ਚੰਡੀਗੜ੍ਹ 24 ਅਗਸਤ, (ਖ਼ਬਰ ਖਾਸ ਬਿਊਰੋ)
ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਨੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਰੱਖੇ ਗਏ ਨੀਂਹ ਪੱਥਰ ਨੂੰ ਤੋੜ੍ਹ ਦਿੱਤਾ। ਪੰਜਾਬ ਦੇ ਸਿਆਸੀ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਹੁਕਮਰਾਨ ਧਿਰ ਦੇ ਨੁਮਾਇੰਦੇ ਨੇ ਆਪਣੀ ਹੀ ਸਰਕਾਰ ਦੇ ਨੀਹ ਪੱਥਰ ਨੂੰ ਤੋੜ੍ਹਿਆ ਹੈ। ਹਾਲਾਂਕਿ ਇਹ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ ਅਤੇ ਵਿਧਾਇਕ ਖਿਲਾਫ਼ ਕੇਸ ਦਰਜ਼ ਕੀਤਾ ਜਾਣਾ ਬਣਦਾ ਹੈ, ਪਰ ਸਰਕਾਰ ਨਹੀਂ ਕਰੇਗੀ ਕਿਉਂਕਿ ਉਹ ਪਾਰਟੀ (ਆਪ) ਦਾ ਵਿਧਾਇਕਾ ਹੈ। ਜੇਕਰ ਕਿਸੇ ਹੋਰ ਪਾਰਟੀ ਦੇ ਨੁਮਾਇੰਦੇ, ਵਰਕਰ ਜਾਂ ਕਿਸੇ ਸਧਾਰਨ ਬੰਦੇ ਨੇ ਇਹ ਕਾਰਵਾਈ ਕੀਤੀ ਹੁੰਦੀ ਤਾਂ ਨਾ ਸਿਰਫ਼ ਕੇਸ ਦਰਜ਼ ਹੋਣਾ ਸੀ, ਬਲਕਿ ਸਲਾਖ਼ਾ ਪਿੱਛੇ ਵੀ ਹੋਣਾ ਸੀ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਵਿਧਾਇਕ ਗੁਰਪ੍ਰੀਤ ਗੋਗੀ ਨੂੰ ਇਹ ਕਦਮ ਕਿਉਂ ਚੁੱਕਣਾ ਪਿਆ। ਸਿਸਟਮ ਤੋਂ ਦੁਖੀ, ਜਿਸਦਾ ਵਿਧਾਇਕ ਸਾਹਿਬ ਖੁਦ ਹਿੱਸਾ ਹਨ, ਹੋਏ ਗੋਗੀ ਨੇ ਗੁੱਸੇ ਵਿਚ ਨੀਂਹ ਪੱਥਰ ਤੋੜ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਗੋਗੀ ਦੀ ਇਸ ਕਾਰਵਾਈ ਨੂੰ ਕੰਧ ‘ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ।ਇਹ ਤੁਫ਼ਾਨ ਆਉਣ ਤੋਂ ਪਹਿਲਾਂ ਵਾਲੀ ਸਾਂਤੀ ਹੈ। ਹੇਠਲੇ ਪੱਧਰ ਉਤੇ ਵਰਕਰਾਂ, ਵਲੰਟੀਅਰਜ਼ ਵਿਚ ਨਿਰਾਸ਼ਾ ਦਾ ਆਲਮ ਹੈ। ਵਿਧਾਇਕ ਗੁੱਸੇ ਨਾਲ ਭਰੇ ਪੀਤੇ ਬੈਠੇ ਹਨ। ਉਹ ਆਪਣਾ ਦਰਦ -ਕਹਾਵਤ “ਆਪਣਾ ਪੱਲਾ ਚੁਕੋਗੇ ਤਾਂ ਆਪਣਾ ਢਿੱਡ ਨੰਗਾਂ ਹੋਵੇਗਾ” ਕਾਰਨ ਖੁੱਲਕੇ ਬੋਲਣ ਨੂੰ ਤਿਆਰ ਨਹੀਂ ਹਨ। ਇਹੀ ਦੁੱਖ ਹੇਠਾਂ ਵਰਕਰਾਂ ਦਾ ਹੈ।
ਦਰਅਸਲ ਜਿਸ ਮੰਤਵ, ਉਦੇਸ਼, ਬਦਲਾਅ ਦੇ ਵਾਅਦੇ ਨਾਲ ਆਮ ਆਦਮੀ ਪਾਰਟੀ ਸੱਤਾ ਵਿੱਚ ਆਈ ਸੀ, ਉਸ ਪਾਸਿਓ ਆਪ ਲੀਡਰਸ਼ਿਪ ਪੂਰੀ ਤਰਾਂ ਫੇਲ੍ਹ ਸਾਬਿਤ ਹੋ ਰਹੀ ਹੈ। ਪਿਛਲੀਆਂ ਸਰਕਾਰਾਂ ਦੇ ਕੰਮਕਾਜ਼-ਢੰਗ ਤਰੀਕਿਆਂ ਵਾਂਗ ਹੀ ਮੌਜ਼ੂਦਾ ਸਰਕਾਰ ਚੱਲ ਰਹੀ ਹੈ। ਕੋਈ ਫ਼ਰਕ ਦਿਖਾਈ ਨਹੀਂ ਦੇ ਰਿਹਾ। ਸੱਤਾ ਦਾ ਕੇਂਦਰੀਕਰਨ ਹੋ ਗਿਆ ਹੈ। ਵਿਧਾਇਕਾਂ, ਮੰਤਰੀਆਂ ਕੋਲ ਕੋਈ ਸ਼ਕਤੀ ਨਹੀਂ ਹੈ। ਅਫ਼ਸਰਸ਼ਾਹੀ ਆਮ ਲੋਕਾਂ ਦਾ ਤਾਂ ਕੀ ਵਿਧਾਇਕਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ।
ਗੁਰਪ੍ਰੀਤ ਗੋਗੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਅਫ਼ਸਰਸ਼ਾਹੀ ਤੰਗ ਕਰ ਰਹੀ ਹੈ, ਉਹ ਕੰਮ ਨਹੀਂ ਕਰ ਰਹੀ। ਗੋਗੀ ਨੇ ਅਜੇ ਨੀਂਹ ਪੱਥਰ ਹੀ ਤੋੜ੍ਹਿਆ ਹੈ, ਕੰਮ ਨਾ ਹੋਣ ਉਤੇ ਅਗਲੇ ਦਿਨਾਂ ਵਿਚ ਭੁੱਖ ਹੜ੍ਹਤਾਲ ਕਰਨ ਦੀ ਧਮਕੀ ਵੀ ਦਿੱਤੀ ਹੈ। ਗੋਗੀ ਦਾ ਕਹਿਣਾ ਹੈ ਕਿ ਉਸਨੇ ਇਹ ਕੰਮ ਚਾਅ ਨਾਲ ਨਹੀਂ ਕੀਤਾ। ਉਹ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹੈ, ਲੋਕ ਉਸਨੂੰ ਸਵਾਲ ਕਰਦੇ ਹਨ। ਸੀਵਰੇਜ ਬੋਰਡ, ਨਗਰ ਨਿਗਮ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ‘ਤੇ ਕੰਮ ਨਾ ਕਰਨ ਦਾ ਦੋਸ਼ ਲਾਇਆ ਹੈ। ਉਹਨਾਂ ਕਿਹਾ ਕਿ ਲੋਕ ਸਹੀ ਕਲਪਦੇ ਹਨ। ਲੋਕਾਂ ਦੇ ਕੰਮ ਨਹੀਂ ਹੋ ਰਹੇ। ਉਹਨਾਂ ਗੁੱਸੇ ਵਿਚ ਅਫ਼ਸਰਸਾਹੀ ਨੂੰ ਇਕ ਹਫ਼ਤੇ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਉਹ ਬੰਦੇ ਦੇ ਪੁੱਤ ਨਾ ਬਣੇ , ਕੰਮ ਨਾ ਕੀਤਾ ਤਾਂ ਉਹ ਭੁੱਖ ਹੜ੍ਹਤਾਲ ਉਤੇ ਬੈਠ ਜਾਣਗੇ।
ਗੋਗੀ ਨੇ ਇਹ ਕਦਮ ਉਸ ਵੇੇਲੇ ਚੁੱਕਿਆ ਹੈ ਜਦੋਂ ਸੂਬੇ ਵਿਚ ਪੰਜ ਨਗਰ ਨਿਗਮਾਂ ਸਮੇਤ ਚਾਰ ਦਰਜ਼ਨ ਦੇ ਕਰੀਬ ਨਗਰ ਕੌਂਸਲਾਂ, ਪੰਚਾਇਤਾਂ ਅਤੇ ਚਾਰ ਜ਼ਿਮਨੀ ਚੋਣਾਂ ਹੋਣ ਵਾਲੀਆਂ ਹਨ ਅਤੇ ਸਤੰਬਰ ਦੇ ਪਹਿਲੇ ਹਫ਼ਤੇ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣਾ ਹੈ। ਵਿਰੋਧੀਆਂ ਨੂੰ ਇਕ ਵੱਡਾ ਮੁੱਦਾ ਮਿਲ ਗਿਆ ਹੈ। ਮੁੱਖ ਮੰਤਰੀ ਨੂੰ ਇਸ ਵੱਲ ਵਿਸੇਸ਼ ਧਿਆਨ ਦੇਣ ਦੀ ਜਰੂਰਤ ਹੈ ਅਜੇ ਵੀ ਡੁੱਲੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ।