ਚੰਡੀਗੜ੍ਹ, 23 ਅਕਤੂਬਰ ( ਖ਼ਬਰ ਖਾਸ ਬਿਊਰੋ)
ਜੇਕਰ ਪੰਜਾਬ ਵਿੱਚ ਨਸ਼ਾ ਗੁਜਰਾਤ ਜਾਂ ਕੌਮਾਂਤਰੀ ਸਰਹੱਦ ਪਾਰੋਂ ਹੀ ਆ ਰਿਹਾ ਹੈ, ਤਾਂ ਨਸ਼ੇ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਸੀਬੀਆਈ ਅਤੇ ਐੱਨਆਈਏ ਹਵਾਲੇ ਕਰ ਦਿਓ, ਨਸ਼ਿਆਂ ਦੇ ਕੇਸਾਂ ਦੀ ਸੀਬੀਆਈ ਜਾਂਚ ਤੋਂ ਤੁਹਾਨੂੰ ਡਰ ਕਿਉਂ ਹੈ। ਪਰਵਿੰਦਰ ਝੋਟਾ ਦੇ ਨਾਲ-ਨਾਲ ਗੁਲਜ਼ਾਰ ਸਿੰਘ ਅਤੇ ਬਿਕਰਮਜੀਤ ਸਿੰਘ ਦੇ ਕੇਸ ਵੀ ਸੀਬੀਆਈ ਹਵਾਲੇ ਕਰੋ, ਦੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਵੇਗਾ। ਇਹ ਸਬਦ ਪੰਜਾਬ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਵਿਧਾਇਕ ਅਸ਼ਵਨੀ ਸ਼ਰਮਾ ਦੇ ਹਨ।
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੇਂਦਰ ਸਰਕਾਰ ਉੱਤੇ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਚੁੱਕੇ ਗਏ ਸਵਾਲ ਉੱਤੇ ਪਲਟਵਾਰ ਕਰਦਿਆਂ ਉਨ੍ਹਾਂ ਕਿਹਾ ਕੇਂਦਰ ਸਰਕਾਰ ਉੱਤੇ ਚਿੱਕੜ ਸੁੱਟ ਕੇ ਛੁਟਕਾਰਾ ਨਹੀਂ ਹੋਣਾ, ਸਗੋਂ ਨਸ਼ਾ, ਗੈਂਗਸਟਰਵਾਦ ਅਤੇ ਭ੍ਰਿਸ਼ਟਾਚਾਰ ਨੂੰ ਰੋਕਣ ਵਿੱਚ ਤੁਹਾਨੂੰ ਆਪਣੀਆਂ ਨਾਕਾਮੀਆਂ ਦਾ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਣਾ ਪੈਣਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਗੁਜਰਾਤ ਵਿੱਚ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਅਤੇ ਬੰਦਰਗਾਹਾਂ ਰਾਹੀਂ ਹੋ ਰਹੀ ਤਸਕਰੀ ਬਾਰੇ ਸਵਾਲ ਉਠਾ ਰਹੇ ਹਨ, ਤਾਂ ਉਨ੍ਹਾਂ ਨੂੰ ਸਿੱਧਾ ਜਵਾਬ ਦੇਣਾ ਚਾਹੀਦਾ ਹੈ ਪੰਜਾਬ ਵਿੱਚ ਘਰ-ਘਰ ਚਿੱਟੇ ਦੀਆਂ ਪੁੜੀਆਂ ਕਿਵੇਂ ਪਹੁੰਚ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀ ਡਰੋਨ ਸਿਸਟਮ ਨੂੰ ਕੰਟਰੋਲ ਕਰਨ ਵਾਲੇ ਪੰਜਾਬ ਪੁਲਿਸ ਦੇ ਇਕ ਸਿਪਾਹੀ ਕਰਨਦੀਪ ਨੂੰ 15 ਕਿਲੋ ਹੈਰੋਇਨ ਸਮੇਤ ਬੀਐਸਐੱਫ ਨੇ ਕਾਬੂ ਕੀਤਾ ਹੈ। ਮੁੱਖ ਮੰਤਰੀ ਦੱਸਣ ਕਿ ਪੰਜਾਬ ਪੁਲਿਸ, ਡਰੱਗ ਤਸਕਰਾਂ ਨਾਲ ਗਠਜੋੜ ਤੋੜਨ ਲਈ ਸਰਕਾਰ ਨੇ ਕੀ ਕਾਰਵਾਈ ਕੀਤੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਪਾਰਦਰਸ਼ਤਾ, ਜਵਾਬਦੇਹੀ ਅਤੇ ਨਿਰਪੱਖ ਜਾਂਚ ਲਾਜ਼ਮੀ ਹੈ। ਸਰਕਾਰ ਨੂੰ ਸਿਆਸੀ ਬਿਆਨਾਂ ਦੀ ਬਜਾਏ ਠੋਸ ਨਤੀਜਿਆਂ ਰਾਹੀਂ ਆਪਣੀ ਵਚਨਬੱਧਤਾ ਸਾਬਤ ਕਰਨੀ ਚਾਹੀਦੀ ਹੈ।