ਪਠਾਨਕੋਟ, 20 ਜੂਨ ( ਖ਼ਬਰ ਖਾਸ ਬਿਊਰੋ)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਭ ਤੋਂ ਵਧੀਆ ਗੁਣਵੱਤਾ ਵਾਲੀ ਜ਼ਿਲ੍ਹਾ ਪਠਾਨਕੋਟ ਦੀ ਲੀਚੀ ਨੂੰ ਵਿਦੇਸ਼ਾਂ ਵਿੱਚ ਭੇਜਣ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ। ਇਸ ਨਾਲ ਕਾਸ਼ਤਕਾਰਾਂ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਮਦਦ ਮਿਲੇਗੀ ਅਤੇ ਨਾਲ-ਨਾਲ ਧਰਤੀ ਹੇਠਲੇ ਪਾਣੀ ‘ਤੇ ਕਿਸਾਨਾਂ ਦੀ ਨਿਰਭਰਤਾ ਨੂੰ ਵੀ ਘਟਾਇਆ ਜਾ ਸਕੇਗਾ।
ਇਹ ਐਲਾਨ ਬਾਗ਼ਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਸੁਜਾਨਪੁਰ ਸਥਿਤ ਲੀਚੀ ਜ਼ੋਨ ਵਿਖੇ ਮਨਾਏ ਜਾ ਰਹੇ ਰਾਜ ਪੱਧਰੀ ਲੀਚੀ ਪ੍ਰਦਰਸ਼ਨੀ ਅਤੇ ਵਿਚਾਰ ਗੋਸ਼ਟੀ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਖ਼ੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।
ਸ. ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਪੰਜਾਬ ਵਿੱਚ ਸਭ ਤੋਂ ਵਧੀਆ ਕੁਆਲਿਟੀ ਦੀ ਲੀਚੀ ਜ਼ਿਲ੍ਹਾ ਪਠਾਨਕੋਟ ਵਿੱਚ ਪਾਈ ਜਾਂਦੀ ਹੈ ਅਤੇ ਪੂਰੇ ਪੰਜਾਬ ਵਿੱਚ ਕੀਤੀ ਜਾ ਰਹੀ ਲੀਚੀ ਦੀ ਪੈਦਾਵਾਰ ਵਿੱਚ 60 ਫ਼ੀਸਦੀ ਯੋਗਦਾਨ ਜ਼ਿਲ੍ਹਾ ਪਠਾਨਕੋਟ ਦਾ ਹੈ। ਕਿਸਾਨਾਂ ਨੂੰ ਲੀਚੀ ਦੀ ਪੈਦਾਵਾਰ ਲਈ ਜਾਗਰੂਕ ਕਰਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਉਪਰਾਲਾ ਕਰੇਗੀ ਕਿ ਜ਼ਿਲ੍ਹਾ ਪਠਾਨਕੋਟ ਦੀ ਲੀਚੀ ਵਿਦੇਸ਼ ਤੱਕ ਪਹੁੰਚੇ ਅਤੇ ਇਸ ਕਾਰਜ ਲਈ ਛੇਤੀ ਹੀ ਲੀਚੀ ਦੀ ਖੇਪ ਵਿਦੇਸ਼ ਲਈ ਰਵਾਨਾ ਕੀਤੀ ਜਾਵੇਗੀ।
ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸ. ਜੌੜਾਮਾਜਰਾ ਨੇ ਕਿਹਾ ਕਿ ਅੱਜ ਧਰਤੀ ਹੇਠਲਾ ਪਾਣੀ ਬਹੁਤ ਤੇਜ਼ੀ ਨਾਲ ਹੇਠਾਂ ਜਾ ਰਿਹਾ ਹੈ ਅਤੇ ਇਸ ਤੋਂ ਬਚਾਅ ਦਾ ਇੱਕ ਹੀ ਹੱਲ ਹੈ ਕਿ ਕਿਸਾਨਾਂ ਨੂੰ ਝੋਨਾ ਅਤੇ ਕਣਕ ਦੀ ਖੇਤੀ ਤੋਂ ਬਾਹਰ ਕੱਢ ਕੇ ਬਾਗ਼ਬਾਨੀ ਵੱਲ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਿੰਨੇ ਜ਼ਿਆਦਾ ਬਾਗ਼ ਲਗਾਏ ਜਾਣਗੇ, ਉਨੀ ਹੀ ਤਪਸ਼ ਘੱਟ ਹੋਵੇਗੀ ਅਤੇ ਵਾਤਾਵਰਣ ਵਿੱਚ ਸੁਧਾਰ ਹੋਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪਠਾਨਕੋਟ ਲੀਚੀ ਦੀ ਖੇਤੀ ਲਈ ਵਰਦਾਨ ਹੈ ਅਤੇ ਇੱਥੋਂ ਦੇ ਕਿਸਾਨਾਂ ਨੂੰ ਲੀਚੀ ਪੈਦਾ ਕਰਕੇ ਉਸ ਦੀ ਵਿਕਰੀ ਕਰਨ ‘ਤੇ ਵਧੇਰੇ ਲਾਭ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਛੇਤੀ ਹੀ ਲੀਚੀ ਦੀ ਪਹਿਲੀ ਖੇਪ ਵਿਦੇਸ਼ ਲਈ ਰਵਾਨਾ ਕੀਤੀ ਜਾਵੇਗੀ ਤਾਂ ਜੋ ਜ਼ਿਲ੍ਹਾ ਪਠਾਨਕੋਟ ਦੇ ਕਿਸਾਨਾਂ ਅਤੇ ਉਤਪਾਦਕਾਂ ਨੂੰ ਲੀਚੀ ਦੀ ਫ਼ਸਲ ਤੋਂ ਹੋਰ ਮੁਨਾਫ਼ਾ ਮਿਲ ਸਕੇ। ਉਨ੍ਹਾਂ ਕਿਹਾ ਕਿ ਲੀਚੀ ਨੂੰ ਵਿਦੇਸ਼ ਤੱਕ ਪਹੁੰਚਾਉਣ ਲਈ ਕਾਫ਼ੀ ਖ਼ਰਚ ਆਉਣ ਦੀ ਸੰਭਾਵਨਾ ਹੈ। ਇਸ ਕਾਰਜ ਦੀ ਸ਼ੁਰੂਆਤ ਕਰਦਿਆਂ ਕੈਬਨਿਟ ਮੰਤਰੀ ਨੇ ਆਪਣੀ ਤਨਖ਼ਾਹ ਵਿੱਚੋਂ ਇੱਕ ਲੱਖ ਰੁਪਏ ਪਠਾਨਕੋਟ ਦੀ ਲੀਚੀ ਨੂੰ ਵਿਦੇਸ਼ ਤੱਕ ਪਹੁੰਚਾਉਣ ਲਈ ਯੋਗਦਾਨ ਵਜੋਂ ਦਿੱਤੇ।
ਸ. ਜੌੜਾਮਾਜਰਾ ਨੇ ਕਿਹਾ ਕਿ ਪੰਜਾਬ ਅੰਦਰ ਕਰੀਬ 3900 ਹੈਕਟੇਅਰ ਰਕਬਾ ਲੀਚੀ ਅਧੀਨ ਹੈ ਜਿਸ ਵਿੱਚੋਂ ਲਗਭਗ 2200 ਹੈਕਟੇਅਰ ਰਕਬਾ ਪਠਾਨਕੋਟ ਜ਼ਿਲ੍ਹੇ ਵਿੱਚ ਹੈ, ਜੋ ਪੰਜਾਬ ਦਾ ਤਕਰੀਬਨ 60 ਫ਼ੀਸਦੀ ਬਣਦਾ ਹੈ। ਜ਼ਿਲ੍ਹੇ ਵਿੱਚ ਲੀਚੀ ਦੀ ਕਾਸ਼ਤ ਵੱਡੀ ਪੱਧਰ ‘ਤੇ ਕੀਤੀ ਜਾ ਰਹੀ ਹੈ ਅਤੇ ਹਰ ਸਾਲ ਨਵੇਂ ਬਾਗ਼ ਲੱਗ ਰਹੇ ਹਨ ਅਤੇ ਕਿਸਾਨਾਂ ਨੂੰ ਵਧੀਆ ਆਮਦਨ ਹੋ ਰਹੀ ਹੈ। ਲੀਚੀ ਦੀ ਪਲਾਂਟੇਸ਼ਨ ਅਤੇ ਪੈਦਾਵਾਰ ਆਉਣ ਵਾਲੇ ਸਮੇਂ ਅਧੀਨ ਹੋਰ ਵੀ ਵਧੇਗੀ।
ਉਨ੍ਹਾਂ ਕਿਹਾ ਕਿ ਲੀਚੀ ਦੀ ਖੇਤੀ ਉਤਸ਼ਾਹਿਤ ਕਰਨ ਲਈ ਜ਼ਿਲ੍ਹੇ ਵਿੱਚ ਲੀਚੀ ਅਸਟੇਟ ਸੁਜਾਨਪੁਰ ਵਿਖੇ ਸਥਾਪਿਤ ਕੀਤੀ ਗਈ ਹੈ ਜਿਸ ਵਿੱਚ ਇਲਾਕੇ ਦੇ ਬਾਗ਼ਬਾਨਾਂ ਨੂੰ ਇੱਕ ਛੱਤ ਹੇਠ ਸਾਰੀਆਂ ਸਹੂਲਤਾਂ ਉਪਲੱਬਧ ਕਰਵਾਈ ਜਾ ਰਹੀਆਂ ਹਨ। ਇਸ ਤੋਂ ਇਲਾਵਾ ਪਠਾਨਕੋਟ ਜ਼ਿਲ੍ਹੇ ਵਿੱਚ ਬਾਗ਼ਬਾਨੀ ਖੇਤਰ ਅਧੀਨ ਛੋਟੇ ਕਿਸਾਨਾਂ ਵੱਲੋਂ ਕਈ ਸਹਾਇਕ ਕਿੱਤੇ ਜਿਵੇਂ ਖੁੰਬ ਦੀ ਕਾਸ਼ਤ ਅਤੇ ਰੇਸ਼ਮ ਕੀਟ ਪਾਲਣ ਵੀ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਯਤਨਾਂ ਨਾਲ ਰੇਸ਼ਮ ਕੀਟ ਪਾਲਕਾਂ ਨੂੰ ਬਾਗ਼ਬਾਨੀ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਅਧੀਨ ਹਰ ਪੱਖੋਂ ਤਕਨੀਕੀ ਸਹਾਇਤਾ ਅਤੇ ਵਿੱਤੀ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ। ਪੰਜਾਬ ਸਰਕਾਰ ਵਲੋਂ ਕੀਤੇ ਗਏ ਉਪਰਾਲਿਆਂ ਸਦਕਾ ਬਾਗ਼ਬਾਨੀ ਵਿਭਾਗ ਵੱਲੋਂ ਮੌਜੂਦਾ ਸਾਲ ਦੌਰਾਨ ਬਿਜਲੀ ਅਤੇ ਨਹਿਰੀ ਵਿਭਾਗ ਨਾਲ ਬਾਗ਼ਾਂ ਨੂੰ ਲਗਾਤਾਰ ਬਿਜਲੀ ਅਤੇ ਨਹਿਰੀ ਪਾਣੀ ਦੀ ਸਪਲਾਈ ਸਬੰਧੀ ਰਾਬਤਾ ਕਾਇਮ ਕੀਤਾ ਗਿਆ ਹੈ ਜਿਸ ਦੇ ਫਲਸਰੂਪ ਬਾਗ਼ਬਾਨਾਂ ਦੇ ਬਾਗ਼ਾਂ ਵਿਚ ਲਗਾਤਾਰ ਬਿਜਲੀ ਸਪਲਾਈ ਅਤੇ ਨਹਿਰੀ ਪਾਣੀ ਪ੍ਰਾਪਤ ਹੋਇਆ।
ਇਸ ਮੌਕੇ ਡਾਇਰੈਕਟਰ ਬਾਗ਼ਬਾਨੀ ਸ੍ਰੀਮਤੀ ਸ਼ੈਲਿੰਦਰ ਕੌਰ ਨੇ ਬਾਗ਼ਬਾਨਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਹੋਰ ਨਵੇਂ ਉਪਰਾਲਿਆਂ ਸਦਕਾ ਇਸ ਸਾਲ ਤੋਂ ਬਾਗ਼ਬਾਨੀ ਵਿਭਾਗ ਵਲੋਂ ਕਿਸਾਨਾਂ ਦੀਆਂ ਲੋੜਾਂ ਨੂੰ ਦਰਸਾਉਂਦੇ ਹੋਏ ਵੱਖ-ਵੱਖ ਸਕੀਮਾਂ ਤਿਆਰ ਕਰਕੇ ਲਾਗੂ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ ਜਿਸ ਵਿੱਚ ਸਟੇਟ ਪਲਾਨ ਸਕੀਮ ਤਹਿਤ ਲੀਚੀ ਦੀ ਪੈਕਿੰਗ ਲਈ 10 ਕਿਲੋ ਦੇ ਗੱਤੇ ਦੇ ਬਕਸੇ ‘ਤੇ 50 ਫ਼ੀਸਦੀ ਉਪਦਾਨ ਦਿੱਤਾ ਜਾਵੇਗਾ, ਜੋ ਇੱਕ ਜ਼ਿਮੀਂਦਾਰ ਨੂੰ ਵੱਧ ਤੋਂ ਵੱਧ 500 ਬਕਸਿਆਂ ਲਈ ਦਿੱਤਾ ਜਾਵੇਗਾ। ਇਸ ਦੇ ਨਾਲ ਫਲ-ਸਬਜ਼ੀ ਉਤਪਾਦਕਾਂ ਨੂੰ 50 ਫ਼ੀਸਦੀ ਸਬਸਿਡੀ ‘ਤੇ ਪਲਾਸਟਿਕ ਕਰੇਟ ਦਿੱਤੇ ਜਾਣਗੇ। ਸਰਕਾਰ ਵਲੋਂ ਕੀਤੇ ਉਪਰਾਲਿਆਂ ਸਦਕਾ ਤਿੰਨ ਸਾਲ ਤੋਂ ਪੁਰਾਣੇ ਪੌਲੀ ਹਾਊਸ ਸਟਰਕਚਰ ਦੀ ਪੌਲੀਸ਼ੀਟ ਬਦਲਣ ‘ਤੇ 50 ਫ਼ੀਸਦੀ ਉਪਦਾਨ ਦਿੱਤਾ ਜਾਵੇਗਾ। ਡਰਿਪ ਸਿਸਟਮ ‘ਤੇ ਨਵੇਂ ਬਾਗ਼ ਲਗਾਉਣ ਵਾਲੇ ਕਿਸਾਨਾਂ ਨੂੰ 10000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਪ੍ਰੋਤਸਾਹਨ ਰਾਸ਼ੀ ਰਾਜ ਸਰਕਾਰ ਵਲੋਂ ਦਿੱਤੀ ਜਾਵੇਗੀ। ਫੁੱਲ ਬੀਜ ਪੈਦਾਵਾਰ ਨੂੰ ਉਤਸ਼ਾਹਿਤ ਕਰਨ ਲਈ 14000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਵਿੱਤੀ ਸਹਾਇਤਾ ਉਪਲਬਧ ਕਰਵਾਈ ਜਾਵੇਗੀ। ਖੁੰਬਾਂ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਹਿੱਤ 50 ਫ਼ੀਸਦੀ ਸਬਸਿਡੀ ‘ਤੇ ਵਿੱਤੀ ਸਹਾਇਤਾ ਉਪਲਬਧ ਕਰਵਾਈ ਜਾਵੇਗੀ। ਇਸ ਦੇ ਨਾਲ 250 ਨਵੇਂ ਮਲਬਰੀ ਅਤੇ ਏਰੀ ਰੇਸ਼ਮ ਉਤਪਾਦਕਾਂ ਖਾਸ ਕਰਕੇ ਔਰਤਾਂ ਨੂੰ ਰੇਸ਼ਮ ਕੀਟ ਪਾਲਣ ਘਰ, ਲੋੜੀਂਦੀਆਂ ਦਵਾਈਆਂ ਅਤੇ ਤਕਨੀਕੀ ਸਹਾਇਤਾ ਉਪਲਬਧ ਕਰਵਾਈ ਜਾਵੇਗੀ।
ਇਸ ਮੌਕੇ ਲੀਚੀ ਅਸਟੇਟ ਸੁਜਾਨਪੁਰ ਵਿਖੇ ਵੱਖ-ਵੱਖ ਖੇਤਰਾਂ ਵਿੱਚ ਪੈਦਾ ਹੋਣ ਵਾਲੀ ਲੀਚੀ ਨੂੰ ਲਿਆ ਕੇ ਲੀਚੀ ਪ੍ਰਦਰਸ਼ਨੀ ਲਗਾਈ ਗਈ ਜਿਸ ਵਿੱਚ ਦੂਰ-ਦੁਰਾਡੇ ਖੇਤਰਾਂ ਤੋਂ ਅਤੇ ਜ਼ਿਲ੍ਹਾ ਪਠਾਨਕੋਟ ਦੇ ਬਾਗ਼ਬਾਨਾਂ ਵੱਲੋਂ ਲੀਚੀ ਦੀਆਂ ਵੱਖ-ਵੱਖ ਕਿਸਮਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ। ਪ੍ਰਦਰਸ਼ਨੀ ਦੌਰਾਨ ਮਾਹਿਰਾਂ ਵਲੋਂ ਵਧੀਆ ਕਿਸਮ ਦੀ ਲੀਚੀ ਦੀ ਚੋਣ ਕਰਕੇ ਬਾਗ਼ਬਾਨਾਂ ਦਾ ਪਹਿਲਾ ਅਤੇ ਦੂਜਾ ਸਥਾਨ ਐਲਾਨਿਆ ਗਿਆ, ਜਿਨ੍ਹਾਂ ਨੂੰ ਕੈਬਨਿਟ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਵਲੋਂ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਲੀਚੀ ਅਤੇ ਰੇਸ਼ਮ ਨਾਲ ਸਬੰਧਤ ਅਗਾਂਹਵਧੂ ਕਿਸਾਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਦੌਰਾਨ ਵੱਖ-ਵੱਖ ਵਿਭਾਗਾਂ ਵਲੋਂ ਸਬੰਧਤ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਅਤੇ ਕਿਸਾਨਾਂ ਨੂੰ ਬਾਗ਼ਬਾਨੀ ਕਿੱਤੇ ਨਾਲ ਜੁੜਨ ਲਈ ਜਾਗਰੂਕ ਕੀਤਾ ਗਿਆ।
ਸਮਾਗਮ ਦੌਰਾਨ ਆਦਿੱਤਿਆ ਉੱਪਲ ਡਿਪਟੀ ਕਮਿਸਨਰ ਪਠਾਨਕੋਟ, ਸੁਹੇਲ ਮੀਰ ਐਸ.ਐਸ.ਪੀ. ਪਠਾਨਕੋਟ, ਅਮਿਤ ਮੰਟੂ ਹਲਕਾ ਇੰਚਾਰਜ ਸੁਜਾਨਪੁਰ, ਡਾ. ਹਰਦੀਪ ਸਿੰਘ ਡਿਪਟੀ ਡਾਇਰੈਕਟਰ ਬਾਗ਼ਬਾਨੀ ਪਠਾਨਕੋਟ, ਜਤਿੰਦਰ ਕੁਮਾਰ ਬਾਗ਼ਬਾਨੀ ਵਿਕਾਸ ਅਫ਼ਸਰ, ਸੰਯੁਕਤ ਡਾਇਰੈਕਟਰ ਬਾਗ਼ਬਾਨੀ ਵਿਭਾਗ, ਡੀ.ਜੀ. ਸਿੰਘ ਡਿਪਟੀ ਡੀ.ਈ.ਓ. ਪ੍ਰਾਇਮਰੀ ਅਤੇ ਹੋਰ ਵੱਖ ਵੱਖ ਸਬੰਧਤ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ, ਬਾਗ਼ਬਾਨ, ਮੱਧੂ ਮੱਖੀ ਪਾਲਕ ਆਦਿ ਹਾਜ਼ਰ ਸਨ।