ਕੈਨੇਡਾ ਵਲੋਂ ਪੈਰਿਸ ਉਲੰਪਿਕ ’ਚ ਖੇਡੇਗੀ ਪੰਜਾਬ ਦੀ ਧੀ ਜੈਸਿਕਾ

ਚੰਡੀਗੜ੍ਹ 18 ਜੁਲਾਈ (ਖ਼ਬਰ ਖਾਸ ਬਿਊਰੋ)

ਪੰਜਾਬ ਦੀ ਧੀ ਜੈਸਿਕਾ ਕੈਨੇਡਾ ਵਲੋਂ ਉਲੰਪਿਕ ਖੇਡੇਗੀ, ਉਸਦੀ ਚੋਣ ਉਲੰਪਿਕ ਖੇਡਾਂ 2024 ਲਈ ਕੈਨੇਡਾ ਦੀ ਵਾਟਰ ਪੋਲੋ ਟੀਮ ਲਈ ਹੋਈ ਹੈ। ਇੰਝ ਪੰਜਾਬ ਦੀ ਇਕ ਹੋਰ ਧੀ ਨੇ ਵਿਦੇਸ਼ੀ ਧਰਤੀ ’ਤੇ ਪੰਜਾਬੀਆਂ ਦਾ ਸਿੱਕਾ ਜਮਾਇਆ ਹੈ। ਕੈਨੇਡਾ ਦੇ ਓਟਾਵਾ ਦੀ ਜੰਮਪਲ ਪੰਜਾਬਣ ਜੈਸਿਕਾ ਓਲੰਪਿਕ 2024 ਲਈ ਕੈਨੇਡਾ ਦੀ ਮਹਿਲਾ ਵਾਟਰ ਪੋਲੋ ਟੀਮ ਦੀ ਮੈਂਬਰ ਚੁਣੀ ਗਈ ਹੈ। ਟੋਕੀਓ 2020 ਓਲੰਪਿਕ ਖੇਡਾਂ ਲਈ ਉਹ ਕੈਨੇਡੀਅਨ ਟੀਮ ਵਿੱਚ ਇੱਕ ਬਦਲ ਵਜੋਂ ਵੀ ਮੌਜੂਦ ਰਹੀ ਸੀ। ਜਦੋਂ ਕਿ ਇਸ ਵਾਰ ਜੈਸਿਕਾ ਨੇ ਇਕ ਹੋਰ ਪੁਲਾਂਘ ਪੁੱਟਦਿਆਂ ਕੈਨੇਡਾ ਵਲੋਂ ਪੈਰਿਸ ਉਲੰਪਿਕ 2024 ਖੇਡਣ ਵਾਲੀ ਵਾਟਰ ਪੋਲੋ ਟੀਮ ਵਿਚ ਮੁੱਖ ਸਥਾਨ ਬਣਾਇਆ ਹੈ, ਜੋ ਪੰਜਾਬ ਲਈ ਵੀ ਮਾਣ ਵਾਲੀ ਗੱਲ ਹੈ।

ਜ਼ਿਕਰਯੋਗ ਹੈ ਕਿ ਜੈਸਿਕਾ ਦਾ ਜਨਮ ਬੇਸ਼ੱਕ ਕੈਨੇਡਾ ਦੀ ਧਰਤੀ ’ਤੇ ਹੋਇਆ, ਪਰ ਉਸਦੀਆਂ ਜੜ੍ਹਾਂ ਸਿੱਧੀਆਂ ਪੰਜਾਬ ਨਾਲ ਜੁੜੀਆਂ ਹਨ। ਜੈਸਿਕਾ ਕੈਨੇਡਾ ਦੀ ਆਰ.ਸੀ.ਐਮ.ਪੀ. ਅਧਿਕਾਰੀ ਅਜੀਤ ਕੌਰ ਟਿਵਾਣਾ ਦੀ ਧੀ ਹੈ। ਪੰਜਾਬ ਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸਭ ਤੋਂ ਵੱਡੇ ਪਿੰਡ ਚਨਾਰਥਲ ਕਲਾਂ ਦੀ ਜੰਮਪਲ ਅਜੀਤ ਕੌਰ ਟਿਵਾਣਾ ਕੈਨੇਡਾ ਵਿਚ ਏਸ਼ੀਆ ਦੀ ਪਹਿਲੀ ਉਹ ਲੜਕੀ ਹੈ, ਜੋ ਆਰ.ਸੀ.ਐਮ.ਪੀ. ਅਧਿਕਾਰੀ ਵਜੋਂ ਤਾਇਨਾਤ ਹੋਈ ਸੀ। ਹੁਣ ਉਸਦੀ ਬੇਟੀ ਅਤੇ ਰਿਟਾ. ਫੌਜ ਅਧਿਕਾਰੀ ਤੇ ਨਾਮਵਰ ਲੇਖਕ ਸ. ਅਮਰਜੀਤ ਸਿੰਘ ਸਾਥੀ ਦੀ ਦੋਹਤੀ ਜੈਸਿਕਾ ਨੇ ਕੈਨੇਡਾ ’ਚ ਵੱਡੀ ਮੱਲ ਮਾਰ ਕੇ ਪੰਜਾਬ ਦਾ ਨਾਮ ਹੋਰ ਰੌਸ਼ਨ ਕੀਤਾ ਹੈ।

ਹੋਰ ਪੜ੍ਹੋ 👉  ਕੌਣ ਲਗਵਾਉਂਦਾ ਅਤੇ ਕੌਣ ਹਟਵਾਉਂਦਾ ਖ਼ਬਰਾਂ, ਵੜਿੰਗ ਨੇ ਖੋਲ੍ਹੇ ਭੇਤ, ਪੱਤਰਕਾਰ ਖਿੜ ਖਿੜ ਹੱਸਦੇ ਰਹੇ

ਕੈਨੇਡਾ ਦੀ ਉਲੰਪਿਕ ਵਾਟਰ ਪੋਲੋ ਟੀਮ ’ਚ ਜੈਸਿਕਾ ਦੇ ਸ਼ਾਮਲ ਹੋਣ ’ਤੇ ਪਰਿਵਾਰ ਦੇ ਨਾਲ-ਨਾਲ ਪੰਜਾਬ ਲਈ ਵੀ ਫਖ਼ਰ ਦੀ ਗੱਲ ਹੈ ਅਤੇ ਅਨੇਕ ਪੰਜਾਬੀ ਬੱਚਿਆਂ ਲਈ ਉਹ ਪ੍ਰੇਰਣਾ ਸਰੋਤ ਬਣ ਗਈ ਹੈ।

ਜੈਸਿਕਾ ਬਚਪਨ ਤੋਂ ਹੀ ਇਸ ਖੇਡ ਨੂੰ ਸਮਰਪਿਤ ਰਹੀ ਹੈ। ਜੈਸਿਕਾ ਨੇ 2008 ਵਿੱਚ 14 ਸਾਲ ਦੀ ਉਮਰ ਵਿੱਚ ਵਾਟਰ ਪੋਲੋ ਖੇਡਣਾ ਸ਼ੁਰੂ ਕੀਤਾ। ਇਸਦੀ ਚੇਟਕ ਉਸ ਨੂੰ ਉਦੋਂ ਲੱਗੀ ਜਦੋਂ ਉਸਦਾ ਪਰਿਵਾਰ ਕਿਸੇ ਨਜ਼ਦੀਕੀ ਨੂੰ ਇਹ ਗੇਮ ਖੇਡਦਿਆਂ ਦੇਖਣ ਲਈ ਗਿਆ ਸੀ। ਜੈਸਿਕਾ ਦੇ ਮਾਤਾ-ਪਿਤਾ ਨੇ ਉਸ ਨੂੰ ਸਮਰ ਕੈਂਪ ਲਈ ਉਸੇ ਸਮੇਂ ਅਤੇ ਉੱਥੇ ਹੀ ਦਾਖਲ ਕਰਵਾ ਦਿੱਤਾ। ਉਦੋਂ ਤੋਂ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਅੱਜ ਉਸ ਦੀਆਂ ਪ੍ਰਾਪਤੀਆਂ ਦਾ ਗ੍ਰਾਫ਼ ਕਾਫ਼ੀ ਉੱਪਰ ਹੈ ਜਿਸ ਨੇ ਉਸ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਮਾਣ ਦਿਵਾਉਂਦਿਆਂ ਉਲੰਪਿਕ ਖੇਡਣ ਦਾ ਮੌਕਾ ਦਿੱਤਾ।

ਹੋਰ ਪੜ੍ਹੋ 👉  ਲਾਧੂਕਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ‘ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ’ ਯਾਦਗਾਰੀ ਢੰਗ ਨਾਲ ਮਨਾਇਆ

ਸੰਨ 2012 ਵਿੱਚ ਜੈਸਿਕਾ ਨੇ ਪਹਿਲੀ ਐੱਫਆਈਐੱਨਏ ਵਿਸ਼ਵ ਯੂਥ ਚੈਂਪੀਅਨਸ਼ਿਪ ਵਿੱਚ ਕੈਨੇਡਾ ਨੂੰ ਪੰਜਵੇਂ ਸਥਾਨ ’ਤੇ ਲਿਆਉਣ ਵਿੱਚ ਯੋਗਦਾਨ ਪਾਇਆ। 2017 ਵਿੱਚ ਉਸ ਨੇ ਕੈਨੇਡਾ ਨੂੰ ਐੱਫਆਈਐੱਨਏ ਵਿਸ਼ਵ ਲੀਗ ਸੁਪਰ ਫਾਈਨਲ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਿੱਚ ਮਦਦ ਕੀਤੀ ਜਿੱਥੇ ਉਸ ਨੂੰ ਟੂਰਨਾਮੈਂਟ ਦੀ ਸਭ ਤੋਂ ਬਿਹਤਰੀਨ ਗੋਲਚੀ ਚੁਣਿਆ ਗਿਆ। ਕੈਪੀਟਲ ਵੇਵ ਸਵੀਮਿੰਗ ਅਤੇ ਵਾਟਰ ਪੋਲੋ ਕਲੱਬ ਦੀ ਇਸ ਪ੍ਰਤੀਨਿਧੀ ਨੇ ਟੋਰਾਂਟੋ 2015, ਲੀਮਾ 2019 ਅਤੇ ਸੈਂਟੀਆਗੋ 2023 ਪੈਨ ਅਮਰੀਕਨ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ।

ਯੂਨੀਵਰਸਿਟੀ ਪੱਧਰ ’ਤੇ ਜੈਸਿਕਾ ਨੇ ਇੰਡੀਆਨਾ ਯੂਨੀਵਰਸਿਟੀ ਦੀ ਨੁਮਾਇੰਦਗੀ ਕੀਤੀ ਜਿੱਥੇ ਉਸ ਨੂੰ 2013, 2014 ਅਤੇ 2018 ਵਿੱਚ ਆਲ-ਕਾਨਫਰੰਸ ਫਸਟ ਆਲ-ਸਟਾਰ ਟੀਮ ਨਾਮ ਦਿੱਤਾ ਗਿਆ ਸੀ। ਇੰਡੀਆਨਾ ਯੂਨੀਵਰਸਿਟੀ ਵਿੱਚ ਆਪਣੇ ਅੰਤਿਮ ਸਾਲ ਵਿੱਚ ਉਸ ਨੂੰ ਆਲ-ਅਮਰੀਕਨ ਐੱਨਸੀਏਏ ਮਹਿਲਾ ਵਾਟਰ ਪੋਲੋ ਡਿਵੀਜ਼ਨ 1 ਵਿੱਚ ‘ਮਾਣਯੋਗ ਆਲ-ਸਟਾਰ ਟੀਮ’ ਵਜੋਂ ਨਾਮਜ਼ਦ ਕੀਤਾ ਗਿਆ ਸੀ।

ਹੋਰ ਪੜ੍ਹੋ 👉  ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤਾ ਲਾਗੂ ਕਰਨ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਨੋਡਲ ਅਫਸਰ ਕੀਤੇ ਨਿਯੁਕਤ

ਉਸ ਨੇ 2019 ਵਿੱਚ ਇੰਡੀਆਨਾ ਯੂਨੀਵਰਸਿਟੀ ਵਿੱਚ ਕੈਮਿਸਟਰੀ ਵਿੱਚ ਆਪਣੀ ਪੜ੍ਹਾਈ ਪੂਰੀ ਕੀਤੀ। 2022 ਵਿੱਚ, ਉਹ ਕੋਚ ਦੇ ਰੂਪ ਵਿੱਚ ਮਿਸ਼ੀਗਨ ਯੂਨੀਵਰਸਿਟੀ ਦੀ ਟੀਮ ਵਿੱਚ ਸ਼ਾਮਲ ਹੋ ਗਈ। ਇਸ ਨਾਲ ਉਹ ਐੱਨਸੀਏਏ ਵਿੱਚ ਕੋਚ ਬਣਨ ਵਾਲੀ ਏਸ਼ੀਅਨ-ਭਾਰਤੀ ਮੂਲ ਦੀ ਪਹਿਲੀ ਔਰਤ ਬਣ ਗਈ। ਆਪਣੇ ਐਥਲੈਟਿਕਸ ਕਰੀਅਰ ਵਿੱਚ ਇੰਨੀਆਂ ਸ਼ਾਨਦਾਰ ਪ੍ਰਾਪਤੀਆਂ ਤੋਂ ਬਾਅਦ ਵੀ ਉਹ ਆਪਣੀਆਂ ਜੜ੍ਹਾਂ ਨਾਲ ਜੁੜੀ ਹੋਈ ਹੈ, ਖ਼ਾਸ ਕਰਕੇ ਉਸ ਨੂੰ ਬੁਣਾਈ ਕਰਨ ਦਾ ਬਹੁਤ ਸ਼ੌਕ ਹੈ। ਉਹ ਡਰਾਇੰਗ ਦਾ ਵੀ ਸ਼ੌਕ ਰੱਖਦੀ ਹੈ।

ਓਟਾਵਾ ਤੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਜੈਸਿਕਾ ਦੇ ਨਾਨਾ ਅਮਰਜੀਤ ਸਿੰਘ ਸਾਥੀ, ਮਾਤਾ ਅਜੀਤ ਕੌਰ ਟਿਵਾਣਾ ਅਤੇ ਪਿੰਡ ਚਨਾਰਥਲ ਕਲਾਂ ਤੋਂ ਨਵਤੇਜ ਸਿੰਘ ਟਿਵਾਣਾ, ਗੁਰਤੇਜ ਸਿੰਘ ਟਿਵਾਣਾ ਨੇ ਕਿਹਾ ਕਿ ਜੈਸਿਕਾ ਨੂੰ ਜਿੱਥੇ ਉਲੰਪਿਕ ਟੀਮ ਵਿਚ ਚੁਣੇ ਜਾਣ ਦੀ ਖੁਸ਼ੀ ਹੈ, ਉਥੇ ਉਨ੍ਹਾਂ ਨੇ ਕਿਹਾ ਕਿ ਉਹ ਕੈਨੇਡਾ ਲਈ ਮੈਡਲ ਜਿੱਤ ਕੇ ਲਿਆਵੇਗੀ, ਇਸ ਨਾਲ ਪੰਜਾਬ ਦਾ ਵੀ ਸਿਰ ਹੋਰ ਉਚਾ ਹੋਵੇਗਾ।

Leave a Reply

Your email address will not be published. Required fields are marked *