-ਮੋਹਿੰਦਰ ਭਗਤ ਨੂੰ ਮਿਲੇਗੀ ਝੰਡੀ ਵਾਲੀ ਗੱਡੀ !
ਜਲੰਧਰ, 13 ਜੁਲਾਈ (ਖ਼ਬਰ ਖਾਸ ਬਿਊਰੋ)
ਜੋ ਪਹਿਲੇ ਦਿਨ ਤੋਂ ਸ਼ੀਸ਼ੇ ਵਿਚ ਸਪਸ਼ਟ ਦਿਖ ਰਿਹਾ ਸੀ, ਉਹੀ ਤਸਵੀਰ ਸਾਹਮਣੇ ਆਈ ਹੈ। ਜਲੰਧਰ ਪੱਛਮੀ ਜ਼ਿਮਨੀ ਚੋਣ ਦਾ ਨਤੀਜ਼ਾ ਆ ਗਿਆ ਹੈ। ਆਪ ਉਮੀਦਵਾਰ ਮੋਹਿੰਦਰ ਭਗਤ ਕਰੀਬ 55246 ਹਜ਼ਾਰ ਵੋਟਾਂ ਲੈ ਕੇ 37325 ਵੋਟਾਂ ਦੇ ਅੰਤਰ ਨਾਲ ਚੋਣ ਜਿੱਤ ਗਏ ਹਨ। ਮੋਹਿੰਦਰ ਭਗਤ ਨੂੰ ਜਿੱਤ ਦੀ ਵਧਾਈ ਕਿਉਂਕਿ ਉਹ ਵਿਧਾਇਕ ਬਣ ਗਿਆ ਹੈ। ਉਸਦੀ ਵਿਧਾਇਕ ਬਣਨ ਦੀ ਇੱਛਾ ਪੂਰੀ ਹੋ ਗਈ ਹੈ। ਲੋਕ ਸਭਾ ਵਿਚ ਇਸ ਹਲਕੇ ਚੋ ਪਹਿਲੇ ਨੰਬਰ ਉਤੇ ਰਹੀ ਕਾਂਗਰਸ ਖਿਸਕ ਕੇ ਤੀਸਰੇ ਸਤਾਨ ਉਤੇ ਪੁੱਜੀ ਗਈ ਹੈ, ਜਦਕਿ ਭਾਜਪਾ ਦੂਜੇ ਸਥਾਨ ਉਤੇ ਹੀ ਰਹੀ ਹੈ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਸ ਚੋਣ ਵਿਚ ਕੋਣ ਜਿੱਤਿਆ ਹੈ ਤੇ ਕੌਣ ਹਾਰਿਆ ਹੈ। ਸਿਆਸੀ ਵਿਸ਼ਲੇਸ਼ਕਾ ਦਾ ਮੰਨਣਾ ਹੈ ਕਿ ਇਸ ਚੋਣ ਵਿਚ ਨਾ ਕੋਈ ਪਾਰਟੀ ਜਿੱਤੀ ਹੈ ਅਤੇ ਨਾ ਹੀ ਕੋਈ ਪਾਰਟੀ ਚੋਣ ਹਾਰੀ ਹੈ। ਆਮ ਆਦਮੀ ਪਾਰਟੀ ਨੇ ਆਪਣੀ ਪੁਰਾਣੀ ਸੀਟ ਨੂੰ ਬਰਕਰਾਰ ਰੱਖਿਆ ਹੈ , ਕਿਉਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਥੋਂ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੂਰਾਲ ਚੋਣ ਜਿੱਤੇ ਸਨ, ਇਸ ਤਰਾਂ ਆਪ ਉਤੇ ਆਪਣੀ ਜੈਤੂ ਸੀਟ ਨੂੰ ਬਚਾਈ ਰੱਖਣ ਦਾ ਦਬਾਅ ਸੀ ਕਿਉਂਕਿ ਮਈ ਮਹੀਨੇ ਹੋਈਆਂ ਲੋਕ ਸਭਾ ਵਿਚ ਆਪ ਇਸ ਹਲਕੇ ਤੋਂ ਤੀਜ਼ੇ ਸਥਾਨ ਉਤੇ ਪੁੱਜ ਗਈ ਸੀ। ਇਸ ਤਰਾਂ ਆਪ ਦੀ ਸੀਟ ਮੁੜ ਆਪ ਦੀ ਝੋਲੀ ਪੈ ਗਈ । ਬੱਸ ਵਿਧਾਇਕ ਬਦਲੇ ਹਨ। ਯਾਨੀ ਅੰਗੁਰਾਲ ਹਾਰ ਗਿਆ ਹੈ ਤੇ ਮੋਹਿੰਦਰ ਭਗਤ ਜਿੱਤ ਗਿਆ ਹੈ।
ਦੋ ਮਹੀਨੇ ਪਹਿਲਾਂ ਹੋਈਆਂ ਲੋਕ ਸਭਾ ਚੋਣਾ ਵਿਚ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਨੂੰ 44394, ਭਾਜਪਾ ਦੇ ਸ਼ੁਸ਼ੀਲ ਰਿੰਕੂ ਨੂੰ 42837, ਆਪ ਦੇ ਪਵਨ ਟੀਨੂੰ ਨੂੰ 15629 ਅਤੇ ਬਸਪਾ ਦੇ ਬਲਵਿੰਦਰ ਕੁਮਾਰ ਨੂੰ ਸਿਰਫ਼ 3221 ਵੋਟਾਂ ਪਈਆਂ ਸਨ। ਕਾਂਗਰਸ ਅਤੇ ਭਾਜਪਾ ਜਿਹੜੀ ਲੋਕ ਸਭਾ ਚੋਣਾਂ ਵਿਚ ਕ੍ਰਮਵਾਰ ਪਹਿਲੇ ਤੇ ਦੂਜੇ ਸਥਾਨ ਉਤੇ ਰਹੀ ਸੀ, ਨੂੰ ਇਹ ਨਤੀਜ਼ਾ ਆਉਣ ਦੀ ਪਹਿਲਾਂ ਹੀ ਉਮੀਦ ਸੀ ਕਿਉਂਕਿ ਜ਼ਿਮਨੀ ਚੋਣ ਵਿਚ ਅਕਸਰ ਸਰਕਾਰ ਬਾਜ਼ੀ ਮਾਰ ਜਾਂਦੀ ਹੈ। ਸਰਕਾਰੀ ਮਸ਼ੀਨਰੀ ਪੱਬਾਂ ਭਾਰ ਹੋ ਕੇ ਸਰਕਾਰ ਨਾਲ ਚੱਲਦੀ ਹੈ। ਹਰ ਹੀਲਾ ਵਸੀਲਾ ਵਰਤਿਆ ਜਾਂਦਾ ਹੈ। ਖਾਸਕਰਕੇ ਸਰਕਾਰੀ ਮੁਲਾਜ਼ਮ ਬਦਲੀ ਤੋਂ ਬਹੁਤ ਡਰਦਾ ਹੈ ਤੇ ਮਲਾਜ਼ਮ ਵੋਟਰ “ਚਲੋ ਕਹਿਕੇ” ਹੋਣੀ ਮੰਨ ਲੈਂਦਾ ਹੈ। ਇੱਥੇ ਵੀ ਇਹੀ ਹੋਇਆ ਹੈ। ਇਹ ਪਹਿਲੀ ਵਾਰ ਨਹੀਂ ਹੋਇਆ। ਅਤੀਤ ਤੋਂ ਇਹੀ ਹੁੰਦਾ ਆਇਆ ਹੈ ਅਤੇ ਜਦੋਂ ਜਦੋਂ ਵੀ ਜਿਮਨੀ ਚੋਣ ਹੋਵੇਗੀ ਇਹੀ ਹੁੰਦਾ ਰਹੇਗਾ।
ਕਾਂਗਰਸ ਤੇ ਭਾਜਪਾ ਦੇ ਬੁਰੀ ਤਰਾਂ ਪਿੱਛੇ ਰਹਿਣ ਦੇ ਕਈ ਕਾਰਨ ਹਨ। ਖੋਜ਼ੀ ਖ਼ਬਰਚੀ ਦੱਸਦਾ ਹੈ ਕਿ ਕਾਂਗਰਸ ਦੇ ਦੋ-ਤਿੰਨ ਟੌਪ ਦੇ ਲੀਡਰਾਂ ਦਾ ਇਗੋ ਵਾਲਾ ਗੇਅਰ ਫਸਿਆ ਰਿਹਾ। ਮੀਟਿੰਗ ਬਲਾਉਣ ਅਤੇ ਮੀਟਿੰਗ ਵਿਚ ਨਾ ਜਾਣ ਵਾਲੀ ਗਰਾਰੀ ਫਸੀ ਰਹੀ। ਸਥਾਨਕ ਲੀਡਰਾਂ ਨੇ ਆਪਣੀ ਇੱਜਤ ਤੇ ਇਲਾਕਾ ਹੋਣ ਕਰਕੇ ਪੂਰਾ ਜ਼ੋਰ ਲਾਇਆ ਪਰ ਬਾਹਰ ਵਾਲੇ ਤਾਂ ਆਏ ਤੇ ਫਿਰ ਚਲੇ ਗਏ। ਕਾਂਗਰਸ ਵਿਚ ਤਾਲਮੇਲ ਦੀ ਕਮੀ ਅੰਤ ਤੱਕ ਰੜਕਦੀ ਰਹੀ। ਅੰਤਲੇ ਦਿਨਾਂ ਵਿਚ ਤਾਂ ਫੌਜਾਂ ਦੇ ਹਥਿਆਰ ਸੁੱਟਣ ਵਾਲੀ ਗੱਲ ਹੋ ਗਈ ਸੀ। ਦੂਜੇ ਪਾਸੇ ਭਾਜਪਾ ਦੇ ਟੌਪ ਦੇ ਆਗੂਆਂ ਨੇ ਉਹ ਦਿਲਚਸਪੀ ਨਹੀ ਦਿਖਾਈ, ਜਿਹੜੀ ਲੋਕ ਸਭਾ ਚੋਣਾਂ ਵੇਲੇ ਦਿਖਾਈ ਸੀ। ਖੋਜ਼ੀ ਖ਼ਬਰਚੀ ਦੱਸਦਾ ਹੈ ਕਿ ਭਾਜਪਾ ਦੀ ਸ਼ੀਤਲ ਅੰਗੂਰਾਲ ਨੂੰ ਉਮੀਦਵਾਰ ਬਣਾਉਣਾ ਮਜ਼ਬੂਰੀ ਸੀ ਕਿਉਕਿ ਉਸਨਾਲ ਵਾਅਦਾ ਪੁਗਾਇਆ ਗਿਆ ਹੈ। ਭਾਜਪਾ ਨੇ ਭਰੇ ਮੰਨ ਨਾਲ ਹੀ ਇਹ ਚੋਣ ਲੜੀ ਹੈ।
ਅਕਾਲੀ ਦਲ ਦੀ ਤੱਕੜੀ ਦੇ ਪੱਲੜੇ ਪਹਿਲਾਂ ਹੀ ਖਿੰਡ ਗਏ ਸਨ। ਬਾਗੀਆ ਨੇ ਤੱਕੜੀ ਦੀ ਡੰਡੀ ਸੰਭਾਲਣ ਦਾ ਯਤਨ ਕੀਤਾ। ਨੇਤਾਵਾਂ ਦਾ ਹਾਲ ਦੇਖ ਤੱਕੜੀ ਇਕ ਵਾਰ ਝਾੜੂ ਦੇ ਬੋਝ ਨਾਲ ਝੁਕ ਗਈ ਪਰ ਬਾਗੀਆ ਨੇ ਫਿਰ ਸਮਤੋਲ ਬਿਠਾ ਲਿਆ। ਇਸ ਤਰਾਂ ਇਹ ਨਤੀਜ਼ਾ, ਕੰਧ ਉਤੇ ਲਿਖਿਆ ਪੜ੍ਹਨ ਵਾਂਗ ਪਹਿਲਾਂ ਹੀ ਸਪਸ਼ਟ ਸੀ। ਅਕਾਲੀ ਦਲ ਅਤੇ ਕਾਂਗਰਸ ਦੀਆਂ ਦੋਵੇਂ ਬੀਬੀਆਂ (ਉਮੀਦਵਾਰ) ਦਾ ਵਿਧਾਨ ਸਭਾ ਵਿਚ ਪੁੱਜਣ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ। ਉਧਰ ਖੋਜ਼ੀ ਖ਼ਬਰਚੀ ਨੂੰ ਨੀ ਇਸ ਨਤੀਜ਼ੇ ਉਤੇ ਕੋਈ ਫਰ਼ਕ ਨਹੀਂ ਹੈ, ਉਹ ਕਹਿੰਦਾ ਕਿ ਜਿੱਤਣ ਤੇ ਲੁੱਟਣ ਵਿੱਚ ਬਹੁਤ ਫਰਕ ਹੁੰਦਾ ।
ਕੌਣ ਕਿੰਨੇ ਪਾਣੀ ਵਿੱਚ–
ਮੋਹਿੰਦਰ ਭਗਤ- (ਆਪ)- 55246
ਸੁਰਿੰਦਰ ਕੌਰ -(ਕਾਂਗਰਸ)-16757
ਸ਼ੀਤਲ ਅੰਗੁਰਾਲ (ਭਾਜਪਾ)-17921
ਸੁਰਜੀਤ ਕੌਰ -(ਅਕਾਲੀ ਦਲ) -1242
ਬਿੰਦਰ ਕੁਮਾਰ -(ਬਸਪਾ) -734