ਇੱਕ ਖ਼ਤ ਬੇਗ਼ਮਪੁਰੇ ਦੇ ਵਾਸੀ ਦੇ ਨਾਂ
ਲੇਖਕ : ਪ੍ਰਿੰਸੀਪਲ ਕ੍ਰਿਸ਼ਨ ਸਿੰਘ (ਸੇਵਾ – ਮੁਕਤ ਪ੍ਰਿੰਸੀਪਲ ਪੰਡਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਫ਼ਰੀਦਕੋਟ )
ਪ੍ਰਕਾਸ਼ਕ : ਜ਼ੋਹਰਾ ਪਬਲੀਕੇਸ਼ਨ ਪਟਿਆਲਾ (ਪੰਜਾਬ )
ਮੁੱਲ : 300 ਰੁਪਏ , ਸਫ਼ੇ : 178
ਸੰਪਰਕ : 09463989639
ਪ੍ਰਿੰਸੀਪਲ ਕ੍ਰਿਸ਼ਨ ਸਿੰਘ ਪੰਜਾਬੀ ਆਲੋਚਨਾ – ਜਗਤ ਵਿੱਚ ਕਿਸੇ ਜਾਣਕਾਰੀ ਦੇ ਮੁਥਾਜ ਨਹੀਂ। ਮੈਨੂੰ ਉਹਨਾਂ ਦੀ ” ਇੱਕ ਖ਼ਤ ਬੇਗ਼ਮਪੁਰੇ ਦੇ ਵਾਸੀ ਦੇ ਨਾਂ ” ਇਸ ਹਥਲੀ ਪੁਸਤਕ ਨੂੰ ਪੜ੍ਹਨ ਦਾ ਸੁਭਾਗ ਹਾਸਲ ਹੋਇਆ ਜੋ ਇੱਕ ਨਿਵੇਕਲੀ ਸ਼ੈਲੀ ਵਿੱਚ ਲਿਖੀ ਗਹਿਰ – ਗੰਭੀਰ, ਅਧਿਆਆਤਮਿਕ, ਰਹੱਸਵਾਦੀ ਵਿਚਾਰਾਂ ਨਾਲ ਸੰਬੰਧਿਤ ਉਤਕ੍ਰਿਸ਼ਟ ਰਚਨਾ ਹੈ। ਪੁਸਤਕ – ਰੂਪੀ ਇਸ ਖ਼ਤ ਵਿੱਚ ਪ੍ਰਿੰਸੀਪਲ ਕ੍ਰਿਸ਼ਨ ਸਿੰਘ ਭਾਵਨਾਤਮਿਕ ਤੌਰ ‘ ਤੇ ਬੇਗ਼ਮਪੁਰੇ ਦੇ ਰਚਨਹਾਰੇ, ਸਮਾਜ ਸੁਧਾਰਕ, ਧਰਮ ਚਿੰਤਕ, ਅਧਿਆਤਮਿਕ ਰਹਿਬਰ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਸੰਕਲਿਤ ਬਾਣੀ ਦੇ ਸਤਿਕਾਰਤ ਬਾਣੀਕਾਰ ਵਜੋਂ ਗੁਰੂ ਰਵਿਦਾਸ ਨੂੰ ਸੰਬੋਧਿਤ ਹੈ।
ਇਤਿਹਾਸਕ ਪਰਿਪੇਖ ਤੋਂ ਭਗਤ ਬਾਣੀ ਦਾ ਸਿਧਾਂਤਕ ਤੌਰ ‘ਤੇ ਜਾਂ ਸ਼ੈਲੀ ਸ਼ਬਦਾਵਲੀ ਪੱਖੋਂ ਗੁਰਬਾਣੀ ਲਿਖਤ -ਪਾਠ ਵਿੱਚ ਹੋਇਆ ਪ੍ਰਯੋਗ ਆਪਣਾ ਨਿਵੇਕਲਾ / ਮੌਲਿਕ ਪ੍ਰਭਾਵ ਸਿਰਜਦਾ ਹੈ। ਇਹੋ ਕਾਰਨ ਹੈ ਕਿ ਗੁਰੂ ਨਾਨਕ ਸਾਹਿਬ ਤੋਂ ਪੂਰਬਲੇ ਭਗਤਾਂ ਦੀ ਮਿਲਦੀ ਬਾਣੀ ਦੇ ਸਿਧਾਂਤਕ ਪੱਖਾਂ ਦੇ ਆਧਾਰ ‘ਤੇ ਵਿਦਵਾਨਾਂ ਨੇ ਉਸਨੂੰ ਗੁਰਮਤਿ ਦਾ ਨੀਂਹ ਪੱਥਰ ਵੀ ਕਿਹਾ ਹੈ।
ਜੇ ਗੁਰੂ ਸਾਹਿਬਾਨ ਸਾਡੇ ਲਈ ਗੁਰੂ ਦਾ ਰੂਪ ਹਨ ਤਾਂ ਗੁਰੂ ਸਾਹਿਬਾਨ ਤੋਂ ਇਲਾਵਾ ਬਾਕੀ ਭਗਤ ਬਾਣੀਕਾਰ ਵੀ, ਉਹ ਵੀ ਸਾਡੇ ਲਈ ਗੁਰੂ ਸਮਾਨ ਹੀ ਹਨ ; ਸਾਨੂੰ ਉਹਨਾਂ ਦਾ ਅਦਬ ਸਤਿਕਾਰ ਵੀ ਉਸੇ ਤਰ੍ਹਾਂ ਕਰਨਾ ਚਾਹੀਦਾ ਹੈ ; ਇਸ ਲਈ ਬਾਣੀ ਦੇ ਸਰਬ ਸਾਂਝੇ ਚਿੰਤਨ ਤੇ ਚੇਤਨਾ / ਆਸ਼ੇ ਦੇ ਪੱਖੋਂ ਇੱਕ ਲਿਹਾਜ਼ ਨਾਲ ਇਨ੍ਹਾਂ ਸਾਰੇ ਬਾਣੀਕਾਰਾਂ ਦਾ ਰੁਤਬਾ ਵੀ ਬਰਾਬਰ ਹੈ। ਕੁਝ ਵਿਦਵਾਨਾਂ ਨੇ ਬਾਣੀ ( ਭਗਤਾਂ ) ਵਿਸ਼ੇ ਦੇ ਵਿਭਿੰਨ ਪਾਸਾਰਾਂ ਦੀ ਚਰਚਾ ਕਰਦਿਆਂ, ਸਮਕਾਲੀ ਸਮਾਜਿਕ ਪਰਿਪੇਖ ਵਜੋਂ ਇਹ ਵੀ ਕਿਹਾ ਹੈ ( ਵਿਸ਼ੇਸ਼ ਕਰਕੇ ਕਬੀਰ ਸਾਹਿਬ, ਭਗਤ ਰਵਿਦਾਸ ਤੇ ਭਗਤ ਨਾਮਦੇਵ ਬਾਰੇ ) ਕਿਉਂਕਿ ਉਹ ਤਥਾ – ਕਥਿਤ ਸ਼ੂਦਰ ਜਾਤੀਆਂ ਵਿੱਚੋਂ ਸਨ। ਇਸ ਲਈ ਉਹਨਾਂ ਦੀ ਬਾਣੀ ਵਿੱਚੋਂ ਨਿੱਜੀ ਅਨਾਦਰ ਦੀ ਪ੍ਰਤੀਕਿਰਿਆ ਝਲਕਦੀ ਹੈ। ਇਹ ਜਾਤੀਗਤ ਭੇਦਭਾਵ ਸਾਡੇ ਭਾਰਤੀ ਸੱਭਿਆਚਾਰ ਤੱਕ ਸੀਮਿਤ ਨਹੀਂ ਰਿਹਾ, ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਵਿੱਚ ਅੱਜ ਵੀ ਇਹ ਆਪਣੀ ਬ੍ਰਾਹਮਣਵਾਦੀ ਸੋਚ ਨੂੰ ਆਪਣੇ ਨਾਲ ਹੀ ਨਿਭਾ ਰਿਹਾ। ਇਸ ਲਈ ਇਸ ਨੂੰ ਦੋ -ਧਿਰੀ ਟਕਰਾਅ ਬਣਾਉਣ ਦੀ ਲੋੜ ਨਹੀਂ ਭਾਵੇਂ ਕੋਈ ਭਗਤ ਰਵਿਦਾਸ ਜੀ ਕਹੇ ਜਾਂ ਕੋਈ ਗੁਰੂ ਰਵਿਦਾਸ ਜੀ ਕਹੇ, ਭਾਵਨਾਤਮਿਕ ਪੱਧਰ ‘ਤੇ ਇਨ੍ਹਾਂ ਦੋਹਾਂ ਸ਼ਬਦਾਂ ਨੂੰ ਖਿੜੇ ਮੱਥੇ ਸਵੀਕ੍ਰਿਤੀ ਦੇਣੀ ਬਣਦੀ ਹੈ।
ਸਿੱਖ ਧਰਮ ਵਿੱਚ ਗੁਰੂ ਘਰ ਦੇ ਅਰਦਾਸੀਏ ਸਿੰਘ ਵਲੋਂ ਜਦੋਂ ਅਰਦਾਸ ਦਾ ਆਗਾਜ਼ ਕੀਤਾ ਜਾਂਦਾ ਹੈ ਤਾਂ ਕੇਵਲ ਇਹ ਕਿਹਾ ਜਾਂਦਾ ਹੈ, ਦਸਾਂ ਪਾਤਸ਼ਾਹੀਆਂ ਦੀ ਜੋਤ ਪਰੰਤੂ ਅਰਦਾਸੀਏ ਸਿੰਘ ਵਲੋਂ 36 ਬਾਣੀਕਾਰਾਂ ਦੀ ਜੋਤ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਕਿਉਂ ਨਹੀਂ ਕਿਹਾ ਜਾਂਦਾ? ਇਸ ਦਾ ਕੀ ਮਤਲਬ?…. ਇਹ ਬੜਾ ਟੇਢਾ ਮਸਲਾ ਹੈ ; ਪਰ ਹੈ ਇਹ ਮਹੱਤਵਪੂਰਨ ; ਪੇਤਲੀ ਨਜ਼ਰ ਇੱਕ ਪਾਸੜ ਸੋਚ ਵਾਲੇ ਜਾਂ ਸਿੱਖ ਸਿਧਾਂਤਾਂ ਤੋਂ ਨਾਵਾਕਿਫ਼ ਵਿਅਕਤੀਆਂ ਦੀ ਦ੍ਰਿਸ਼ਟੀ ਵਿੱਚ ਇਹ ਮਸਲਾ ਧਾਰਮਿਕ ਅਤੇ ਸਮਾਜਿਕ ਤੌਰ ‘ਤੇ ਵੰਡੀਆਂ ਪਾਉਣ ਵਾਲਾ ਵੀ ਹੋ ਸਕਦਾ ਹੈ। ਇਸ ਲਈ ਇਸ ਗੌਰ – ਏ – ਤਲਬ ਵਿਸ਼ੇ ਨੂੰ ਗੰਭੀਰਤਾ ਪੂਰਵਕ ਬੜੇ ਸਹਿਜਭਾਵੀ ਰੂਪ ਵਿੱਚ ਨਜਿੱਠਣ ਦੀ ਲੋੜ ਹੈ। ਦੁਖਾਂਤ ਇਹ ਹੈ ਕਿ ਡਾਕਟਰ ਅੰਬੇਡਕਰ ਸਾਹਿਬ ਦਾ ਉਹ ਜਾਤੀਗਤ ਮਸਲਾ ਆਪਣੀ ਬ੍ਰਾਹਮਣਵਾਦੀ ਬਿਰਤੀ – ਪ੍ਰਕ੍ਰਿਤੀ ਨਾਲ ਜੁੜ ਕੇ, ਪੰਜਾਬ ਜਾਂ ਹਿੰਦੁਸਤਾਨ ਤੱਕ ਸੀਮਿਤ ਨਹੀਂ ਰਿਹਾ, ਕੌਮਾਂਤਰੀ ਪੱਧਰ ‘ਤੇ ਦੇਸ਼ਾਂ – ਵਿਦੇਸ਼ਾਂ ਵਿੱਚ ਵੀ ਜੰਗਲ ਦੀ ਅੱਗ ਵਾਂਗ ਫ਼ੈਲ ਗਿਆ। ਉਪਰੋਕਤ ਸਵਾਲ ਦੀ ਨਿਰੰਤਰਤਾ ਨੂੰ ਜ਼ਿਹਨ ਵਿੱਚ ਰੱਖਦੇ ਹੋਏ 24 ਮਈ 2009 ਦਾ ਆਸਟ੍ਰੇਈਆ ਦਾ ਵਿਆਨਾ ਕਾਂਡ ਯਾਦ ਹੈ ; ਜਦੋਂ ਰਵਿਦਾਸੀਆ ਭਾਈਚਾਰੇ ਨਾਲ ਸੰਬੰਧਿਤ ਸੱਚ ਖੰਡ ਬੱਲਾਂ ਡੇਰੇ ਦੇ ਮੁੱਖੀ ਸੰਤ ਰਾਮਾਨੰਦ ਦਾ ਕਤਲ ਕੀਤਾ ਗਿਆ ਸੀ ਅਤੇ ਉਸ ਵਕਤ ਮੌਕੇ ‘ਤੇ ਹਾਜ਼ਰ ਸੰਤ ਨਿਰੰਜਨ ਦਾਸ ਤੇ ਲੱਗ – ਭੱਗ ਦੋ ਦਰਜਨ ਦੇ ਕਰੀਬ ਉਨ੍ਹਾਂ ਦੇ ਚੇਲੇ ਵੀ ਜ਼ਖਮੀ ਹੋਏ ਸਨ। ਅੰਦਰੋਂ – ਅੰਦਰੀਂ ਜਿੰਨੀ ਜਾਤ – ਵੰਡ ਦੀ ਦੋਫਾੜ ਪਈ, ਉਹਨੂੰ ਮਿਟਾਉਣ ਲਈ ਸ਼ਾਇਦ ਕਈ ਦਹਾਕੇ ਲੱਗ ਜਾਣ ; ਛੇਤੀ ਕੀਤਿਆਂ ਤਾਂ ਉਹ ਮਿਟਾਈ ਵੀ ਨਹੀਂ ਜਾ ਸਕਦੀ। ਕੁਲ ਮਿਲਾ ਕੇ ਮਨੁੱਖਤਾ ‘ਤੇ ਲੱਗਾ ਇੱਕ ਨਾ ਮਿਟਣ ਵਾਲਾ ਕਲੰਕ। ਤ੍ਰਾਸਦੀ ਤਾਂ ਇਹ ਵੀ ਹੈ ਕਿ ਅਛੂਤਾਂ ਵਲੋਂ ਬਰਤਾਨਵੀ ਹਕੂਮਤ ਸਮੇਂ ਆਜ਼ਾਦੀ ਲਈ ਕੀਤੀਆਂ ਕੁਰਬਾਨੀਆਂ ਤੇ ਸ਼ਹੀਦੀਆਂ ਨੂੰ ਮੂਲੋਂ ਹੀ ਭੁਲਾ ਦਿੱਤਾ ਗਿਆ। ਅੰਗਰੇਜ਼ਾਂ ਨਾਲ 1857 ਵਿੱਚ ਝਲਕਾਰੀ ਬਾਈ ਕੋਹਰੀ (ਜੁਲਾਹਿਆਂ ਦੀ ਕੁੜੀ ) ਘਮਸਾਨ ਯੁੱਧ ਕਰਦਿਆਂ ਅੰਗਰੇਜ਼ਾਂ ਦੀਆਂ ਗੋਲੀਆਂ ਨਾਲ ਆਪਣੇ ਪਤੀ ਪੂਰਨ ਚੰਦ ਕੋਹਰੀ ਤੇ ਬੱਚੇ ਸਮੇਤ ਸ਼ਹੀਦੀ ਪਾ ਗਈ ਪਰ ਉਸਦਾ ਨਾਂ ਮੰਨੂਵਾਦੀ ਲਿਖਾਰੀਆਂ ਨੇ ਕਿਤੇ ਵੀ ਦਰਜ਼ ਨਾ ਕੀਤਾ। ਪਿਆਰੇ ਰਵਿਦਾਸ ਜੀ ਦੀ ਜੀਵਨ – ਘਾਲਣਾ ਤੋਂ ਵਾਰੇ – ਵਾਰੇ ਜਾਣ ਨੂੰ ਜੀਅ ਕਰਦਾ ਹੈ ਕਿ ਕਿਵੇਂ ਭਗਤ ਰਵਿਦਾਸ ਜੀ ਆਪਣੇ ਜੀਵਨ – ਕਾਲ ਵਿੱਚ ਉਨ੍ਹਾਂ ਬ੍ਰਾਹਮਣਵਾਦੀ ਸੋਚ ਵਾਲੇ ਧਾਰਮਿਕ ਆਗੂਆਂ / ਪਾਖੰਡੀਆਂ ਵਿੱਚ ਕਿਵੇਂ ਵਿਚਰਦੇ ਰਹੇ? ਅੱਜ ਅਸੀਂ ਜਾਤੀ ਪ੍ਰਥਾ ਦੇ ਆਧਾਰ ‘ ਤੇ ਗੁਰਬਾਣੀ ਦੇ ਹਵਾਲੇ ਦੇ – ਦੇ ਕੇ ਬ੍ਰਾਹਮਣਵਾਦ ਦੀ ਤਾਂ ਨਿੰਦਾ ਕਰਦੇ ਹਾਂ ਪ੍ਰੰਤੂ ਅਸੀਂ ਖੁਦ ਕੀ ਕਰ ਰਹੇ ਹਾਂ, ਇਹ ਵਿਚਾਰਨਯੋਗ ਮਸਲਾ ਹੈ ਜਦੋਂ ਕਿ ਸਿੱਖ ਰਹਿਤ ਮਰਯਾਦਾ ਅਨੁਸਾਰ ਸਿੱਖ ਦਾ ਵਿਆਹ ਬਿਨਾਂ ਜਾਤ ਗੋਤ ਦੇ ਹੋਣਾ ਚਾਹੀਦਾ ਹੈ।
ਬਾਣੀ ਦੇ ਸੰਬੰਧ ਵਿੱਚ, ਭਗਤ ਰਵਿਦਾਸ ਜੀ ਦੀ ਸਾਰੀ ਬਾਣੀ ਸਾਰੇ ਆਗਾਜ਼ – ਬਿੰਦੂ ਤੇ ਅੰਤਿਮ – ਬਿੰਦੂ ਇਹੋ ਰੱਬੀ – ਪ੍ਰੇਮ ਹੈ। ਹਮੇਸ਼ਾ ਉਹ ਇਸ ਦੇ ਹੀ ਚਾਹਵਾਨ ਰਹਿੰਦੇ ਸਨ। ਇਹੋ ਹੀ ਤਾਂ ਉਹਨਾਂ ਦਾ ਜੀਵਨ ਮਿਸ਼ਨ ਸੀ। ਭਗਤ ਰਵਿਦਾਸ ਜੀ ਦਾ ਜਨਮ ਸੰਮਤ 1433 ਬਿਕ੍ਰਮੀ ਤੇ ਪੂਰਨਮਾਸ਼ੀ ਦਾ ਦਿਨ ਵਿਸ਼ੇਸ਼ ਮੰਨਿਆ ਹੈ। ਆਪ ਜੀ ਦੇ ਜਨਮ – ਸਥਾਨ ਵਜੋਂ ਬਨਾਰਸ ਵਿਖੇ ਸੀਰਗੋਵਰਧਨਪੁਰ ਨੂੰ ਸਵੀਕ੍ਰਿਤੀ ਦਿੱਤੀ ਗਈ ਹੈ। ਆਪ ਜੀ ਦੇ ਪਿਤਾ ਜੀ ਦਾ ਨਾਂ ‘ ਰਘੂ ‘ ਅਤੇ ਮਾਤਾ ਜੀ ਦਾ ਨਾਂ ‘ ਕਰਮਾਂ ਦੇਵੀ ‘ ਹੈ। ਆਪ ਜੀ ਦਾ ਦੇਹਾਂਤ ਬਿ.1584 ਵਿੱਚ ਬਨਾਰਸ ਵਿਖੇ ਹੋਇਆ।
ਪਿਆਰੇ ਰਵਿਦਾਸ ਜੀਓ, ਦੀ ਬਾਣੀ ਵਿੱਚ ਇਹ ਖ਼ਾਸੀਅਤ ਹੈ ਕਿ ਉਹਨਾਂ ਨੇ ਵੱਖ – ਵੱਖ ਪ੍ਰਸੰਗਾਂ ਅਨੁਸਾਰ ਪਰਮਾਤਮਾ ਨੂੰ ਉਸਦੇ ਪ੍ਰੰਪਰਾਗਾਤ ਤੇ ਕਿਰਤਮ ਨਾਵਾਂ ਨਾਲ ਆਪਣੀ ਸਿਮ੍ਰਤੀ ਦਾ ਅੰਗ ਬਣਾਇਆ ਹੈ।; ਜਿਵੇਂ :- ਗੋਬਿੰਦ, ਮਾਧਉ, ਹਰਿ, ਸਤਿ ਨਾਮੁ, ਰਘੁਨਾਥ, ਪ੍ਰਾਨਨਾਥ , ਠਾਕੁਰੁ, ਨਿਰੰਜਨੁ, ਸੁਆਮੀ, ਭਗਵੰਤ, ਰਾਮਚੰਦ, ਨਾਰਾਇਣ, ਗੁਸਾਈਆ ਆਦਿ ਵਿਸ਼ਲੇਸ਼ਣੀ ਤੇ ਕਰਤਾਰੀ – ਪ੍ਰਤਿਭਾ ਦੇ ਪ੍ਰਤੀਕ ਨਾਵਾਂ ਦਾ ਪ੍ਰਗਟਾਵਾ ਵੀ ਹੋਇਆ ਹੈ :-
ਸਤਿ ਨਾਮੁ :
ਕਹੈ ਰਵਿਦਾਸੁ ਨਾਮ ਤੇਰੋ ਆਰਤੀ ਸਤਿ ਨਾਮੁ ਹੈ ਹਰਿ ਭੋਗ ਤੁਹਾਰੈ।। ( ਅੰਗ 694)
ਹਰਿ :
ਹਰਿ ਸਿਮਰਤ ਜਨ ਗਏ ਨਿਸਤਰ ਤਰੇ।। (ਅੰਗ 487)
ਸੱਚ ਤਾਂ ਇਹ ਹੈ ਕਿ ਰਵਿਦਾਸ ਜੀ ਵਲੋਂ ਉਚਾਰਣ ਕੀਤੇ ਇਹ ਸਾਰੇ ਨਾਂ ਇੱਕ ਪਰਮਾਤਮਾ ਦਾ ਇਜ਼ਹਾਰ ਕਰਦੇ ਹਨ, ਸਰਗੁਣਵਾਦੀਆਂ ਵਾਂਗ ਕਿਸੇ ਦੇਵੀ – ਦੇਵਤੇ / ਅਵਤਾਰੀ ਪੁਰਸ਼ / ਸ਼ਕਤੀ ਨੂੰ ਆਪਣਾ ਕੇਂਦਰ – ਬਿੰਦੂ ਨਹੀਂ ਮਿਥਦੇ। ਉਹਨਾਂ ਦੀ ਉਚਾਰਣ ਕੀਤੀ ਬਾਣੀ ਵਿੱਚ ਵਧੇਰੇ ਕਰਕੇ ਸਵੈ – ਸੰਬੋਧਨੀ ਸ਼ੈਲੀ ਦਾ ਪ੍ਰਯੋਗ ਕੀਤਾ ਗਿਆ ਹੈ।
ਪਿਆਰੇ ਰਵਿਦਾਸ ਜੀਓ, ਜੀ ਦੀ ਬਾਣੀ – ਪ੍ਰਯੋਜਨ ਤੇ ਜੀਵਨ – ਉਦੇਸ਼ / ਮਿਸ਼ਨ ਬੜਾ ਸਪਸ਼ਟ ਹੈ ਜੋ ਲੌਕਿਕ ਤੋਂ ਅਲੌਕਿਕ ਤੱਕ ਦੀ ਆਤਮਕ ਯਾਤਰਾ ਤੈਅ ਕਰਦਾ ਹੋਇਆ, ਸਮੁੱਚੀ ਮਨੁੱਖ ਜਾਤੀ ਨੂੰ ਆਪਣੀ ਵਲਗਣ ਵਿੱਚ ਲੈਂਦਾ ਹੈ। ਏਕ ਤੋਂ ਅਨੇਕ ਭਾਵ ਨਿਰਗੁਣ ਤੋਂ ਸਰਗੁਣ ਸਰੂਪ ਬ੍ਰਹਮ ਦੇ ਅੰਤਰਮੁਖੀ ਸੰਬੰਧਾਂ ਨੂੰ ਦਰਸਾਉਂਦਾ ਇਹ ਕ੍ਰਿਸ਼ਮਾ ਮਨੁੱਖੀ ਭੇਦ – ਭਾਵਾਂ ਤੋਂ ਪੂਰਨ ਤੌਰ ‘ਤੇ ਮੁਕਤ ਹੈ। ਰੂਹਾਨੀਅਤ ਦਾ ਉਹ ਕਿਹੜਾ ਪਾਕਿ – ਪਵਿੱਤਰ ਮੁਕਾਮ ਹੈ ? ਉਸਦਾ ਨਾਮਕਰਨ ਰਵਿਦਾਸ ਜੀ ਵਲੋਂ, ” ਬੇਗ਼ਮਪੁਰਾ ਸਹਰ ਕੋ ਨਾਉ ” ਕੀਤਾ ਗਿਆ :
ਬੇਗ਼ਮਪੁਰਾ ਸਹਰ ਕੋ ਨਾਉ।। ਦੂਖੁ ਅੰਦੋਹੁ ਨਹੀ ਤਿਹਿ ਠਾਊ।। ( ਅੰਗ 345)
“….. ( ਜਿਸ ਆਤਮਕ ਅਵਸਥਾ – ਰੂਪ ਸ਼ਹਿਰ ਵਿੱਚ ਮੈਂ ਵਸਦਾ ਹਾਂ ) ਉਸ ਸ਼ਹਿਰ ਦਾ ਨਾਮ ਹੈ ਬੇ – ਗ਼ਮਪੁਰਾ ( ਭਾਵ ਉਸ ਅਵਸਥਾ ਵਿੱਚ ਕੋਈ ਗ਼ਮ ਪੋਹ ਨਹੀਂ ਸਕਦਾ ) ਉਸ ਥਾਂ ਨਾ ਕੋਈ ਦੁਖ ਹੈ ਨਾ ਚਿੰਤਾ ਅਤੇ ਨਾ ਕੋਈ ਘਬਰਾਹਟ ਉੱਥੇ ਦੁਨੀਆ ਵਾਲੀ ਜਾਇਦਾਦ ਨਹੀਂ ਤੇ ਨਾ ਹੀ ਉਸ ਜਾਇਦਾਦ ਨੂੰ ਕੋਈ ਮਸੂਲ ਹੈ, ਉਸ ਅਵਸਥਾ ਵਿੱਚ ਕਿਸੇ ਪਾਪ – ਕਰਮ ਦਾ ਖ਼ਤਰਾ ਨਹੀਂ, ਕੋਈ ਡਰ ਨਹੀਂ, ਕੋਈ ਗਿਰਾਵਟ ਨਹੀਂ; ਹੇ ਮੇਰੇ ਵੀਰ ! ਹੁਣ ਮੈਂ ਵੱਸਣ ਲਈ ਸੋਹਣੀ ਥਾਂ ਲੱਭ ਲਈ ਹੈ, ਉੱਥੇ ਸਦਾ ਸੁੱਖ ਹੀ ਸੁੱਖ ਹੈ।
ਕੁਝ ਵੀ ਹੋਵੇ, ਇਹ ਵੀ ਸੱਚ ਹੈ ਕਿ ਮਨੂੰ – ਸਮ੍ਰਿਤੀ ਅੱਜ ਵੀ ਜਿਉਂਦੀ ਹੈ, ਅੱਜ ਸ਼ੂਦਰ ਜਾਤੀਆਂ ਦਾ ਜੋ ਹਸ਼ਰ ਹੋ ਰਿਹਾ ਹੈ ਉਸਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਮਨੂੰ – ਸਮ੍ਰਿਤੀ ਦੇ ਪ੍ਰਤੀਕਰਮ ਵਜੋਂ ਪੈਦਾ ਹੋਈਆਂ ਟਕਰਾਅ ਵਾਲੀਆਂ ਪ੍ਰਸਥਿਤੀਆਂ ਕਾਰਨ ਕਿਤੇ ਇਹ ਤੈਅ ਨਹੀਂ ਕਿ ਸਿੱਧੇ – ਅਸਿੱਧੇ ਰੂਪ ਵਿੱਚ ਪਿਆਰੇ ਰਵਿਦਾਸ ਜੀਓ ਦੀ ਮੌਤ ਦਾ ਵੀ ਰਾਜਨੀਤੀਕਰਨ ਹੋ ਰਿਹਾ ਹੋਵੇ? ਅਜੇ ਹੋਰ ਵੀ ਬਹੁਤ ਕੁਝ ਬਾਕੀ ਹੈ ਜਿਸ ਬਾਰੇ ਕੋਈ ਪ੍ਰਮਾਣਿਕ ਰੂਪ ਵਿੱਚ ਕਹਿਣਾ ਜਾਂ ਉਸ ਬਾਰੇ ਅੰਤਿਮ ਨਿਰਣਾ ਲੈਣਾ…. ਖਤਰੇ ਤੋਂ ਖਾਲੀ ਨਹੀਂ….. ਉਹ ਅਣਫ਼ਿਰੋਲਿਆ ਇਤਿਹਾਸ ਗੰਭੀਰ ਖੋਜ ਦਾ ਮੁਥਾਜ ਹੈ।
ਪ੍ਰਿੰਸੀਪਲ ਸਾਹਿਬ ਵਲੋਂ ਹਥਲੀ ਦਸਵੀਂ ਪੁਸਤਕ ਨੂੰ ਪੰਜਾਬੀ ਪਾਠਕਾਂ ਦੀ ਝੋਲੀ ਪਾਉਂਦਿਆਂ ਮੈਂ ਉਹਨਾਂ ਨੂੰ ਦਿਲੋਂ ਮੁਬਾਰਕਬਾਦ ਦਿੰਦੀ ਹਾਂ ਅਤੇ ਉਹਨਾਂ ਦੀ ਕਲਮ ਦੀ ਨਿਰੰਤਰਤਾ ਲਈ ਅਰਦਾਸ ਕਰਦੀ ਹਾਂ।
ਵਿਸ਼ਲੇਸ਼ਣਕਰਤਾ – ਮੋਨਿਕਾ ਧੀਮਾਨ ਸੁਨਾਮ
ਮੋਬਾਈਲ : 9888933493