ਚੰਡੀਗੜ੍ਹ 7 ਨਵੰਬਰ (ਖ਼ਬਰ ਖਾਸ ਬਿਊਰੋ)
ਪੰਜਾਬ ਵਿਚ ਇਨੀਂ ਦਿਨੀਂ ਫੈਲੇ ਪ੍ਰਦੂਸ਼ਣ ਦਾ ਦੋਸ਼ ਕਿਸਾਨਾਂ ਦੇ ਮੱਥੇ ਤੇ ਮੜਿਆ ਜਾ ਰਿਹਾ ਹੈ ਕਿ ਕਿਸਾਨ ਪਰਾਲੀ ਨੂੰ ਅੱਗ ਲਾ ਰਹੇ ਹਨ, ਪਰ ਸੁੰਦਰ ਸ਼ਹਿਰ ਅਤੇ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਦਾ ਏਕਿਉਆਈ 300 ਤੋਂ ਪਾਰ ਟੱਪ ਗਿਆ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਚੰਡੀਗੜ੍ਹ ਵਿਚ ਪ੍ਰਦੂਸ਼ਣ ਫੈਲਾਉਣ ਲਈ ਕੌਣ ਜ਼ੁੰਮੇਵਾਰ ਹੈ?
ਰਿਪੋਰਟ ਸਾਹਮਣੇ ਆਈ ਹੈ ਕਿ ਚੰਡੀਗੜ੍ਹ ਵਿਚ ਪੰਜਾਬ ਅਤੇ ਹਰਿਆਣਾ ਦੇ ਵੱਡੇ ਸ਼ਹਿਰਾ ਦੇ ਮੁਕਾਬਲੇ ਵੱਧ ਪ੍ਰਦੂਸ਼ਿਤ ਹੈ। ਚੰਡੀਗੜ੍ਹ ਦਾ ਹਵਾ ਗੁਣਵੱਤਾ ਸੂਚਕ (ਏ ਕਿਊ.ਆਈ) 300 ਨੂੰ ਪਾਰ ਕਰ ਗਿਆ ਹੈ। ਪ੍ਰਦੂਸ਼ਿਤ ਹੋ ਰਹੀ ਹਵਾ ਕਾਰਨ ਬਜ਼ੁਰਗਾਂ, ਬੱਚਿਆ ਅਤੇ ਫੇਫੜਿਆ ਦੇ ਰੋਗੀਆਂ ਦੀ ਸਿਹਤ ਉਤੇ ਬੁਰਾ ਪ੍ਰਭਾਵ ਪੈ ਸਕਦਾ ਹੈ।
ਪੰਜਾਬ ਤੇ ਹਰਿਆਣਾ ਦੇ ਵੱਡੇ ਸ਼ਹਿਰਾ ਦਾ ਏਕਿਊਆਈ 250 ਤੋਂ ਘੱਟ—
ਰਿਪੋਰਟ ਅਨੁਸਾਰ ਗੁਰੂ ਨਗਰੀ ਅੰਮ੍ਰਿਤਸਰ ਸਾਹਿਬ ਦਾ ਹਵਾ ਗੁਣਵਤਾ ਸੂਚਕ ਅੰਕ ((AQI) 236 ਹੈ ਤੇ ਹਰਿਆਣਾ ਦੇ ਫਰੀਦਬਾਦ ਦਾ 240, ਲੁਧਿਆਣਾ ਦਾ 201, ਫਰੀਦਾਬਾਦ 236, ਰੋਹਤਕ 244, ਹਿਸਾਰ 277, ਜੀਂਦ 245, ਜਲੰਧਰ 172, ਕੁਰਕੁਸ਼ੇਤਰ 212 ਅਤੇ ਕੈਥਲ ਦਾ ਹਵਾ ਸੂਚਕ ਅੰਕ 177 ਦਰਜ਼ ਕੀਤਾ ਗਿਆ ਹੈ।
ਇਸੀ ਤਰਾਂ ਦੇਸ਼ ਦੀ ਰਾਜਧਾਨੀ ਦਿੱਲੀ ਦਾ ਹਵਾ ਗੁਣਵਤਾ ਅੰਕ ( AQI) 354 ਦਰਜ਼ ਕੀਤਾ ਗਿਆ ਹੈ। ਦਿਲਚਸਪ ਗੱਲ ਹੈ ਕਿ ਚੰਡੀਗੜ੍ਹ ਦੇ ਨੇੜੇ ਬੱਦੀ ਖੇਤਰ (ਹਿਮਾਚਲ ਪ੍ਰਦੇਸ਼) ਵਿਚ ਸੱਭਤੋ ਵੱਧ ਉਦਯੋਗ ਹਨ, ਇਥੇ ਪ੍ਰਦੂਸ਼ਣ ਚੰਡੀਗੜ੍ਹ ਨਾਲੋ ਘੱਟ AQI 269 ਦਰਜ਼ ਕੀਤਾ ਗਿਆ ਹੈ। ਚੰਡੀਗੜ੍ਹ ਵਿਚ ਹਵਾ ਦੇ ਪ੍ਰਦੂਸ਼ਿਤ ਹੋਣ ਦਾ ਦੋਸ਼ ਵੀ ਕਿਸਾਨਾਂ ਦੁਆਰਾ ਪਰਾਲੀ ਨੂੰ ਅੱਗ ਲਾਉਣ ਦਾ ਮੜਿਆ ਜਾ ਰਿਹਾ ਹੈ, ਪਰ ਹਕੀਕਤ ਹੈ ਕਿ ਦੀਵਾਲੀ ਮੌਕੇ ਪਿਛਲੇ ਦੋ ਦਿਨ ਜਿੰਨੀ ਆਤਿਸ਼ਬਾਜ਼ੀ ਚੰਡੀਗੜੀਆਂ ਨੇ ਚਲਾਈ , ਉਨੀ ਕਿਸੇ ਹੋਰ ਸ਼ਹਿਰ ਵਿਚ ਨਹੀਂ ਚੱਲੀ। ਉਸ ਪਾਸੇ ਵੱਲ ਕਿਸੇ ਮਾਹਿਰ ਜਾਂ ਮੀਡੀਆ ਦਾ ਧਿਆਨ ਨਹੀਂ ਹੈ। ਮਾਹਿਰਾ ਅਨੁਸਾਰ ਚੰਡੀਗੜ੍ ਵਿਚ ਪ੍ਰਦੂਸ਼ਿਤ ਦਾ ਵੱਧਣਾ ਗੁਆਂਢੀ ਰਾਜਾਂ ਵਿਚ ਪਰਾਲੀ ਫੂਕਣਾ, ਵਾਹਨਾ ਦੀ ਬਹੁਤਾਤ ਅਤੇ ਉਸਾਰੀ ਦੇ ਕੰਮ ਵਿਚ ਲਗਾਤਾਰ ਵਾਧਾ ਹੋਣਾ ਮੰਨਿਆ ਜਾ ਰਿਹਾ ਹੈ।
ਵਾਤਾਵਰਣ ਮਾਹਿਰਾ ਨੇ ਖਦਸ਼ਾ ਪ੍ਰਗਟ ਕੀਤਾ ਹੈ ਕਿ ਜੇਕਰ ਸਖ਼ਤ ਕਦਮ ਨਾ ਪੁੱਟਿਆ ਗਿਆ ਤਾਂ ਅਗਲੇ ਹਫ਼ਤੇ ਠੰਡ ਦੇ ਨਾਲ ਨਾਲ ਪ੍ਰਦੂਸ਼ਣ ਵੀ ਵੱਧ ਸਕਦਾ ਹੈ। ਪ੍ਰਦੂਸ਼ਿਤ ਲਈ ਬਣਾਏ ਜੋਨ ਅਨੁਸਾਰ ਚੰਡੀਗੜ੍ਹ ਸੰਤਰੀ ਤੋ ਲਾਲ ਜੋਨ ਵਿਚ ਪਹੁੰਚ ਗਿਆ ਹੈ।
ਚੰਡੀਗੜ੍ਹ ਚ ਦੂਜੇ ਸ਼ਹਿਰਾ ਨਾਲੋ ਵੱਧ ਦਰਖ਼ਤ–
ਇਹ ਮੰਨਿਆ ਜਾਂਦਾ ਹੈ ਕਿ ਗੁਆਂਢੀ ਰਾਜਾਂ ਦੇ ਸ਼ਹਿਰਾ ਦੇ ਮੁਕਾਬਲੇ ਚੰਡੀਗੜ੍ਹ ਵੱਧ ਹਰਿਆ ਭਰਿਆ ਹੈ। ਯੂਟੀ ਪ੍ਰਸ਼ਾਸ਼ਨ ਨੇ ਪ੍ਰਦੂਸ਼ਣ ਨੂੰ ਰੋਕਣ ਲਈ ਕਰੀਬ 25 ਕਰੋੜ ਰੁਪਏ ਦਾ ਖਰਚ ਕੀਤਾ ਹੈ, ਪਰ ਇਸਦੇ ਬਾਵਜੂਦ ਪ੍ਰਦੂਸ਼ਣ ਘੱਟ ਨਹੀਂ ਰਿਹਾ। ਪ੍ਰਸ਼ਾਸਨ ਨੇ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ (ਐਨ.ਸੀ.ਏ.ਪੀ) ਤਹਿਤ ਪਿਛਲੇ ਸਾਲ ਸਪਿੰਕਲਰ ਵਾਹਨ ਖਰੀਦੇ ਸਨ, ਇਹਨਾਂ ਰਾਹੀਂ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ।
ਪੀ.ਜੀ.ਆਈ ਦੇ ਡਾਕਟਰ ਰਵਿੰਦਰ ਖੇਰਵਾਲ ਦਾ ਕਹਿਣਾ ਹੈ ਕਿ ਦੋ ਦਿਨਾਂ ਵਿਚ ਤਾਪਮਾਨ ਦਾ ਪੱਧਰ ਡਿੱਗਣ ਨਾਲ ਸਰਦੀ ਵੱਧ ਗਈ ਹੈ, ਜਿਸ ਕਰਕੇ ਸੜ੍ਹਕਾਂ ਉਤੇ ਵਾਹਨਾਂ ਦੀ ਗਿਣਤੀ ਵੱਧ ਗਈ ਹੈ। ਉਨਾਂ ਦਾ ਕਹਿਣਾ ਹੈ ਕਿ ਪਰਾਲੀ ਸਾੜਨ ਨਾਲ ਪ੍ਰਦੂਸ਼ਣ ਦੇ ਕਣ ਵਾਯੂ ਮੰਡਲ ਵਿਚ ਜਾ ਕੇ ਸਤਹਿ ਉਤੇ ਹੀ ਰਹਿ ਜਾਂਦੇ ਹਨ। ਜਿਸ ਕਰਕੇ ਹਵਾ ਦੀ ਗੁਣਵਤਾ ਵਿਗੜ ਜਾਂਦੀ ਹੈ।
ਇਹ ਹੈ ਚੰਡੀਗੜ੍ਹ ਦਾ ਹਾਲ ––
ਹਵਾ ਦੀ ਗੁਣਵਤਾ ਸੈਕਟਰ 25 ਵਿਖੇ 257 , ਸੈਕਟਰ 22 294 ਅਤੇ ਸੈਕਟਰ 304 ਹੈ। ਰਿਪੋਰਟ ਅਨੁਸਾਰ 0-50 ਅੰਕ ਨੂੰ ਸਾਫ਼ ਹਵਾ ਦੀ ਸ਼੍ਰੇਣੀ ਵਿਚ ਰੱਖਿਆ ਜਾਂਦਾ ਹੈ। ਜਦਕਿ 51-100 ਨੂੰ ਤਸੱਲੀਬਖਸ਼, 101-200 ਨੂੰ ਦਰਮਿਆਨਾ, 201-200 ਨੂੰ ਖਰਾਬ , 301-400 ਨੂੰ ਬਹੁਤ ਖਰਾਬ ਅਤੇ 401-500 ਨੂੰ ਗੰਭੀਰ ਸ੍ਰੇਣੀ ਵਿਚ ਰੱਖਿਆ ਜਾਂਦਾ ਹੈ।
ਭਾਵੇਂ ਹਰ ਪ੍ਰਾਣੀ ਪ੍ਰਦੂਸ਼ਣ ਤੋਂ ਦੁਖੀ ਹੈ ਅਤੇ ਪ੍ਰਦੂਸ਼ਣ ਦੀ ਗੱਲ ਵੀ ਕਰਦਾ ਹੈ , ਪਰ ਜ਼ਮੀਨੀ ਪੱਧਰ ਉਤੇ ਕੋਈ ਕੰਮ ਕਰਨ ਨੂੰ ਤਿਆਰ ਨਹੀਂ ਹੈ।