗਾ ਕੇ ਰੱਖਣਾ ਪੈਦਾ ਹੈ। ਫੇਰ ਉਸਨੂੰ ਰਿੜਕਣਾ ਪੈਦਾ ਹੈ। ਮੱਖਣ ਨੂੰ ਫੇਰ ਕਾੜ੍ਹਨਾ ਪੈਦਾ ਤਾਂ ਕਿਤੇ ਘਿਓ ਬਣਦਾ ਹੈ। ਇਹੋ ਜਿਹਾ ਵਰਤਾਰਾ ਜ਼ਿੰਦਗੀ ਦਾ ਹੁੰਦਾ ਹੈ। ਕਿਸੇ ਨੂੰ ਜਾਗ ਲਾਉਣਾ ਪੈਦਾ।

ਹੋਰ ਪੜ੍ਹੋ 👉  ਜਿਸ ਲਾਹੌਰ ਨਹੀਂ ਵੇਖਿਆ..’ ਨਾਟਕ ਨੇ ਸਾਕਾਰ ਕੀਤਾ ਬਟਵਾਰੇ ਦਾ ਦਰਦ

ਗੁਰਬਾਣੀ, ਚੰਗਾ ਸਾਹਿਤ ਤੇ ਸੂਝਵਾਨ ਮਨੁੱਖ ਤੁਹਾਨੂੰ ਜਾਗ ਲਾਉਂਦੇ ਹਨ। ਜਾਗਰੂਕ ਹੋਣਾ ਤੁਹਾਡੀ ਮਰਜ਼ੀ ਹੁੰਦੀ ਹੈ। ਸ਼ਬਦ ਗੁਰੂ ਸਾਡਾ ਮਾਗਰ ਹੁੰਦਾ ਹੈ ਤੇ ਇਸ ਉਤੇ ਵਿਚਾਰ ਕਰਨਾ, ਉਸ ਉਤੇ ਅਮਲ ਕਰਨਾ ਤਾਂ ਦੂਰ ਦੀ ਗੱਲ ਹੈ। ਅਸੀਂ ਸ਼ਬਦ ਗੁਰੂ ਨਾਲੋਂ ਟੁੱਟ ਗਏ ਹਾਂ। ਅਸੀਂ ਡਰਾਮੇਬਾਜ਼ ਹੋ ਗਏ ਹਾਂ। ਪਾਖੰਡ ਵਧੇਰੇ ਕਰਦੇ ਹਾਂ। ਧਾਰਮਿਕ ਅਸਥਾਨਾਂ ਦੀ ਅਸੀਂ ਪ੍ਰਕਰਮਾਂ ਕਰਦੇ ਹਾਂ। ਪਾਠ ਕਰਕੇ ਅਸੀਂ ਕੁੱਝ ਸਿੱਖਦੇ ਨਹੀਂ ਸਗੋਂ ਦੂਜਿਆਂ ਨੂੰ ਦਿਖਾਉਣ ਲਈ ਡਰਾਮਾ ਕਰਦੇ ਹਾਂ। ਸਾਡੇ ਆਲੇ ਦੁਆਲੇ ਪਾਠਾਂ ਦੀਆਂ ਲੜੀਆਂ ਚੱਲਦੀਆਂ ਹਨ ਪਰ ਸੁਣਨ ਵਾਲਾ ਕੋਈ ਵੀ ਨਹੀਂ। ਪੜ੍ਹਿਆ, ਸੁਣਿਆ ਤਾਂ ਹੀ ਸਫ਼ਲ ਹੁੰਦਾ ਹੈ ਜੇ ਉਸ ਦੀ ਵਿਚਾਰਧਾਰਾ ਨੂੰ ਸਮਝ ਕੇ ਜੀਵਨ ਵਿੱਚ ਲਾਗੂ ਕਰੀਏ।

ਸਾਡੀ ਕਹਿਣੀ ਤੇ ਕਥਨੀ ਵਿੱਚ ਫਰਕ ਹੈ। ਇਸੇ ਕਰਕੇ ਦੁੱਖ ਸਹਿੰਦੇ ਹਾਂ। ਦੁੱਖ ਦਾਰੂ ਸੁਖੁ ਰੋਗ ਹੈ, ਇਹ ਜੀਵਨ ਵਿੱਚ ਨਾਲ ਨਾਲ ਚੱਲਦਾ ਹੈ। ਤੁਰਦੇ ਰਹਿਣਾ ਜ਼ਰੂਰੀ ਹੈ ਪਰ ਵਧੀਆ ਸੋਚ ਦਾ ਹੋਣਾ ਜ਼ਰੂਰੀ ਹੈ। ਜੋ ਬਿਨਾਂ ਸੋਚਿਆ ਤੇ ਸਮਝਿਆ ਤੁਰਦੇ ਹਨ, ਉਹ ਦੁੱਖ ਤੇ ਦਰਦ ਭੋਗਦੇ ਹਨ। ਅਸੀਂ ਦੂਰ ਦੀਆਂ ਬਾਤਾਂ ਤਾਂ ਬਹੁਤ ਪਾਉਂਦੇ ਹਾਂ, ਪਰ ਨੇੜੇ ਹੋਣ ਵਾਸਤੇ ਕਦੇ ਸੋਚਦੇ ਨਹੀਂ। ਅਸੀਂ ਜੋ ਸੋਚਦੇ ਹਾਂ, ਉਸ ਤੇ ਅਮਲ ਨਹੀਂ ਕਰਦੇ, ਜੋ ਕਰਦੇ ਹਾਂ, ਉਸ ਵਾਰੇ ਸੋਚਦੇ ਨਹੀਂ।

ਸੂਰਜ ਵਾਂਗ ਚਾਨਣ ਵੰਡਣਾ ਬਹੁਤ ਔਖਾ ਹੁੰਦਾ ਹੈ, ਪਰ ਅਸੀਂ ਤਾਂ ਚਾਨਣ ਦੇ ਨਾਂ ਉਤੇ ਹਨੇਰ ਬੀਜ ਦੇ ਤੁਰੀ ਜਾ ਰਹੇ ਹਾਂ। ਇਸ ਕਰਕੇ ਸਾਡੇ ਚਾਰੇ ਪਾਸੇ ਸੂਲਾਂ, ਕੰਡੇ ਉੱਗ ਆਏ ਹਨ। ਮਿੱਤਰ ਤਾਂ ਬਨਾਉਣਾ ਸੌਖਾ ਹੁੰਦਾ ਹੈ, ਪਰ ਮਿੱਤਰ ਪਿਆਰੇ ਦੇ ਨਾਲ ਸੱਥਰ ਤੇ ਸੌਣਾ ਔਖਾ ਹੁੰਦਾ ਹੈ। ਕੋਈ ਕੰਮ, ਔਖਾ ਨਹੀਂ ਹੁੰਦਾ, ਲੋੜ ਤਾਂ ਪਹਿਲਾਂ ਕਦਮ ਪੁੱਟਣ ਦੀ ਹੁੰਦੀ ਹੈ। ਅਸੀਂ ਕਦਮ ਪੁੱਟਣ ਤੋਂ ਪਹਿਲਾਂ ਹੀ ਮੰਜ਼ਿਲ ਤੱਕ ਪੁੱਜਣ ਦੀ ਸੋਚ ਰੱਖਦੇ ਹਾਂ। ਇਸੇ ਕਰਕੇ ਅਸੀਂ ਸੂਰਜ ਵਾਂਗ ਖੜੇ ਰਹਿੰਦੇ ਹਾਂ। ਜਿਹੜੇ ਧਰਤੀ ਬਣ ਕੇ ਘੁੰਮਦੇ ਹਨ, ਉਹੀ ਮੰਜ਼ਿਲ ਚੁੰਮਦੇ ਹਨ। ਆਓ ਆਪਾਂ ਵੀ ਧਰਤੀ ਵਾਂਗ ਘੁੰਮੀਏ ਤਾਂ ਸੂਰਜ ਵਾਂਗ ਰੋਸ਼ਨੀ ਵੰਡੀਏ। ਐਂਵੇ ਹੀ ਨਾ ਕਿਸੇ ਨੂੰ ਭੰਡੀਏ! ਆਓ ਪਿਆਰ ਲਈਏ ਤੇ ਪਿਆਰ ਵੰਡੀ ਏ! ਜ਼ਿੰਦਗੀ ਵਿੱਚ ਜਾਗ ਦਾ ਹੋਣਾ ਜ਼ਰੂਰੀ ਹੈ। ਜਾਗਰੂਕ ਹੋਣਾ ਤੇ ਲੋਕਾਂ ਨੂੰ ਜਗਾਉਣਾ ਜ਼ਰੂਰੀ ਹੈ। ਕੀ ਤੁਸੀਂ ਜਾਗਦੇ ਹੋ ?

ਬੁੱਧ ਸਿੰਘ ਨੀਲੋਂ
94643-70823

Leave a Reply

Your email address will not be published. Required fields are marked *