ਚੰਡੀਗੜ੍ਹ, 15 ਅਕਤੂਬਰ (ਖ਼ਬਰ ਖਾਸ ਬਿਊਰੋ)
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪਰਗਟ ਸਿੰਘ ਨੇ ਸੂਬੇ ਵਿੱਚ ਫਿਰੌਤੀਆਂ ਦੀਆਂ ਧਮਕੀਆਂ, ਗੋਲੀਬਾਰੀ ਅਤੇ ਅਪਰਾਧਿਕ ਘਟਨਾਵਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੇ ਸਾਢੇ ਚਾਰ ਸਾਲਾਂ ਦੇ ਰਾਜ ਵਿੱਚ ਵਿਗੜੀ ਕਾਨੂੰਨ-ਵਿਵਸਥਾ ਕਾਰਨ ਪੰਜਾਬ ਵਿੱਚ ਕੋਈ ਵੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ। ਵਪਾਰੀ ਅਤੇ ਆਮ ਨਾਗਰਿਕ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ। ਫਿਰੌਤੀ ਨਾ ਮਿਲਣ ’ਤੇ ਵਪਾਰੀਆਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਦਕਿ ਪੰਜਾਬ ਦੇ ਗ੍ਰਹਿ ਮੰਤਰੀ ਭਗਵੰਤ ਸਿੰਘ ਮਾਨ ਮੂਕ ਦਰਸ਼ਕ ਬਣ ਕੇ ਬੈਠੇ ਹਨ।
ਪੰਜਾਬ ਦੇ ਹਰ ਵਪਾਰੀ ਅਤੇ ਛੋਟੇ ਕਾਰੋਬਾਰੀ ਨੂੰ ਸੁਰੱਖਿਅਤ ਮਾਹੌਲ ਦੀ ਲੋੜ ਹੈ, ਨਾ ਕਿ ਨਿਕੰਮੀ ਸਰਕਾਰ ਅਤੇ ਦਿੱਲੀ ਤੋਂ ਥੋਪੇ ਗਏ ਰਾਜ ਦੀ।
ਅੰਮ੍ਰਿਤਸਰ ਵਿੱਚ ਕੱਪੜਾ ਵਪਾਰੀ ’ਤੇ ਹੋਈ ਤਾਜ਼ਾ ਗੋਲੀਬਾਰੀ ਦੀ ਘਟਨਾ ਦਾ ਜ਼ਿਕਰ ਕਰਦਿਆਂ ਕਾਂਗਰਸ ਪ੍ਰਧਾਨ ਪਰਗਟ ਸਿੰਘ ਨੇ ਕਿਹਾ ਕਿ ਬੀਤੀ ਰਾਤ ਕਰੀਬ 11 ਵਜੇ ਫਿਰੌਤੀ ਨਾ ਦੇਣ ਕਾਰਨ ਵਪਾਰੀ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਵਪਾਰੀ ਇਸ ਹਮਲੇ ਵਿੱਚ ਬਚ ਗਿਆ, ਪਰ ਉਸ ਦੇ ਨਾਲ ਬੈਠੇ ਇੱਕ ਵਿਅਕਤੀ ਨੂੰ ਗੋਲੀ ਲੱਗ ਗਈ। ਉਨ੍ਹਾਂ ਕਿਹਾ ਕਿ ਇਹ ਘਟਨਾ ਸਿਰਫ਼ ਇੱਕ ਵਪਾਰੀ ’ਤੇ ਹਮਲੇ ਦਾ ਮਾਮਲਾ ਨਹੀਂ, ਸਗੋਂ ਸੂਬੇ ਵਿੱਚ ਕਾਰੋਬਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਪੈਦਾ ਹੋ ਰਹੀਆਂ ਗੰਭੀਰ ਚਿੰਤਾਵਾਂ ਨੂੰ ਦਰਸਾਉਂਦੀ ਹੈ।
ਜੇਕਰ ਪੰਜਾਬ ਵਿੱਚ ਆਪਣਾ ਕਾਰੋਬਾਰ ਚਲਾਉਣ ਵਾਲੇ ਲੋਕਾਂ ਨੂੰ ਫਿਰੌਤੀਆਂ ਅਤੇ ਗੋਲੀਆਂ ਦਾ ਡਰ ਸਤਾਉਣ ਲੱਗੇ, ਤਾਂ ਸਰਕਾਰ ਦੀ ਕਾਨੂੰਨ-ਵਿਵਸਥਾ ਸਬੰਧੀ ਜਵਾਬਦੇਹੀ ’ਤੇ ਸਵਾਲ ਉੱਠਣੇ ਸੁਭਾਵਿਕ ਹਨ।
ਮੁੱਖ ਮੰਤਰੀ ਭਗਵੰਤ ਮਾਨ ਦੀ ਭੂਮਿਕਾ ’ਤੇ ਸਵਾਲ ਉਠਾਉਂਦਿਆਂ ਪਰਗਟ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਕੋਲ ਗ੍ਰਹਿ ਵਿਭਾਗ ਦੀ ਜ਼ਿੰਮੇਵਾਰੀ ਵੀ ਹੈ, ਇਸ ਲਈ ਸੂਬੇ ਦੀ ਕਾਨੂੰਨ-ਵਿਵਸਥਾ ਤੋਂ ਪੱਲਾ ਨਹੀਂ ਝਾੜਿਆ ਜਾ ਸਕਦਾ। ਪੁਲਿਸ ਪ੍ਰਸ਼ਾਸਨ ਨੂੰ ਅਪਰਾਧੀਆਂ ਵਿਰੁੱਧ ਤੁਰੰਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਕਰਨੀ ਚਾਹੀਦੀ ਹੈ। ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਵਿਰੁੱਧ ਸਿਰਫ਼ ਬਿਆਨ ਦੇਣ ਦੀ ਬਜਾਏ ਉਨ੍ਹਾਂ ਦੇ ਨੈੱਟਵਰਕ ਨੂੰ ਤੋੜਨ ਲਈ ਠੋਸ ਕਦਮ ਚੁੱਕਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਤਲਾਂ, ਗੋਲੀਬਾਰੀ ਅਤੇ ਫਿਰੌਤੀਆਂ ਦੀਆਂ ਘਟਨਾਵਾਂ ਨੇ ਪੰਜਾਬੀਆਂ ਦੇ ਸਬਰ ਦਾ ਇਮਤਿਹਾਨ ਲੈਣਾ ਸ਼ੁਰੂ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਤਲਾਂ, ਗੋਲੀਬਾਰੀ ਅਤੇ ਫਿਰੌਤੀਆਂ ਦੀਆਂ ਘਟਨਾਵਾਂ ਨੇ ਲੋਕਾਂ ਦੇ ਸਬਰ ਦਾ ਬੰਨ੍ਹ ਤੋੜ ਦਿੱਤਾ ਹੈ। ਛੋਟੇ ਦੁਕਾਨਦਾਰਾਂ ਤੋਂ ਲੈ ਕੇ ਵੱਡੇ ਵਪਾਰੀਆਂ ਤੱਕ, ਹਰ ਕਿਸੇ ਨੂੰ ਅਜਿਹਾ ਸੁਰੱਖਿਅਤ ਮਾਹੌਲ ਚਾਹੀਦਾ ਹੈ, ਜਿੱਥੇ ਉਹ ਬਿਨਾਂ ਕਿਸੇ ਡਰ ਤੋਂ ਆਪਣਾ ਕਾਰੋਬਾਰ ਚਲਾ ਸਕਣ। ਵਪਾਰੀਆਂ ਨੂੰ ਆਪਣਾ ਕਾਰੋਬਾਰ ਵਧਾਉਣ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਲਈ ਸਹਿਯੋਗ ਮਿਲਣਾ ਚਾਹੀਦਾ ਹੈ, ਨਾ ਕਿ ਉਨ੍ਹਾਂ ਨੂੰ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਦੀ ਚਿੰਤਾ ਵਿੱਚ ਰਹਿਣਾ ਪਵੇ।
ਪਰਗਟ ਸਿੰਘ ਨੇ ਮੰਗ ਕੀਤੀ ਕਿ ਅੰਮ੍ਰਿਤਸਰ ਵਿੱਚ ਹੋਈ ਗੋਲੀਬਾਰੀ ਦੀ ਨਿਰਪੱਖ ਜਾਂਚ ਕਰਵਾਈ ਜਾਵੇ, ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਘਟਨਾ ਪਿੱਛੇ ਫਿਰੌਤੀ ਨਾਲ ਜੁੜੇ ਕਿਸੇ ਵੀ ਨੈੱਟਵਰਕ ਦੀ ਡੂੰਘਾਈ ਨਾਲ ਜਾਂਚ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਛੋਟੇ ਦੁਕਾਨਦਾਰਾਂ ਤੋਂ ਲੈ ਕੇ ਵੱਡੇ ਵਪਾਰੀਆਂ ਤੱਕ, ਹਰ ਕਿਸੇ ਨੂੰ ਬਿਨਾਂ ਕਿਸੇ ਡਰ ਤੋਂ ਆਪਣਾ ਕਾਰੋਬਾਰ ਚਲਾਉਣ ਦਾ ਮੌਕਾ ਮਿਲਣਾ ਚਾਹੀਦਾ ਹੈ। ਵਪਾਰੀਆਂ ਅਤੇ ਆਮ ਨਾਗਰਿਕਾਂ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣਾ ਸਰਕਾਰ ਦੀ ਬੁਨਿਆਦੀ ਪ੍ਰਸ਼ਾਸਨਿਕ ਜ਼ਿੰਮੇਵਾਰੀ ਹੈ ਅਤੇ ਇਸ ਮਾਮਲੇ ਵਿੱਚ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ।