ਰੂਪਨਗਰ, 29 ਸਤੰਬਰ (ਖ਼ਬਰ ਖਾਸ ਬਿਊਰੋ)
ਸਿਵਲ ਸਰਜਨ ਡਾ. ਤਰਸੇਮ ਸਿੰਘ ਵੱਲੋਂ ਵਿਸ਼ਵ ਰੈਬੀਜ਼ ਦਿਹਾੜੇ ਤੇ ਜ਼ਿਲ੍ਹਾ ਵਾਸੀਆਂ ਨੂੰ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕੀ ਸਾਡੇ ਦੇਸ਼ ਵਿੱਚ ਹਲਕਾਅ (ਰੈਬੀਜ਼) ਹਲਕੇ ਕੁੱਤੇ, ਖ਼ਰਗੋਸ਼, ਬਿੱਲੀ, ਨਿਓਲਾ, ਗਿੱਦੜ ਤੇ ਹੋਰ ਜਾਨਵਾਰਾਂ ਦੇ ਕੱਟਣ ਨਾਲ ਮਨੁੱਖ ਨੂੰ ਹੋ ਸਕਦੀ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਇਨ੍ਹਾਂ ਜਾਨਵਰਾਂ ਦੇ ਵੱਢੇ/ਕੱਟੇ/ਝਰੀਟਾਂ/ਜਖਮਾਂ ਨੂੰ ਨਜ਼ਰਅੰਦਾਜ਼ ਨਾ ਕਰੋ, ਜਖਮਾਂ ਤੇ ਮਿਰਚਾਂ, ਸਰੋਂ ਦਾ ਤੇਲ ਜਾਂ ਇਸ ਤਰ੍ਹਾਂ ਦੇ ਹੋਰ ਪਦਾਰਥ ਨਾ ਲਗਾਓ, ਜਖ਼ਮ ਨੂੰ ਟਾਂਕੇ ਨਾ ਲਗਾਓ ਅਤੇ ਨਾ ਹੀ ਪੱਟੀ ਬੰਨੋ ਸਗੋਂ ਇਸ ਦਾ ਮਾਹਿਰ ਡਾਕਟਰ ਤੋਂ ਇਲਾਜ ਕਰਵਾਉ।
ਉਨ੍ਹਾਂ ਕਿਹਾ ਕੀ ਆਪਣੇ ਬੱਚਿਆਂ ਨੂੰ ਆਵਾਰਾ ਕੁੱਤਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰੋ ਅਤੇ ਅੰਧ ਵਿਸ਼ਵਾਸ਼ਾਂ ਤੋਂ ਬਚੋ। ਕੁੱਤੇ ਤੁਹਾਡੇ ਦੋਸਤ ਹੋ ਸਕਦੇ ਹਨ ਪਰ ਜਦੋਂ ਇਨ੍ਹਾਂ ਨੂੰ ਗੁੱਸਾ ਆਉਂਦਾ ਹੈ ਤਾਂ ਉਹ ਤੁਹਾਨੂੰ ਕੱਟ ਵੀ ਸਕਦੇ ਹਨ। ਇਸ ਲਈ ਇਨ੍ਹਾਂ ਤੋਂ ਬਚਣਾ ਚਾਹੀਦਾ ਹੈ। ਜੇਕਰ ਕੁੱਤਾ ਕੱਟ ਜਾਂਦਾ ਹੈ ਤਾਂ ਜਖ਼ਮ ਨੂੰ ਤੁਰੰਤ ਚਲਦੇ ਪਾਣੀ ਅਤੇ ਸਾਬਣ ਨਾਲ ਪੰਦਰਾਂ ਮਿੰਟ ਧੋਵੋ, ਮੌਕੇ ਤੇ ਉਪਲਬਧ ਡਿਸਇਨਫੈਕਟੈਂਟ ਲਗਾਓ ਅਤੇ ਜਲਦ ਤੋਂ ਜਲਦ ਮੁੱਢਲੀ ਸਹਾਇਤਾ ਲਈ ਮਾਹਿਰ ਡਾਕਟਰ ਕੋਲ ਸਿਹਤ ਕੇਂਦਰ ਜਾਓ ਅਤੇ ਹਲਕਾਅ ਤੋਂ ਬਚਾਅ ਲਈ ਐਂਟੀ ਰੈਬੀਜ਼ ਦੇ ਟੀਕੇ ਜਰੂਰ ਲਗਵਾਓ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹਸਪਤਾਲ, ਸਬ-ਡਵੀਜਨ ਪੱਧਰ ਅਤੇ ਕਮਿਊਨਟੀ ਸਿਹਤ ਕੇਦਰਾਂ ਵਿੱਚ ਜਾਨਵਰ ਦੇ ਵੱਡੇ ਦੀ ਵੈਕਸ਼ੀਨੇਸਨ ਮੁਫਤ ਉਪਲਬਧ ਹੈ, ਹਲਕਾਅ ਦੀ ਬਿਮਾਰੀ ਤੋਂ ਬਚਾਅ ਲਈ ਸਮੇ ਸਿਰ ਮੁਕੰਮਲ ਵੈਕਸ਼ੀਨੇਸਨ ਹੀ ਸਹੀ ਇਲਾਜ ਹੈ ਨਹੀ ਤਾਂ ਇਹ ਬਿਮਾਰੀ ਮਨੁੱਖ ਲਈ ਜਾਨਲੇਵਾ ਹੈ।
ਉਨ੍ਹਾਂ ਕਿਹਾ ਕਿ ਪਾਲਤੂ ਜਾਨਵਰਾਂ ਨੂੰ ਪਿਆਰ ਨਾਲ ਰੱਖੋ, ਕਦੇ ਵੀ ਤੰਗ ਪ੍ਰੇਸ਼ਾਨ ਅਤੇ ਬਹੁਤਾ ਟੱਚ ਨਾ ਕਰੋ। ਜਾਨਵਰਾਂ ਦੇ ਛੋਟੇ ਬੱਚਿਆਂ ਤੋ ਦੂਰੀ ਬਣਾ ਕੇ ਰੱਖੋ। ਆਪਣੇ ਕੁੱਤਿਆਂ ਅਤੇ ਬਿੱਲੀਆਂ ਨੂੰ 3 ਮਹੀਨਿਆਂ ਦੀ ਉਮਰ ਤੇ ਹਲਕਾਅ ਦਾ ਟੀਕਾ ਸ਼ੁਰੂ ਕਰਕੇ ਹਰ ਸਾਲ ਹਲਕਾਅ ਵਿਰੁੱਧ ਟੀਕਾਕਰਣ ਜਰੂਰ ਕਰਵਾਓ। ਜਾਨਵਰ ਦੇ ਵੱਢਣ ਤੇ ਦੇਸੀ ਟੋਟਕੇ ਵਰਤਣੇ ਜਾਂ ਹਥੌਲਾ, ਮੰਤਰ ਆਦਿ ਦੀ ਵਰਤੋਂ ਸਿਹਤ ਲਈ ਖਤਰਨਾਕ ਹੈ, ਨੇੜੇ ਦੇ ਸਿਹਤ ਕੇਂਦਰ ਜਾ ਕੇ ਡਾਕਟਰ ਦੀ ਸਲਾਹ ਨਾਲ ਇਲਾਜ ਕਰਵਾਓ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਟੋਲ ਫਰੀ ਨੰ 104 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਇਸ ਸਮੇ ਹਾਜ਼ਰੀਨ ਨੂੰ ਜਾਗਰੂਕਤਾ ਪਰਚੇ ਵੀ ਵੰਡੇ ਗਏ।