ਚੰਡੀਗੜ੍ਹ 9 ਜੂਨ (ਖ਼ਬਰ ਖਾਸ ਬਿਊਰੋ)
ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਅੱਜ ਪੰਜਾਬ ਕਲਾ ਪ੍ਰੀਸ਼ਦ ਵਿਖੇ ਉੱਘੀ ਲੇਖਿਕਾ ਪਰਮਜੀਤ ਪਰਮ ਵੱਲੋਂ ਅਨੁਵਾਦਿਤ ਨਾਵਲ ‘ਏ… ਹੰਸਾ’ ਦਾ ਲੋਕ ਅਰਪਣ ਸਮਾਗਮ ਹੋਇਆ ਜਿਸ ਵਿਚ ਇਸ ਤੇ ਵਿਚਾਰ ਚਰਚਾ ਕੀਤੀ ਗਈ। ਮੂਲ ਰੂਪ ਵਿੱਚ ਇਹ ਹਿੰਦੀ ਨਾਵਲ ਡਾ. ਗਾਰਗੀ ਵੱਲੋਂ ਲਿਖਿਆ ਹੋਇਆ ਹੈ। ਚੰਡੀਗੜ੍ਹ ਸਾਹਿਤ ਅਕਾਦਮੀ ਦੇ ਸਕੱਤਰ ਸੁਭਾਸ਼ ਭਾਸਕਰ ਸਮਾਰੋਹ ਦੇ ਮੁੱਖ ਮਹਿਮਾਨ ਸਨ ਜਦਕਿ ਪ੍ਰਧਾਨਗੀ ਨਾਮਵਰ ਹਿੰਦੀ ਸਾਹਿਤਕਾਰ ਪ੍ਰੇਮ ਵਿੱਜ ਨੇ ਕੀਤੀ।
ਮਸ਼ਹੂਰ ਗਾਇਕ, ਗੀਤਕਾਰ ਅਤੇ ਸੰਗੀਤਕਾਰ ਸੂਫ਼ੀ ਬਲਬੀਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਆਈਆਂ ਸ਼ਖ਼ਸੀਅਤਾਂ ਦਾ ਸਵਾਗਤ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਕਿਹਾ ਕਿ ਅਨੁਵਾਦ ਦੀ ਵਿਧਾ ਬਹੁਤੀ ਸੌਖੀ ਨਹੀਂ ਕਿਉਂਕਿ ਮੂਲ ਲੇਖਣੀ ਦਾ ਮਿਆਰ ਕਾਇਮ ਰੱਖਣਾ ਪੈਂਦਾ ਹੈ।ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਲੇਖਿਕਾ ਖੁਦ ਸੰਵੇਦਨਸ਼ੀਲ ਹੈ ਤਾਂ ਹੀਂ ਉਹਨਾਂ ਅਜਿਹੇ ਸੰਜੀਦਾ ਵਿਸ਼ੇ ਵਾਲੇ ਨਾਵਲ ਨੂੰ ਅਨੁਵਾਦ ਲਈ ਚੁਣਿਆ।ਰਿਲੀਜ਼ ਸਮਾਰੋਹ ਵਿੱਚ ਲੇਖਿਕਾ ਪਰਮਜੀਤ ਪਰਮ, ਸੁਭਾਸ਼ ਭਾਸਕਰ, ਪ੍ਰੇਮ ਵਿੱਜ, ਸੂਫ਼ੀ ਬਲਬੀਰ, ਬਲਕਾਰ ਸਿੱਧੂ, ਭੁਪਿੰਦਰ ਸਿੰਘ ਮਲਿਕ, ਪ੍ਰਕਾਸ਼ਕ ਤਰਲੋਚਨ ਸਿੰਘ, ਦੀਪਕ ਸ਼ਰਮਾ ਚਨਾਰਥਲ, ਅਮਰਜੀਤ ਸਿੰਘ ਅਤੇ ਰਘੁਵਿੰਦਰ ਸਿੰਘ ਸ਼ਾਮਲ ਹੋਏ।
ਉੱਘੇ ਕਵੀ ਤੇ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਨੇ ਇਸ ਮੌਕੇ ਕਿਹਾ ਕਿ ਪਰਮਜੀਤ ਪਰਮ ਦੀ ਕਲਮ ਸਦਾ ਸੰਭਾਵਨਾਵਾਂ ਨਾਲ ਭਰੀ ਹੋਈ ਹੈ।ਉਹਨਾਂ ਪੰਜਾਬ ਤੋਂ ਚੁਣੇ ਗਏ ਸਾਰੇ 13 ਲੋਕ ਸਭਾ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਲੋਕ ਸਭਾ ਵਿੱਚ ਸਹੁੰ ਆਪਣੀ ਮਾਂ ਬੋਲੀ ਪੰਜਾਬੀ ਵਿਚ ਚੁੱਕਣ। ਪ੍ਰਸਿੱਧ ਹਿੰਦੀ ਲੇਖਿਕਾ ਡਾ. ਸ਼ਸ਼ੀ ਪ੍ਰਭਾ ਨੇ ਆਖਿਆ ਕਿ ਜ਼ਿੰਦਗੀ ਵਿਚ ਅਟੁੱਟ ਵਿਸ਼ਵਾਸ ਹੀ ਇਕ ਔਰਤ ਨੂੰ ਆਸ਼ਾਵਾਦੀ ਬਣਾਂਉਦਾ ਹੈ।
ਪੱਤਰਕਾਰ ਵਿਨੋਦ ਸ਼ਰਮਾ ਨੇ ਸਮਾਜਿਕ ਤਾਣੇ ਬਾਣੇ ਸਬੰਧੀ ਚਿੰਤਨ ਦੀ ਗੱਲ ਕੀਤੀ।ਦਵਿੰਦਰ ਕੌਰ ਢਿੱਲੋਂ ਨੇ ਸੂਫ਼ੀ ਬਲਬੀਰ ਦਾ ਲਿਖਿਆ ਇਸੇ ਵਿਸ਼ੇ ਨਾਲ ਮੇਲ ਖਾਂਦਾ ਗੀਤ ਖ਼ੂਬਸੂਰਤ ਤਰੀਕੇ ਨਾਲ ਗਾਇਆ।ਪਿੰਸੀਪਲ ਕੰਵਲਦੀਪ ਕੌਰ ਨੇ ਕਿਹਾ ਕਿ ਔਰਤ ਇੱਕ ਜੂਨ ਵਿੱਚ ਕਈ ਜੂਨਾਂ ਹੰਡਾਉਦੀ ਹੈ।ਮਨਜੀਤ ਕੌਰ ਮੀਤ ਨੇ ਪਰਮਜੀਤ ਪਰਮ ਦੀ ਸ਼ਖ਼ਸੀਅਤ ਨੂੰ ਸਮਰਪਿਤ ਵਧੀਆ ਕਵਿਤਾ ਸੁਣਾਈ।ਗੁਰਦਰਸ਼ਨ ਸਿੰਘ ਮਾਵੀ ਨੇ ਕਿਹਾ ਕਿ ਚੰਗਾ ਸਾਹਿਤ ਹੀ ਦਿਲ ਤੱਕ ਅਸਰ ਕਰਨ ਦੇ ਸਮਰੱਥ ਹੁੰਦਾ ਹੈ।ਦਰਸ਼ਨ ਤਿਊਣਾ ਨੇ ਵੀ ਇਕ ਗੀਤ ਸੁਣਾਇਆ।
ਵਿਸ਼ੇਸ਼ ਮਹਿਮਾਨ ਸੂਫ਼ੀ ਬਲਬੀਰ ਨੇ ਕਿਹਾ ਕਿ ਸੰਜੀਦਾ ਲੇਖਣੀ ਸੰਜੀਦਾ ਲੋਕਾਂ ਵਾਸਤੇ ਹੀ ਹੁੰਦੀ ਹੈ।
ਬਹੁਤ ਖ਼ੂਬਸੂਰਤ ਸ਼ਾਇਰੀ ਸੁਣਾ ਕੇ ਉਹਨਾਂ ਨੇ ਮਾਹੌਲ ਨੂੰ ਹੋਰ ਸੋਹਣਾ ਬਣਾ ਦਿੱਤਾ।
ਲੇਖਿਕਾ ਪਰਮਜੀਤ ਪਰਮ ਨੇ ਕਿਹਾ ਕਿ ਉਨ੍ਹਾਂ ਵੱਲੋਂ ਲਿਖੀਆਂ ਗਈਆਂ ਸਾਰੀਆਂ 10 ਕਿਤਾਬਾਂ ਨੂੰ ਭਰਪੂਰ ਹੁੰਗਾਰਾ ਮਿਲਿਆ। ਹਰ ਵਾਰ ਕੁਝ ਨਵਾਂ ਸਿਰਜਣ ਦੀ ਇੱਛਾ ਹੀ ਪ੍ਰੇਰਣਾ ਬਣ ਜਾਂਦੀ ਹੈ।
ਮੁੱਖ ਮਹਿਮਾਨ ਸੁਭਾਸ਼ ਭਾਸਕਰ ਨੇ ਕਿਹਾ ਕਿ ਨਾਵਲ ਜ਼ਿੰਦਗੀ ਦਾ ਮਹਾਨ ਗ੍ਰੰਥ ਹੈ।
ਆਪਣੇ ਪ੍ਰਧਾਨਗੀ ਭਾਸ਼ਣ ਵਿਚ ਪ੍ਰੇਮ ਵਿੱਜ ਨੇ ਲੇਖਿਕਾ ਨੂੰ ਵਧਾਈ ਦੇਂਦਿਆਂ ਕਿਹਾ ਕਿ ਉਨ੍ਹਾਂ ਅਨੁਵਾਦ ਰਾਹੀਂ ਮੂਲ ਲੇਖਣੀ ਨਾਲ ਵੀ ਇਨਸਾਫ਼ ਕੀਤਾ ਹੈ।
ਧੰਨਵਾਦ ਕਰਦਿਆਂ ਸਭਾ ਦੇ ਸਕੱਤਰ ਸੁਖਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਇਹੋ ਜਿਹੇ ਸਮਾਗਮ ਸਾਹਿਤ ਦਾ ਮਿਆਰ ਉੱਚਾ ਰੱਖਦੇ ਹਨ।
ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਵਰਿੰਦਰ ਸਿੰਘ ਚੱਠਾ, ਰਣਬੀਰ ਸਿੰਘ, ਲਾਜਪਤ ਰਾਏ ਗਰਗ, ਨੀਰੂ ਮਿੱਤਲ, ਲਾਭ ਸਿੰਘ ਲਹਿਲੀ, ਗੁਰਨਾਮ ਕੰਵਰ, ਹਰਮਿੰਦਰ ਕਾਲੜਾ, ਰਾਜ ਰਾਣੀ, ਜੋਗਿੰਦਰ ਕੌਰ, ਰਵਿੰਦਰ ਕੌਰ, ਸੁਖਦੇਵ ਸਿੰਘ, ਅਜੀਤ ਸਿੰਘ ਧਨੋਤਾ, ਡਾ. ਨੀਨਾ ਸੈਣੀ, ਬਲਵਿੰਦਰ ਸਿੰਘ ਢਿੱਲੋਂ, ਕਿਰਨਜੀਤ ਕੌਰ, ਰੇਖਾ ਮਿੱਤਲ, ਡਾ. ਗੁਰਦੀਪ ਗੁਲ, ਬਹਾਦਰ ਸਿੰਘ ਗੋਸਲ, ਹਰਭਜਨ ਕੌਰ ਢਿੱਲੋਂ, ਪੁਸ਼ਪਿੰਦਰ ਕੌਰ, ਸ਼ਾਇਰ ਭੱਟੀ, ਨਵਨੀਤ ਕੌਰ ਮਠਾੜੂ, ਡਾ.ਸੁਰਿੰਦਰ ਗਿੱਲ, ਸੁਰਜੀਤ ਸਿੰਘ ਧੀਰ, ਧਿਆਨ ਸਿੰਘ ਕਾਹਲੋਂ, ਰਜਿੰਦਰ ਰੇਨੂੰ, ਅਸ਼ਵਨੀ ਕੁਮਾਰ ਭੀਮ, ਸੁਖਵਿੰਦਰ ਸਿੰਘ ਪਠਾਨੀਆ, ਹਰਜੀਤ ਸਿੰਘ, ਲਲਿਤਾ ਪੁਰੀ, ਜਸਬੀਰ ਢਿੱਲੋਂ ਡਾਵਰ, ਜਗਤਾਰ ਸਿੰਘ ਜੋਗ, ਬਲਬੀਰ ਤਨਹਾ, ਸਿਮਰਨਜੀਤ ਕੌਰ ਗਰੇਵਾਲ, ਸਰਦਾਰਾ ਸਿੰਘ ਚੀਮਾ, ਡਾ. ਮਨਜੀਤ ਸਿੰਘ ਬੱਲ, ਪ੍ਰੋ. ਦਿਲਬਾਗ ਸਿੰਘ, ਨਵਾਬ ਸਿੰਘ, ਬਬੀਤਾ ਸਾਗਰ, ਮਨੀਸ਼ ਮਹਿਤਾ, ਨੀਤੂ ਮਹਿਤਾ, ਜਸਪਾਲ ਸਿੰਘ ਦੇਸੂਵੀ, ਅਨੂ ਅਰੋੜਾ, ਮਨਮੋਹਨ ਅਰੋੜਾ, ਤਰਸੇਮ ਰਾਜ, ਸਿਕੰਦਰ, ਸੁਨੀਲਮ ਮੰਡ, ਨੀਰਾ, ਰਜੇਸ਼ ਕੁਮਾਰ ਤੇ ਅਜਾਇਬ ਔਜਲਾ ਸ਼ਾਮਲ ਹੋਏ।