ਪਿੰਡਾ ਵਿਚ ਪੰਥਕ ਲਹਿਰ, ਸ਼ਹਿਰਾਂ ਵਿਚ ਰਾਮ ਮੰਦਰ ਦੇ ਮੁੱਦੇ ਨੇ ਵਿਗਾੜੀ ਆਪ ਦੀ ਖੇਡ
SC ਭਾਈਚਾਰੇ ਦੀ ਨਰਾਜ਼ਗੀ ਵੀ ਪਈ ਮਹਿੰਗੀ
ਚੰਡੀਗੜ 8 ਜੂਨ, (ਖ਼ਬਰ ਖਾਸ ਬਿਊਰੋ)
ਲੋਕ ਸਭਾ ਚੋਣਾਂ ਵਿਚ ਉਮੀਦ ਤੋਂ ਉਲਟ ਆਏ ਨਤੀਜ਼ਿਆਂ ਨੂੰ ਲੈ ਕੇ ਮੰਥਨ ਕਰਨ ਲਈ ਹਲਕਾ ਵਾਈਜ਼ ਮੀਟਿੰਗਾਂ ਦੇ ਸਿਲਸਿਲੇ ਤਹਿਤ ਸ਼ਨੀਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਬਠਿੰਡਾ ਅਤੇ ਫਰੀਦਕੋਟ ਹਲਕੇ ਦੇ ਉਮੀਦਵਾਰਾਂ ਤੇ ਵਿਧਾਇਕਾਂ ਅਤੇ ਹੋਰ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਚਰਚਾ ਦੌਰਾਨ ਇਹ ਗੱਲ ਮੁੱਖ ਰੂਪ ਵਿਚ ਉਭਰਕੇ ਸਾਹਮਣੇ ਆਈ ਹੈ ਕਿ ਹਲਕਾ ਖਡੂਰ ਸਾਹਿਬ ਸੀਟ ਨੂੰ ਲੈ ਕੇ ਚੱਲੀ ਪੰਥਕ ਲਹਿਰ ਦੇ ਅਸਰ ਨੇ ਫਰੀਦਕੋਟ ਸੀਟ ਗਵਾ ਦਿੱਤੀ ਹੈ। ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਅਤੇ ਹੋਰਨਾਂ ਨੇ ਇਹ ਗੱਲ ਰੱਖੀ ਕਿ ਸ਼ੁਰੂਆਤੀ ਦਿਨਾੰ ਵਿਚ ਪਾਰਟੀ ਸਮੁੱਚੇ ਹਲਕੇ ਵਿਚ ਲੀਡ ਕਰ ਰਹੀ ਸੀ, ਪਰ ਅੰਤਲੇ ਦਿਨਾਂ ਵਿਚ ਪੰਥਕ ਲਹਿਰ ਨੇ ਜ਼ੋਰ ਫੜ ਲਿਆ। ਜਿਸ ਕਰਕੇ ਅਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਜਿੱਤ ਗਿਆ।
ਇਹ ਵੀ ਰਿਹਾ ਕਾਰਨ
ਇਸੀ ਤਰਾਂ ਬਠਿੰਡਾ ਸੀਟ ਬਾਦਲ ਪਰਿਵਾਰ ਨੇ ਪੂਰੀ ਸ਼ਿੱਦਤ ਅਤੇ ਵਕਾਰ ਦਾ ਸਵਾਲ ਬਣਾਕੇ ਲੜੀ । ਅਕਾਲੀ ਦਲ ਦਾ ਪੂਰਾ ਜ਼ੋਰ ਇਕ ਸੀਟ ਉਤੇ ਲੱਗਿਆ ਹੋਇਆ ਸੀ। ਇਸੀ ਤਰਾਂ ਨੌਜਵਾਨ ਵਰਗ ਅਕਾਲੀ ਦਲ (ਅ) ਦੇ ਸਮਰਥਨ ਵਾਲਾ ਉਮੀਦਵਾਰ ਲਖਵੀਰ ਸਿੰਘ (ਲੱਖਾ ਸਿਧਾਣਾ) ਵੱਲ ਭੁਗਤ ਗਿਆ। ਤੀਸਰਾ ਵੱਡਾ ਕਾਰਨ ਇਹ ਰਿਹਾ ਕਿ ਅਨੁਸੂਚਿਤ ਜਾਤੀ ਵਰਗ ਦੀ ਪਾਰਟੀ ਤੇ ਸਰਕਾਰ ਪ੍ਰਤੀ ਨਰਾਜ਼ਗੀ ਰਹੀ ਹੈ। ਰਾਸ਼ਨ ਕਾਰਡ ਕੱਟਣ ਅਤੇ ਰਾਸ਼ਨ ਘਟਾਉਣ ਦੀ ਗੱਲ ਨੇ ਪਾਰਟੀ ਦਾ ਨੁਕਸਾਨ ਕੀਤਾ ਹੈ। ਜਿਸ ਕਰਕੇ ਪਾਰਟੀ ਦਾ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁਡੀਆ ਅਕਾਲੀ ਦਲ ਦੇ ਉਮੀਦਵਾਰ ਤੋ ਹਾਰ ਗਿਆ। ਚਰਚਾ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਕੁੱਝ ਅਫ਼ਸਰ ਵੀ ਆਪ ਦੇ ਖਿਲਾਫ਼ ਭੁਗਤੇ। ਇਸੀ ਤਰਾਂ ਰਾਸ਼ਨ ਪ੍ਰਤੀ ਮਹੀਨੇ ਦੀ ਬਜਾਏ ਹਰ ਤਿਮਾਹੀ ਦੇਣ ਦਾ ਸੁਝਾਅ ਵੀ ਦਿੱਤਾ ਗਿਆ।
ਰਾਸ਼ਨ ਕਾਰਡ ਕੱਟਣੇ ਤੇ ਐੱਸ.ਸੀ ਵਰਗ ਦੀ ਨਰਾਜ਼ਗੀ ਵੀ ਮਹਿੰਗੀ ਪਈ
ਕਮਲਜੀਤ ਅਨਮੋਲ ਅਤੇ ਹੋਰ ਵਿਧਾਇਕਾਂ ਨੇਕਿਹਾ ਕਿ ਅਸੀਂ ਫ਼ਰੀਦਕੋਟ ਵਿੱਚ ਜਿੱਤ ਦੇ ਬਹੁਤ ਨੇੜੇ ਸੀ ਪਰ ਪਿਛਲੇ ਇੱਕ ਹਫ਼ਤੇ ਤੋਂ ਚੱਲੀ ਫਿਰਕੂ ਲਹਿਰ ਕਾਰਨ ਪਾਸਾ ਪਲਟ ਗਿਆ। ਬਠਿੰਡਾ ਦੇ ਆਗੂਆਂ ਨੇ ਵੀ ਵਿਧਾਇਕਾਂ ਦੇ ਵਿਰੋਧ ਦੀ ਗੱਲ ਕਰਦਿਆਂ ਕਿਹਾ ਕਿ ਹਰ ਪਾਸੇ ਵਿਧਾਇਕਾਂ ਦੀ ਨਾਰਾਜ਼ਗੀ ਕਾਰਨ ਉਮੀਦਵਾਰਾਂ ਨੂੰ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਪਿੰਡਾਂ ਵਿੱਚ ਸਸਤੇ ਅਨਾਜ ਲਈ ਰਾਸ਼ਨ ਕਾਰਡ ਕੱਟੇ ਜਾਣ ਕਾਰਨ ਗਰੀਬ ਵਰਗ ਵਿੱਚ ਭਾਰੀ ਰੋਸ ਹੈ। ਪਿਛਲੇ ਤਿੰਨ ਦਿਨਾਂ ਤੋਂ ਜਿਸ ਤਰ੍ਹਾਂ ਰਾਸ਼ਨ ਕਾਰਡ ਕੱਟੇ ਜਾਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ, ਉਸ ਤੋਂ ਲੱਗਦਾ ਹੈ ਕਿ ਇਨ੍ਹਾਂ ਚੋਣਾਂ ਵਿੱਚ ਇਹ ਸਭ ਤੋਂ ਵੱਡਾ ਮੁੱਦਾ ਰਿਹਾ ਹੈ। ਬਠਿੰਡਾ ‘ਚ ਰਾਮ ਮੰਦਰ ਨੂੰ ਲੈ ਕੇ ਸ਼ਹਿਰੀ ਵਰਗ ਭਾਜਪਾ ‘ਚ ਤਬਦੀਲ ਹੋ ਗਿਆ ਹੈ, ਜਦਕਿ ਫਰੀਦਕੋਟ ‘ਚ ਇਕਦਮ ਫਿਰਕੂ ਲਹਿਰ ਨੇ ਪਾਰਟੀ ਦਾ ਨੁਕਸਾਨ ਕੀਤਾ ਹੈ ਪਰ ਪਿੰਡਾਂ ‘ਚ ਸਾਨੂੰ ਰਾਸ਼ਨ ਦੀ ਕਿੱਲਤ ਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ | ਕਾਰਡ ਕੱਟੇ ਜਾ ਰਹੇ ਹਨ। ਅਨੁਸੂਚਿਤ ਜਾਤੀਆਂ ਦੀਆਂ ਵੋਟਾਂ ਨਹੀਂ ਮਿਲੀਆਂ ਹਨ। ਅਸੀਂ ਹਰੇਕ ਬੂਥ ਦਾ ਅਧਿਐਨ ਕਰ ਰਹੇ ਹਾਂ ਅਤੇ ਸਾਨੂੰ ਪਤਾ ਲੱਗਾ ਹੈ ਕਿ ਸਾਨੂੰ ਅਨੁਸੂਚਿਤ ਜਾਤੀਆਂ ਦਾ ਕੋਈ ਵੱਡਾ ਵੋਟ ਬੈਂਕ ਨਹੀਂ ਮਿਲਿਆ ਹੈ ਜੋ ਵਿਧਾਨ ਸਭਾ ਵਿੱਚ ਸਾਡੇ ਨਾਲ ਸੀ। ਇਸ ਦੇ ਕੁਝ ਹੋਰ ਕਾਰਨ ਵੀ ਹੋ ਸਕਦੇ ਹਨ। ਇਨ੍ਹਾਂ ਬਾਰੇ ਸੋਚਣ ਦੀ ਲੋੜ ਹੈ।
ਮੁ੍ੱਖ ਮਤੰਰੀ ਨੇ ਕਿਹਾ ––
ਮੁੱਖ ਮੰਤਰੀ ਭਗਵੰਤ ਮਾਨ ਨੇ ਹਾਰ ਤੋਂ ਨਿਰਾਸ਼ ਵਿਧਾਇਕਾਂ ਅਤੇ ਆਗੂਆਂ ਨੂੰ ਕਿਹਾ ਹੈ ਕਿ ਉਹ ਲੋਕ ਸਭਾ ਚੋਣਾਂ ‘ਚ ਹਾਰ ਦਾ ਗਮ ਲੈ ਕੇ ਨਾ ਬੈਠਣ। ਜਿੱਤ-ਹਾਰ ਦਾ ਸਿਲਸਿਲਾ ਚ੍ਲਦਾ ਰਹਿੰਦਾ ਹੈ। ਆਉਣ ਵਾਲੀਆਂ ਜ਼ਿਮਨੀ ਚੋਣਾਂ, ਪੰਚਾਇਤੀ ਚੋਣਾਂ ਅਤੇ ਨਗਰ ਨਿਗਮ ਅਤੇ ਨਗਰ ਨਿਗਮ ਚੋਣਾਂ ਲਈ ਆਪਣੇ ਆਪ ਨੂੰ ਤਿਆਰ ਕਰੋ। ਸਰਕਾਰ ਵਲੋਂ ਕੀਤੇ ਗਏ ਲੋਕ ਭਲਾਈ ਕਾਰਜ਼ਾਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਜਾਵੇ। ਉਨ੍ਹਾਂ ਪਾਰਟੀ ਆਗੂਆਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਪਾਰਟੀ ਨੇ 2019 ਦੇ ਮੁਕਾਬਲੇ ਵਿੱਚ ਆਪਣੀਆਂ ਸੀਟਾਂ ਵਧਾ ਦਿੱਤੀਆਂ ਹਨ ਜਦਕਿ ਬਾਕੀ ਸਾਰੀਆਂ ਪਾਰਟੀਆਂ ਨੂੰ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ 2019 ਵਿੱਚ ਸਾਡੇ ਕੋਲ ਸਿਰਫ਼ ਇੱਕ ਸੀਟ ਸੀ ਅਤੇ ਅੱਜ ਸਾਡੇ ਕੋਲ ਤਿੰਨ ਹਨ। ਬਾਕੀ ਪਾਰਟੀਆਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੂੰ ਇੱਕ-ਇੱਕ ਸੀਟ, ਭਾਜਪਾ ਨੂੰ ਦੋ ਸੀਟਾਂ ਦਾ ਨੁਕਸਾਨ ਹੋਇਆ ਹੈ। ਪਾਰਟੀ ਦਾ ਵੋਟ ਬੈਂਕ ਵੀ ਕਾਂਗਰਸ ਦੇ ਬਰਾਬਰ ਆ ਗਿਆ ਹੈ।ਮੁੱਖ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਜੋ ਵੀ ਜ਼ਰੂਰੀ ਹੋਵੇਗਾ ਉਹ ਕੀਤਾ ਜਾਵੇਗਾ।