ਵੱਧਦੀ ਦੀ ਤਪਸ਼ ਨੇ ਪੰਜਾਬ ਦਾ ਖ਼ਜਾਨਾ ਬਚਾਇਆ
ਚੰਡੀਗੜ੍ਹ 22 ਜੂਨ (ਖ਼ਬਰ ਖਾਸ ਬਿਊਰੋ)
ਅੱਤ ਦੀ ਪੈ ਰਹੀ ਗਰਮੀ ਨੇ ਲੋਕਾਂ ਦੀ ਬੱਸ ਕਰਵਾ ਦਿੱਤੀ ਹੈ। ਗਰਮੀ ਕਾਰਨ ਬਿਜਲੀ ਦੀ ਮੰਗ ਲਗਾਤਾਰ ਵੱਧਦੀ ਜਾ ਰਹੀ ਹੈ। ਸਾਉਣੀ ਦਾ ਸੀਜਨ ਹੋਣ ਕਰਕੇ ਕਿਸਾਨ ਝੋਨਾ ਲਗਾਉਣ ਲੱਗੇ ਹੋਏ ਹਨ, ਜਿਸ ਕਰਕੇ ਮੁੱਖ ਮੰਤਰੀ ਨੇ ਦਿਨ ਵੇਲੇ ਕਿਸਾਨਾਂ ਨੂੰ ਨਿਰੰਤਰ ਅੱਠ ਘੰਟੇ ਬਿਜਲੀ ਦੇਣ ਦਾ ਵਾਅਦਾ ਕੀਤਾ ਹੋਇਆ ਹੈ। ਇਸ ਤਰਾਂ ਬਿਜਲੀ ਦੀ ਵੱਧ ਰਹੀ ਮੰਗ ਨੂੰ ਪੂਰਾ ਕਰਨ ਲਈ ਪਾਵਰਕਾਮ ਜੱਦੋਜਹਿਦ ਕਰ ਰਿਹਾ ਹੈ।
ਜਾਣਕਾਰੀ ਅਨੁਸਾਰ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਪਾਵਰਕਾਮ ਨੂੰ ਰਾਤ ਦੇ ਮੁਕਾਬਲੇ ਦਿਨ ਵੇਲੇ ਸਸਤੀ ਬਿਜਲੀ ਮਿਲ ਰਹੀ ਹੈ। ਪਾਵਰਕਾਮ ਦੇ ਅਧਿਕਾਰੀ ਦੱਸਦੇ ਹਨ ਕਿ ਇਸ ਵੇਲੇ ਸੂਬੇ ਵਿੱਚ ਬਿਜਲੀ ਦੀ 16 ਹਜ਼ਾਰ ਮੈਗਾਵਾਟ ਦੀ ਰਿਕਾਰਡ ਮੰਗ ਹੈ। ਪਾਵਰਕਾਮ ਦੇ ਸੀਐਮਡੀ ਬਲਦੇਵ ਸਿੰਘ ਸਰਾਂ ਨੇ ਪਿਛਲੇ ਦਿਨ ਸਕੱਤਰੇਤ ਵਿਖੇ ਹੋਏ ਮੀਟਿੰਗ ਵਿਚ ਬਿਜਲੀ ਦੀ ਮੰਗ ਅਤੇ ਰੇਟ ਦਾ ਖੁਲਾਸਾ ਕੀਤਾ। ਸਰਾਂ ਦੀ ਗੱਲ ਸੁਣਕੇ ਇਕ ਸੀਨੀਅਰ ਅਧਿਕਾਰੀ ਨੇ ਟਿੱਪਣੀ ਕੀਤੀ ਕਿ ਉਹ ਪਿਛਲੇ 32 ਸਾਲਾਂ ਤੋਂ ਕੰਮ ਕਰ ਰਹੇ ਹਨ ਅਤੇ ਹਰੇਕ ਵਾਰ ਪਾਵਰਕਾਮ ਰਾਤ ਨੂੰ ਬਿਜਲੀ ਲੈਣ ਵਿੱਚ ਛੋਟ ਮਿਲਣ ਅਤੇ ਦਿਨ ਵੇਲੇ ਮਹਿੰਗੀ ਹੋਣ ਦੀ ਗੱਲ ਕਰਦਾ ਰਿਹਾ ਹੈ। ਪਰ ਹੁਣ ਹਾਲਾਤ ਬਦਲ ਗਏ ਹਨ। ਯਾਨੀ ਦਿਨ ਵੇਲੇ ਸਸਤੀ ਤੇ ਰਾਤ ਨੂੰ ਮਹਿੰਗੀ ਬਿਜਲੀ ਮਿਲ ਰਹੀ ਹੈ। ਇਹ ਗੱਲ ਵੱਖਰੀ ਹੈ ਕਿ ਲੋਕਾਂ, ਉਪਭੋਗਤਾਵਾਂ ਨੂੰ 300 ਯੂਨਿਟ ਮੁਫ਼ਤ ਬਿਜਲੀ ਪ੍ਰਤੀ ਮਹੀਨਾਂ ਦਿੱਤੀ ਜਾ ਰਹੀ ਹੈ। ਬੇਸ਼ੱਕ ਲੋਕਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ, ਪਰ ਸਰਕਾਰ ਨੂੰ ਪਾਵਰਕਾਮ ਨੂੰ ਬਿਜਲੀ ਦਾ ਭੁਗਤਾਨ ਕੀਤਾ ਜਾਂਦਾ ਹੈ ਅਤੇ ਇਹ ਸਬਸਿਡੀ 20 ਹਜ਼ਾਰ ਕਰੋੜ ਨੂੰ ਪਾਰ ਕਰ ਗਈ ਹੈ।
ਇਸ ਕਰਕੇ ਦਿਨ ਵੇਲੇ ਸਸਤੀ ਮਿਲ ਰਹੀ ਹੈ ਬਿਜਲੀ
ਦਿਨ ਵੇਲੇ ਸਸਤੀ ਬਿਜਲੀ ਮਿਲਣ ਦਾ ਕਾਰਨ ਪਾਵਰਕਾਮ ਆਪਣੇ ਬਿਜਲੀ ਉਤਪਾਦਨ ਸਰੋਤਾਂ ਤੋਂ ਇਲਾਵਾ ਬਾਹਰੀ ਸਰੋਤਾਂ ਤੋਂ ਬਿਜਲੀ ਲੈ ਰਿਹਾ ਹੈ। ਸੂਰਜੀ ਪਲਾਂਟਾਂ ਤੋਂ ਬਿਜਲੀ ਦਿਨ ਵੇਲੇ ਸਸਤੀ ਮਿਲ ਰਹੀ ਹੈ। ਰਾਤ ਵੇਲੇ ਇਹ ਬਿਜਲੀ ਨਾ ਮਿਲਣ ਕਾਰਨ ਹੋਰ ਸਾਧਨਾਂ ਤੋਂ ਆਉਣ ਵਾਲੀ ਬਿਜਲੀ ਮਹਿੰਗੀ ਹੋ ਜਾਂਦੀ ਹੈ। ਪੰਜਾਬ ਊਰਜਾ ਵਿਕਾਸ ਏਜੰਸੀ ਦੇ ਅੰਕੜਿਆਂ ਅਨੁਸਾਰ ਇਸ ਸਮੇਂ ਸੂਬੇ ਕੋਲ 1310 ਮੈਗਾਵਾਟ ਦੇ ਸੂਰਜੀ ਊਰਜਾ ਦੇ ਸਰੋਤ ਹਨ ਜਦਕਿ 767 ਮੈਗਾਵਾਟ ਦਾ ਠੇਕਾ ਰਾਜ ਤੋਂ ਬਾਹਰਲੇ ਸਰੋਤਾਂ ਤੋਂ ਹੈ।
ਦਰਅਸਲ, ਸ਼ੁਰੂ ਵਿੱਚ ਜਦੋਂ ਸੋਲਰ ਪਾਵਰ ਪਲਾਂਟ ਲਗਾਏ ਗਏ ਸਨ ਤਾਂ ਉਨ੍ਹਾਂ ਦੀ ਪ੍ਰਤੀ ਯੂਨਿਟ ਲਾਗਤ 17.91 ਰੁਪਏ ਪ੍ਰਤੀ ਯੂਨਿਟ ਸੀ, ਜੋ ਹੁਣ ਘਟ ਕੇ 2.63 ਰੁਪਏ ਪ੍ਰਤੀ ਯੂਨਿਟ ਰਹਿ ਗਈ ਹੈ। ਇਕ ਅਧਿਕਾਰੀ ਦਾ ਕਹਿਣਾ ਹੈ ਕਿ ਪੰਜਾਬ ਤੋਂ ਇਲਾਵਾ ਹੋਰਨਾਂ ਰਾਜਾਂ ਵਿਚ ਵੀ ਵੱਡੇ ਸੂਰਜੀ ਊਰਜਾ ਪਲਾਂਟ ਲੱਗ ਚੁੱਕੇ ਹਨ,। ਅੱਜਕਲ ਅੱਤ ਦੀ ਗਰਮੀ ਕਾਰਨ ਚੰਗੀ ਬਿਜਲੀ ਪੈਦਾ ਹੋ ਰਹੀ ਹੈ। ਇਹ ਊਰਜਾ ਦਿਨ ਵੇਲੇ ਸਸਤੇ ਭਾਅ ‘ਤੇ ਮਿਲਦੀ ਹੈ। ਇੱਕ ਹੋਰ ਦਿਲਚਸਪ ਤੱਥ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਪੰਜਾਬ ਵਿੱਚ ਰੂਫ਼ਟਾਪ ਸੋਲਰ ਪਲਾਂਟ ਵੱਡੇ ਪੱਧਰ ‘ਤੇ ਲਗਾਏ ਜਾਣੇ ਸ਼ੁਰੂ ਹੋ ਗਏ ਹਨ, ਖਾਸ ਕਰਕੇ ਵਪਾਰਕ ਖੇਤਰ ਵਿੱਚ ਜਿੱਥੇ ਬਿਜਲੀ ਦੀਆਂ ਦਰਾਂ ਸਭ ਤੋਂ ਵੱਧ ਹਨ ਅਤੇ ਦਿਨ ਵੇਲੇ ਖਪਤ ਵੀ ਕੀਤੀ ਜਾਂਦੀ ਹੈ। ਇਨ੍ਹਾਂ ਸਾਰਿਆਂ ਨੂੰ ਪਾਵਰਕੌਮ ਵੱਲੋਂ ਬਿਜਲੀ ਵੀ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਦਾ ਮਤਲਬ ਹੈ ਕਿ ਪਾਵਰਕਾਮ ਦੇ ਵੱਡੇ ਖਪਤਕਾਰਾਂ ਦੇ ਬਿੱਲ ਹੁਣ ਜ਼ੀਰੋ ’ਤੇ ਆ ਰਹੇ ਹਨ। ਜਿਸ ਕਾਰਨ ਇਹ ਬਿਜਲੀ ਦਿਨ ਵੇਲੇ ਸਸਤੀ ਹੁੰਦੀ ਜਾ ਰਹੀ ਹੈ।
ਕਿਸਾਨਾਂ ਨੂੰ ਇਸ ਕਰਕੇ ਦਿਨ ਵਿਚ ਮਿਲਦੀ ਹੈ ਬਿਜਲੀ
ਬਿਜਲੀ ਸਸਤੀ ਅਤੇ ਵਧੇਰੇ ਉਪਲਬਧ ਹੋਣ ਕਾਰਨ ਕਿਸਾਨਾਂ ਨੂੰ ਝੋਨਾ ਲਾਉਣ ਲਈ ਰਾਤ ਦੀ ਬਜਾਏ ਦਿਨ ਵੇਲੇ ਬਿਜਲੀ ਦਿੱਤੀ ਜਾ ਰਹੀ ਹੈ। ਕਿਸਾਨ ਦਿਨ ਵੇਲੇ ਬਿਜਲੀ ਤੋਂ ਖੁਸ਼ ਹਨ ਕਿਉਂਕਿ ਉਹ ਦਿਨ ਵੇਲੇ ਖੇਤਾਂ ਵਿਚ ਜਾਣ ਅਤੇ ਖੇਤੀ ਕਰਨਾ ਚੰਗਾ ਸਮਝਦੇ ਹਨ। ਰਾਤ ਸਮੇਂ ਜ਼ਹਿਰਲੇ ਸੱਪਾਂ ਸਮੇਤ ਹੋਰ ਜਾਨਵਰਾਂ ਦਾ ਡਰ ਬਣਿਆ ਰਹਿੰਦਾ ਹੈ।
ਪੰਜਾਬ ਵਿੱਚ 11 ਜੂਨ ਤੋਂ ਬਿਜਲੀ ਦੀ ਮੰਗ ਲਗਾਤਾਰ ਵਧ ਰਹੀ ਹੈ। ਇਸਦਾ ਕਾਰਨ ਗਰਮੀ ਦਾ ਵੱਧ ਰਿਹਾ ਕਹਿਰ ਤੇ ਦੂਜਾ ਝੋਨੇ ਦਾ ਸੀਜਨ ਹੈ।