ਆਪ ’ਤੇ ਸੀਟ ਬਚਾਉਣ ਅਤੇ ਕਾਂਗਰਸ ਤੇ ਪਿਛਲੀ ਲੀਡ ਬਰਕਰਾਰ ਰੱਖਣ ਦਾ ਬਣਿਆ ਹੋਇਆ ਦਬਾਅ
ਚੰਡੀਗੜ੍ਹ 9 ਜੁਲਾਈ (ਖ਼ਬਰ ਖਾਸ ਬਿਊਰੋ)
ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਕੱਲ੍ਹ ਬੁੱਧਵਾਰ ਨੂੰ ਪੈਣ ਵਾਲੀਆਂ ਵੋਟਾਂ ਨੂੰ ਲੈ ਕੇ ਭਾਵੇਂ ਸਾਰੀਆਂ ਸਿਆਸੀ ਧਿਰਾਂ ਪੱਬਾਂ ਭਾਰ ਹੋਈਆਂ ਪਈਆਂ ਹਨ। ਸਾਰੀਆਂ ਪਾਰਟੀਆਂ ਦਾ ਸੀਟ ਜਿੱਤਣ ਲਈ ਪੂਰਾ ਜ਼ੋਰ ਲੱਗਿਆ ਹੋਇਆ ਹੈ, ਲੇਕਿਨ ਆਮ ਆਦਮੀ ਪਾਰਟੀ ਅਤੇ ਕਾਂਗਰਸ ਲਈ ਇਹ ਸੀਟ ਜਿੱਤਣਾ ਵਕਾਰ ਦਾ ਸਵਾਲ ਬਣੀ ਹੋਈ ਹੈ। ਆਮ ਆਦਮੀ ਪਾਰਟੀ ’ਤੇ ਇਸ ਸੀਟ ਨੂੰ ਬਚਾਉਣ ਲਈ ਅਤੇ ਕਾਂਗਰਸ ਲਈ ਹਾਲ ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਮਿਲੀ ਜਿੱਤ ਨੂੰ ਬਰਕਰਾਰ ਰੱਖਣ ਦਾ ਦਬਾਅ ਬਣਿਆ ਹੋਇਆ ਹੈ।
ਕਾਂਗਰਸ ਤੇ ਆਪ ਵਿਚ ਜਬਰਦਸਤ ਟੱਕਰ
ਹਾਲਾਂਕਿ ਲੋਕ ਹਲਕੇ ਵਿਚ ਤਿਕੋਣਾ ਮੁਕਾਬਲਾ ਮੰਨਦੇ ਹਨ, ਪਰ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਕਾਂਗਰਸ ਤੇ ਆਪ ਵਿਚਕਾਰ ਕਾਂਟੇ ਦੀ ਟੱਕਰ ਬਣੀ ਹੋਈ ਹੈ।ਆਮ ਆਦਮੀ ਪਾਰਟੀ ਲਈ ਇਹ ਸੀਟ ਜਿੱਤਣਾ ਇਸ ਲਈ ਵੀ ਅਹਿਮੀਅਤ ਰੱਖਦਾ ਹੈ ਕਿ ਸਰਕਾਰ ਨੇ ਆਪਣੇ ਢਾਈ ਸਾਲਾਂ ਦੌਰਾਨ ਸਰਕਾਰ ਦੀ ਪ੍ਰਾਪਤੀਆਂ ਤੇ ਨੀਤੀਆਂ ’ਤੇ ਮੋਹਰ ਲਗਾਉਣੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਕੁੱਝ ਦਿਨਾਂ ਤੋਂ ਪਰਿਵਾਰ ਸਮੇਤ ਜਲੰਧਰ ਡੇਰਾ ਲਾਇਆ ਹੋਇਆ ਹੈ। ਇਸਤੋਂ ਇਲਾਵਾ ਮੰਤਰੀ, ਵਿਧਾਇਕ ਤੇ ਪਾਰਟੀ ਦੇ ਹੋਰ ਅਹੁੱਦੇਦਾਰ ਚੋਣ ਪ੍ਰਚਾਰ ਵਿਚ ਜੁਟੇ ਰਹੇ ਹਨ।ਮੁੱਖ ਮੰਤਰੀ ਦੀ ਪਤਨੀ ਡਾ ਗੁਰਪ੍ਰੀਤ ਕੌਰ ਜਿੱਥੇ ਚੋਣ ਪ੍ਰਚਾਰ ਕਰ ਰਹੀ ਹੈ, ਉਥੇ ਵੱਖ ਵੱਖ ਨੁਮਾਇੰਦਿਆਂ ਨਾਲ ਮੀਟਿੰਗਾੰ ਕਰਕੇ ਮੁੱਖ ਮੰਤਰੀ ਦਾ ਭਾਰ ਘਟਾਉਣ ਵਿਚ ਮਦਦ ਵੀ ਕਰ ਰਹੇ ਹਨ। ਹੁਕਮਰਾਨ ਧਿਰ ਦੇ ਆਗੂ ਮੁਹੱਲਾ ਕਲੀਨਿਕਾਂ, 300 ਯੂਨਿਟ ਮੁਫ਼ਤ ਬਿਜਲੀ, ਸਰਕਾਰੀ ਨੌਕਰੀਆਂ ਤੇ ਭ੍ਰਿਸ਼ਟਾਚਾਰ ਮੁਕਤ ਸਾਸ਼ਨ ਦੇਣ ਦੇ ਦਾਅਵੇ ਅਤੇ ਵਾਅਦੇ ਨੂੰ ਲੈ ਕੇ ਵੋਟਾਂ ਮੰਗ ਰਹੇ ਹਨ। 2022 ਦੀਆਂ ਚੋਣਾਂ ਵਿਚ ਇਥੋ ਸ਼ੀਤਲ ਅੰਗੂਰਾਲ ਵਿਧਾਇਕ ਚੁਣੇ ਗਏ ਸਨ, ਜਿਸ ਕਰਕੇ ਪਾਰਟੀ ਲਈ ਜਿੱਤੀ ਹੋਈ ਸੀਟ ਨੂੰ ਅਪਣੇ ਕਬਜ਼ੇ ਵਿਚ ਰੱਖਣ ਦਾ ਦਬਾਅ ਹੈ।
ਲੋਕ ਸਭਾ ਚੋਣਾਂ ਵਿਚ ਇਹ ਰਿਹਾ ਸੀ ਨਤੀਜ਼ਾ
ਕਾਂਗਰਸ ਨੇ ਲੋਕ ਸਭਾ ਚੋਣਾਂ ਵਿਚ ਇਸ ਹਲਕੇ ਤੋਂ ਜਿਤ ਹਾਸਲ ਕੀਤੀ ਸੀ। ਭਾਜਪਾ ਦੂਜੇ ਨੰਬਰ ਅਤੇ ਆਪ ਉਮੀਦਵਾਰ ਤੀਸਰੇ ਸਥਾਨ ’ਤੇ ਰਿਹਾ ਸੀ। ਕਾਂਗਰਸ ਨੂੰ 44394 ਵੋਟਾਂ ਮਿਲੀਆਂ ਜਦਕਿ ਸੱਤਾਧਾਰੀ ‘ਆਪ’ ਨੂੰ ਸਿਰਫ਼ 15629 ਵੋਟਾਂ ਮਿਲੀਆਂ ਸਨ। ਵਿਧਾਇਕ ਸ਼ੀਤਲ ਅੰਗੁਰਾਲ ਵੀ ਆਪ ਨੂੰ ਛੱਡ ਭਾਜਪਾ ਵਿਚ ਸਾਮਲ ਹੋ ਗਏ ਸਨ। ਅੰਗੂਰਾਲ ਨੇ ਸਤੰਬਰ 2022 ਵਿਚ ਭਾਜਪਾ ‘ਤੇ ਵਿਧਾਇਕਾਂ ਨੂੰ ਖਰੀਦਣ ਲਈ ਆਪਰੇਸ਼ਨ ਲੌਟਸ ਚਲਾਉਣ ਦਾ ਵੱਡਾ ਦੋਸ਼ ਲਗਾਇਆ ਸੀ।
ਸ਼੍ਰੋਮਣੀ ਅਕਾਲੀ ਦਲ ਇਕ ਤਰਾਂ ਨਾਲ ਪਹਿਲਾਂ ਹੀ ਬਿਖਰ ਗਿਆ ਹੈ। ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਨੂੰ ਸਮਰਥਨ ਦਿੱਤਾ ਹੋਇਆ ਹੈ, ਜਦਕਿ ਬਾਗੀ ਧੜੇ ਨੇ ਸੁਰਜੀਤ ਕੌਰ, ਜੋ ਕਿ ਅਕਾਲੀ ਦਲ ਦਾ ਅਧਿਕਾਰਤ ਉਮੀਦਵਾਰ ਹੈ ਦਾ ਸਮਰਥਨ ਕੀਤਾ ਹੋਇਆ ਹੈ। ਦਿਲਚਸਪ ਗੱਲ ਹੈ ਕਿ ਅਕਾਲੀ ਦਲ ਦਾ ਇਕ ਧੜਾ ਬਸਪਾ ਉਮੀਦਵਾਰ ਦੀ ਅਤੇ ਬਾਗੀ ਧੜਾ ਸੁਰਜੀਤ ਕੌਰ ਦੀ ਮੱਦਦ ਕਰ ਰਿਹਾ ਹੈ। ਜ਼ਿਮਨੀ ਚੋਣ ਦਾ ਨਤੀਜ਼ਾ ਕੀ ਆਵੇਗਾ ਇਹ ਤਾਂ 13 ਜੁਲਾਈ ਨੂੰ ਪਤਾ ਲੱਗੇਗਾ ਪਰ ਸਾਰੀਆ ਸਿਆਸੀ ਪਾਰਟੀਆਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਕਿਉਂਕਿ ਇਸ ਚੋਣ ਦਾ ਅਸਰ ਅੱਗੇ ਚਾਰ ਸੀਟਾਂ ’ਤੇ ਹੋਣ ਵਾਲੀ ਜ਼ਿਮਨੀ ਚੋਣ, ਪੰਚਾਇਤੀ ਤੇ ਮਿਉਂਸਪਲ ਚੋਣਾਂ ’ਤੇ ਪੈਣ ਦੀਆਂ ਸੰਭਾਵਨਾਵਾਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ।
ਲੋਕ ਸਭਾ ਚੋਣਾਂ ’ਚ ਇਹ ਰਿਹਾ ਸੀ ਨਤੀਜ਼ਾ
ਮਈ ਮਹੀਨੇ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਹਲਕੇ ਵਿਚ ਕੁੱਲ110515 ਵੋਟਾਂ ਪੋਲ ਹੋਈਆਂ ਸਨ। ਜਿਹਨਾਂ ਵਿਚ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਨੂੰ 44394, ਭਾਜਪਾ ਦੇ ਸ਼ੁਸ਼ੀਲ ਰਿੰਕੂ ਨੂੰ 42837, ਆਪ ਦੇ ਪਵਨ ਟੀਨੂੰ ਨੂੰ 15629 ਅਤੇ ਬਸਪਾ ਦੇ ਬਲਵਿੰਦਰ ਕੁਮਾਰ ਨੂੰ ਸਿਰਫ਼ 3221 ਵੋਟਾਂ ਪਈਆਂ ਸਨ। ਲੋਕ ਸਭਾ ਚੋਣਾਂ ਵੇਲੇ ਮੁੱਦੇ ਤੇ ਮਾਹੌਲ ਹੋਰ ਸੀ, ਪਰ ਇਸ ਵੇਲੇ ਸਿਆਸੀ ਮਾਹੌਲ ਹੋਰ ਹੈ।