ਚੰਡੀਗੜ੍ਹ, 20 ਅਪ੍ਰੈਲ (ਖ਼ਬਰ ਖਾਸ ਬਿਊਰੋ)
ਪੰਜਾਬ ਸਾਹਿਤ ਅਕਾਦਮੀ ਵੱਲੋਂ ‘ਮਨੁੱਖ ਤੋਂ ਪਾਰ ਮਨੁੱਖਤਾ : ਉੱਤਰ ਮਾਨਵਵਾਦੀ ਸੰਦਰਭ ਵਿਚ ‘ ਵਿਸ਼ੇ ਤੇ ਸ਼ੁਰੂ ਹੋਏ ਦੋ ਰੋਜ਼ਾ ਸੈਮੀਨਾਰ ਦੇ ਦੂਜੇ ਦਿਨ ਉੱਤਰ ਮਾਨਵਵਾਦ ਦੇ ਵਿਭਿੰਨ ਪਹਿਲੂਆਂ ਉਤੇ ਗੰਭੀਰ ਚਰਚਾ ਹੋਈ..
ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ, ਸਕਤੱਰ ਡਾ. ਰਵੇਲ ਸਿੰਘ ਅਤੇ ਵਿਸ਼ਾ ਵਿਸ਼ੇਸ਼ਗ ਅਮਰਜੀਤ ਸਿੰਘ ਗਰੇਵਾਲ ਦੀ ਅਗਵਾਈ ਵਿੱਚ ਦੂਜੇ ਦਿਨ ਦੇ ਪਹਿਲੇ ਸੈਸ਼ਨ ਦੇ ਵਿਸ਼ੇਸ਼ ਏ ਆਈ ਦੇ ਦੌਰ ਵਿੱਚ ਅਤੇ ਗੁਰੂ ਗ੍ਰੰਥ ਸਾਹਿਬ ਦੇ ਵਿਸ਼ੇਸ਼ ਸੰਦਰਭ ਵਿਚ ਡਾ. ਤਜਿੰਦਰ ਸਿੰਘ ਨੇ ਸੰਵਾਦ ਦਾ ਆਗਾਜ਼ ਕਰਦੇ ਹੋਏ ਕਿਹਾ ਕਿ ਪਦਾਰਥ ਵਿਚ ਚੇਤਨਾ ਦਾ ਸੰਕਲਪ 1920 ਵਿਚ ਸਾਮ੍ਹਣੇ ਆ ਚੁੱਕਿਆ ਸੀ, ਪਰ ਸਾਨੂੰ ਹੁਣ ਤਕ ਨਹੀਂ ਪੜ੍ਹਾਇਆ ਗਿਆ। ਉਹਨਾਂ ਕੁਆਂਟਮ ਫਿਜਿਕਸ ਦੀਆਂ ਧਾਰਨਾਵਾਂ ਨੂੰ ਮਸ਼ੀਨੀ ਬੁੱਧੀਮਤਾ ਦੇ ਜੋੜ ਕੇ ਭਵਿੱਖ ਦੀਆਂ ਧਾਰਨਾਵਾਂ ਪੇਸ਼ ਕੀਤੀਆਂ।
ਡਾ. ਸੁਖਵਿੰਦਰ ਸਿੰਘ ਨੇ ਕਿਹਾ ਕਿ ਬੇਸ਼ਕ ਮਸ਼ੀਨੀ ਬੁੱਧੀਮਤਾ ਭਵਿੱਖ ਵਿਚ ਬਹੁਤ ਕੁਝ ਨਵਾਂ ਸਿਰਜੇਗੀ, ਪਰ ਉਹ ਮਨੁੱਖ ਦੀ ਮੌਲਿਕ ਸਿਰਜਣਾ ਅਤੇ ਬੌਧਿਕਤਾ ਦਾ ਬਦਲ ਨਹੀਂ ਬਣ ਸਕੇਗੀ। ਡਾ. ਪ੍ਰਵੀਨ ਕੁਮਾਰ ਨੇ ਕਿਹਾ ਕਿ ਹਿਊਮਨਿਜ਼ਮ ਕਾਰਨ ਅਤੇ ਪ੍ਰਭਾਵ ਤਕ ਆਪਣੇ ਆਪ ਨੂੰ ਸੀਮਤ ਰੱਖਦਾ ਹੈ। ਮਨੁੱਖ ਨੇ ਫੰਡਾਮੈਂਟਲ ਫਿਜਿਕਸ ਤੋਂ ਕੁਆਂਟਮ ਫਿਜਿਕਸ ਤਕ ਦਾ ਸਫ਼ਰ ਤੈਅ ਕੀਤਾ ਹੈ। ਡਾ. ਸਰਬਜੀਤ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਜੇਕਰ ਪੋਸਟ ਹਿਊਮਨਿਜ਼ਮ ਦੇ ਦੌਰ ਵਿੱਚ ਮਨੁੱਖ, ਪਸ਼ੂ ਪੰਛੀ ਅਤੇ ਮਸ਼ੀਨ ਵਿੱਚ ਸੁਮੇਲ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਇਹ ਵੀ ਮਨੁੱਖ ਰਾਹੀਂ ਹੀ ਕੀਤੀ ਜਾ ਰਹੀ ਹੈ। ਇਸ ਲਈ ਮਨੁੱਖ ਨੂੰ ਕਿਸੇ ਵੀ ਦੌਰ ਵਿਚ ਸਭਿਅਤਾ ਦੇ ਕੇਂਦਰ ਵਿਚੋਂ ਖਾਰਿਜ਼ ਨਹੀਂ ਕੀਤਾ ਜਾ ਸਕਦਾ ਹੈ।
ਦੂਜੇ ਸੈਸ਼ਨ ਦਾ ਵਿਸ਼ਾ ਮਸ਼ੀਨੀ ਬੁੱਧੀਮਤਾ ਦੇ ਦੌਰ ਵਿੱਚ ਵੰਡ ਕੇ ਸ਼ੱਕਣ ਦੇ ਸੰਕਲਪ ਉੱਪਰ ਚਰਚਾ ਕਰਨਾ ਸੀ। ਇਸ ਸੈਸ਼ਨ ਵਿਚ ਬੋਲਦਿਆਂ ਡਾ. ਕੁਲਦੀਪ ਸਿੰਘ ਨੇ ਸਵਾਲ ਖੜਾ ਕਰਦੇ ਹੋਏ ਕਿਹਾ ਕਿ ਮਿਠਾਸ, ਨਿਮਰਤਾ, ਸੰਗੀਤ ਅਤੇ ਬੌਧਿਕਤਾ ਦੇ ਜਿਹੜੇ ਅਹਿਸਾਸ ਗੁਰਬਾਣੀ ਵਿੱਚ ਹਨ, ਕਿ ਮਸ਼ੀਨੀ ਬੁੱਧੀਮਤਾ ਇਸ ਤੋਂ ਉੱਪਰ ਕੁਝ ਸਿਰਜ ਸਕੇਗੀ?
ਡਾ. ਅਮਰਜੀਤ ਸਿੰਘ ਨੇ ਭਾਈ ਵੀਰ ਸਿੰਘ ਦੇ ਹਵਾਲੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਵਿਸਮਾਦ ਦੇ ਫ਼ਲਸਫ਼ੇ ਤੇ ਚਰਚਾ ਕਰਦੇ ਹੋਏ ਕਿਹਾ ਕਿ ਪੂੰਜੀ ਤੋਂ ਵਿਸਮਾਦੀ ਪੂੰਜੀ ਵੱਲ ਕਿਵੇਂ ਵਧਿਆ ਜਾ ਸਕਦਾ ਹੈ। ਡਾ. ਗੁਰਮੀਤ ਸਿੰਘ ਨੇ ਕਿਹਾ ਕਿ ਬੁੱਧੀਮਤਾ ਦਾ ਦਾਅਵਾ ਖਤਮ ਹੋਣ ਜਾ ਰਿਹਾ ਹੈ। ਉਹਨਾਂ ਨੇ ਬਾਬਰਵਾਣੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਹਵਾਲੇ ਨਾਲ ਕ੍ਰਿਟਿਕਲ ਪੋਸਟ ਹਿਊਮਨਿਜ਼ਮ ਦੇ ਦੌਰ ਦੇ ਮੁੱਦਿਆਂ ਦੀ ਵਿਆਖਿਆ ਕੀਤੀ। ਉਹਨਾਂ ਗੁਰੂ ਨਾਨਕ ਜੀ ਦੀ ਇਸ ਧਾਰਨਾ ਦੀ ਵਿਆਖਿਆ ਕੀਤੀ ਕਿ ਬਾਕੀ ਸਭ ਚੀਜ਼ਾਂ ਸੱਚ ਤੋਂ ਥੱਲੇ ਹਨ, ਸੱਚ ਤੋਂ ਉੱਪਰ ਸਿਰਫ ਕਿਰਦਾਰ ਹੈ। ਡਾ. ਅਰਵਿੰਦਰ ਕੌਰ ਨੇ ਗੁਰੂ ਗ੍ਰੰਥ ਸਾਹਿਬ ਦੇ ਸਾਂਝੀਵਾਲਤਾ ਦੇ ਹਵਾਲੇ ਨਾਲ ਕ੍ਰਿਟਿਕਲ ਪੋਸਟ ਹਿਊਮਨਿਜ਼ਮ ਤੇ ਚਰਚਾ ਕੀਤੀ। ਉਹਨਾਂ ਕਿਹਾ ਕਿ ਏ ਆਈ ਵਰਗੀ ਤਕਨੀਕ ਨੂੰ ਧਮਕੀ ਜਾਂ ਡਰ ਦੇ ਨਜ਼ਰੀਏ ਤੋਂ ਨਹੀਂ ਨਵੇਂ ਵਿਸਥਾਰ ਦੇ ਨਜ਼ਰੀਏ ਤੋਂ ਸਮਝਿਆ ਜਾਣਾ ਚਾਹੀਦਾ ਹੈ।
ਡਾ. ਕਰਮਜੀਤ ਕੌਰ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਹਵਾਲੇ ਨਾਲ ਸੱਚ, ਧਰਮ ਅਤੇ ਨਿਆਂ ਦੇ ਮੁੱਦੇ ਤੇ ਚਰਚਾ ਕੀਤੀ।
ਇਸ ਸੈਸ਼ਨ ਦੀ ਪ੍ਰਧਾਨਗੀ ਕਰਦੇ ਹੋਏ ਡਾ. ਵਨੀਤਾ ਨੇ ਕਿਹਾ ਕਿ ਮਨੁੱਖਤਾ ਅਤੇ ਮਾਨਵਵਾਦ ਦਾ ਫ਼ਰਕ ਸਮਝਣਾ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਜਿਸ ਆਈਡੀਆ ਆਫ ਜਸਟਿਸ ਅਤੇ ਫੈਮਨਿਜ਼ਮ ਦੀ ਅੱਜ ਗੱਲ ਕਰਦੇ ਹਾਂ ਉਹ ਅੱਜ ਤੋਂ ਸਾਢੇ ਪੰਜ ਸੌ ਸਾਲ ਪਹਿਲਾਂ ਸਾਡੇ ਕੋਲ ਸੀ। ਉਹਨਾਂ ਇਸੇ ਪ੍ਰਸੰਗ ਵਿਚ ਅਮਰਜੀਤ ਗਰੇਵਾਲ ਦੇ ਮਸ਼ੀਨੀ ਬੁੱਧੀਮਤਾ ਦੇ ਵਿਸ਼ੇ ਤੇ ਅਧਾਰਿਤ ਦੋ ਨਾਟਕ ਸੋ ਦਰੁ ਅਤੇ ਦੇਹੀ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ।
ਸੈਮੀਨਾਰ ਦਾ ਆਖ਼ਰੀ ਸੈਸ਼ਨ ਉੱਤਰ-ਮਾਨਵਵਾਦ ਅਤੇ ਵਾਤਾਵਰਣ : ਸੰਦਰਭ ਸ੍ਰੀ ਗੁਰੂ ਗ੍ਰੰਥ ਸਾਹਿਬ ਸੀ ਜਿਸ ਦੀ ਪ੍ਰਧਾਨਗੀ ਇਟਰਨਲ ਯੂਨੀਵਰਸਿਟੀ ਬੜੂ ਸਾਹਿਬ ਦੇ ਪ੍ਰੋ-ਵਾਈਸ ਚਾਂਸਲਰ ਪ੍ਰੋ ਅਮਰੀਕ ਸਿੰਘ ਆਹਲੂਵਾਲੀਆ ਨੇ ਕੀਤੀ। ਸੈਸ਼ਨ ਦਾ ਪਹਿਲਾ ਪਰਚਾ ਪੇਸ਼ ਕਰਦਿਆਂ ਡਾ ਰਾਜੇਸ਼ ਕੁਮਾਰ ਜੈਸਵਾਲ ਨੇ ਉੱਤਰ ਮਾਨਵਵਾਦ ਦੇ ਸੰਦਰਭ ਵਿੱਚ ਵਰਿਆਮ ਸੰਧੂ ਦੀ ਕਹਾਣੀ ਚੌਥੀ ਕੂਟ ਦਾ ਵਿਸ਼ਲੇਸ਼ਣ ਕੀਤਾ। ਡਾ ਹਰੀਸ਼ ਕੁਮਾਰ ਨੇ ਉੱਤਰ ਮਾਨਵਵਾਦ, ਟੈਕਨੌਲੋਜੀ ਅਤੇ ਗੁਰੂ ਗ੍ਰੰਥ ਸਾਹਿਬ ਪੇਸ਼ ਕੀਤਾ। ਡਾ ਜਸਵਿੰਦਰ ਸਿੰਘ ਧਰਮ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਨੇ ਵੀ ਆਪਣਾ ਪਰਚਾ ਪੇਸ਼ ਕੀਤਾ ਜਦਕਿ ਪ੍ਰੋ ਗਗਨਦੀਪ ਸ਼ਰਮਾ ਦਾ ਪਰਚਾ ਉਹਨਾਂ ਦੀ ਗ਼ੈਰ ਹਾਜ਼ਰੀ ਵਿੱਚ ਡਾ ਮਨਜੀਤ ਸਿੰਘ ਨੇ ਪੇਸ਼ ਕੀਤਾ। ਅੰਤ ਵਿੱਚ ਡਾ ਸਰਬਜੀਤ ਕੌਰ ਸੋਹਲ ਨੇ ਦੋ ਦਿਨ ਤੋਂ ਸੈਮੀਨਾਰ ਵਿੱਚ ਹਾਜਿਰ ਪ੍ਰਬੁਧ ਸ੍ਰੋਤਿਆਂ, ਬੁਲਾਰਿਆਂ, ਪੰਜਾਬ ਕਲਾ ਪਰਿਸ਼ਦ ਦੇ ਮੁਲਾਜ਼ਮਾਂ ਅਤੇ ਸਹਿਯੋਗੀ ਕਰਮੀਆਂ ਅਤੇ ਸੈਮੀਨਾਰ ਨਾਲ ਜੁੜੇ ਸਾਰੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਾਹਿਤ ਅਕਾਦਮੀ ਵੱਲੋਂ ਸੈਮੀਨਾਰ ਆਧਾਰਿਤ ਪੁਸਤਕ ਛੇਤੀ ਹੀ ਪ੍ਰਕਾਸ਼ਤ ਕੀਤੀ ਜਾਵੇਗੀ।
ਇਸ ਮੌਕੇ ਤੇ ਨਾਟਕਕਾਰ ਦਵਿੰਦਰ ਦਮਨ, ਡਾ. ਸਾਹਿਬ ਸਿੰਘ, ਡਾ. ਕੁਲਦੀਪ ਸਿੰਘ ਦੀਪ, ਬਲਕਾਰ ਸਿੱਧੂ, ਸਵਰਨਜੀਤ ਸਵੀ, ਡਾ. ਵਨੀਤਾ, ਸੁਰਜੀਤ ਸੁਮਨ, ਪ੍ਰੀਤਮ ਰੁਪਾਲ, ਦੀਪਕ ਚਨਾਰਥਲ, ਕੁਮਾਰ ਸੁਸ਼ੀਲ, ਜਗਦੀਪ ਸਿੱਧੂ ਅਤੇ ਦਿਲਬਾਗ ਸਿੰਘ ਹਾਜ਼ਿਰ ਸਨ।