ਚੰਡੀਗੜ 27 ਜੂਨ (ਖ਼ਬਰ ਖਾਸ ਬਿਊਰੋ)
ਸਿਆਸੀ ਅਖਾੜੇ ਵਿਚ ਵਾਰ-ਵਾਰ ਜਿੱਤ ਹਾਸਲ ਕਰਨੀ ਸੌਖੀ ਨਹੀਂ ਹੁੰਦੀ,ਵਿਦਿਆਰਥੀ ਜੀਵਨ ਤੋਂ ਲੈ ਕੇ ਬਜ਼ੁਰਗ ਅਵਸਥਾ ਤੱਕ ਪਹੁੰਚਕੇ ਵੀ ਜਿੱਤ ਦਾ ਝੰਡਾ ਝੂਲਦਾ ਰੱਖਣਾ ਹੋਰ ਵੀ ਔਖਾ ਹੁੰਦਾ ਹੈ। ਉਹ ਵੀ ਉਦੋਂ ਜਦੋਂ ਤੁਸੀ ਕਿਸੇ ਵਿਸ਼ੇਸ਼ ਵਰਗ ਨਾਲ ਸਬੰਧਤ ਹੁੰਦੇ ਹੋ, ਫਿਰ ਆਪਣੀ ਹੋਂਦ ਦਾ ਪ੍ਰਗਟਾਵਾ ਕਰਨਾ ਹੋਰ ਵੀ ਔਖਾ ਹੋ ਜਾਂਦਾ ਹੈ।
ਅਸੀਂ ਗੱਲ ਕਰ ਰਹੇ ਹਾਂ 1942 ਵਿਚ ਜਨਮੇਂ 82 ਸਾਲਾਂ ਮਲਿਕਾ ਅਰੁਜਨ ਖੜਗੇ ਦੀ। ਮਲਿਕਾ ਅਰੁਜਨ ਖੜਗੇ ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਹਨ। ਵਿਦਿਆਰਥੀ ਜੀਵਨ ਦੌਰਾਨ ਕਾਲਜ ਵਿਚ ਵਿਦਿਆਰਥੀਆਂ ਦੀ ਯੂਨੀਅਨ ਦਾ ਜਨਰਲ ਸਕੱਤਰ ਬਣਕੇ ਰਾਜਨੀਤੀ ਦਾ ਸਫ਼ਰ ਸ਼ੁਰੂ ਕੀਤਾ ਤੇ ਮੁੜ ਪਿੱਛੇ ਨਹੀਂ ਦੇਖਿਆ।
ਖੜਗੇ ਦੇ ਸਿਆਸੀ ਸਫ਼ਰ ’ਤੇ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਉਹ 9 ਵਾਰ ਐੱਮ.ਐੱਲ.ਏ ਬਣੇ ਹਨ। ਉਹ ਕਰਨਾਟਕ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਬਣ ਜਾਂਦੇ ਹਨ। ਦੋ ਵਾਰ ਮੈਬਰ ਪਾਰਲੀਮੈਟ ਤੇ ਇਕ ਵਾਰ ਰਾਜ ਸਭਾ ਮੈਬਰ ਬਣਦੇ ਹਨ। ਸਾਲ 2020 ਵਿਚ ਉਹਨਾਂ ਨੂੰ ਰਾਜ ਸਭਾ ਵਿਚ ਲੀਡਰ ਵਿਰੋਧੀ ਧਿਰ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਪਰ ਐਨੇ ਲੰਬੇ ਸਿਆਸੀ ਕੈਰੀਅਰ ਦੌਰਾਨ ਉਹ ਕਰਨਾਟਕ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬਣਦੇ ਹਨ, ਕਈ ਹੋਰ ਅਹੁੱਦਿਆ ਉਤੇ ਰਹਿੰਦੇ ਹਨ। ਕੌਮੀ ਪੱਧਰ ਉਤੇ ਪਾਰਟੀ ਵਿਚ ਥੋੜਾ ਕਲੇਸ਼ ਪੈਂਦਾ ਹੈ ਤਾਂ ਉਹ ਕਾਂਗਰਸ ਦੇ ਕੌਮੀ ਪ੍ਧਾਨ ਵੀ ਬਣ ਜਾਂਦੇ ਹਨ।
ਤਾਜ਼ਾ ਹੋਈਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਨੇ ਪਿਛਲੇ ਸਾਲਾਂ ਦੇ ਮੁਕਾਬਲੇ ਬੇਹਤਰ ਪ੍ਰਦਰਸ਼ਨ ਕੀਤਾ। ਕਾਂਗਰਸ ਨੇ ਇਹ ਚੋਣਾਂ ਸੰਵਿਧਾਨ ਬਚਾਉਣ ਅਤੇ ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਦੇ ਰਾਖਵੇਕਰਨ ਦੇ ਮੁੱਦੇ ’ਤੇ ਲੜੀ ਪਰ ਜਦੋ ਲੋਕ ਸਭਾ ਵਿਚ ਵਿਰੋਧੀ ਧਿਰ ਦਾ ਨੇਤਾ ਬਣਾਉਣ ਦੀ ਵਾਰੀ ਆਈ ਤਾਂ ਮਲਿਕਾ ਅਰੁਜਨ ਖੜਗੇ ਪਾਰਟੀ ਪ੍ਰਧਾਨ ਹੋਣ ਦੇ ਨਾਤੇ ਮਾਤ ਖਾ ਗਏ। ਕਰਨਾਟਕ ਵਿਚ ਉਹ ਇਕ ਵਾਰ, ਦੋ ਵਾਰ, ਤਿੰਨ ਵਾਰ ਯਾਨੀ 9 ਵਾਰ ਐੱਮ.ਐੱਲ.ਏ ਦੀ ਚੋਣ ਜਿੱਤਦੇ ਹਨ, ਕਾਂਗਰਸ ਪਾਰਟੀ ਦੀ ਸਰਕਾਰ ਵੀ ਬਣਦੀ ਹੈ, ਪਰ ਉਹ ਮੁੱਖ ਮੰਤਰੀ ਦੀ ਕੁਰਸੀ ਨਸੀਬ ਨਹੀ ਹੋਈ।
ਹੁਣ ਜਦੋ ਸੰਵਿਧਾਨ ਬਚਾਉਣ, ਰਾਖਵਾਂਕਰਨ ਬਚਾਉਣ ਦੇ ਮੁੱਦੇ ’ਤੇ ਕਾਂਗਰਸ ਨੇ ਚੋਣ ਲੜੀ ਤਾਂ ਮਲਿਕਾ ਅਰੁਜਨ ਖੜਗੇ ਫਿਰ ਪਿਛੇ ਰਹਿ ਗਏ। ਕੀ ਖੜਗੇ ਦਾ ਕਸੂਰ ਸਿਰਫ਼ ਦਲਿਤ ਹੋਣਾ ਹੈ?
ਖੜਗੇ ਦਾ ਸਿਆਸੀ ਕੈਰੀਅਰ ਪੜੋ
ਪਹਿਲੀ ਵਾਰ ਖੜਗੇ 1972 ਵਿੱਚ ਕਰਨਾਟਕ ਵਿਧਾਨ ਸਭਾ ਦੇ ਗੁਰਮਿਤਕਾਲ ਹਲਕੇ ਤੋ ਚੋਣ ਲੜੀ ਤੇ ਜਿੱਤ ਹਾਸਲ ਕੀਤੀ।
1973 ਵਿੱਚ, ਉਹ ਸਨੂੰ ਆਕਟਰੋਏ ਅਬੋਲਿਸ਼ਨ ਕਮੇਟੀ ਦਾ ਚੇਅਰਮੈਨ ਬਣੇ ਜੋ ਕਰਨਾਟਕ ਵਿੱਚ ਮਿਉਂਸਪਲ ਅਤੇ ਨਾਗਰਿਕ ਸੰਸਥਾਵਾਂ ਦੀ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਲਈ ਹੈ। 1974 ਵਿਚ ਉਹ ਸਰਕਾਰੀ ਮਾਲਕੀ ਵਾਲੀ ਚਮੜਾ ਵਿਕਾਸ ਕਾਰਪੋਰੇਸ਼ਨ ਦਾ ਚੇਅਰਮੈਨ ਨਿਯੁਕਤ ਬਣੇ। ਇਸ ਦੌਰਾਨ ਉਨਾਂ ਚਮੜੇ ਦੀ ਰੰਗਾਈ ਉਦਯੋਗ ਵਿੱਚ ਸ਼ਾਮਲ ਹਜ਼ਾਰਾਂ ਮੋਚੀਆਂ ਦੇ ਜੀਵਨ ਹਾਲਤਾਂ ਨੂੰ ਸੁਧਾਰਨ ਲਈ ਕੰਮ ਕੀਤਾ। ਇਸ ਸਮੇਂ ਦੌਰਾਨ ਉਨ੍ਹਾਂ ਦੇ ਲਾਭ ਲਈ ਰਾਜ ਭਰ ਵਿੱਚ ਵਰਕ ਸ਼ੈੱਡ ਅਤੇ ਰਿਹਾਇਸ਼ਾਂ ਬਣਾਈਆਂ ।
1976 ਵਿਚ ਉਹ ਪ੍ਰਾਇਮਰੀ ਸਿੱਖਿਆ ਰਾਜ ਮੰਤਰੀ ਬਣੇ ਅਤੇ ਐਸਸੀ/ਐਸਟੀ ਅਧਿਆਪਕਾਂ ਦੀਆਂ 16,000 ਤੋਂ ਵੱਧ ਬੈਕਲਾਗ ਅਸਾਮੀਆਂ ਨੂੰ ਸਿੱਧੇ ਸੇਵਾ ਵਿੱਚ ਭਰਤੀ ਕਰਕੇ ਭਰਿਆ। ਅਨੁਸੂਚਿਤ ਜਾਤੀ/ਜਨਜਾਤੀ ਪ੍ਰਬੰਧਨ ਦੁਆਰਾ ਚਲਾਏ ਜਾ ਰਹੇ ਸਕੂਲਾਂ ਨੂੰ ਪਹਿਲੀ ਵਾਰ ਗ੍ਰਾਂਟ-ਇਨ-ਏਡ ਕੋਡ ਦੇ ਤਹਿਤ ਗ੍ਰਾਂਟਾਂ ਦਿੱਤੀਆਂ ਗਈਆਂ ਸਨ।
ਫਿਰ 1978 ਵਿਚ ਉਹ ਗੁਰਮਿਤਕਾਲ ਹਲਕੇ ਤੋਂ ਦੂਜੀ ਵਾਰ ਵਿਧਾਇਕ ਚੁਣੇ ਗਏ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਰਾਜ ਰਾਜ ਮੰਤਰੀ ਬਣੇ।
1980 ਵਿਚ ਉਹ ਗੁੰਡੂ ਰਾਓ ਸਰਕਾਰ ਵਿਚ ਮਾਲ ਮੰਤਰੀ ਬਣੇ। ਇਸ ਸਮੇਂ ਦੌਰਾਨ ਉਹਨਾਂ ਜ਼ਮੀਨੀ ਸੁਧਾਰਾਂ ‘ਤੇ ਧਿਆਨ ਕੇਂਦਰਿਤ ਕੀਤਾ ਅਤੇ ਲੱਖਾਂ ਜ਼ਮੀਨ ਰਹਿਤ ਮਜ਼ਦੂਰਾਂ ਨੂੰ ਜ਼ਮੀਨਾਂ ਦੇ ਕਬਜ਼ੇ ਦੇ ਅਧਿਕਾਰ ਦਿੱਤੇ। ਉਹਨਾਂ 400 ਤੋਂ ਵੱਧ ਭੂਮੀ ਟ੍ਰਿਬਿਊਨਲ ਦਾ ਗਠਨ ਕੀਤਾ ਗਿਆ ਤਾਂ ਜੋ ਜ਼ਮੀਨ ਦੇ ਅਧਿਕਾਰਾਂ ਦੇ ਤਬਾਦਲੇ ਨੂੰ ਤੇਜ਼ ਕੀਤਾ ਜਾ ਸਕੇ।
1983 ਵਿੱਚ ਉਹ ਗੁਰਮਿਤਕਾਲ ਤੋਂ ਵਿਧਾਨ ਸਭਾ ਹਲਕੇ ਤੋ ਤੀਜੀ ਵਾਰ ਚੁਣੇ ਗਏ। 1985 ਵਿਚ ਫਿਰ ਗੁਰਮਿਤਕਾਲ ਤੋਂ ਕਰਨਾਟਕ ਅਸੈਂਬਲੀ ਲਈ ਚੌਥੀ ਵਾਰ ਚੁਣੇ ਗਏ ਸਨ ਅਤੇ ਕਰਨਾਟਕ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਉਪ ਨੇਤਾ ਬਣ ਗਏ।
ਇਸੀ ਤਰਾਂ 1989 ਵਿਚ ਉਹ ਗੁਰਮਿਤਕਾਲ ਤੋਂ ਕਰਨਾਟਕ ਵਿਧਾਨ ਸਭਾ ਲਈ ਪੰਜਵੀਂ ਵਾਰ ਚੁਣੇ ਗਏ। 1990 ਵਿਚ ਉਹ ਬੰਗਾਰੱਪਾ ਦੀ ਕੈਬਨਿਟ ਵਿੱਚ ਮਾਲ, ਪੇਂਡੂ ਵਿਕਾਸ ਅਤੇ ਪੰਚਾਇਤ ਰਾਜ ਮੰਤਰੀ ਵਜੋਂ ਸ਼ਾਮਲ ਹੋਏ। ਇਸ ਦੌਰਾਨ ਫਿਰ ਭੂਮੀ ਸੁਧਾਰਾਂ ਦੀ ਪ੍ਰਕਿਰਿਆ ਨੂੰ ਜਾਰੀ ਰੱਖਦੇ ਹੋਏ ਹਜ਼ਾਰਾਂ ਏਕੜ ਜ਼ਮੀਨ ਬੇਜ਼ਮੀਨੇ ਵਾਹੀਕਾਰਾਂ ਦੇ ਨਾਮ ‘ਤੇ ਰਜਿਸਟਰ ਕੀਤੀ।
ਫਿਰ 1992 ਅਤੇ 1994 ਦੇ ਵਿਚਕਾਰ, ਉਹ ਵੀਰੱਪਾ ਮੋਇਲੀ ਕੈਬਨਿਟ ਵਿਚ ਸਹਿਕਾਰਤਾ, ਮੱਧਮ ਅਤੇ ਵੱਡੇ ਉਦਯੋਗ ਮੰਤਰੀ ਰਹੇ। 1994 ਵਿੱਚ ਉਹ ਗੁਰਮਿਤਕਾਲ ਤੋਂ ਕਰਨਾਟਕ ਵਿਧਾਨ ਸਭਾ ਲਈ ਛੇਵੀਂ ਵਾਰ ਚੁਣੇ ਗਏ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਬਣ ਗਏ।
ਉਹ 1999 ਵਿੱਚ ਕਰਨਾਟਕ ਅਸੈਂਬਲੀ ਲਈ ਸੱਤਵੀਂ ਵਾਰ ਵਿਧਾਇਕ ਚੁਣੇ ਗਏ। ਇਸ ਦੌਰਾਨ ਉਹ ਕਰਨਾਟਕ ਦੇ ਮੁੱਖ ਮੰਤਰੀ ਦੇ ਅਹੁੱਦੇ ਲਈ ਸਭ ਤੋਂ ਅੱਗੇ ਸੀ ਪਰ ਮੁੱਖ ਮੰਤਰੀ ਨਹੀ ਬਣ ਸਕੇ। 2004 ਵਿੱਚ ਉਹ ਕਰਨਾਟਕ ਅਸੈਂਬਲੀ ਲਈ ਲਗਾਤਾਰ ਅੱਠਵੀਂ ਵਾਰ ਵਿਧਾਇਕ ਬਣ ਗਏ ਅਤੇ ਫਿਰ ਕਰਨਾਟਕ ਦੇ ਮੁੱਖ ਮੰਤਰੀ ਦੇ ਅਹੁੱਦੇ ਲਈ ਸਭ ਤੋਂ ਅੱਗੇ ਮੰਨੇ ਜਾਂਦੇ ਸਨ ਪਰ ਉਹਨਾਂ ਨੂੰ ਧਰਮ ਸਿੰਘ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਵਿੱਚ ਟਰਾਂਸਪੋਰਟ ਅਤੇ ਜਲ ਸਰੋਤ ਮੰਤਰੀ ਬਣਾ ਦਿੱਤਾ ਗਿਆ।
ਖੜਗੇ ਨੂੰ ਸਾਲ 2005 ਵਿੱਚ ਕਰਨਾਟਕ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।ਇਸ ਤੋਂ ਤੁਰੰਤ ਬਾਅਦ ਹੋਈਆਂ ਪੰਚਾਇਤੀ ਚੋਣਾਂ ਵਿੱਚ, ਕਾਂਗਰਸ ਨੇ ਭਾਜਪਾ ਅਤੇ ਜੇਡੀ(ਐਸ) ਦੇ ਮੁਕਾਬਲੇ ਸਭ ਤੋਂ ਵੱਧ ਸੀਟਾਂ ਜਿੱਤੀਆਂ ਜੋ ਕਰਨਾਟਕ ਦੇ ਪੇਂਡੂ ਖੇਤਰਾਂ ਵਿੱਚ ਕਾਂਗਰਸ ਦੀ ਕਿਸਮਤ ਨੂੰ ਮੁੜ ਸੁਰਜੀਤ ਕਰਨ ਦਾ ਸੰਕੇਤ ਦਿੰਦੀਆਂ ਹਨ।
ਜਿੱਤ ਦੇ ਝੰਡੇ ਨੂੰ ਬਰਕਰਾਰ ਰੱਖਦੇ ਹੋਏ 2008 ਵਿੱਚ ਉਹ ਚਿਤਾਪੁਰ ਵਿਧਾਨ ਸਭਾ ਹਲਕੇ ਤੋ ਨੌਵੀਂ ਵਾਰ ਜਿਤਣ ਦਾ ਰਿਕਾਰਡ ਹਾਸਲ ਕਰਦੇ ਹਨ। ਉਨ੍ਹਾਂ ਨੂੰ 2008 ਵਿੱਚ ਦੂਜੀ ਵਾਰ ਵਿਰੋਧੀ ਧਿਰ ਦਾ ਨੇਤਾ ਨਿਯੁਕਤ ਕੀਤਾ ਗਿਆ ਸੀ।
ਇਸੀ ਤਰਾਂ 2009 ਵਿਚ ਉਹ ਗੁਲਬਰਗਾ ਲੋਕ ਸਭਾ ਹਲਕਾ ਤੋ ਲੋਕ ਸਭਾ ਦੀ ਚੋਣ ਜਿੱਤੇ ਫਿਰ ਇਸੀ ਹਲਕੇ ਤੋਂ 2014 ਵਿਚ ਦੂਜੀ ਵਾਰ ਐਮ.ਪੀ ਬਣੇ। ਸਾਲ 2019 ਵਿਚ ਉਹ ਮੋਦੀ ਲਹਿਰ ਕਾਰਨ ਚੋਣ ਹਾਰ ਗਏ।
2020 ਵਿਚ ਉਹ ਨਿਰਵਿਰੋਧ ਰਾਜ ਸਭਾ ਮੈਂਬਰ ਬਣ ਗਏ। ਜਿਹਨਾਂ ਨੂੰ ਰਾਜ ਸਭਾ ਵਿਚ ਵਿਰੋਧੀ ਧਿਰ ਦਾ ਨੇਤਾ ਚੁਣਿਆ ਗਿਆ।
ਗੜੀ ਨੇ ਇਹ ਕਿਹਾ —
ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਗੜੀ ਦਾ ਕਹਿਣਾ ਹੈ ਕਿ ਕਾਂਗਰਸ ਨੇ ਇੰਡੀਆ ਗਠਜੋੜ ਦੇ ਰਾਹੀਂ ਸੰਵਿਧਾਨ ਬਚਾਓ ਦੇ ਨਾਮ ਤੇ ਚੋਣ ਲੜੀ ਅਤੇ ਦਲਿਤ, ਪਿਛੜੇ ਵਰਗਾ ਅਤੇ ਘੱਟ ਗਿਣਤੀ ਵਰਗਾਂ ਦੀ ਵੋਟ ਲੈ ਕੇ ਵੱਡੀ ਗਿਣਤੀ ਵਿੱਚ ਮੈਂਬਰ ਪਾਰਲੀਮੈਂਟ ਜਿੱਤੇ। ਜਦੋਂ ਦੇਸ਼ ਵਿੱਚ ਵਿਰੋਧੀ ਧਿਰ ਦਾ ਨੇਤਾ ਬਣਾਉਣ ਦੀ ਗੱਲ ਆਈ ਤਾਂ ਕਾਂਗਰਸ ਪ੍ਰਧਾਨ ਮਲਕਾਅਰਜੁਨ ਖੜਗੇ ਨੂੰ ਪਿੱਛੇ ਧੱਕ ਕੇ ਰਾਹੁਲ ਗਾਂਧੀ ਨੂੰ ਵਿਰੋਧੀ ਧਿਰ ਦਾ ਨੇਤਾ ਬਣਾਇਆ ਗਿਆ ਹੈ, ਜੋ ਕਿ ਅਨੁਸੂਚਿਤ ਜਾਤੀਆਂ, ਪੱਛੜੀਆ ਸ਼੍ਰੇਣੀਆਂ ਅਤੇ ਘੱਟ ਗਿਣਤੀ ਵਰਗਾਂ ਨਾਲ ਸਿੱਧਾ ਧੱਕਾ ਹੈ।