ਚੰਡੀਗੜ੍ਹ 15 ਅਗਸਤ (ਖ਼ਬਰ ਖਾਸ ਬਿਊਰੋ)
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਹਰ ਸਾਲ ਦੀ ਤਰਾਂ 1947 ਦੀ ਪੰਜਾਬ ਵੰਡ ਵੇਲੇ ਮਾਰੇ ਗਏ ਲੋਕਾਂ ਦੀ ਯਾਦ ਵਿੱਚ ਵਿਚਾਰ ਗੋਸ਼ਟੀ ਵਿੱਚ ਬੋਲਦਿਆਂ ਪੰਜਾਬ ਦੇ ਸਾਬਕਾ ਐਡਵੋਕੇਟ ਜਨਰਲ ਰਾਜਿੰਦਰ ਸਿੰਘ ਚੀਮਾ ਨੇ ਕਿਹਾ ਕਿ 1947 ਦੀ ਵੰਡ ਵੇਲੇ ਸਾਮਰਾਜੀ ਤਾਕਤ ਦੇ ਆਪਣੇ ਹਿਤ ਸਨ, ਉਸ ਨੇ ਆਪਣੇ ਹਿਤਾਂ ਲਈ ਵੰਡ ਨੂੰ ਤਾਰਕਿਕ ਢੰਗ ਨਾਲ ਟਾਲਣ ਦੀ ਕੋਸ਼ਿਸ਼ ਨਹੀਂ ਕੀਤੀ। ਜੇਕਰ ਵੰਡ ਹੋਣੀ ਜ਼ਰੂਰੀ ਬਣ ਗਈ ਸੀ ਤਾਂ ਦੋਵੇਂ ਪਾਸਿਆਂ ਦੇ ਕਤਲੇਆਮ ਨੂੰ ਟਾਲਿਆ ਜਾ ਸਕਦਾ ਸੀ। ਆਬਾਦੀ ਦਾ ਤਬਾਦਲਾ ਲੰਬੇ ਸਮੇਂ ਵਿੱਚ ਹੋ ਸਕਦਾ ਸੀ। ਉਹਨਾਂ ਕਿਹਾ ਕਿ ਸਾਮਰਾਜੀ ਸ਼ਕਤੀਆਂ ਅੱਜ ਵੀ ਦੋਵੇਂ ਪਾਸੇ ਸਰਗਰਮ ਹਨ, ਵੰਡ ਲਗਾਤਾਰ ਹੁਣ ਵੀਂ ਜਾਰੀ ਹੈ। ਉਹਨਾਂ ਕਿਹਾ ਕਿ ਦੋਵਾਂ ਦੇਸ਼ਾਂ ਦਰਮਿਆਨ ਦੁਵੱਲੀ ਵਾਰਤਾ ਲੰਬੇ ਸਮੇਂ ਤੋਂ ਬੰਦ ਹੈ, ਇਹ ਸ਼ੁਰੂ ਹੋਣੀ ਚਾਹੀਦੀ ਹੈ ਤਾਂ ਕਿ ਤਣਾਓ ਘਟਾਇਆ ਜਾ ਸਕੇ।
ਪੱਤਰਕਾਰ ਹਮੀਰ ਸਿੰਘ ਨੇ ਕਿਹਾ ਕਿ ਭਾਰਤ-ਪਾਕਿਸਤਾਨ ਦਰਮਿਆਨ ਵਾਹਗਾ ਬਾਰਡਰ ਰਾਹੀਂ ਵਪਾਰ ਬੰਦ ਕੀਤਾ ਹੋਇਆ ਹੈ ਪਰ ਮੁੰਬਈ ਕਰਾਚੀ ਤੋਂ ਇਹ ਵਪਾਰ ਲਗਾਤਾਰ ਜਾਰੀ ਹੈ। ਇਸ ਨਾਲ ਨੁਕਸਾਨ ਸਿਰਫ ਦੋਵਾਂ ਪੰਜਾਬਾਂ ਦਾ ਹੋ ਰਿਹਾ ਹੈ। ਪੂਰਬੀ ਪੰਜਾਬ ਦੇ ਖੇਤੀ ਸੰਦ ਵਾਇਆ ਦੁੱਬਈ ਪੱਛਮੀ ਪੰਜਾਬ ’ਚ ਜਾਂਦੇ ਹਨ, ਜੋ ਬੜੇ ਮਹਿੰਗੇ ਪੈਂਦੇ ਹਨ। ਰਾਜਸੀ ਵਿਸ਼ਲੇਸ਼ਕ ਮਾਲਵਿੰਦਰ ਸਿੰਘ ਮਾਲੀ ਨੇ ਕਿਹਾ ਕਿ ਇਹ ਵੰਡ ਦੇਸ਼ ਦੀ ਨਹੀਂ ਸਿਰਫ ਪੰਜਾਬ ਦੀ ਹੋਈ ਹੈ। ਦੋ ਕੌਮਾਂ ਦਾ ਸਿਧਾਂਤ ਪੂਰੀ ਤਰਾਂ ਗਲਤ ਸੀ, ਦੋਵੇਂ ਪੰਜਾਬਾਂ ਦੇ ਪੰਜਾਬੀ ਇਕ ਕੌਮ ਸਨ। ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਦੋਵੇਂ ਪੰਜਾਬਾਂ ਦੇ ਲੋਕ 78 ਸਾਲਾਂ ਤੋਂ ਮਿਲਣ ਲਈ ਸਹਿਕ ਰਹੇ ਹਨ ਪਰ ਸਰਕਾਰਾਂ ਨੇ ਅੜਿੱਕੇ ਡਾਹੇ ਹੋਏ ਹਨ। ਉਹਨਾਂ ਕਿਹਾ ਕਿ ਜੇਕਰ ਪੂਰਬੀ ਤੇ ਪੱਛਮੀ ਜਰਮਨੀ ਇਕ ਹੋ ਸਕਦੇ ਹਨ ਤਾਂ ਭਾਰਤ ਤੇ ਪਾਕਿਸਤਾਨ ਆਵਾਜਾਈ ਕਿਉਂ ਨਹੀਂ ਖੋਲ੍ਹ ਸਕਦੇ? ਪੰਜਾਬ ਬੁੱਕ ਸੈਂਟਰ ਦੇ ਅਵਤਾਰ ਸਿੰਘ ਪਾਲ ਨੇ ਕਿਹਾ ਕਿ ਦੋਵੇਂ ਮੁਲਕਾਂ ਦੇ ਸਬੰਧਾਂ ਬਾਰੇ ਵਿਚਾਰ ਗੋਸ਼ਟੀਆਂ ਦੋ-ਦੋ ਮਹੀਨਿਆਂ ਬਾਦ ਹੋਣੀਆਂ ਚਾਹੀਦੀਆਂ ਹਨ। ਅਸੀਂ ਲੰਬੇ ਸਮੇਂ ਤੋਂ ਦੋਵਾਂ ਪੰਜਾਬਾਂ ਦੇ ਲੋਕਾਂ ਦੇ ਆਪਸ ਵਿੱਚ ਲਗਾਤਾਰ ਮੇਲ ਮਿਲਾਪ ਵਧਾਉਣ ਲਈ ਯਤਨ ਕਰਦੇ ਆ ਰਹੇ ਹਾਂ ਪਰ ਦੋਵੇਂ ਪਾਸਿਆਂ ਦੀਆਂ ਸਰਕਾਰਾਂ ਇਹਨਾਂ ਨੂੰ ਮੁੜ ਤਹਿਸ-ਨਹਿਸ ਕਰ ਦਿੰਦੀਆਂ ਹਨ।
ਸੀਨੀਅਰ ਐਡਵੋਕੇਟ ਮਨਜੀਤ ਸਿੰਘ ਖਹਿਰਾ ਨੇ ਕਿਹਾ ਕਿ ਦੋਵਾਂ ਧਿਰਾਂ ਦੀ ਅਗਵਾਈ ਵੱਡੇ ਵਕੀਲ ਜਿਨਾਹ, ਗਾਂਧੀ ਅਤੇ ਨਹਿਰੂ ਕਰਦੇ ਸਨ, ਜਿੰਨਾਂ ਵਿੱਚ ਲੋਕਾਂ ਦੀ ਕੋਈ ਸਮੂਲੀਅਤ ਨਹੀਂ ਸੀ। ਜੇਕਰ ਵੰਡ ਕਰਨੀ ਸੀ ਤਾਂ ਲੋਕਾਂ ਦੀ ਰਾਇਸੁਮਾਰੀ ਜ਼ਰੂਰ ਕਰਵਾ ਲੈਣੀ ਚਾਹੀਦੀ ਸੀ। ਉਹਨਾਂ ਕਿਹਾ ਕਿ ਦੋਵਾਂ ਧਿਰਾਂ ਦੇ ਫੌਜੀ ਅਤੇ ਪੁਲਸ ਵਾਲੇ ਫਿਰਕਾਪ੍ਰਸਤੀ ਦਾ ਸ਼ਿਕਾਰ ਹੋ ਗਏ ਸਨ। ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਡਾ. ਖੁਸ਼ਹਾਲ ਸਿੰਘ ਨੇ ਕਿਹਾ ਕਿ ਉਹਨਾਂ ਦੀ ਸੰਸਥਾਂ ਜਿੱਥੇ ਦੋਵਾਂ ਮੁਲਲਕਾਂ ਦੀ ਭਾਈਚਾਰਕ ਸਾਂਝ ਦੀ ਕਾਮਨਾ ਕਰਦੀ ਹੈ, ਉੱਥੇ ਭਾਰਤ ਵਿੱਚ ਮੁਸਲਮਾਨ ਘੱਟ-ਗਿਣਤੀਆਂ ’ਤੇ ਹੋ ਰਹੇ ਜਬਰ ਦੀ ਵੀ ਨਿਖੇਧੀ ਕਰਦੀ ਹੈ। ਕੇਂਦਰੀ ਸਿੰਘ ਸਭਾ ਦੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਜਿੱਥੇ ਪਾਕਿਸਤਾਨ ਨਾਲ ਮਿਤਰਤਾ ਵਾਲੇ ਰਿਸਤੇ ਜ਼ਰੂਰੀ ਹਨ, ਉੱਥੇ ਭਾਰਤ ਖਾਸ ਕਰ ਪੰਜਾਬ ਵਿੱਚ ਵੀ ਭਾਈਚਾਰਕ ਸਾਂਝ ਜ਼ਰੂਰੀ ਹੈ। ਮੁਸਲਮਾਨ ਭਾਈਚਾਰੇ ਵੱਲੋਂ ਆਏ ਤਾਜ ਮੁਹੰਮਦ ਮਨੀਮਾਜਰਾ ਨੇ ਕਿਹਾ ਕਿ ਮੁਸਲਮਾਨਾਂ ਨਾਲ ਭਾਰਤ ਵਿੱਚ ਬਹੁਤ ਧੱਕਾ ਹੋ ਰਿਹਾ ਹੈ। ਕਰੋਨਾ ਕਾਲ ਮੌਕੇ ਵੀ ਇਹਨਾਂ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਉਹਨਾਂ ਕਿਹਾ ਅਸੀਂ ਮੁਲਕ ਦੇ ਵਸਿੰਦੇ ਹਾਂ ਪਰ ਆਪਣੀ ਕੋਈ ਹੱਕੀ ਮੰਗ ਵੀਂ ਨਹੀਂ ਰੱਖ ਸਕਦੇ। ਸੈਕਟਰ 45 ਦੀ ਜਾਮਾ ਮਸਜਿਦ ਤੋਂ ਆਏ ਹਾਜੀ ਸਦੀਕ ਸਾਹਿਬ ਨੇ ਕਿਹਾ ਕਿ 47 ਦੇ ਘੱਲੂਘਾਰੇ ਵੇਲੇ ਵੀ ਭਲੇ ਤੇ ਧਰਮੀ ਲੋਕਾਂ ਦੀ ਕੋਈ ਕਮੀ ਨਹੀਂ ਸੀ। ਪਾਕਿਸਤਾਨ ਵਾਲੇ ਪਾਸੇ ਵੀ ਮੁਸਲਮਾਨਾਂ ਨੇ ਹਿੰਦੂ ਸਿੱਖਾਂ ਨੂੰ ਬਚਾਇਆ ਸੀ। ਇਧਰ ਵੀ ਮੁਸਲਮਾਨਾਂ ਨੂੰ ਸਿੱਖਾਂ ਨੇ ਬਚਾਇਆ ਸੀ। ਇੱਥੇ ਸਾਡੇ ਭਾਈਚਾਰੇ ਨੂੰ ਗੁਰਦੁਆਰੇ ਵਿੱਚ ਮਾਰਨ ਲਈ ਇਕੱਠੇ ਕਰ ਲਿਆ ਗਿਆ ਸੀ ਪਰ ਕੁਝ ਧਰਮੀ ਸਿੱਖਾਂ ਨੇ ਉਹਨਾਂ ਦਾ ਕਤਲੇਆਮ ਨਾ ਕਰਨ ਦਿੱਤਾ।
ਸਿੱਖ ਚਿੰਤਕ ਰਾਜਵਿੰਦਰ ਸਿੰਘ ਰਾਹੀ ਨੇ ਕਿਹਾ ਕਿ ਸਿੱਖਾਂ ਤੇ ਮੁਸਲਮਾਨਾਂ ਦੀ ਸਾਂਝ ਸਦੀਆ ਪੁਰਾਣੀ ਹੈ, ਗੁਰੂ ਨਾਨਕ ਸਾਹਿਬ ਨਾਲੋਂ ਭਾਈ ਮਰਦਾਨੇ ਨੂੰ ਨਿਖੇੜਿਆ ਨਹੀਂ ਜਾ ਸਕਦਾ। ਗੁਰੂ ਗੋਬਿੰਦ ਸਿੰਘ ਨੂੰ ਉਚ ਦਾ ਪੀਰ ਬਣਾਕੇ ਕੱਢਣ ਵਾਲੇ ਗਨੀ ਖਾਂ, ਨਬੀ ਖਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਡਾ. ਗੁਰਚਰਨ ਸਿੰਘ ਨੇ ਕਿਹਾ ਕਿ 47 ਮੌਕੇ ਉਸ ਦੀ ਉਮਰ 9 ਸਾਲ ਸੀ, ਉਹ ਰਾਜਾ ਜੰਗ ਪਿੰਡ ਤੋਂ ਉਜੜ ਕੇ ਆਏ ਸਨ, ਜਿਨਾਂ ਦੀਆਂ ਯਾਦਾਂ ਅੱਜ ਵੀ ਤਾਜਾ ਹਨ। ਸਰਦਾਰਾ ਸਿੰਘ ਚੀਮਾ ਨੇ ਕਿਹਾ ਕਿ ਮੁਲਕ ਅੰਦਰ ਸਿਰ ਚੁੱਕ ਰਹੇ ਫਿਰਕੂ ਫਾਸ਼ੀਵਾਦ ਵਿਰੁੱਧ ਲੜਨਾ ਸਮੇਂ ਦੀ ਲੋੜ ਹੈ ਪਰ ਅਫਸੋਸ ਹੈ ਕਿ ਪੰਜਾਬ ਵਿੱਚ ਵੀ ਅੱਜ ਫਿਰਕੂ ਵੰਡ ਨਜ਼ਰ ਆਉਂਦੀ ਹੈ।
ਸਮਗਾਮ ਦੀ ਸ਼ੁਰੂਆਤ ਸਿੱਖ ਮੀਡੀਆ ਸੈਂਟਰ ਦੀ ਵਿਦਿਆਰਥਣ ਮਨਦੀਪ ਕੌਰ ਨੇ 47 ਵੇਲੇ ਵੰਡ ਨਾਲ ਸਬੰਧਤ ਗੀਤ, “ਮੈਨੂੰ ਫਿਰ ਦੁਬਾਰਾ ਬਾਪੂ ਗੱਲਾਂ ਦੱਸ ਲਾਹੌਰ ਦੀਆਂ” ਨਾਲ ਹੋਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਸੁਖਜਿੰਦਰ ਕੌਰ, ਕੈਪਟਨ ਗੁਰਦੀਪ ਸਿੰਘ ਘੁੰਮਣ, ਸੁਰਿੰਦਰ ਸਿੰਘ ਕਿਸ਼ਨਪੁਰਾ, ਗੁਰਸ਼ਮਸੀਰ ਸਿੰਘ ਵੜੈਚ, ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੀ ਸਾਰਾ ਨੇ ਵੀ ਸੰਬੋਧਨ ਕੀਤਾ।