ਚੰਡੀਗੜ੍ਹ 28 ਮਈ (ਖ਼ਬਰ ਖਾਸ ਬਿਊਰੋ)
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅੱਜ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਵੱਡੀ ਰਾਹਤ ਦਿੱਤੀ ਹੈ। ਕਰੀਬ ਦੋ ਦਹਾਕੇ ਪਹਿਲਾਂ 10 ਜੁਲਾਈ 2002 ਨੂੰ ਹੋਏ ਡੇਰੇ ਦੇ ਤਤਕਾਲੀ ਮੈਨੇਜਰ ਰਣਜੀਤ ਸਿੰਘ ਦੀ ਹੱਤਿਆ ਦੇ ਦੋਸ਼ਾਂ ਵਿਚ ਹਾਈਕੋਰਟ ਨੇ ਡੇਰਾ ਮੁਖੀ ਨੂੰ ਬਰੀ ਕਰ ਦਿੱਤਾ ਹੈ। ਅਦਾਲਤ ਦਾ ਫੈਸਲਾ ਉਦੋਂ ਆਇਆ ਹੈ, ਜਦੋਂ ਕੁੱਝ ਦਿਨਾਂ ਇਕ ਜੂਨ ਨੂੰ ਪੰਜਾਬ ਵਿਚ ਲੋਕ ਸਭਾ ਲਈ ਵੋਟਾਂ ਪੈਣੀਆਂ ਹਨ।
2021 ਵਿਚ ਹੋਈ ਸੀ ਉਮਰ ਕੈਦ –
ਇੱਥੇ ਦੱਸਿਆ ਜਾਂਦਾ ਹੈ ਕਿ ਡੇਰੇ ਦੇ ਮੈਨੇਜਰ ਰਣਜੀਤ ਸਿੰਘ ਦੇ ਕਤਲ ਦੇ ਜ਼ੁਰਮ ਤਹਿਤ ਪੰਚਕੂਲਾ ਦੀ ਸੀਬੀਆਈ ਕੋਰਟ ਨੇ ਸਾਲ 2021 ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਡੇਰਾ ਸੱਚਾ ਸੌਦਾ ਦੇ ਗੁਰਮੀਤ ਰਾਮ ਰਹੀਮ ਸਿੰਘ ਸਮੇਤ ਪੰਜ ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਇਸ ਤੋਂ ਇਲਾਵਾ 31 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਸੀ। ਸੀਬੀਆਈ ਅਦਾਲਤ ਨੇ ਧਾਰਾ 302 (ਕਤਲ) ਤਹਿਤ ਗੁਰਮੀਤ ਰਾਮ ਰਹੀਮ ਸਿੰਘ ਅਤੇ ਪੰਜ ਹੋਰ ਸਹਿ ਮੁਲਜ਼ਮਾਂ ਨੂੰ ਦੋਸ਼ੀ ਠਹਿਰਾਇਆ ਸੀ। ਪਰ ਮੰਗਲਵਾਰ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸੀਬੀਆਈ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਹੈ। ਇਸ ਤਰਾਂ ਉਮਰ ਕੈਦ ਦੀ ਸਜ਼ਾ ਰੱਦ ਹੋਣ ਨਾਲ ਡੇਰਾ ਮੁਖੀ ਨੂੰ ਵੱਡੀ ਰਾਹਤ ਮਿਲੀ ਹੈ। ਡੇਰਾ ਮੈਨੇਜਰ ਰਣਜੀਤ ਸਿੰਘ ਡੇਰਾ ਮੁਖੀ ਦਾ ਸਮਰਥਕ ਸੀ, ਪਰ 10 ਜੁਲਾਈ 2002 ਨੂੰ ਰਣਜੀਤ ਸਿੰਘ ਦਾ ਕਤਲ ਹੋ ਗਿਆ ਸੀ। ਪੁਲਿਸ ਨੇ ਕਤਲ ਦੇ ਦੋਸ਼ ਤਹਿਤ 3 ਦਸੰਬਰ 2003 ਨੂੰ ਕੇਸ ਦਰਜ ਕੀਤਾ ਸੀ।
ਸੀਬੀਆਈ ਨੇ ਕੀਤੀ ਸੀ FIR
ਡੇਰਾ ਮੁਖੀ ਦਾ ਪੰਜਾਬ ਤੇ ਹਰਿਆਣਾ ਵਿਚ ਰਾਜਨੀਤਿਕ ਲੋਕਾਂ ਉਤੇ ਵੱਡਾ ਪ੍ਰਭਾਵ ਰਿਹਾ ਹੈ। ਕਤਲ ਦੇ ਕਰੀਬ ਇਕ ਸਾਲ ਬਾਅਦ ਸੀਬੀਆਈ ਨੇ 3 ਦਸੰਬਰ 2003 ਨੂੰ ਰਣਜੀਤ ਸਿੰਘ ਕਤਲ ਕੇਸ ਵਿੱਚ ਐਫਆਈਆਰ ਦਰਜ ਕੀਤੀ ਸੀ। ਪਟੀਸ਼ਨ ਰਣਜੀਤ ਸਿੰਘ ਪੁੱਤਰ ਜਗਸੀਰ ਸਿੰਘ ਵੱਲੋਂ ਦਾਇਰ ਕੀਤੀ ਗਈ ਸੀ। ਇਸ ਵ ਕਤ ਰਾਮ ਰਹੀਮ ਬਲਾਤਕਾਰ ਦੇ ਦੋਸ਼ ‘ਚ ਸਨਾਰੀਆ ਜੇਲ ਵਿਚ ਸਜ਼ਾ ਕੱਟ ਰਿਹਾ ਹੈ।
ਬਰੀ ਹੋਣ ਤੇ ਵੀ ਜੇਲ ਚੋ ਬਾਹਰ ਨਹੀਂ ਆਵੇਗਾ ਰਾਮ ਰਹੀਮ
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਬੇਸ਼ੱਕ ਡੇਰਾ ਮੁਖੀ ਨੂੰ ਕਤਲ ਦੇ ਕੇਸ ਵਿਚ ਬਰੀ ਕਰ ਦਿੱਤਾ ਹੈ, ਪਰ ਉਹ ਅਜੇ ਜੇਲ ਵਿਚੋਂ ਬਾਹਰ ਨਹੀਂ ਆਵੇਗਾ। ਕਿਉਕਿ ਗੁਰਮੀਤ ਰਾਮ ਰਹੀਮ ਆਪਣੀਆਂ ਚੇਲੀਆ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ। ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਕੋਰਟ ਨੇ ਅਗਸਤ 2017 ਵਿੱਚ ਉਸ ਨੂੰ ਦੋਸ਼ੀ ਠਹਿਰਾਇਆ ਸੀ।ਡੇਰਾ ਮੁਖੀ ਦੇ ਬਾਹਰ ਆਉਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਉਹ ਦੋ ਹੋਰ ਮਾਮਲਿਆਂ-ਸਾਧਵੀ ਯੌਨ ਸ਼ੋਸ਼ਣ ਅਤੇ ਪੱਤਰਕਾਰ ਛਤਰਪਤੀ ਕੇਸ ਵਿੱਚ ਜੇਲ੍ਹ ਵਿੱਚ ਬੰਦ ਹੈ।
ਡੇਰਾ ਮੁਖੀ ਦਾ ਸਿੱਖਾ ਨਾਲ ਕਲੇਸ਼
ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦਾ ਸਿੱਖਾਂ ਨਾਲ ਕਲੇਸ਼ ਉਦੋ ਵਧਿਆ ਜਦੋ ਉਨਾਂ ਨੇ ਸਿੱਖਾਂ ਦੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਕਲ ਕਰਦੇ ਹੋਏ ਪੋਸ਼ਾਕ ਪਾ ਕੇ ਆਪਣੇ ਚੇਲਿਆਂ ਨੂੰ ਇੰਸਾ ਜਾਮ ਪਿਲਾਉਣਾ ਸ਼ੁਰੂ ਕਰ ਦਿੱਤਾ ਸੀ। ਡੇਰਾ ਮੁਖੀ ਦੀ ਇਸ ਕਾਰਵਾਈ ਤੋ ਸਿੱਖ ਭੜਕ ਗਏ ਸਨ। ਕਈ ਥਾਵਾਂ ਤੇ ਸਿੱਖ ਅਤੇ ਡੇਰੇ ਦੇ ਪ੍ਰੇਮੀ ਆਹਮੋ ਸਾਹਮਣੇ ਹੋ ਗਏ ਸਨ।
2007 ਵਿਚ ਹੁਕਮਨਾਮ ਹੋਇਆ ਸੀ ਜਾਰੀ
ਸਿੱਖਾਂ ਵਿਚ ਡੇਰਾ ਪ੍ਰੇਮੀ ਖਿਲਾਫ਼ ਫੁੱਟੇ ਗੁੱਸੇ ਨੂੰ ਦੇਖਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ 17 ਮਈ 2007 ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਬੁਲਾਈ ਗਈ ਪੰਥਕ ਬੈਠਕ ‘ਚ ਡੇਰਾ ਸਿਰਸਾ ਦੇ ਮੁਖੀ ਖ਼ਿਲਾਫ਼ ਹੁਕਮਨਾਮਾ ਜਾਰੀ ਕੀਤਾ ਸੀ। ਇਸ ‘ਚ ਸਿੱਖ ਪੰਥ ਨੂੰ ਡੇਰਾ ਮੁਖੀ ਤੇ ਉਨ੍ਹਾਂ ਨਾਲ ਸਬੰਧਤ ਕਿਸੇ ਵੀ ਵਿਅਕਤੀ ਨਾਲ ਧਾਰਮਿਕ, ਸਮਾਜਿਕ, ਭਾਈਚਾਰਕ ਤੇ ਸਿਆਸੀ ਸਾਂਝ ਨਾ ਰੱਖਣ ਦਾ ਹੁਕਮ ਜਾਰੀ ਕੀਤਾ ਸੀ।
ਮਾਫ਼ੀ ਦੇਣ ਤੇ ਵਧਿਆ ਸੀ ਕਲੇਸ਼
2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਅਕਾਲੀ ਭਾਜਪਾ ਗਠਜੋੜ ਸਰਕਾਰ ਦੌਰਾਨ ਪੰਜ ਸਿੰਘ ਸਾਹਿਬਾਨ ਵਲੋਂ ਮਾਫ਼ੀ ਦੇਣ ਬਾਅਦ ਸਿੱਖਾਂ ਵਿਚ ਅਕਾਲੀ ਦਲ ਦੀ ਲੀਡਰਸ਼ਿਪ ਖਿਲਾਫ਼ ਵੱਡੇ ਗੁੱਸੇ ਦੀ ਲਹਿਰ ਖੜੀ ਹੋ ਗਈ ਸੀ। ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ‘ਮਾਫ਼ੀ’ ਦੇਣ ਨਾਲ ਪੰਥਕ ਹਲਕਿਆਂ ‘ਚ ਇਕ ਨਵੇਂ ਵਿਵਾਦ ਦਾ ਕਾਰਨ ਬਣ ਗਿਆ। ਸਿੱਖ ਵਿਦਵਾਨ ਤੇ ਪੰਥਕ ਪਰੰਪਰਾ ਦੇ ਮਾਹਰ ਇਸ ‘ਤੇ ਸਵਾਲ ਉਠਾਉਣ ਲੱਗ ਪਏ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਨੇ ਨਾ ਤਾਂ ਅਕਾਲ ਤਖ਼ਤ ਸਾਹਿਬ ਤੋਂ ਤੇ ਨਾ ਹੀ ਸਿੱਖ ਪੰਥ ਤੋਂ ਮਾਫ਼ੀ ਮੰਗੀ, ਫਿਰ ਪੰਜ ਸਿੰਘ ਸਾਹਿਬਾਨ ਨੇ ਉਨ੍ਹਾਂ ਨੂੰ ਕਿਸ ਗੁਰੂ ਮਰਿਆਦਾ ਤੇ ਪੰਥਕ ਰਵਾਇਤਾਂ ਮੁਤਾਬਕ ਮਾਫ਼ ਕਰ ਦਿੱਤਾ। ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਾਫ਼ੀ ਨੂੰ ਜਾਇਜ ਠਹਿਰਾਉਣ ਲਈ ਅਖ਼ਬਾਰਾ ਵਿਚ ਇਸ਼ਤਿਹਾਰ ਵੀ ਦਿੱਤੇ ਸਨ, ਪਰ ਸਿੱਖ ਹਲਕਿਆਂ ਵਿਚ ਗੁੱਸੇ ਨੂੰ ਦੇਖਦੇ ਹੋਏ ਉਦੋਂ ਮਾਫ਼ੀਨਾਮਾ ਵਾਪਸ ਲੈ ਲਿਆ ਸੀ।
ਬਰਗਾੜੀ ਤੇ ਬਹਿਬਲ ਕਲਾਂ ਕਾਂਡ ਵਾਪਰਿਆ
ਡੇਰਾ ਮੁਖੀ ਨੂੰ ਮਾਫ਼ੀ ਨਾਮਾ ਦੇਣ ਕਾਰਨ ਪੰਜਾਬ ਵਿਚ ਕਈ ਹਿੰਸਕ ਘਟਨਾਵਾਂ ਵਾਪਰੀਆ। ਅਕਤੂਬਰ 2015 ਵਿਚ ਬੁਰਜ ਜਵਾਹਰ ਸਿੰਘ ਵਾਲਾ ਤੋ ਗੁਰੂ ਗਰੰਥ ਸਾਹਿਬ ਦੇ ਪਾਵਨ ਸਰੂਪ ਚੋਰੀ ਹੋ ਗਏ। ਗੁਰੂ ਸਾਹਿਬ ਦੇ ਪਾਵਨ ਸਰੂਪ ਚੋਰੀ ਹੋਣ ਦਾ ਦੋਸ਼ ਡੇਰਾ ਪ੍ਰੇਮੀਆ ਉਤੇ ਲੱਗਿਆ। ਗੁਰੂ ਸਾਹਿਬ ਦੇ ਬੇਅਦਬੀ ਹੋਣ ਬਾਅਦ ਬਰਗਾੜੀ ਤੇ ਬਹਿਬਲ ਕਲਾਂ ਵਿਖੇ ਸੰਗਤ ਦਾ ਵੱਡਾ ਇਕੱਠ ਹੋਇਆ ਤਾਂ ਇੱਥੇ ਪੰਜਾਬ ਪੁਲਿਸ ਦੀ ਗੋਲੀ ਚੱਲਣ ਨਾਲ ਦੋ ਸਿੰਘ ਸ਼ਹੀਦ ਹੋ ਗਏ ਅਤੇ ਕਈ ਫੱਟੜ ਹੋ ਗਏ ਸਨ। ਬਹਿਬਲ ਕਲਾਂ ਕਾਂਡ ਨੂੰ ਲੈ ਕੇ ਦੋ ਕਮਿਸ਼ਨ ਬੈਠ ਚੁੱਕੇ ਹਨ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਬਾਦ ਕਈ ਡੇਰਾ ਪ੍ਰੇਮੀਆਂ ਤੋ ਪੁੱਛਗਿੱਛ ਹੋਈ। ਇਥੋ ਤੱਕ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਵਿਸ਼ੇਸ਼ ਜਾੰਚ ਟੀਮ (ਸਿੱਟ) ਅਗੇ ਪੇਸ਼ ਹੋਣਾ ਪਿਆ ਸੀ।