ਚੰਡੀਗੜ੍ਹ, 30 ਜੁਲਾਈ (ਖ਼ਬਰ ਖਾਸ ਬਿਊਰੋ)
ਸ਼ਿਖਾ ਨੇਹਰਾ ਵੀਰਵਾਰ ਨੂੰ ਪੰਜਾਬ ਸਰਕਾਰ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਜੁਆਇੰਟ ਡਾਇਰੈਕਟਰ ਦੇ ਅਹੁਦੇ ਤੋਂ ਸੇਵਾਮੁਕਤ ਹੋ ਗਏ। ਉਹਨਾਂ ਵਿਭਾਗ ਵਿਚ 35 ਸਾਲ ਸਰਵਿਸ ਕੀਤੀ ਹੈ ਅਤੇ ਇਸ ਦੌਰਾਨ ਉਹ ਏਪੀਆਰਓ ਤੋ ਲੈ ਕੇ ਜੁਆਇੰਟ ਡਾਇਰੈਕਟਰ ਦੇ ਅਹੁਦੇ ਤੱਕ ਪੁੱਜੇ। ਕਈ ਸਾਲ ਉਹਨਾਂ ਬਤੌਰ ਲੋਕ ਸੰਪਰਕ ਅਫ਼ਸਰ ਰਾਜ ਭਵਨ (ਹੁਣ ਲੋਕ ਭਵਨ) ਭਾਵ ਸੂਬੇ ਦੇ ਰਾਜਪਾਲ ਨਾਲ ਵੀ ਸੇਵਾਵਾਂ ਨਿਭਾਈਆਂ ਹਨ।
ਅੱਜ ਉਹਨਾਂ ਨੂੰ ਸ਼ਾਨਦਾਰ ਵਿਦਾਇਗੀ ਦੇ ਕੇ ਘਰ ਤੋਰ ਦਿੱਤਾ ਗਿਆ। ਉਹਨਾਂ ਦੀ ਵਿਦਾਇਗੀ ਪਾਰਟੀ ਮੌਕੇ ਸ਼ਿਖਾ ਦੀਆਂ ਪ੍ਰਾਪਤੀਆਂ, ਨਿਡਰਤਾ ਅਤੇ ਸ਼ਾਨਦਾਰ ਸੇਵਾਵਾਂ ਦੀ ਗੱਲ ਕੀਤੀ ਗਈ ਪਰ ਦਿਲਚਸਪ ਗੱਲ ਇਹ ਹੈ ਕਿ ਸ਼ਿਖਾ ਨਹਿਰਾ ਦੀ ਅੱਜ ਸਿਫ਼ਤਾ ਕਰਨ ਵਾਲਿਆਂ ਨੇ ਉਸਦੀ ਔਖੇ ਵੇਲ਼ੇ ਬਾਂਹ ਨਹੀਂ ਫੜੀ। ਖਾਸਕਰ ਸਿਆਸੀ ਆਗੂਆਂ ਨੇ। ਸ਼ਿਖਾ ਨੇ ਸ਼ਾਨਦਾਰ ਢੰਗ ਨਾਲ ਪੂਰੀ ਤਨਦੇਹੀ ਅਤੇ ਨਿਡਰਤਾ ਨਾਲ ਨੌਕਰੀ ਕੀਤੀ ਹੈ। ਕਦੇ ਕਿਸੇ ਅੱਗੇ ਝੁਕੇ ਨਹੀਂ । ਸੇਵਾਮੁਕਤੀ ਤੋ ਪਹਿਲਾਂ ਵਾਲਾ ਸਾਲ ਸ਼ਿਖਾ ਲਈ ਪੀੜਾ ਦੇਣ ਵਾਲਾ ਰਿਹਾ ਹੈ, ਪਰ ਉਸਨੂੰ ਪੀੜਾ ਦੇਣ ਵਾਲੇ ਵੀ ਪਰੇਸ਼ਾਨੀ ਦੇ ਦੌਰ ਵਿਚ ਗੁਜਰਨ ਲੱਗੇ ਹਨ।

ਉਨ੍ਹਾਂ ਦੇ ਸਨਮਾਨ ਵਿੱਚ ਕਰਵਾਏ ਗਏ ਵਿਦਾਇਗੀ ਸਮਾਰੋਹ ਦੌਰਾਨ ਸਟੇਟ ਮੀਡੀਆ ਮੁਖੀ ਬਲਤੇਜ ਸਿੰਘ ਪੰਨੂ ਨੇ ਸੇਵਾਮੁਕਤ ਹੋ ਰਹੇ ਅਧਿਕਾਰੀ ਨਾਲ ਆਪਣੇ ਲੰਬੇ ਸਾਥ ਨੂੰ ਯਾਦ ਕਰਦਿਆਂ ਕਿਹਾ ਕਿ ਸ਼ਿਖਾ ਨੇਹਰਾ ਨੇ ਹਮੇਸ਼ਾ ਨਿਡਰਤਾ, ਪੂਰੀ ਤਨਦੇਹੀ ਅਤੇ ਪੇਸ਼ੇਵਰ ਵਚਨਬੱਧਤਾ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ। ਉਨ੍ਹਾਂ ਕਿਹਾ ਕਿ ਉਹ ਵਿਭਾਗ ਲਈ ਇੱਕ ਬੇਸ਼ਕੀਮਤੀ ਸਾਬਤ ਹੋਏ ਹਨ।
ਮੁੱਖ ਮੰਤਰੀ ਦੇ ਓਐਸਡੀ (ਮੀਡੀਆ) ਅਮਨਜੋਤ ਸਿੰਘ ਨੇ ਸ਼੍ਰੀਮਤੀ ਨੇਹਰਾ ਨੂੰ ਨਵੇਂ ਲੋਕ ਸੰਪਰਕ ਅਧਿਕਾਰੀਆਂ ਲਈ ਇੱਕ ਪ੍ਰੇਰਣਾਦਾਇਕ ਰੋਲ ਮਾਡਲ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਹਰ ਪੜਾਅ ‘ਤੇ ਨੌਜਵਾਨ ਪੀ.ਆਰ. ਪੇਸ਼ੇਵਰਾਂ ਦੀ ਰਹਿਨੁਮਾਈ ਕੀਤੀ ਅਤੇ ਉਨ੍ਹਾਂ ਨੂੰ ਸਹੀ ਦਿਸ਼ਾ ਪ੍ਰਦਾਨ ਕੀਤੀ।
ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਵਿਸ਼ੇਸ਼ ਸਕੱਤਰ-ਕਮ-ਡਾਇਰੈਕਟਰ ਪੁਨੀਤ ਗੋਇਲ ਨੇ ਸੇਵਾਮੁਕਤ ਅਫ਼ਸਰ ਨੂੰ ਉਨ੍ਹਾਂ ਦੇ ਭਵਿੱਖ ਦੇ ਜੀਵਨ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਪੇਸ਼ੇਵਰ ਕੁਸ਼ਲਤਾ, ਕਾਰਜ ਪ੍ਰਤੀ ਸਮਰਪਣ ਅਤੇ ਮਨੁੱਖੀ ਸੋਚ ਨੂੰ ਵਿਭਾਗ ਹਮੇਸ਼ਾ ਸਤਿਕਾਰ ਨਾਲ ਯਾਦ ਰੱਖੇਗਾ।
ਆਪਣੇ ਸੰਬੋਧਨ ਵਿੱਚ ਸ਼੍ਰੀਮਤੀ ਸ਼ਿਖਾ ਨੇਹਰਾ ਨੇ 1991 ਵਿੱਚ ਸਹਾਇਕ ਲੋਕ ਸੰਪਰਕ ਅਧਿਕਾਰੀ (ਏਪੀਆਰਓ) ਵਜੋਂ ਵਿਭਾਗ ਵਿੱਚ ਸ਼ਾਮਲ ਹੋਣ ਤੋਂ ਲੈ ਕੇ ਅੱਜ ਤੱਕ ਦੇ ਆਪਣੇ ਸਫ਼ਰ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਦੌਰਾਨ ਖ਼ਾਸ ਕਰਕੇ ਤਕਨਾਲੋਜੀ ਦੇ ਖੇਤਰ ਵਿੱਚ ਵਿਭਾਗ ਦੇ ਕੰਮਕਾਜ ਵਿੱਚ ਬਹੁਤ ਵੱਡੇ ਬਦਲਾਅ ਆਏ ਹਨ। ਉਨ੍ਹਾਂ ਇਸ ਨਿੱਘੇ ਅਤੇ ਯਾਦਗਾਰੀ ਵਿਦਾਇਗੀ ਸਮਾਰੋਹ ਲਈ ਵਿਭਾਗ ਦਾ ਦਿਲੋਂ ਧੰਨਵਾਦ ਵੀ ਕੀਤਾ।
ਇਸ ਮੌਕੇ ਹਾਜ਼ਰ ਸ਼ਖ਼ਸੀਅਤਾਂ ਵੱਲੋਂ ਸ਼੍ਰੀਮਤੀ ਸ਼ਿਖਾ ਨੇਹਰਾ ਨੂੰ ਉਨ੍ਹਾਂ ਦੀਆਂ ਲੰਬੀ ਅਤੇ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਉਪ ਸਕੱਤਰ ਦੀਪਾਂਕਰ ਗਰਗ, ਵਧੀਕ ਡਾਇਰੈਕਟਰ ਰਣਦੀਪ ਸਿੰਘ ਆਹਲੂਵਾਲੀਆ, ਜੁਆਇੰਟ ਡਾਇਰੈਕਟਰ ਪ੍ਰੀਤ ਕੰਵਲ ਸਿੰਘ, ਇਸ਼ਵਿੰਦਰ ਸਿੰਘ ਗਰੇਵਾਲ ਅਤੇ ਮਨਵਿੰਦਰ ਸਿੰਘ, ਡਿਪਟੀ ਡਾਇਰੈਕਟਰ ਰਾਸ਼ਿਮ ਵਰਮਾ, ਰੁਚੀ ਕਾਲੜਾ, ਨਵਦੀਪ ਸਿੰਘ ਗਿੱਲ, ਹਾਕਮ ਥਾਪਰ, ਸ਼ੇਰਜੰਗ ਸਿੰਘ ਹੁੰਦਲ ਅਤੇ ਨਰਿੰਦਰ ਪਾਲ ਸਿੰਘ ਜਗਦਿਓ ਤੋਂ ਇਲਾਵਾ ਵਿਭਾਗ ਦੇ ਸਮੂਹ ਪੀ.ਆਰ.ਓ., ਏਪੀਆਰਓ., ਡੀਪੀਆਰਓ., ਸਟਾਫ਼ ਮੈਂਬਰ ਅਤੇ ਸੇਵਾਮੁਕਤ ਅਧਿਕਾਰੀ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ।
——