ਚੰਡੀਗੜ੍ਹ, 5 ਅਕਤੂਬਰ (ਖ਼ਬਰ ਖਾਸ ਬਿਊਰੋ)
ਇੰਸਟੀਚਿਊਟ ਆਫ ਸਿੱਖ ਸਟੱਡੀਜ਼, ਚੰਡੀਗੜ੍ਹ ਵਿਖੇ ਚੱਲ ਰਹੇ ਲੈਕਚਰ ਸੀਰੀਜ਼ ਅਧੀਨ ‘ਸਵਰਗਵਾਸੀ ਡਾ. ਗੁਰਭਗਵੰਤ ਸਿੰਘ ਕਾਹਲੋਂ’ (ਪਹਿਲੇ ਮਿਲਕ, ਕਮਿਸ਼ਨ ਪੰਜਾਬ) ਨੂੰ ਸਮਰਪਿਤ ਲੈਕਚਰ ਦਾ ਆਯੋਜਨ ਕੀਤਾ ਗਿਆ। ਅੱਜ ਦੇ ਇਸ ਲੈਕਚਰ ਦਾ ਵਿਸ਼ਾ “ਗੁਰੂ ਅਮਰਦਾਸ ਜੀ ਦੇ ਅੰਤਮ ਬਚਨ (ਉਦੇਸ਼) ਅਤੇ ਅਜੋਕਾ ਸਿੱਖ ਸਮਾਜ’’ ਨੀਯਤ ਕੀਤਾ ਗਿਆ ਸੀ। ਇਹ ਲੈਕਚਰ ਸਿੱਖ ਰਿਸਰਚ ਇੰਸਟੀਚਿਊਟ ਦੇ ਡਾਇਰੈਕਟਰ ਡਾ. ਜਸਵੰਤ ਸਿੰਘ ਵਲੋਂ ਦਿੱਤਾ ਗਿਆ। ਇਸ ਲੈਕਚਰ ਦੀ ਪ੍ਰਧਾਨਗੀ ਸਿੱਖ ਵਿਦਵਾਨ ਪ੍ਰੋਫੈਸਰ ਅਵਤਾਰ ਸਿੰਘ ਜੀ ਵਲੋਂ ਕੀਤੀ ਗਈ।
ਡਾ. ਜਸਵੰਤ ਸਿੰਘ ਨੇ ਗੁਰੂ ਅਮਰਦਾਸ ਜੀ ਦੇ ਜੀਵਨ, ਬਾਣੀ ਅਤੇ ਸਿੱਖ ਸਮਾਜ ਨੂੰ ਦਿੱਤੇ ਉਪਦੇਸ਼ ਬਾਰੇ ਸਰੋਤਿਆਂ ਨਾਲ ਗੰਭੀਰਤਾ ਨਾਲ ਵਿਚਾਰ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਅਮਰਦਾਸ ਜੀ ਨੇ ਸਿੱਖ ਜਗਤ ਲਈ ਆਪਣੀ ਵੱਡੀ ਉਮਰ ਹੋਣ ਦੇ ਬਾਵਜੂਦ ਵੀ ਯਾਦ ਰੱਖਣ ਯੋਗ ਕੰਮ ਕੀਤੇ। ਉਹਨਾਂ ਨੇ ਲੰਗਰ ਪ੍ਰਥਾ ਦਾ ਵਿਸਥਾਰ ਕੀਤਾ ਅਤੇ ਜੋ ਵੀ ਕੋਈ ਉਨ੍ਹਾਂ ਨੂੰ ਮਿਲਣ ਲਈ ਆਉਂਦਾ ਉਸ ਇਹ ਜਰੂਰੀ ਕਰ ਦਿੱਤੀ ਕਿ ਉਹ ਹਰ ਤਰ੍ਹਾਂ ਦਾ ਭੇਦ ਭਾਵ ਛੱਡ ਕੇ ਪੰਗਤ ਵਿੱਚ ਬੈਠ ਕੇ ਲੰਗਰ ਛਕ ਕੇ ਹੀ ਗੁਰੂ ਜੀ ਨੂੰ ਮਿਲੇ। ਇਸ ਨਾਲ ਜਾਤ-ਪਾਤ ਦੀ ਬੁਰਾਈ ਖਤਮ ਕਰਨ ਵੱਲ ਇਹ ਇਕ ਵੱਡਾ ਕਦਮ ਸੀ ਜਿਸ ਨਾਲ ਹਿੰਦੂ-ਮੁਸਲਿਮ ਵਿੱਚ ਵੀ ਭਾਈਚਾਰਾ ਪਨਪਨ ਲੱਗਾ। ਬਾਦਸ਼ਾਹ ਅਕਬਰ ਜਦ ਗੁਰੂ ਜੀ ਨੂੰ ਮਿਲਣ ਆਇਆ ਤਾਂ ਉਸ ਨੂੰ ਵੀ ਲੰਗਰ ਪੰਗਤ ਵਿੱਚ ਬੈਠ ਕੇ ਛਕਣ ਉਪਰੰਤ ਹੀ ਗੁਰੂ ਜੀ ਮਿਲੇ ਸਨ। ਇਸ ਪ੍ਰਥਾ ਨਾਲ ਊਚ-ਨੀਚ, ਜਾਤ-ਪਾਤ ਦੇ ਭੇਦ ਨੂੰ ਮਿਟਾ ਕੇ ਲੋਕ ਇੱਕ ਦੂਸਰੇ ਦੇ ਦੁਖ-ਸੁਖ ਦੇ ਸੰਗੀ ਸਾਥੀ ਬਣਨ ਲੱਗੇ। ਆਪ ਨੇ ਔਰਤਾਂ ਵਿੱਚ ਘੁੰਡ ਕੱਢਣ ਤੇ ਪਰਦੇ ਅੰਦਰ ਰਹਿਣ ਦੇ ਰਿਵਾਜ ਨੂੰ ਵੀ ਦੂਰ ਕਰਨ ਦਾ ਯਤਨ ਅਤੇ ਸੰਗਤ ਵਿਚ ਸਭ ਬੀਬੀਆਂ–ਮਾਈਆਂ ਖੁੱਲ੍ਹੇ ਮੂੰਹ ਆਉਦੀਆਂ ਸਨ। ਆਪ ਜੀ ਨੇ ਬੀਬੀਆਂ ਨੂੰ ਵੀ ਪ੍ਰਚਾਰ ਦੀ ਸੇਵਾ ਲਗਾ ਦਿੱਤੀ।
ਗੁਰੂ ਅਮਰਦਾਸ ਜੀ ਦੀ ਨੇ ‘ਅਨੰਦ ਸਹਿਬ’ ਦੀ ਰਚਨਾ ਕੀਤੀ, ਅਤੇ ਸਿੱਖ ਵਿਆਹ ਦੀ ਰੀਤ ‘ਅਨੰਦ ਕਾਰਜ’ ਮੌਕੇ ਲਾਵਾਂ ਦਾ ਪਾਠ ਇਸ ਬਾਣੀ ਨਾਲ ਸੰਪੰਨ ਕੀਤਾ ਜਾਂਦਾ ਹੈ। ਇਸ ਬਾਣੀ ਸਿੱਖ ਧਰਮ ਦੀ ਨੀਂਹ ਪੱਕਾ ਕਰਨ ਵਿੱਚ ਬਹੁਤ ਯੋਗਦਾਨ ਪਾਇਆ ਇਸ ਤੋਂ ਇਲਾਵਾ ਪਦਿਆਂ, ਅਸਟਪਦੀਆਂ ਤੇ ਛੰਤਾਂ, ਚਾਰ ਵਾਰਾਂ, ਪੱਟੀ, ਅਲਾਹੁਣੀਆਂ, ਆਦਿ ਵਿਸ਼ੇਸ਼ ਬਾਣੀਆਂ ਦੀ ਰਚਨਾ ਕੀਤੀ। ਗੁਰੂ ਅਮਰਦਾਸ ਜੀ ਨੇ ਆਪਣੀ ਬਾਣੀ ਦੇ ਨਾਲ਼ ਨਾਲ਼ ਪਹਿਲੇ ਗੁਰੂ ਸਾਹਿਬਾਨ ਜੀ ਦੀ ਬਾਣੀ ਇਕੱਠੀ ਕਰ ਕੇ ਉਹਨਾਂ ਪੋਥੀਆਂ ਦੇ ਉਤਾਰੇ ਕਰਨ ਲਈ ਯਤਨ ਅਰੰਭ ਕੀਤੇ।
ਗੁਰੂ ਅਮਰਦਾਸ ਜੀ ਨੇ ਦੂਰ ਦੁਰਾਡੇ ਅਤੇ ਦੇਸ਼ ਦੇਸੰਤਰਾਂ ਵਿਖੇ ਗੁਰਮਤਿ ਦੇ ਪ੍ਰਚਾਰ ਹਿਤ ਬਾਈ ਮੰਜੀਆਂ ਸਥਾਪਤ ਕੀਤੀਆਂ ਤੇ ਜੋਤੀ ਜੋਤ ਸਮਾਉਣ ਸਮੇਂ ਪਰਿਵਾਰ ਅਤੇ ਸੰਗਤ ਨੂੰ ਕੁਝ ਵਿਸ਼ੇਸ਼ ਆਦੇਸ਼ ਕੀਤੇ, ਜਿਸਨੂੰ ਬਾਅਦ ਵਿੱਚ ਉਨ੍ਹਾਂ ਦੇ ਪੜਪੋਤੇ ਬਾਬਾ ਸੁੰਦਰ ਜੀ ਨੇ ਆਪਣੇ ਸ਼ਬਦਾਂ ਵਿੱਚ ਲਿਿਖਆ ਅਤੇ ਗੁਰੂ ਅਰਜਨ ਦੇਵ ਜੀ ਨੇ ‘ਰਾਮਕਲੀ ਸਦ’ ਦੇ ਸਿਰਲੇਖ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤਾ ਗਿਆ। ਇਹ ਬਾਣੀ ਬਾਅਦ ਵਿਚ ਸਿਖ ਸੰਸਕਾਰ ਦਾ ਅਧਾਰ ਬਣੀ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਸਿੱਖ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਤਿਲਾਂਜਲੀ ਦੇ ਕੇ ਕਰਮਕਾਂਡਾਂ ਵਿੱਚ ਦੁਬਾਰਾ ਤੋਂ ਪੈ ਗਏ ਹਨ। ਗੁਰਮਤਿ ਦੀ ਉਚੀ ਅਤੇ ਸੁੱਚੀ ਫਿਲਾਸਫੀ ਤਿਆਰ ਕਰਨ ਲਈ ਗੁਰੂ ਸਾਹਿਬਾਨ ਨੂੰ ਤਕਰੀਬਨ 240 ਸਾਲ ਦਾ ਸਮਾਂ ਲੱਗਾ, ਪਰ ਅਜੋਕੇ ਸਮੇਂ ਵਿੱਚ ਇਨ੍ਹਾਂ ਕਦਰਾਂ ਕੀਮਤਾਂ ਵਿੱਚ ਗਿਰਾਵਟ ਕਿਉਂ ਆ ਗਈ ਹੈ?
ਡਾ. ਅਵਤਾਰ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਅੱਜ ਦਾ ਸਿੱਖ ਗੁਰਬਾਣੀ ਤੋਂ ਦੂਰ ਜਾ ਰਿਹਾ ਹੈ ਅਤੇ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਤੱਕ ਹੀ ਸੀਮਤ ਹੋ ਗਿਆ ਹੈ। ਅੱਜ ਦਾ ਸਿੱਖ ‘ਸ਼ਬਦ ਗੁਰੂ’ ਨਾਲੋਂ ਟੁੱਟ ਕੇ ਦੇਹਧਾਰੀ ਗੁਰੂ ਦੇ ਪਿੱਛੇ ਭੱਜ ਰਿਹਾ ਹੈ । ਉਨ੍ਹਾਂ ਨੇ ਕਿਹਾ ਗੁਰਮਤਿ ਕਹਿੰਦੀ ਹੈ ਕਿ ਭਗਤੀ ਕਰਦੇ ਹੋਏ ਦਿਨ-ਰਾਤ ਅਕਾਲ ਪੁਰਖ ਨੂੰ ਆਪਣੇ ਸਨਮੁੱਖ ਵਿਦਮਾਨ ਮੰਨਣਾ ਚਾਹੀਦਾ ਹੈ। ਇਸ ਭਗਤੀ ਸਾਧਨਾ ਲਈ ਗੁਰੂ ਜੀ ਨੇ ਪਾਖੰਡ, ਹੰਕਾਰ ਅਤੇ ਹਰ ਪ੍ਰਕਾਰ ਦੀਆਂ ਮਾੜੀਆਂ ਬਿਰਤੀਆਂ ਨੂੰ ਤਿਆਗਣ ਲਈ ਬਲ ਦਿੱਤਾ, ਕਿਉਂਕਿ ਇਹ ਸਭ ਭਗਤੀ ਦੇ ਵਿਰੋਧਕ ਤੱਤ ਹਨ।
ਇਸ ਲੈਕਚਰ ਵਿੱਚ ਸਟੇਜ਼ ਸੈਕਟਰੀ ਦੀ ਭੂਮਿਕਾ ਸ. ਗੁਰਬੀਰ ਸਿੰਘ ਮਚਾਕੀ ਵਲੋਂ ਬਾਖੂਬੀ ਨਿਭਾਈ ਗਈ। ਉਨ੍ਹਾਂ ਨੇ ਇੰਸਟੀਚਿਊਟ ਵਲੋਂ ਕੀਤੀਆਂ ਜਾ ਰਹੀਆਂ ਵਿਚਾਰ ਗੋਸ਼ਟੀਆਂ ਬਾਰੇ ਵੀ ਚਾਨਣਾ ਪਾਇਆ ਅਤੇ ਇਸ ਸੰਸਥਾ ਦੇ ਮੁੱਖ ਉਦੇਸ਼ਾਂ ਨੂੰ ਸਰੋਤਿਆਂ ਸਾਹਮਣੇ ਰੱਖਿਆ ਅਤੇ ਕਿਹਾ ਕਿ ਅੱਜ ਸਿੱਖ ਸਮਾਜ ਵਿੱਚ ਜ਼ੋ ਬੁਰਾਈਆਂ ਆ ਢੁਕੀਆਂ ਹਨ, ਉਸ ਨੂੰ ਦੂਰ ਕਰਨ ਲਈ ਸਿੱਖ ਬੁੱਧੀਜੀਵੀਆਂ ਗੁਰਮਤਿ ਦੇ ਫਲਸਫੇ ਅਧੀਨ ਸਿੱਖਾਂ ਨੂੰ ਸੇਧ ਦੇਣੀ ਚਾਹੀਦੀ ਹੈ। ਸੇਧ ਨਾ ਹੋਣ ਕਾਰਨ ਸਿੱਖ ਰਹਿਤ ਮਰਿਯਾਦਾ ਵਿੱਚ ਤਰੁਟੀਆਂ ਆ ਗਈਆਂ। ਇਸ ਅਣਗਹਿਲੀ ਕਾਰਨ ਉਹ ਪੁਜਾਰੀ ਸ਼੍ਰੇਣੀ ਫਿਰ ਦੁਬਾਰਾ ਸਥਾਪਿਤ ਹੋ ਗਈ, ਜਿਸ ਨੂੰ ਗੁਰੂ ਨਾਨਕ ਨੇ ‘ਓਜਾੜੇ ਦਾ ਬੰਧੁ’ ਦੱਸਿਆ। ਇੰਸਟੀਚਿਊਟ ਦੇ ਪ੍ਰਧਾਨ ਲੈਫੀ. ਜਨ. ਆਰ.ਐਸ. ਸੁਜਲਾਣਾ ਨੇ ਆਏ ਵਿਦਵਾਨਾਂ ਤੇ ਸ੍ਰੋਤਿਆਂ ਦਾ ਸਵਾਗਤ ਕੀਤਾ ਅਤੇ ਡਾ. ਖੁਸ਼ਹਾਲ ਸਿੰਘ ਨੇ ਧੰਨਵਾਦ ਕੀਤਾ।