ਚੰਡੀਗੜ੍ਹ, 10 ਨਵੰਬਰ (ਖ਼ਬਰ ਖਾਸ ਬਿਊਰੋ)
ਵਿਸ਼ਵ ਪੰਜਾਬੀ ਸੰਸਥਾ ਵੱਲੋਂ ਪੰਜਾਬ ਵਿਕਾਸ ਕਮਿਸ਼ਨ ਅਤੇ ਪੰਜਾਬ ਯੂਨੀਵਰਸਿਟੀ ਦੇ ਸਹਿਯੋਗ ਨਾਲ ਪੰਜਾਬ ਵਿਜ਼ਨ: 2047 ਕਨਕਲੇਵ 12-13 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਆਯੋਜਿਤ ਕੀਤਾ ਜਾਵੇਗਾ। ਦੋ-ਰੋਜ਼ਾ ਸਮਾਗਮ ਵਿੱਚ ਸਰਕਾਰੀ ਨੇਤਾਵਾਂ, ਸੰਸਦ ਮੈਂਬਰਾਂ, ਨੀਤੀ ਨਿਰਮਾਤਾਵਾਂ ਅਤੇ ਮਾਹਿਰ 2047 ਤੱਕ ਪੰਜਾਬ ਦੇ ਵਿਕਾਸ ਲਈ ਰਣਨੀਤਕ ਦ੍ਰਿਸ਼ਟੀਕੋਣ ਦੀ ਰੂਪਰੇਖਾ ਤਿਆਰ ਕਰਨ ਲਈ ਨੂੰ ਇਕੱਠੇ ਹੋਣਗੇ। ਇਸ ਵਿੱਚ ਮੁੱਖ ਮੰਤਰੀ ਸ. ਭਗਵੰਤ ਮਾਨ ਅਤੇ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਕਨਕਲੇਵ ਨੂੰ ਸੰਬੋਧਨ ਕਰਨਗੇ।
ਕਨਕਲੇਵ ਦੇ ਆਯੋਜਕ ਸੰਸਦ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਇਸ ਸਮਾਗਮ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹੋਏ ਕਿਹਾ, ‘‘ਕਿਉਂਕਿ ਪੰਜਾਬ ਇੱਕ ਚੌਰਾਹੇ ’ਤੇ ਖੜ੍ਹਾ ਹੈ, ਇਸ ਲਈ ਇਹ ਕਨਕਲੇਵ ਸਾਡੇ ਸੂਬੇ ਦੀ ਤਰੱਕੀ ਲਈ ਕਾਰਜਸ਼ੀਲ ਰਣਨੀਤੀਆਂ ਤਿਆਰ ਕਰਨ ਲਈ ਇੱਕ ਪਲੇਟਫਾਰਮ ਵਜੋਂ ਕੰਮ ਕਰੇਗਾ। ਮੁੱਖ ਵਿਸ਼ਿਆਂ ਵਿੱਚ ਸ਼ਾਸਨ ਸੁਧਾਰ, ਖੇਤੀਬਾੜੀ ਪਰਿਵਰਤਨ, ਆਰਥਿਕ ਪੁਨਰ ਸੁਰਜੀਤੀ, ਉਦਯੋਗਿਕ ਵਿਕਾਸ ਅਤੇ ਵਾਤਾਵਰਣ ਸਥਿਰਤਾ ਸ਼ਾਮਿਲ ਹਨ।
ਉਦਘਾਟਨੀ ਸੈਸ਼ਨ ਵਿੱਚ ਸ. ਹਰਪਾਲ ਸਿੰਘ ਚੀਮਾ, ਵਿੱਤ ਮੰਤਰੀ, ਸ਼੍ਰੀ ਰਾਘਵ ਚੱਢਾ, ਸੰਸਦ ਮੈਂਬਰ ਰਾਜ ਸਭਾ, ਡਾ. ਸਾਹਨੀ ਵਿਸ਼ੇ ਨਿਰਧਾਰਿਤ ਕਰਨਗੇ। ਪਹਿਲੇ ਦਿਨ ਪ੍ਰਸ਼ਾਸਨਿਕ ਚੁਣੌਤੀਆਂ, ਖੇਤੀਬਾੜੀ ਸੁਧਾਰਾਂ ਅਤੇ ਉਦਯੋਗਿਕ ਵਿਕਾਸ ’ਤੇ ਚਰਚਾ ਹੋਵੇਗੀ, ਜਿਸ ਵਿਚ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ, ਬਲਜੀਤ ਕੌਰ, ਗੁਰਮੀਤ ਸਿੰਘ ਖੁੱਡੀਆਂ, ਹਰਭਜਨ ਸਿੰਘ ਈਟੀਓ, ਤਰੁਨਪ੍ਰੀਤ ਸਿੰਘ ਸੋਂਦ ਆਦਿ ਸੈਸ਼ਨਾਂ ਦੀ ਪ੍ਰਧਾਨਗੀ ਕਰਨਗੇ। ਜਦਕਿ ਸੀਨੀਅਰ ਸਰਕਾਰੀ ਅਧਿਕਾਰੀ ਕੇਏਪੀ ਸਿਨਹਾ, ਮੁੱਖ ਸਕੱਤਰ, ਗੌਰਵ ਯਾਦਵ, ਡੀਜੀਪੀ, ਤੇਜਵੀਰ ਸਿੰਘ, ਅਜੇ ਸਿਨਹਾ ਆਦਿ ਸਮੇਤ ਸਮਾਜ ਸੇਵੀ ਦਵਿੰਦਰ ਸ਼ਰਮਾ, ਰਮੇਸ਼ ਇੰਦਰ ਸਿੰਘ ਅਤੇ ਉਦਯੋਗਪਤੀ ਅੰਮ੍ਰਿਤ ਸਾਗਰ ਮਿੱਤਲ, ਰਜਿੰਦਰ ਗੁਪਤਾ, ਪੀਜੇ ਸਿੰਘ ਆਦਿ ਪੈਨਲਿਸਟ ਵਜੋਂ ਹਿੱਸਾ ਲੈਣਗੇ।
ਦੂਜੇ ਦਿਨ ਆਰਥਿਕ ਅਤੇ ਕਰਮਚਾਰੀਆਂ ਦੇ ਮੁੱਦਿਆਂ ਜਿਵੇਂ ਕਿ ਪੰਜਾਬ ਦੇ ਵਿੱਤੀ ਸੰਕਟ ਨਾਲ ਨਜਿੱਠਣ ਅਤੇ ਦਿਮਾਗੀ ਨਿਕਾਸ ਨੂੰ ਰੋਕਣਾ, ਵਾਤਾਵਰਣ ਸੰਬੰਧੀ ਚਿੰਤਾਵਾਂ ਆਦਿ ’ਤੇ ਡੂੰਘਾਈ ਨਾਲ ਚਰਚਾ ਹੋਵੇਗੀ। ਵਿਚਾਰ ਚਰਚਾ ਵਿੱਚ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਹਰਜੋਤ ਸਿੰਘ ਬੈਂਸ, ਹਰਦੀਪ ਸਿੰਘ ਮੁੰਡੀਆਂ, ਬਰਿੰਦਰ ਕੁਮਾਰ ਗੋਇਲ, ਅਮਨ ਅਰੋੜਾ, ਕੁਲਦੀਪ ਸਿੰਘ ਧਾਲੀਵਾਲ ਆਦਿ ਵੱਖ-ਵੱਖ ਸੈਸ਼ਨਾਂ ਦੀ ਪ੍ਰਧਾਨਗੀ ਕਰਨਗੇ ਅਤੇ ਸੰਸਦ ਮੈਂਬਰ ਡਾ. ਸੰਦੀਪ ਪਾਠਕ, ਬਲਬੀਰ ਸਿੰਘ ਸੀਚੇਵਾਲ ਆਦਿ ਵੀ ਵੱਖ-ਵੱਖ ਸੈਸ਼ਨਾਂ ਦੀ ਪ੍ਰਧਾਨਗੀ ਕਰਨਗੇ ਅਤੇ ਸੰਭਵ ਅਤੇ ਸਥਾਈ ਹੱਲ ਲੱਭਣ ਲਈ ਮੁੱਦਿਆਂ ’ਤੇ ਚਰਚਾ ਕਰਨਗੇ।
ਡਾ. ਸਾਹਨੀ ਨੇ ਅਖੀਰ ਵਿੱਚ ਕਿਹਾ, ‘‘ਸਾਡਾ ਟੀਚਾ ਪੰਜਾਬ ਲਈ ਇੱਕ ਸਮਾਵੇਸ਼ੀ ਅਤੇ ਖੁਸ਼ਹਾਲ ਵਿਜ਼ਨ ਬਣਾਉਣ ਲਈ ਹਿੱਸੇਦਾਰਾਂ ਨੂੰ ਇੱਕਜੁੱਟ ਕਰਨਾ ਹੈ। ਇਸ ਕਨਕਲੇਵ ਤੋਂ ਪ੍ਰਾਪਤ ਜਾਣਕਾਰੀ ਸੂਬੇ ਲਈ ਅਗਾਂਹਵਧੂ ਏਜੰਡਾ ਤੈਅ ਕਰਨ ਲਈ ਮਹੱਤਵਪੂਰਨ ਹੋਵੇਗੀ। ਅਸੀਂ ਇਸ ਕਨਕਲੇਵ ਦਾ ਇੱਕ ਵਹਾਈਟ ਪੇਪਰ ਵੀ ਜਾਰੀ ਕਰਾਂਗੇ ਜਿਸ ਵਿੱਚ ਅੱਜ ਪੰਜਾਬ ਨੂੰ ਦਰਪੇਸ਼ ਚੁਣੌਤੀਆਂ ਦੇ ਵੱਖ-ਵੱਖ ਸੰਭਵ ਹੱਲ ਸ਼ਾਮਿਲ ਹੋਣਗੇ।