ਚੰਡੀਗੜ੍ਹ, 22 ਜੁਲਾਈ (ਖ਼ਬਰ ਖਾਸ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਬਰਨਾਲਾ ਵਿੱਚ ਹੜਤਾਲ ਕਰ ਰਹੇ ਸਫਾਈ ਸੇਵਕਾਂ ਉੱਤੇ ਹੋਏ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਦੋਹਰਾ ਚਿਹਰਾ ਇੱਕ ਵਾਰ ਫਿਰ ਬੇਨਕਾਬ ਹੋ ਗਿਆ ਹੈ। ਦਿੱਲੀ ਵਿੱਚ ਕਿਸੇ ਵੀ ਲਾਠੀਚਾਰਜ ਦੀ ਘਟਨਾ ‘ਤੇ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਪ੍ਰੈੱਸ ਕਾਨਫ਼ਰੰਸਾਂ ਕਰਕੇ ਲੋਕਤੰਤਰ ਦੀ ਰੱਖਿਆ ਦਾ ਦਾਅਵਾ ਕਰਦੇ ਹਨ, ਪਰ ਪੰਜਾਬ ਵਿੱਚ ਉਨ੍ਹਾਂ ਦੀ ਆਪਣੀ ਸਰਕਾਰ ਮਿਹਨਤਕਸ਼ਾਂ ‘ਤੇ ਡਾਂਗਾਂ ਵਰਸਾ ਰਹੀ ਹੈ ਅਤੇ ਉਹ ਚੁੱਪ ਧਾਰ ਕੇ ਬੈਠੇ ਹਨ।
ਪਹਿਲਾ ਲਾਈਨ ਮੈਨਾਂ ਉੱਤੇ ਅੰਨਾ ਤਸ਼ੱਦਦ ਕੀਤਾ ਗਿਆ ਇਸ ਤੋਂ ਬਾਅਦ ਮਨਰੇਗਾ ਦੇ ਮੁਲਾਜ਼ਮਾਂ ਉੱਪਰ ਤਸ਼ੱਦਦ ਕੀਤਾ ਗਿਆ ਅਤੇ ਹੁਣ ਸਫਾਈ ਸੇਵਕਾਂ ਉੱਪਰ ਪੰਜਾਬ ਪੁਲਿਸ ਨੇ ਗੁਰੂ ਦੋਖੀ ਭਗਵੰਤ ਮਾਨ ਦੇ ਇਸ਼ਾਰੇ ਤੇ ਅੰਨਾ ਤਸ਼ੱਦਦ ਕੀਤਾ ਹੈ। ਅਤੇ ਇਹਨਾਂ ਨੇ ਔਰਤਾਂ ਨੂੰ ਵੀ ਨਹੀਂ ਬਖਸ਼ਿਆ ਅਤੇ ਉਨਾ ਤੇ ਜੰਮ ਕੇ ਡਾਂਗਾਂ ਮਾਰੀਆਂ ਜਿਸ ਨਾਲ ਕਈ ਔਰਤਾਂ ਨੂੰ ਸੱਟਾਂ ਵੀ ਆਈਆਂ ਹਨ। ਪੰਜਾਬ ਨੂੰ ਪੁਲਿਸ ਸਟੇਟ ਬਣਾ ਦਿੱਤਾ ਗਿਆ ਹੈ ਕਿ ਜੇਕਰ ਕੋਈ ਵੀ ਬੋਲਦਾ ਹੈ ਜਾਂ ਆਪਣੇ ਹੱਕ ਮੰਗਦਾ ਹੈ ਤਾਂ ਉਹਨਾਂ ਦੀ ਬੋਲਤੀ ਬੰਦ ਕਰ ਦਿੱਤੀ ਜਾਵੇ ਅਤੇ ਕੁਚਲ ਦਿੱਤੀ ਜਾਵੇ ਜਿਸ ਬਾਰੇ ਪੁਲਿਸ ਨੂੰ ਖੁੱਲੀ ਛੁੱਟੀ ਦੇ ਦਿੱਤੀ ਗਈ ਹੈ।
ਮਜੀਠੀਆ ਨੇ ਕਿਹਾ ਕਿ ਬਰਨਾਲਾ ਦੀਆਂ ਸੜਕਾਂ ‘ਤੇ ਸਾਹਮਣੇ ਆਏ ਦ੍ਰਿਸ਼ ਬਹੁਤ ਦੁਖਦਾਈ ਹਨ। ਜਿਨ੍ਹਾਂ ਸਫਾਈ ਸੇਵਕਾਂ ਨੇ ਸਾਲਾਂ ਤੱਕ ਸ਼ਹਿਰ ਨੂੰ ਸਾਫ਼ ਰੱਖਿਆ, ਅੱਜ ਉਹ ਆਪਣੇ ਹੱਕਾਂ ਦੀ ਮੰਗ ਕਰਨ ਲਈ ਸੜਕ ‘ਤੇ ਉਤਰੇ ਤਾਂ ਉਨ੍ਹਾਂ ਦਾ ਜਵਾਬ ਗੱਲਬਾਤ ਨਾਲ ਨਹੀਂ, ਸਗੋਂ ਲਾਠੀਆਂ ਨਾਲ ਦਿੱਤਾ ਗਿਆ। ਸਭ ਤੋਂ ਵੱਧ ਪੀੜਾਦਾਇਕ ਗੱਲ ਇਹ ਹੈ ਕਿ ਮਹਿਲਾ ਸਫਾਈ ਕਰਮਚਾਰੀਆਂ ਨੂੰ ਵੀ ਨਹੀਂ ਬਖ਼ਸ਼ਿਆ ਗਿਆ। ਉਨ੍ਹਾਂ ਨਾਲ ਧੱਕਾ-ਮੁੱਕੀ ਹੋਈ, ਲਾਠੀਆਂ ਚਲੀਆਂ ਅਤੇ ਕਈ ਮਹਿਲਾਵਾਂ ਜ਼ਖ਼ਮੀ ਹੋਈਆਂ। ਇਹ ਤਸਵੀਰਾਂ ਹਰ ਸੰਵੇਦਨਸ਼ੀਲ ਪੰਜਾਬੀ ਦੇ ਮਨ ਨੂੰ ਝੰਝੋੜਦੀਆਂ ਹਨ।
ਉਨ੍ਹਾਂ ਕਿਹਾ ਕਿ ਇਹ ਕੋਈ ਇਕੱਲੀ ਘਟਨਾ ਨਹੀਂ। ਇਸ ਤੋਂ ਪਹਿਲਾਂ ਮਨਰੇਗਾ ਕਰਮਚਾਰੀਆਂ, ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਬੇਰੁਜ਼ਗਾਰ ਲਾਈਨਮੈਨਾਂ ਅਤੇ ਹੁਣ ਸਫਾਈ ਸੇਵਕਾਂ ‘ਤੇ ਵੀ ਬਲ ਪ੍ਰਯੋਗ ਕੀਤਾ ਗਿਆ। ਅਜਿਹਾ ਲੱਗਦਾ ਹੈ ਕਿ ਇਸ ਸਰਕਾਰ ਦੇ ਰਾਜ ਵਿੱਚ ਜੋ ਵੀ ਆਪਣੇ ਹੱਕਾਂ ਦੀ ਗੱਲ ਕਰਦਾ ਹੈ, ਉਸ ਨੂੰ ਪੁਲਿਸ ਦੀਆਂ ਲਾਠੀਆਂ ਨਾਲ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਕੇਜਰੀਵਾਲ ਅਤੇ ਸਿਸੋਦੀਆ ਦਿੱਲੀ ਵਿੱਚ ਹਰ ਘਟਨਾ ‘ਤੇ ਹੰਝੂ ਵਹਾਉਂਦੇ ਹਨ, ਪਰ ਪੰਜਾਬ ਦੀਆਂ ਮਾਵਾਂ-ਭੈਣਾਂ ਦੇ ਦਰਦ ‘ਤੇ ਉਨ੍ਹਾਂ ਦੀ ਚੁੱਪੀ ਦੱਸਦੀ ਹੈ ਕਿ ਉਨ੍ਹਾਂ ਦਾ ਲੋਕਤੰਤਰ ਅਤੇ ਕਰਮਚਾਰੀਆਂ ਦੇ ਹੱਕਾਂ ਬਾਰੇ ਰਵੱਈਆ ਦੋਹਰੇ ਮਾਪਦੰਡਾਂ ‘ਤੇ ਅਧਾਰਿਤ ਹੈ।
ਮਜੀਠੀਆ ਨੇ ਮੰਗ ਕੀਤੀ ਕਿ ਬਰਨਾਲਾ ਦੀ ਘਟਨਾ ਦੀ ਨਿਰਪੱਖ ਜਾਂਚ ਕਰਵਾਈ ਜਾਵੇ, ਜ਼ਖ਼ਮੀ ਸਫਾਈ ਕਰਮਚਾਰੀਆਂ ਨੂੰ ਬਣਦਾ ਇਨਸਾਫ਼ ਅਤੇ ਇਲਾਜ ਮੁਹੱਈਆ ਕਰਵਾਇਆ ਜਾਵੇ ਅਤੇ ਜੇਕਰ ਬਲ ਪ੍ਰਯੋਗ ਦੌਰਾਨ ਕਿਸੇ ਵੱਲੋਂ ਨਿਯਮਾਂ ਦੀ ਉਲੰਘਣਾ ਹੋਈ ਹੈ ਤਾਂ ਉਸ ਦੀ ਜਵਾਬਦੇਹੀ ਵੀ ਤੈਅ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਇਸ਼ਤਿਹਾਰਾਂ ਨਾਲ ਸੱਚ ਨਹੀਂ ਬਦਲਦਾ। ਪੰਜਾਬ ਦੇ ਮਿਹਨਤਕਸ਼ਾਂ ਦੇ ਅੱਥਰੂ ਅਤੇ ਉਨ੍ਹਾਂ ਦਾ ਦਰਦ ਲੋਕ ਯਾਦ ਰੱਖਣਗੇ। ਜਨਤਾ ਲੋਕਤੰਤਰ ਵਿੱਚ ਆਪਣਾ ਫ਼ੈਸਲਾ ਆਪ ਸੁਣਾਉਂਦੀ ਹੈ।