ਚੰਡੀਗੜ੍ਹ 27 ਸਤੰਬਰ (ਖ਼ਬਰ ਖਾਸ ਬਿਊਰੋ)
ਮਰਹੂਮ ਸ਼ਾਇਰ ਡਾ ਸੁਰਜੀਤ ਪਾਤਰ ਦੀ ਯਾਦ ਵਿਚ ਪੰਜਾਬ ਕਲਾ ਪਰਿਸ਼ਦ ਨੇ ਦਸੰਬਰ ਦੇ ਪਹਿਲੇ ਹਫ਼ਤੇ ਤਿੰਨ ਦਿਨਾਂ ( 6 ਤੋਂ 8 ਦਸੰਬਰ ਤੱਕ) ਫੈਸਟੀਵਲ ਕਰਵਾਉਣ ਦਾ ਫੈਸਲਾ ਕੀਤਾ ਹੈ। ਕਲਾ ਪਰਿਸ਼ਦ ਦੇ ਪ੍ਰਧਾਨ ਸਰਵਨਜੀਤ ਸਿੰਘ ਸਵੀ ਨੇ ਪ੍ਰੈ੍ਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਵਿਚ ਪਹਿਲੀ ਵਾਰ ਕਿਸੇ ਸਾਹਿਤਕਾਰ, ਕਵੀ ਦੀ ਯਾਦ ਵਿਚ ਤਿੰਨ ਦਿਨਾਂ ਮੇਲਾ ਹੋਵੇਗਾ ਅਤੇ ਇਸ ਮੇਲੇ ਵਿਚ ਦੇਸ਼ ਵਿਦੇਸ਼ ਤੋਂ ਬੁੱਧੀਜੀਵੀ, ਲੇਖਕ, ਰੰਗਕਰਮੀ, ਸਾਹਿਤਕਾਰ, ਸੰਗੀਤ ਨਾਲ ਜੁੜੇ ਲੋਕ ਹਿੱਸਾ ਲੈਣਗੇ। ਉਨਾਂ ਕਿਹਾ ਕਿ ਮੇਲੇ ਦਾ ਉਦੇਸ਼ ਕਲਾ, ਸੱਭਿਆਚਾਰ, ਸਾਹਿਤ, ਰੰਗਮੰਚ, ਫਿਲਮ ਤੇ ਸੰਗੀਤ ਇੰਡਸਟਰੀ ਨੂੰ ਪ੍ਰਫੁਲਿਤ ਕਰਨਾ ਹੈ । ਉਨਾਂ ਕਿਹਾ ਕਿ ਮੇਲੇ ਦੌਰਾਨ ਸੈਮੀਨਾਰਾਂ ਦੀ ਰਵਾਇਤ ਤੋਂ ਹਟਕੇ ਕਈ ਤਰਾਂ ਦੀਆਂ ਵੰਨਗੀਆਂ ਪੇਸ਼ ਕੀਤੀਆਂ ਜਾਣਗੀਆ।
ਰੰਗਮੰਚ ਦੀ ਵੱਡੀ ਸਖਸ਼ੀਅਤ ਅਸ਼ਵਨੀ ਚੈਟਲੇ ਨੇ ਕਿਹਾ ਕਿ ਜੇਕਰ ਨੀਤਾ ਅੰਬਾਨੀ ਸੈਂਟਰ ਬਣ ਸਕਦਾ ਹੈ ਤਾਂ ਪਦਮਸ਼੍ਰੀ ਸੁਰਜੀਤ ਪਾਤਰ ਕੇਂਦਰ ਕਿਉਂ ਨਹੀਂ ਬਣ ਸਕਦਾ। ਉਹਨਾਂ ਕਿਹਾ ਕਿ ਉਹ ਪੰਜਾਬ ਵਿਚ ਪਦਮਸ੍ਰੀ ਸੁਰਜੀਤ ਪਾਤਰ ਕੇਂਦਰ ਬਣਾਉਣਗੇ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨੂੰ ਉਹਨਾਂ ਨੇ ਸੁਰਜੀਤ ਪਾਤਰ ਦੇ ਭੋਗ ਮੌਕੇ ਸਰਕਾਰ ਵਲੋਂ ਜ਼ਮੀਨ ਉਪਲਬਧ ਕਰਵਾਉਣ ਦੀ ਅਪੀਲ ਕੀਤੀ ਸੀ ਤੇ ਉਹਨਾਂ 500 ਕਰੋੜ ਰੁਪਏ ਦੀ ਲਾਗਤ ਨਾਲ ਸੁਰਜੀਤ ਪਾਤਰ ਕਲਾ ਅਤੇ ਸੱਭਿਆਚਾਰਕ ਉਦਯੋਗ ਕੇਂਦਰ ਸਥਾਪਿਤ ਕਰ ਦੇਣ ਦਾ ਵਾਅਦਾ ਕੀਤਾ ਸੀ। ਜੇਕਰ ਸਰਕਾਰ ਜ਼ਮੀਨ ਦੇ ਦੇਵੇਗੀ ਤਾਂ ਇਹ ਆਪਣੀ ਕਿਸਮ ਦਾ ਵੱਡਾ ਪ੍ਰੋਜੈਕਟ ਹੋਵੇਗਾ। ਉਨਾਂ ਤਿੰਨ ਦਿਨਾਂ ਮੇਲੇ ਲਈ 50 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਪਾਤਰ ਦੇ ਸਾਥੀ ਤੇ ਸਾਹਿਤਕਾਰ ਅਮਰਜੀਤ ਗਰੇਵਾਲ ਨੇ ਕਿਹਾ ਕਿ ਸੁਰਜੀਤ ਪਾਤਰ ਦਾ ਸੁਪਨਾ ਸੀ ਕਿ ਨੌਜਵਾਨਾਂ ਨੂੰ ਕਲਾ, ਸੱਭਿਆਚਾਰ ਅਤੇ ਸਾਹਿਤ ਬਾਰੇ ਜਾਣਕਾਰੀ ਹੋਵੇ। ਗਰੇਵਾਲ ਨੇ ਕਿਹਾ ਕਿ ਪਿੰਡਾਂ ਵਿਚ ਵਰਕ ਕਲਚਰ ਖ਼ਤਮ ਹੋ ਗਿਆ ਪਹਿਲਾਂ ਪਿੰਡ ਵਿਚ ਕੋਈ ਬੇਰੁੱਜ਼ਗਾਰ ਨਹੀਂ ਸੀ, ਪਿੰਡ ਦੀਆਂ ਔਰਤਾਂ ਹਰ ਕੰਮ ਵਿਚ ਮਰਦਾਂ ਵਾਂ ਭਾਗੀਦਾਰ ਹੁੰਦੀਆਂ ਸਨ। ਉਨਾਂ ਨਰਮਾ ਚੁਗਣ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਨਰਮਾ ਚੁਗਣ ਤੋ ਲੈ ਕੇ ਸੂਤ ਕੱਤਣ ਤੱਕ ਔਰਤਾਂ ਦੀ ਵੱਡੀ ਭੂਮਿਕਾ ਰਹੀ ਹੈ। ਉਸ ਵਕਤ ਪੈਸਾ ਘੱਟ ਸੀ ਪਰ ਪਿੰਡ ਦਾ ਕੋਈ ਬੰਦਾ ਬੇਰੁੱਜਗਾਰ ਨਹੀਂ ਸੀ। ਉਨ੍ਹਾਂ ਕਿਹਾ ਕਿ ਪੰਜਾਬ ਤੇ ਨੌਜਵਾਨੀ ਨੂੰ ਬਚਾਉਣ ਲਈ ਪਿੰਡ ਦਾ ਵਰਕ ਕਲਚਰ ਮਜ਼ਬੂਤ ਕਰਨਾ ਪਵੇਗਾ।