ਵੜਿੰਗ ਦਾ ਇਹ ਗਲਤ ਫ਼ੈਸਲਾ, ਉਸਦੀ ਸਿਆਸੀ ਕਿਸ਼ਤੀ ਡੋਬ ਸਕਦਾ!

ਚੰਡੀਗੜ੍ਹ 15 ਜੂਨ (ਖ਼ਬਰ ਖਾਸ ਬਿਊਰੋ)

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਅੱਜ  ਲਿਆ ਗਿਆ ਗਲਤ ਫ਼ੈਸਲਾ ਉਸਦੇ ਸਿਆਸੀ ਪਤਨ ਦਾ ਕਾਰਨ ਬਣ ਸਕਦਾ ਹੈ। ਸਿਆਸੀ ਬੰਦੇ ਨੂੰ ਹਰੇਕ ਬਿਆਨ ਅਤੇ ਫੈਸਲਾ ਬਹੁਤ ਸੋਚ ਸਮਝ ਕੇ ਲੈਣਾ ਚਾਹੀਦਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੱਗਦਾ ਅੱਜ ਕਾਹਲੀ ਵਿਚ ਬਿਨਾਂ ਸੋਚੇ ਸਮਝੇ ਫੈਸਲਾ ਲੈ ਲਿਆ । ਇਸਦਾ ਉਸਨੂੰ ਵੱਡਾ ਸਿਆਸੀ ਨੁਕਸਾਨ ਭੁਗਤਣਾ ਪੈ ਸਕਦਾ ਹੈ ਕਿਉਂਕਿ ਵੜਿੰਗ ਉਤੇ ਪਹਿਲਾਂ ਹੀ ਇਕ ਵਿਸ਼ੇਸ਼ ਵਰਗ ਦੇ ਖਿਲਾਫ਼ ਭੁਗਤਣ ਦੇ ਦੋਸ਼ ਲੱਗ ਰਹੇ ਹਨ।

ਰਾਜਾ ਵੜਿੰਗ ਦਾ ਇਹ ਦੋਸ਼ ਕਿ ਅਨੁਸੂਚਿਤ ਜਾਤੀ ਕਮਿਸ਼ਨ ਦਾ ਚੇਅਰਮੈਨ ਜਸਵੀਰ ਸਿੰਘ ਗੜੀ ਇਕ ਪਾਰਟੀ ਵਿਸ਼ੇਸ਼ ਦੇ ਨੁਮਾਇੰਦੇ ਵਜੋਂ ਕੰਮ ਕਰ ਰਿਹਾ ਹੈ, ਕਿਸੇ ਹ੍ੱਦ ਤੱਕ ਸਹੀ ਜਾਂ ਸੱਚ ਹੋ ਸਕਦਾ ਹੈ। ਦੇਸ਼ ਅਤੇ ਸਿਆਸਤ ਦੀ ਇਹ ਵੱਡੀ ਤ੍ਰਾਸਦੀ ਹੈ ਕਿ ਪਿਛਲੇ ਲੰਬੇ ਅਰਸੇ ਤੋ ਦੇਖਣ ਵਿਚ ਆ ਰਿਹਾ ਹੈ ਕਿ ਜ਼ਿਆਦਾਤਰ ਕਮਿਸ਼ਨ ਜਾਂ ਕਮਿਸ਼ਨਾਂ ਦੇ ਚੇਅਰਮੈਨ, ਮੈਂਬਰ ਸਰਕਾਰ ਦੇ ਨਾਲ  ਮਿਲਕੇ ਚੱਲਦੇ ਹਨ ਜਾਂ ਸਰਕਾਰ ਦੀ ਇੱਛਾ ਮੁਤਾਬਕ ਫੈਸਲਾ ਲੈਂਦੇ ਹਨ।

ਪਰ ਵੜਿੰਗ ਨੇ ਜੋ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਅੱਗੇ ਪੇਸ਼ ਨਾ ਹੋਣ ਦਾ ਬਿਆਨ ਦਿੱਤਾ ਜਾਂ ਫੈਸਲਾ ਦਿੱਤਾ ਹੈ, ਇਹ ਉਸ ਲਈ ਵੱਡਾ ਘਾਤਕ ਸਾਬਿਤ ਹੋਵੇਗਾ। ਵੜਿੰਗ ਨੇ ਆਪਣੇ ਬਿਆਨ ਨਾਲ ਸੰਵਿਧਾਨ ਨੂੰ ਹੱਥ ਵਿਚ ਫੜੇ ਹੋਣ ਦੀ ਫੋਟੋ ਵੀ ਭੇਜੀ ਹੈ, ਪਰ ਉਸੀ ਸੰਵਿਧਾਨ ਨਾਲ ਬਣੇ ਕਮਿਸ਼ਨ ਨੂੰ ਮੰਨਣ ਤੋ ਇਨਕਾਰ ਕਰ ਰਹੇ ਹਨ। ਵੜਿੰਗ ਨੂੰ ਕਮਿਸ਼ਨ ਅੱਗੇ ਪੇਸ਼ ਹੋਣਾ ਚਾਹੀਦਾ ਸੀ ਅਤੇ ਆਪਣਾ ਪੱਖ ਰੱਖਣਾ  ਚਾਹੀਦਾ ਹੈ। ਜੇਕਰ ਉਹਨਾਂ ਨੂੰ ਤਸੱਲੀ ਨਾ ਹੋਵੇ ਤਾਂ ਉਸਤੋ ਬਾ੍ਦ ਦੂਸਰੀ ਕੋਰਟ ਵਿਚ ਜਾਣ ਦਾ ਉਹਨਾ ਕੋਲ ਖੁੱਲਾ ਰਸਤਾ ਹੈ। ਇਕ ਅਦਾਲਤ ਦੇ ਫੈਸਲੇ ਬਾਅਦ ਉਪਰਲੀ ਅਦਾਲਤ ਵਿਚ ਜਾਣ ਦਾ ਹਰੇਕ ਵਿਅਕਤੀ ਕੋਲ ਅਧਿਕਾਰ ਹੈ। ਪਰ ਜਿਵੇਂ ਉਨਾਂ ਨੇ ਗੜੀ ਕੋਲ ਪੇਸ਼ ਨਾ ਹੋਣ ਦੀ ਗੱਲ ਕਹੀ ਹੈ, ਇਸ ਨਾਲ ਉਹਨਾਂ ਦੇ ਮਨ ਵਿਚ ਇਕ ਖਾਸ ਵਰਗ ਪ੍ਰਤੀ ਨਫਰਤ ਦੀ ਭਾਵਨਾ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ 👉  ਨਾਟਕਕਾਰ ਦਵਿੰਦਰ ਦਮਨ ਦੇ ਸ਼ਾਹਕਾਰ ਨਾਟਕ ‘ਕਤਰਾ ਕਤਰਾ ਜ਼ਿੰਦਗੀ’ ਦਾ ਨਾਟ ਪਾਠ ਸਮਾਗਮ ਕਰਵਾਇਆ

ਵੜਿੰਗ ਪਹਿਲਾਂ ਹੀ ਪਾਰਟੀ ਦੇ ਇਕ ਸੀਨੀਅਰ ਮਰਹੂਮ ਨੇਤਾ ਬੂਟਾ ਸਿੰਘ ਬਾਰੇ ਕਾਲੇ ਰੰਗ ਬਾਰੇ ਦਿੱਤੇ ਬਿਆਨ ਕਾਰਨ ਵਿਵਾਦਾਂ ਵਿਚ ਘਿਰ ਗਏ ਸਨ। ਕਾਲੇ ਰੰਗ ਵਾਲੇ ਬਿਆਨ ਨੇ ਵੜਿੰਗ ਦਾ ਵੱਡਾ ਸਿਆਸੀ ਨੁਕਾਸਨ ਕੀਤਾ ਭਾਵੇਂ ਅੱਜ ਉਸਨੂੰ ਮਹਿਸੂਸ ਨਹੀ ਹੋ ਰਿਹਾ। ਤਰਨ ਤਾਰਨ ਚੋਣਾਂ ਵਿਚ ਉਹਨਾਂ ਸਰਕਾਰ ਦੇ ਮੰਤਰੀ ਹਰਭਜਨ ਸਿੰਘ ਈਟੀਓ ਬਾਰੇ ਕੀ ਬਿਆਨ  ਦਿੱਤਾ ਉਸਨੂੰ ਪਾਸੇ ਰੱਖ ਦਿੱਤਾ ਜਾਵੇ, ਪਰ ਜਿਵੇਂ ਅੱਜ ਉਹਨਾਂ ਕਮਿਸ਼ਨ ਅੱਗੇ ਪੇਸ਼ ਨਾ ਹੋਣ ਦੀ ਗੱਲ ਕਹੀ ਹੈ, ਇਹ ਉਹਨਾਂ ਦੇ ਕਮਿਸ਼ਨ , ਗੜੀ ਨਾਲ ਈਰਖਾ ਨੂੰ ਦਰਸ਼ਾਉਂਦਾ ਹੈ।

ਗੜੀ ਇਕੱਲਾ ਨਹੀਂ ਹੈ, ਦੱਸੋ ਕਿਹੜਾ ਕਮਿਸ਼ਨ ਜਾਂ ਚੇਅਰਮੈਨ ਸਰਕਾਰ ਅਨੁਸਾਰ ਨਹੀਂ ਚੱਲਦਾ। ਪਰ ਜਿੱਥੇ ਤੱਕ ਗੜੀ ਦਾ ਸਬੰਧ ਹੈ, ਉਹ ਫਿਰ ਵੀ ਸਮਾਜ ਅਤੇ ਅਨੁਸੂਚਿਤ ਜਾਤੀ ਵਰਗ ਦੇ ਹਿਤ ਅਨੁਸਾਰ ਫੈਸਲਾ ਲੈ ਰਿਹਾ ਹੈ। ਇਸਦੀ ਵਜਾ ਉਸਦੇ ਡਾ ਅੰਬੇਦਕਰ ਦੀ ਵਿਚਾਰਧਾਰਾ ਨੂੰ ਅਪਨਾਉਣਾ ਅਤੇ ਦਲਿਤ ਵਰਗ ਨੂੰ ਧੌਣ ਉਚੀ ਕਰਕੇ ਜਿਉਣਾ ਸਿਖਾਉਣ ਵਾਲੇ ਸਾਹਿਬ ਕਾਂਸੀ ਰਾਮ ਨਾਲ ਕੰਮ ਕਰਨਾ ਹੈ। ਹਾਂ ਇਹ ਵੀ ਸੱਚ ਹੈ ਕਿ ਬਹੁਤ ਸਾਰੇ ਕਮਿਸ਼ਨਾਂ ਦੇ ਚੇਅਰਮੈਨ , ਮੈਂਬਰ ਸਿਆਸੀ ਪਾਰਟੀਆਂ ਦੀਆਂ ਸਿਆਸੀ ਗਤੀਵਿਧੀਆ ਵਿਚ ਹਿੱਸਾ ਵੀ ਲੈਂਦੇ ਹਨ।

ਪਰ ਜਿੱਥੇ ਤੱਕ ਰਾਜਾ ਵੜਿੰਗ ਦੀ ਬਿਆਨਬਾਜ਼ੀ ਦਾ ਸਬੰਧ ਹੈ, ਉਹ ਕਈ ਵਾਰ ਬਿਨਾਂ ਸੋਚੇ, ਸਮਝੇ ਬਿਆਨ ਦੇ ਬੈਠਦਾ ਹੈ। ਬੇਸ਼੍ਕ ਉਹਨਾਂ ਦੀ ਮਨਸ਼ਾ ਨਾ ਹੋਵੇ ਪਰ ਬਿਆਨ ਪੁੱਠਾ ਪੈ ਸਕਦਾ ਹੈ।

ਇਸ ਲਈ ਜੇਕਰ ਉਹਨਾਂ ਆਪਣੀ ਗਲਤੀ ਨਾ ਸੁਧਾਰੀ ਤਾਂ ਉਹਨਾਂ ਦਾ ਵੱਡਾ ਸਿਆਸੀ ਨੁਕਸਾਨ ਹੋ ਸਕਦਾ ਹੈ। ਪੰਜਾਬ ਵਿਚ ਅਨੁਸੂਚਿਤ ਜਾਤੀ ਵਰਗ ਦੀ ਇਕ ਵੱਡੀ ਆਬਾਦੀ ਹੈ। ਆਮ ਆਦਮੀ ਪਾਰਟੀ , ਭਾਜਪਾ ਪਹਿਲਾਂ ਹੀ ਇਸ ਵਰਗ ਨੂੰ ਆਪਣੇ ਨਾਲ ਲਾਉਣ ਯਤਨਾਂ  ਵਿਚ ਲੱਗੀ ਹੋਈ ਹੈ।

ਹੋਰ ਪੜ੍ਹੋ 👉  ਅਕਾਲ ਤਖ਼ਤ ਸਾਹਿਬ ਦੇ ਸਤਿਕਾਰ ਵਜੋਂ ਭਗਵੰਤ ਮਾਨ ਨੂੰ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ: ਕੇਵਲ ਸਿੰਘ ਢਿੱਲੋਂ

 

ਆਪ ਦੇ ਨੁਮਾਇੰਦੇ ਵਜੋਂ ਕੰਮ ਕਰ ਰਹੇ ਹਨ ਗੜ੍ਹੀ: ਵੜਿੰਗ

ਚੰਡੀਗੜ੍ਹ-ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਉਹ ਦੇਸ਼ ਦੀਆਂ ਸਾਰੀਆਂ ਸੰਵਿਧਾਨਕ ਅਤੇ ਕਾਨੂੰਨੀ ਸੰਸਥਾਵਾਂ ਦਾ ਪੂਰਾ ਸਤਿਕਾਰ ਕਰਦੇ ਹਨ, ਜਿਨ੍ਹਾਂ ਵਿੱਚ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਵੀ ਸ਼ਾਮਲ ਹੈ।

ਹਾਲਾਂਕਿ ਉਨ੍ਹਾਂ ਨੇ ਜ਼ੋਰ ਦਿੰਦਿਆਂ, ਕਿਹਾ ਕਿ ਕਮਿਸ਼ਨ ਦੇ ਮੌਜੂਦਾ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਆਮ ਆਦਮੀ ਪਾਰਟੀ ਅਤੇ ਉਸਦੀ ਸਰਕਾਰ ਦੇ ਨੁਮਾਇੰਦੇ ਵਾਂਗ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਗੜ੍ਹੀ ਉੱਤੇ ਕੋਈ ਭਰੋਸਾ ਨਹੀਂ ਹੈ ਅਤੇ ਉਹ ਕਿਸੇ ਵੀ ਹਾਲਤ ਵਿੱਚ ਇਨ੍ਹਾਂ ਸਾਹਮਣੇ ਪੇਸ਼ ਨਹੀਂ ਹੋਣਗੇ। ਉਨ੍ਹਾਂ ਨੇ ਕਿਹਾ ਕਿ ਉਹ ਇਨਸਾਫ ਲਈ ਅਦਾਲਤਾਂ ਦਾ ਦਰਵਾਜ਼ਾ ਖੜਕਾਉਣਗੇ।

ਇਸ ਲੜੀ ਹੇਠ, ਇੱਕ ਸਵਾਲ ਦੇ ਜਵਾਬ ਵਿੱਚ ਕਿ ਕੀ ਉਹ ਸਮਨ ਦੇ ਮਾਮਲੇ ਵਿੱਚ ਕਮਿਸ਼ਨ ਦੇ ਚੇਅਰਮੈਨ ਸਾਹਮਣੇ ਪੇਸ਼ ਹੋਣਗੇ, ਵੜਿੰਗ ਨੇ ਕਿਹਾ ਕਿ ਗੜ੍ਹੀ ਲਗਾਤਾਰ ਆਪ ਦੇ ਨੁਮਾਇੰਦੇ ਵਜੋਂ ਕੰਮ ਕਰਦੇ ਰਹੇ ਹਨ ਅਤੇ ਰਾਜਨੀਤਿਕ ਮਕਸਦਾਂ ਨਾਲ ਕਾਰਵਾਈ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਐਸ.ਸੀ ਕਮਿਸ਼ਨ ਦੇ ਮੁਖੀ ਹੋਣ ਦੇ ਨਾਤੇ ਉਹ ਸਰਕਾਰ ਤੋਂ ਸੁਤੰਤਰ ਅਤੇ ਖੁਦਮੁਖਤਿਆਰ ਹਨ। ਲੇਕਿਨ ਅਫ਼ਸੋਸ ਦੀ ਗੱਲ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਨਾਲ ਇਨਸਾਫ ਨਹੀਂ ਕਰ ਰਹੇ ਹਨ।

ਇਸੇ ਤਰ੍ਹਾਂ, ਗੁਰਦਾਸਪੁਰ ਅਤੇ ਦੀਨਾਨਗਰ ਵਿੱਚ ਕਾਂਗਰਸ ਦੀ ਜਿੱਤ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਵੜਿੰਗ ਨੇ ਕਿਹਾ ਕਿ ਕੰਧ ਉੱਤੇ ਲਿਖਿਆ ਸਾਫ਼ ਨਜ਼ਰ ਆ ਰਿਹਾ ਹੈ ਕਿ ਕਾਂਗਰਸ ਆ ਰਹੀ ਹੈ, ਜਦਕਿ ਆਪ ਜਾ ਰਹੀ ਹੈ।

ਹੋਰ ਪੜ੍ਹੋ 👉  25 ਜੂਨ ਤੋਂ ਪੰਜਾਬ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ SIR ਘਰ-ਘਰ ਗਣਨਾ ਹੋਵੇਗੀ ਸ਼ੁਰੂ

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਵੀ ਕਿਹਾ ਸੀ ਅਤੇ ਅੱਜ ਫਿਰ ਤੋਂ ਦੁਹਰਾ ਰਹੇ ਹਨ ਕਿ ਪੰਜਾਬ ਵਿੱਚ ਆਪ ਦਹਾਈ ਦੇ ਅੰਕੜੇ ਤੱਕ ਵੀ ਨਹੀਂ ਪਹੁੰਚੇਗੀ। ਲੋਕਾਂ ਸਾਹਮਣੇ ਪਾਰਟੀ ਪੂਰੀ ਤਰ੍ਹਾਂ ਬੇਨਕਾਬ ਹੋ ਚੁੱਕੀ ਹੈ ਅਤੇ ਆਉਣ ਵਾਲੇ ਛੇ ਮਹੀਨਿਆਂ ਵਿੱਚ ਲੋਕ ਸ਼ਾਇਦ ਪਾਰਟੀ ਦਾ ਨਾਮ ਵੀ ਭੁੱਲ ਜਾਣ। ਉਨ੍ਹਾਂ ਨੇ ਕਿਹਾ ਕਿ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਬਾਰੇ ਆਪ ਦੇ ਦਾਅਵੇ ਗਲਤ ਸਾਬਤ ਹੋਣਗੇ, ਕਿਉਂਕਿ ਇਹ ਚੋਣਾਂ ਕਦੇ ਵੀ ਵਿਧਾਨ ਸਭਾ ਚੋਣਾਂ ਦਾ ਸੂਚਕ ਨਹੀਂ ਰਹੀਆਂ।

ਜਦਕਿ ਪਾਰਟੀ ਦੀਆਂ ਅਗਲੀਆਂ ਗਤੀਵਿਧੀਆਂ ਬਾਰੇ ਉਨ੍ਹਾਂ ਕਿਹਾ ਕਿ ਕਾਂਗਰਸ, ਆਪ ਅਤੇ ਅਕਾਲੀ ਦਲ ਵਰਗੀਆਂ ਛੋਟੀਆਂ ਪਾਰਟੀਆਂ ਤੋਂ ਵੱਖਰੀ ਇੱਕ ਕੌਮੀ ਪਾਰਟੀ ਹੈ ਅਤੇ ਇਸਦਾ ਕੰਮ ਕਰਨ ਦਾ ਢੰਗ ਵੀ ਵੱਖਰਾ ਹੈ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਪਾਰਟੀ ਜਲਦ ਹੀ ਇੱਕ ਵਿਸ਼ਾਲ ਲੋਕ ਸੰਪਰਕ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ, ਜਿਹੜੀ ਚੋਣਾਂ ਤੱਕ ਲਗਾਤਾਰ ਚੱਲੇਗੀ।

 

 ਕਮਿਸ਼ਨ ਵਲੋਂ ਰਾਜਾ ਵੜਿੰਗ ਮਾਮਲੇ ਵਿਚ ਪੰਜਾਬ ਪੁਲਿਸ ਤੋਂ 2 ਜੁਲਾਈ ਨੂੰ ਰਿਪੋਰਟ ਤਲਬ

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਵਲੋਂ ਦਿੱਤੀ ਗਈ ਸ਼ਿਕਾਇਤ ਉਤੇ ਕਾਰਵਾਈ ਕਰਦਿਆਂ ਅੰਮ੍ਰਿਤਸਰ ਦਿਹਾਤੀ ਪੁਲਿਸ ਤੋਂ 2 ਜੁਲਾਈ 2026 ਨੂੰ ਰਿਪੋਰਟ ਤਲਬ ਕੀਤੀ ਹੈ।
ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਵਲੋਂ ਲਿਖਤੀ ਸ਼ਿਕਾਇਤ ਦਿੱਤੀ ਗਈ ਕਿ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਫਰਵਰੀ 2026 ਦੌਰਾਨ ਤਰਨਤਾਰਨ ਚੋਣਾਂ ਦੌਰਾਨ ਮੇਰੇ ਖ਼ਿਲਾਫ਼ ਲੋਕਾਂ ਨੂੰ ਭੜਕਾਉਣ ਲਈ ਬਿਆਨਬਾਜ਼ੀ ਕੀਤੀ ਅਤੇ ਕਿਹਾ ਕਿ ਇਸ ਦੀ ਗਰਦਨ ਮਰੋੜਨ ਵਿਚ ਤਿੰਨ ਮਿੰਟ ਲੱਗਣੇ ਹਨ।

Leave a Reply

Your email address will not be published. Required fields are marked *