ਅਸੀਂ ਜੋ ਅੰਦਰ ਹਾਂ, ਉਹ ਬਾਹਰ ਨਹੀਂ, ਬਾਹਰ ਅਸੀਂ ਵਿਖਾਵਾ ਕਰਦੇ ਹਾਂ। ਇਹ ਵਿਖਾਵਾ ਅਸਲੀਅਤ ਵਿੱਚ ਪਾਖੰਡ ਦਾ ਸੋਧਿਆ ਹੋਇਆ ਰੂਪ ਹੈ। ਅਸੀਂ ਰੰਗ ਤੇ ਰੂਪ ਦੇਖ ਕੇ ਆਪਣੇ ਵਿਚਾਰ ਪ੍ਰਗਟ ਕਰਦੇ ਹਾਂ। ਪਹਿਰਾਵਾ ਤੇ ਰੰਗ ਰੂਪ ਕਿਸੇ ਦੇ ਗੁਣ ਨਹੀਂ ਦੱਸ ਸਕਦਾ। ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ, ਹਰ ਸੋਨੇ ਦਾ ਗਹਿਣਾ ਗੱਟਾ ਨਹੀਂ ਬਣਦਾ। ਗਹਿਣੇ ਬਣਾਉਣ ਲਈ ਖੋਟ ਦੀ ਲੋੜ ਹੁੰਦੀ ਹੈ। ਜ਼ਿੰਦਗੀ ਦੇ ਵਿੱਚ ਥੋੜੀ ਜਿਹੀ ਖੋਟ ਦਾ ਹੋਣਾ ਕੋਈ ਦੋਸ਼ ਨਹੀਂ। ਪਰ ਖੋਟਾ ਹੋਣਾ ਗੁਨਾਹ ਹੁੰਦਾ ਹੈ। ਹਰ ਮਨੁੱਖ ਕੋਈ ਪੂਰਨ ਤੇ ਪਰਮ ਪੁਰਖ ਨਹੀਂ ਹੁੰਦਾ। ਪਰ ਪੁਰਸ਼ ਬਨਣ ਲਈ ਆਪਣੀਆਂ ਭਾਵਨਾਵਾਂ ਤੇ ਕਾਬੂ ਪਾਉਣਾ ਪੈਦਾ ਹੈ।
ਭਾਵਨਾਵਾਂ ਦਾ ਕਾਤਲ ਕੋਈ ਮਹਾਂਪੁਰਖ ਨਹੀਂ ਬਣ ਸਕਦਾ। ਆਪਣੇ ਆਪ ਨੂੰ ਮਹਾਂਪੁਰਖ ਅਖਵਾਉਣ ਵਾਲੇ ਸਭ ਸਿਰੇ ਦੇ ਪਾਖੰਡੀ ਸਾਧ ਤੇ ਬਾਬਾ ਹੁੰਦਾ ਹੈ। ਪਦਾਰਥਾਂ ਤੋਂ ਮੁਕਤ ਹੋਣ ਦਾ ਪ੍ਰਚਾਰ ਕਰਨ ਵਾਲਾ ਸਭ ਤੋਂ ਵੱਧ ਲਾਲਚੀ ਬਿਰਤੀ ਦਾ ਮਾਲਕ ਹੁੰਦਾ ਹੈ। ਉਸਦੀ ਨਜ਼ਰ ਹਰ ਵੇਲੇ ਹਥਿਆਉਣ ਲਈ ਸਰਵੇਖਣ ਕਰਦੀ ਹੈ। ਸਾਧਾਂ ਤੇ ਬਾਬਿਆਂ ਦੇ ਡੇਰਿਆਂ ਤੇ ਧਰਮ ਦਾ ਨਹੀਂ ਸਗੋਂ ਸੰਪ੍ਰਦਾਈ ਦਾ ਪਾਠ ਪੜ੍ਹਾਇਆ ਜਾਂਦਾ ਹੈ। ਧਰਮ, ਧਾਰਮਿਕ ਤੇ ਸੰਪਰਦਾਇਕ ਇਹ ਤਿੰਨ ਪੱਧਰ ਹਨ।
ਅਸੀਂ ਇਹਨਾਂ ਦੇ ਵਿਚੋਂ ਆਖੀਰਲੇ ਦੇ ਪੁਜਾਰੀ ਹਾਂ। ਪੁਜਾਰੀ ਪੂਜਾ ਪਾਠ ਦਾ ਵਪਾਰੀ ਹੈ। ਉਹ ਧਰਮ ਦਾ ਪੁਜਾਰੀ ਹੈ। ਉਹ ਧਰਮ ਵੇਚਦਾ ਹੈ। ਧਰਮ ਕੋਈ ਬੁਰਾ ਨਹੀਂ। ਬੁਰੇ ਤਾਂ ਸੰਪ੍ਰਦਾਈ ਡੇਰੇਦਾਰ ਤੇ ਸਾਧ ਹੁੰਦਾ ਹੈ। ਇਸ ਨੂੰ ਸਮਝਣਾ ਮੁਸ਼ਕਲ ਹੈ ਕਿਉਂਕਿ ਅਸੀਂ ਸੋਚ, ਸਮਝ ਤੇ ਵਿਚਾਰ ਘਰ ਰੱਖ ਕੇ ਉਥੇ ਜਾਂਦੇ ਹਾਂ। ਬਗੈਰ ਸਿਰਾਂ ਦੇ ਕੋਈ ਗਿਆਨ ਨਹੀਂ ਮਿਲਦਾ। ਗਿਆਨ ਹਾਸਲ ਕਰਨ ਲਈ ਦਿਮਾਗ ਦਾ ਹੋਣਾ ਜ਼ਰੂਰੀ ਹੈ। ਜ਼ਰੂਰਤ ਤਾਂ ਮਨੁੱਖ ਦੀ ਕੁੱਲੀ ਗੁੱਲੀ ਅਤੇ ਜੁੱਲੀ ਹੈ। ਪਰ ਬੰਦਾ ਇਹਨਾਂ ਨੂੰ ਵਧਾਉਣ ਲਈ ਦੌੜਦਾ ਹੈ, ਬਿਨਾਂ ਮੰਜ਼ਿਲ ਵਾਲੀ ਦੌੜ।
ਗਿਆਨ ਹਾਸਲ ਕਰਨ ਲਈ ਅਧਿਐਨ ਤੇ ਸੰਵਾਦ ਚਰਚਾ ਬਹੁਤ ਜ਼ਰੂਰੀ ਹੈ। ਪੜ੍ਹਨਾ, ਵਿਚਾਰਨਾ ਤੇ ਦੂਜੇ ਨਾਲ ਚਰਚਾ ਕਰਨ ਨਾਲ ਨਿਖਾਰ ਆਉਂਦਾ ਹੈ। ਨਿਖਾਰ ਲਈ ਟਿਕਣਾ ਬਹੁਤ ਜ਼ਰੂਰੀ ਹੈ। ਗੰਦਲਾ ਪਾਣੀ ਟਿੱਕ ਕੇ ਸਾਫ ਹੁੰਦਾ ਹੈ। ਮਨੁੱਖ ਵੀ ਜਦੋਂ ਸਥਿਰ ਹੋ ਕਿ ਬੈਠਦਾ ਹੈ, ਤਾਂ ਉਸ ਦੇ ਹਰ ਅੰਗ ਵਿੱਚ ਨਿਖਾਰ ਆਉਂਦਾ ਹੈ। ਨਿਖਰਿਆ ਤੇ ਨਿੱਤਰਿਆ ਮਨੁੱਖ ਤੇ ਪਾਣੀ ਮਹਿਕਾਂ ਵੰਡਦਾ ਹੈ।
ਓਸ਼ੋ ਨੂੰ ਪੜ੍ਹਨ ਲਈ ਨਿਖਰਨਾ ਪੈਦਾ ਹੈ। ਉਹ ਹਰ ਮਸਲੇ ਨੂੰ ਤਰਕ ਤੇ ਦਲੀਲ ਨਾਲ ਸਪੱਸ਼ਟ ਕਰਦਾ ਹੈ। ਜਿਹੜਾ ਆਪ ਉਲਝਣਾਂ ਭਰੀ ਜ਼ਿੰਦਗੀ ਜਿਉਂਦਾ ਹੋਵੇਗਾ ਉਹ ਗਿਆਨ ਦੀ ਗੰਗਾ ਨਹੀਂ ਵਹਾਅ ਸਕਦਾ।
ਉਹ ਤਾਂ ਆਪਣੇ ਹੰਕਾਰ ਦੀਆਂ ਮਸਤ ਹਵਾਵਾਂ ਨਾਲ ਜਗਦੇ ਦੀਵੇ ਬੁਝਾ ਸਕਦਾ ਹੈ। ਜਿਹੜਾ ਖੁਦ ਬੁਝਿਆ ਹੋਇਆ ਹੈ, ਉਹ ਦੂਜੇ ਨੂੰ ਕਿਵੇਂ ਜਗਾ ਸਕਦਾ ਹੈ। ਦਹੀਂ ਬਣਾਉਣ ਲਈ ਦੁੱਧ ਤੇ ਜਾਗ ਦੀ ਲੋੜ ਹੁੰਦੀ ਹੈ। ਦਹੀਂ ਤੋਂ ਮੱਖਣੀ ਬਣਾਉਣ ਲਈ ਰਿੜਕਣਾ ਜ਼ਰੂਰੀ ਹੈ। ਮੱਖਣੀ ਨੂੰ ਘਿਓ ਬਣਾਉਣ ਲਈ ਤੱਤਾ ਹੋਣਾ ਪੈਂਦਾ। ਇਹ ਸਭ ਜ਼ਿੰਦਗੀ ਦੇ ਉਹ ਰਾਹ ਰਸਤੇ ਹਨ ਜੋਂ ਜੀਵਨ ਦੇ ਵਿੱਚ ਨਿਖਾਰ ਲਿਆਉਂਦੇ ਹਨ।
ਕਲ੍ਹ ਸ੍ਰਵਨ ਕਰੋ।
“ ਓਸ਼ੋ ਦੇ ਇੱਕ ਮਿੱਤਰ ਨੇ ਕਿਹਾ ‘ ਮੈਂ ਤੁਹਾਨੂੰ ਆਪਣੀ ਮਾਂ ਨਾਲ ਮਿਲਵਾਉਣਾ ਚਾਹੁੰਦਾਂ, ਉਹ ਬਹੁਤ ਧਾਰਮਿਕ ਹੈ ।
ਓਸ਼ੋ ਨੇ ਕਿਹਾ ‘ ਠੀਕ ਹੈ, ਵੈਸੈ ਵੀ ਮੈਨੂੰ ਧਾਰਮਿਕ ਲੋਕਾਂ ਨਾਲ ਮਿਲਣਾ ਬਹੁਤ ਪਸੰਦ ਹੈ।
ਉਹ ਜਦੋਂ ਆਪਣੇ ਮਿੱਤਰ ਦੀ ਮਾਂ ਨੂੰ ਮਿਲੇ ਤਾਂ ਮਾਂ ਨੇ ਪੁੱਛਿਆ ਕਿ ‘ਤੂੰ ਕਿਤਾਬਾਂ ਬਹੁਤ ਪੜ੍ਹਦਾ, ਅੱਜਕੱਲ੍ਹ ਕੀ ਪੜ੍ਹ ਰਹੇ ਓ ?”
ਓਸ਼ੋ ਨੇ ਕਿਹਾ , ‘ ਮੈਂ ਅੱਜਕੱਲ੍ਹ ਕੁਰਾਨ ਪੜ੍ਹ ਰਿਹਾ ਹਾਂ ।
ਇਹ ਸੁਣਦੇ ਹੀ ਦੋਸਤ ਦੀ ਮਾਂ ਨਾਰਾਜ਼ ਹੋ ਗਈ, ਕਹਿਣ ਲੱਗੀ , ‘ ਤੁਸੀ ਹਿੰਦੂ ਹੋ ਕੇ ਕੁਰਾਨ ਪੜ੍ਹਦੇ ਹੋ, ਤੈਨੂੰ ਆਪਣੇ ਧਰਮ ਦੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ।’
ਬਾਅਦ ਨੇ ਓਸ਼ੋ ਨੇ ਆਪਣੇ ਮਿੱਤਰ ਨੂੰ ਕਿਹਾ, ਤੁਸੀ ਤਾਂ ਕਹਿੰਦੇ ਦੀ ਮਾਂ ਧਾਰਮਿਕ ਹੈ ਪਰ ਉਹ ਧਾਰਮਿਕ ਨਹੀਂ ‘ਸੰਪਰਦਾਇਕ’ ਹੈ।
ਬਹੁਤ ਸਾਰੇ ਲੋਕ ਅੱਜਕੱਲ੍ਹ ਤੁਹਾਨੂੰ ਮਿਲਣਗੇ ਕਿ ਜੋ ਖੁਦ ਨੂੰ ਧਾਰਮਿਕ ਕਹਿੰਦੇ ਹਨ– ਦਰਅਸਲ ਉਹ ਧਾਰਮਿਕ ਹੁੰਦੇ ਹੀ ਨਹੀਂ , ਸੰਪਰਦਾਇਕ ਹੁੰਦੇ ਹਨ। ਇੱਕ ਬੜੀ ਬਰੀਕ ਲਾਈਨ ਹੈ ‘ਧਾਰਮਿਕ’ ਅਤੇ ‘ਸੰਪਰਦਾਇਕ’ ਹੋਣ ਦੇ ਵਿਚਾਲੇ, ਇਸਦਾ ਹਮੇਸ਼ਾ ਧਿਆਨ ਰੱਖੋ ।
——
ਧਿਆਨ ਰੱਖਣਾ ਤੇ ਧਿਆਨ ਨਾਲ ਸੁਣਨਾ, ਬੋਲਣਾ ਤੇ ਤੁਰਨਾ ਹੀ ਮੇਡੀਟੇਸ਼ਨ ਹੈ।
ਬੁੱਧ ਸਿੰਘ ਨੀਲੋਂ
ਨੀਲੋਂ ਕਲਾਂ, ਲੁਧਿਆਣਾ
9464370823