ਭੰਗੂ ਦੀ ਮੌਤ ਬਾਰੇ ਨੀਲੋਂ ਦਾ ਸਿਸਟਮ ਪ੍ਰਤੀ ਤਿੱਖਾ ਵਾਰ-ਸਿਸਟਮ ਗਟਰ ਬਣ ਗਿਆ ਹੈ !

ਬੁੱਧ ਚਿੰਤਨ

ਕਈ ਵਾਰ ਕੋਈ ਘਟਨਾ ਸਿਰਫ਼ ਇੱਕ ਹਾਦਸਾ ਨਹੀਂ ਹੁੰਦੀ, ਉਹ ਪੂਰੇ ਸਿਸਟਮ ਦਾ ਚਿਹਰਾ ਨੰਗਾ ਕਰ ਦਿੰਦੀ ਹੈ। ਸਵਾਲ ਇਹ ਨਹੀਂ ਕਿ ਇੱਕ ਇਨਸਾਨ ਖੁੱਲ੍ਹੇ ਗਟਰ ਵਿੱਚ ਡਿੱਗ ਕੇ ਮਰ ਗਿਆ। ਅਸਲ ਸਵਾਲ ਇਹ ਹੈ ਕਿ ਕੀ ਅਸੀਂ ਅਜਿਹਾ ਸਮਾਜ ਅਤੇ ਅਜਿਹਾ ਪ੍ਰਬੰਧ ਖੜ੍ਹਾ ਕਰ ਲਿਆ ਹੈ, ਜਿੱਥੇ ਇਨਸਾਨ ਦੀ ਜ਼ਿੰਦਗੀ ਦੀ ਕੀਮਤ ਗਟਰ ਦੇ ਢੱਕਣ ਤੋਂ ਵੀ ਘੱਟ ਰਹਿ ਗਈ ਹੈ?
ਜਦੋਂ ਕੋਈ ਜੁਝਾਰੂ, ਕੋਈ ਸਮਾਜ ਸੇਵੀ, ਕੋਈ ਤਰਕਸ਼ੀਲ ਚਿੰਤਕ ਜਾਂ ਲੋਕਾਂ ਦੀ ਆਵਾਜ਼ ਬਣਨ ਵਾਲਾ ਮਨੁੱਖ ਸਿਸਟਮ ਦੀ ਲਾਪਰਵਾਹੀ ਦਾ ਸ਼ਿਕਾਰ ਬਣਦਾ ਹੈ, ਤਾਂ ਉਦੋਂ ਮਰਦਾ ਸਿਰਫ਼ ਇੱਕ ਵਿਅਕਤੀ ਨਹੀਂ ਹੁੰਦਾ, ਉਸ ਨਾਲ ਸਮਾਜ ਦੀ ਇੱਕ ਚੇਤਨਾ, ਇੱਕ ਸਵਾਲ ਪੁੱਛਣ ਵਾਲੀ ਆਵਾਜ਼ ਅਤੇ ਇੱਕ ਜਾਗਦੀ ਜ਼ਮੀਰ ਵੀ ਜ਼ਖ਼ਮੀ ਹੋ ਜਾਂਦੀ ਹੈ। ਉਸਦੀ ਰੂਹ ਛਲਣੀ ਛਲਣੀ ਹੋ ਜਾਂਦੀ ਹੈ, ਜਿਥੇ ਅੱਖਾਂ ਵਿਚੋਂ ਲ਼ਹੂ ਦੇ ਅੱਥਰੂ ਵਹਾਉਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਰਹਿ ਜਾਂਦਾ।

ਬੁੱਧ ਸਿੰਘ ਨੀਲੋਂ

ਸਵਰਨ ਸਿੰਘ ਭੰਗੂ ਦੀ ਮੌਤ ਸਿਰਫ਼ ਇੱਕ ਦੁਰਘਟਨਾ ਨਹੀਂ। ਇਹ ਉਸ ਸਿਸਟਮ ਦੇ ਮੂੰਹ ‘ਤੇ ਚਪੇੜ ਹੈ ਜੋ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰਦਾ ਹੈ ਪਰ ਲੋਕਾਂ ਨੂੰ ਸੁਰੱਖਿਅਤ ਸੜਕਾਂ, ਢੱਕੇ ਹੋਏ ਗਟਰ, ਸਾਫ਼ ਪਾਣੀ ਅਤੇ ਬੁਨਿਆਦੀ ਸਹੂਲਤਾਂ ਵੀ ਨਹੀਂ ਦੇ ਸਕਦਾ। ਅਸੀਂ ਸਮਾਰਟ ਸ਼ਹਿਰਾਂ ਦੀਆਂ ਗੱਲਾਂ ਕਰਦੇ ਹਾਂ, ਪਰ ਅਜੇ ਵੀ ਲੋਕ ਖੁੱਲ੍ਹੇ ਸੀਵਰੇਜ ਅਤੇ ਟੁੱਟੀਆਂ ਸੜਕਾਂ ਦੀ ਭੇਟ ਚੜ੍ਹ ਰਹੇ ਹਨ।
ਸਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਇਸ ਦੇਸ਼ ਵਿੱਚ ਲੋਕਾਂ ਦੇ ਹੱਕਾਂ ਲਈ ਲੜਨ ਵਾਲੇ ਲੋਕ ਹਮੇਸ਼ਾ ਸਿਸਟਮ ਦੀ ਅੱਖ ਵਿੱਚ ਰੜਕਦੇ ਰਹੇ ਹਨ। ਕਦੇ ਉਹਨਾਂ ਨੂੰ ਦੇਸ਼ ਵਿਰੋਧੀ ਕਿਹਾ ਗਿਆ, ਕਦੇ ਵਿਕਾਸ ਵਿਰੋਧੀ, ਕਦੇ ਅਰਾਜਕ ਤੱਤ ਅਤੇ ਕਦੇ “ਕਾਕਰੋਚ” ਸਮਝ ਕੇ ਕੁਚਲਣ ਦੀ ਕੋਸ਼ਿਸ਼ ਕੀਤੀ ਗਈ। ਸੱਤਾ ਨੂੰ ਸਵਾਲ ਪੁੱਛਣ ਵਾਲੇ ਲੋਕ ਹਮੇਸ਼ਾ ਖ਼ਤਰਨਾਕ ਲੱਗਦੇ ਹਨ ਕਿਉਂਕਿ ਉਹ ਚੁੱਪ ਦੀ ਕੰਧ ਵਿੱਚ ਦਰਾਰ ਪਾ ਦਿੰਦੇ ਹਨ।

ਵਿਡੰਬਨਾ ਵੇਖੋ, ਜਿਹੜਾ ਮਨੁੱਖ ਸਾਰੀ ਉਮਰ ਸਮਾਜ ਦੇ ਗੰਦ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰਦਾ ਰਿਹਾ, ਆਖ਼ਰ ਉਸ ਨੂੰ ਹੀ ਗੰਦੇ ਸਿਸਟਮ ਦੇ ਇੱਕ ਖੁੱਲ੍ਹੇ ਗਟਰ ਨੇ ਨਿਗਲ ਲਿਆ। ਇਹ ਸਿਰਫ਼ ਇੱਕ ਗਟਰ ਨਹੀਂ ਸੀ; ਇਹ ਲਾਪਰਵਾਹੀ ਦਾ ਗਟਰ ਸੀ, ਭ੍ਰਿਸ਼ਟਾਚਾਰ ਦਾ ਗਟਰ ਸੀ, ਬੇਜ਼ਿੰਮੇਵਾਰੀ ਦਾ ਗਟਰ ਸੀ ਅਤੇ ਉਸ ਸੋਚ ਦਾ ਗਟਰ ਸੀ ਜੋ ਮਨੁੱਖੀ ਜ਼ਿੰਦਗੀ ਨਾਲੋਂ ਕਾਗਜ਼ੀ ਫਾਈਲਾਂ ਨੂੰ ਵੱਧ ਅਹਿਮੀਅਤ ਦਿੰਦੀ ਹੈ।

ਹੋਰ ਪੜ੍ਹੋ 👉  ਬਰਨਾਲਾ ਘਟਨਾ 'ਤੇ ਰਾਸ਼ਟਰੀ ਸਫਾਈ ਕਰਮਚਾਰੀ ਕਮਿਸ਼ਨ ਵੱਲੋਂ ਸੂ ਮੋਟੋ ਨੋਟਿਸ, ਸੱਤ  ਦਿਨਾਂ ਵਿੱਚ ਮੰਗੀ ਸਰਕਾਰ ਤੋਂ ਰਿਪੋਰਟ ਤਲਬ

ਦੇਸ਼ ਨੂੰ ਆਜ਼ਾਦ ਹੋਏ ਅੱਠ ਦਹਾਕੇ ਹੋਣ ਨੂੰ ਆਏ ਹਨ। ਪਰ ਅੱਜ ਵੀ ਕਰੋੜਾਂ ਲੋਕ ਸੁਰੱਖਿਅਤ ਪੀਣ ਵਾਲੇ ਪਾਣੀ, ਚੰਗੀ ਸਿੱਖਿਆ, ਮਿਆਰੀ ਸਿਹਤ ਸੇਵਾਵਾਂ, ਰੁਜ਼ਗਾਰ ਅਤੇ ਬੁਨਿਆਦੀ ਢਾਂਚੇ ਲਈ ਸੰਘਰਸ਼ ਕਰ ਰਹੇ ਹਨ। ਜਦੋਂ ਸੜਕਾਂ ਮੌਤ ਦੇ ਜਾਲ ਬਣ ਜਾਣ, ਜਦੋਂ ਗਟਰ ਇਨਸਾਨਾਂ ਨੂੰ ਨਿਗਲਣ ਲੱਗ ਪੈਣ ਅਤੇ ਜਦੋਂ ਪ੍ਰਸ਼ਾਸਨ ਜਵਾਬਦੇਹੀ ਤੋਂ ਭੱਜਣ ਲੱਗ ਪਏ, ਤਾਂ ਲੋਕਾਂ ਦੇ ਮਨ ਵਿੱਚ ਇਹ ਸਵਾਲ ਉੱਠਣਾ ਸੁਭਾਵਿਕ ਹੈ ਕਿ ਸਿਸਟਮ ਲੋਕਾਂ ਦੀ ਸੇਵਾ ਕਰ ਰਿਹਾ ਹੈ ਜਾਂ ਲੋਕ ਸਿਸਟਮ ਦੀਆਂ ਨਾਕਾਮੀਆਂ ਦਾ ਮੁੱਲ ਆਪਣੀਆਂ ਜਾਨਾਂ ਦੇ ਕੇ ਚੁਕਾ ਰਹੇ ਹਨ?

ਸਵਰਨ ਸਿੰਘ ਭੰਗੂ, ਮਾਸਟਰ ਤਰਲੋਚਨ ਸਿੰਘ ਵਰਗੇ ਲੋਕ ਸਰੀਰਕ ਤੌਰ ‘ਤੇ ਵਿਛੜ ਜਾਂਦੇ ਹਨ, ਪਰ ਉਹਨਾਂ ਦੇ ਸਵਾਲ ਜਿਊਂਦੇ ਰਹਿੰਦੇ ਹਨ। ਉਹਨਾਂ ਦੀ ਜ਼ਿੰਦਗੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਸਮਾਜ ਨੂੰ ਬਦਲਣ ਵਾਲੇ ਲੋਕ ਅਹੁਦਿਆਂ ਨਾਲ ਨਹੀਂ, ਆਪਣੇ ਵਿਚਾਰਾਂ ਅਤੇ ਕਰਮਾਂ ਨਾਲ ਵੱਡੇ ਬਣਦੇ ਹਨ। ਉਹ ਆਪਣੀ ਦੇਹ ਵਿਗਿਆਨਕ ਖੋਜ ਅਤੇ ਮਨੁੱਖਤਾ ਦੀ ਭਲਾਈ ਲਈ ਦਾਨ ਕਰਨ ਦਾ ਉਹਨਾਂ ਦਾ ਫ਼ੈਸਲਾ ਦੱਸਦਾ ਹੈ ਕਿ ਉਹ ਮੌਤ ਤੋਂ ਬਾਅਦ ਵੀ ਸਮਾਜ ਦੀ ਸੇਵਾ ਕਰਨਾ ਚਾਹੁੰਦੇ ਸਨ। ਸਵਾਲ ਸਰੀਰ ਦਾਨ ਕਰਨ ਨਾਲ ਨਹੀਂ ਮੁੱਕ ਜਾਂਦੇ। ਸਗੋਂ ਚੇਤੰਨ ਵਰਗ ਲਈ ਇਹ ਹੋਰ ਵੀ ਤਿੱਖੇ ਹੋ ਜਾਂਦੇ ਹਨ। ਸਿਸਟਮ ਜਦੋਂ ਖੁਦ ਗਟਰ ਦਾ ਰੂਪ ਧਾਰਨ ਕਰ ਜਾਵੇ ਤਾਂ ਆਮ ਆਦਮੀ ਦਾ ਉਸ ਗਟਰ ਵਿੱਚ ਡੁੱਬ ਕੇ ਮਰ ਜਾਣਾ ਹੀ ਰਹਿ ਜਾਂਦਾ ਹੈ?

ਹੋਰ ਪੜ੍ਹੋ 👉  ਘਰੋ-ਘਰੀ ਗਣਨਾ ਪੜਾਅ ਨੂੰ ਅਗਾਊਂ ਨੇਪਰੇ ਚਾੜ੍ਹਨ ਲਈ ਈ.ਆਰ.ਓਜ਼. ਦਾ ਕੀਤਾ ਸਨਮਾਨ

“ਜਦੋਂ ਗਟਰਾਂ ਦੇ ਢੱਕਣ ਗਾਇਬ ਹੋ ਜਾਣ ਅਤੇ ਜ਼ਮੀਰਾਂ ਦੇ ਵੀ, ਫਿਰ ਹਾਦਸੇ ਨਹੀਂ ਹੁੰਦੇ, ਕ਼ਤਲ ਹੁੰਦੇ ਹਨ, ਉਦੋਂ ਸਿਸਟਮ ਆਪਣੇ ਨਾਗਰਿਕਾਂ ਨੂੰ ਹੌਲੀ-ਹੌਲੀ ਨਿਗਲਣਾ ਸ਼ੁਰੂ ਕਰ ਦਿੰਦਾ ਹੈ।”
ਸਵਰਨ ਸਿੰਘ ਭੰਗੂ ਨੂੰ ਸੱਚੀ ਸ਼ਰਧਾਂਜਲੀ ਸਿਰਫ਼ ਸ਼ੋਕ ਸੰਦੇਸ਼ ਨਹੀਂ, ਸਗੋਂ ਉਹ ਸਵਾਲ ਹਨ ਜੋ ਉਹ ਸਾਰੀ ਉਮਰ ਪੁੱਛਦੇ ਰਹੇ। ਕੀ ਮਨੁੱਖ ਦੀ ਜ਼ਿੰਦਗੀ ਸੱਚਮੁੱਚ ਇਸ ਸਿਸਟਮ ਲਈ ਕੋਈ ਕੀਮਤ ਰੱਖਦੀ ਹੈ? ਇਸ ਸਮੇਂ
ਸਿਸਟਮ ਗਟਰ ਨਹੀਂ ਬਣਿਆ, ਗਟਰ ਹੀ ਸਿਸਟਮ ਬਣ ਗਿਆ ਹੈ! ਜਿਥੇ ਸੁਚੇਤ ਲੋਕਾਂ ਦਾ ਜੀਵਨ ਨਰਕ ਬਣ ਗਿਆ ਹੈ।

ਸਵਰਨ ਸਿੰਘ ਭੰਗੂ ਦੀ ਮੌਤ ਨੂੰ ਸਿਰਫ਼ ਇੱਕ ਹਾਦਸਾ ਕਹਿਣਾ ਸੱਚ ਤੋਂ ਭੱਜਣਾ ਹੈ। ਹਾਦਸੇ ਅਚਾਨਕ ਵਾਪਰਦੇ ਹਨ, ਪਰ ਜਿਹੜੀਆਂ ਮੌਤਾਂ ਲਾਪਰਵਾਹੀ, ਭ੍ਰਿਸ਼ਟਾਚਾਰ, ਨਿਕੰਮੇ ਪ੍ਰਸ਼ਾਸਨ ਅਤੇ ਬੇਜ਼ਿੰਮੇਵਾਰ ਹਕੂਮਤਾਂ ਦੀ ਪੈਦਾਵਾਰ ਹੋਣ, ਉਹ ਹਾਦਸੇ ਨਹੀਂ ਹੁੰਦੇ, ਉਹ ਪ੍ਰਬੰਧ ਵੱਲੋਂ ਕੀਤੇ ਕਤਲ ਹੁੰਦੇ ਹਨ। ਸਵਾਲ ਇਹ ਨਹੀਂ ਕਿ ਸਵਰਨ ਸਿੰਘ ਭੰਗੂ ਖੁੱਲ੍ਹੇ ਗਟਰ ਵਿੱਚ ਕਿਵੇਂ ਡਿੱਗੇ?
ਸਵਾਲ ਇਹ ਹੈ ਕਿ ਇੱਕ ਅਜਿਹਾ ਗਟਰ ਖੁੱਲ੍ਹਾ ਕਿਉਂ ਸੀ, ਜਿਸ ਨੇ ਇੱਕ ਜਿਊਂਦੇ ਜਾਗਦੇ ਮਨੁੱਖ ਨੂੰ ਨਿਗਲ ਲਿਆ? ਸਵਾਲ ਇਹ ਵੀ ਹੈ ਕਿ ਟੈਕਸਾਂ ਦੇ ਪੈਸਿਆਂ ਨਾਲ ਪਲਣ ਵਾਲੇ ਅਫ਼ਸਰ, ਠੇਕੇਦਾਰ ਅਤੇ ਸਿਆਸਤਦਾਨ ਆਖ਼ਰ ਕਰ ਕੀ ਰਹੇ ਹਨ? ਜਿਸ ਦੇਸ਼ ਵਿੱਚ ਚੋਣਾਂ ਵੇਲੇ ਵਿਕਾਸ ਦੇ ਇਸ਼ਤਿਹਾਰਾਂ ਉੱਤੇ ਕਰੋੜਾਂ ਰੁਪਏ ਫੂਕੇ ਜਾਂਦੇ ਹੋਣ, ਉੱਥੇ ਇੱਕ ਗਟਰ ਦਾ ਢੱਕਣ ਨਹੀਂ ਲੱਗਦਾ। ਜਿੱਥੇ ਸੱਤਾਧਾਰੀ ਆਪਣੇ ਚਿਹਰਿਆਂ ਵਾਲੇ ਹੋਰਡਿੰਗ ਲਗਾਉਣ ਲਈ ਖ਼ਜ਼ਾਨਾ ਖਾਲੀ ਕਰ ਦਿੰਦੇ ਹੋਣ, ਉੱਥੇ ਲੋਕਾਂ ਦੀ ਜਾਨ ਬਚਾਉਣ ਵਾਲੇ ਪ੍ਰਬੰਧ ਲਈ ਪੈਸਾ ਨਹੀਂ ਹੁੰਦਾ। ਇਹ ਸਿਰਫ਼ ਗਟਰ ਨਹੀਂ ਸੀ।
ਇਹ ਉਸ ਸਿਸਟਮ ਦਾ ਖੁੱਲ੍ਹਾ ਮੂੰਹ ਸੀ, ਜੋ ਹਰ ਰੋਜ਼ ਕਿਸੇ ਨਾ ਕਿਸੇ ਨੂੰ ਨਿਗਲ ਰਿਹਾ ਹੈ। ਕਿਸੇ ਨੂੰ ਬੇਰੁਜ਼ਗਾਰੀ ਨਿਗਲ ਰਹੀ ਹੈ, ਕਿਸੇ ਨੂੰ ਨਸ਼ੇ, ਕਿਸੇ ਨੂੰ ਕਰਜ਼ੇ, ਕਿਸੇ ਨੂੰ ਮਹਿੰਗਾਈ ਅਤੇ ਕਿਸੇ ਨੂੰ ਖੁੱਲ੍ਹੇ ਗਟਰ।

ਸਵਰਨ ਸਿੰਘ ਭੰਗੂ ਸਿਰਫ਼ ਇੱਕ ਵਿਅਕਤੀ ਨਹੀਂ ਸਨ। ਉਹ ਉਹਨਾਂ ਚੰਦ ਲੋਕਾਂ ਵਿੱਚੋਂ ਸਨ ਜੋ ਸਮਾਜ ਨੂੰ ਸੁੱਤਾ ਨਹੀਂ ਰਹਿਣ ਦੇਣਾ ਚਾਹੁੰਦੇ ਸਨ। ਉਹ ਸਿੱਖਿਆ, ਵਿਗਿਆਨ, ਤਰਕ ਅਤੇ ਸਮਾਜਿਕ ਜਾਗਰੂਕਤਾ ਦੀ ਮਸ਼ਾਲ ਸਨ। ਪਰ ਇਸ ਦੇਸ਼ ਦਾ ਇਤਿਹਾਸ ਗਵਾਹ ਹੈ ਕਿ ਸੱਤਾ ਨੂੰ ਮਸ਼ਾਲਾਂ ਨਹੀਂ, ਹਨੇਰਾ ਪਸੰਦ ਹੁੰਦਾ ਹੈ।ਇਸ ਕਰਕੇ ਜੁਝਾਰੂ ਲੋਕਾਂ ਨੂੰ ਕਦੇ ਗੋਲੀਆਂ ਮਿਲਦੀਆਂ ਹਨ, ਕਦੇ ਜੇਲ੍ਹਾਂ ਅਤੇ ਕਦੇ ਗਟਰ।

ਹੋਰ ਪੜ੍ਹੋ 👉  ਵਿੱਦਿਆ ਸੁਧਾਰਾਂ ਦੀ ਮੰਗ ਕਰਨ ਵਾਲੇ ਨੌਜਵਾਨਾਂ ਉੱਤੇ ਵਹਿਸ਼ੀ ਲਾਠੀਚਾਰਜ ਲੋਕਤੰਤਰ ਦਾ ਨਿਘਾਰ: ਕੇਂਦਰੀ ਸਿੰਘ ਸਭਾ

ਫ਼ਰਕ ਸਿਰਫ਼ ਤਰੀਕੇ ਦਾ ਹੁੰਦਾ ਹੈ, ਨਤੀਜਾ ਇੱਕੋ ਹੁੰਦਾ ਹੈ। ਆਵਾਜ਼ ਨੂੰ ਚੁੱਪ ਕਰਾਉਣਾ। ਸਭ ਤੋਂ ਵੱਡੀ ਤ੍ਰਾਸਦੀ ਇਹ ਨਹੀਂ ਕਿ ਭੰਗੂ ਸਾਹਿਬ ਮਰ ਗਏ। ਮਰਨਾ ਸੱਚ ਹੈ ਪਰ ਸਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਕੱਲ੍ਹ ਕਿਸੇ ਹੋਰ ਦੇ ਮਰਨ ਤੱਕ ਸਿਸਟਮ ਫਿਰ ਚੁੱਪ ਰਹੇਗਾ।

ਕੁੱਝ ਅਫ਼ਸਰ ਮੁਅੱਤਲ ਹੋਣਗੇ, ਕੁੱਝ ਬਿਆਨ ਆਉਣਗੇ, ਕੁੱਝ ਅਫ਼ਸੋਸ ਜਤਾਇਆ ਜਾਵੇਗਾ ਅਤੇ ਫਿਰ ਉਹੀ ਗਟਰ, ਉਹੀ ਸੜਕਾਂ, ਉਹੀ ਲਾਪਰਵਾਹੀ ਅਤੇ ਉਹੀ ਮੌਤਾਂ।
ਕਿਉਂਕਿ ਸਾਡੇ ਦੇਸ਼ ਵਿੱਚ ਅਕਸਰ ਮਨੁੱਖ ਦੀ ਮੌਤ ਨਾਲੋਂ ਕੁਰਸੀ ਦੀ ਸੁਰੱਖਿਆ ਜ਼ਿਆਦਾ ਜ਼ਰੂਰੀ ਸਮਝੀ ਜਾਂਦੀ ਹੈ। ਜਦੋਂ ਸਿਸਟਮ ਲੋਕਾਂ ਨੂੰ ਸੁਰੱਖਿਆ ਦੇਣ ਦੀ ਬਜਾਏ ਖ਼ਤਰਾ ਬਣ ਜਾਵੇ, ਜਦੋਂ ਸੰਸਥਾਵਾਂ ਜਵਾਬਦੇਹੀ ਦੀ ਥਾਂ ਬਹਾਨੇ ਪੈਦਾ ਕਰਨ ਲੱਗ ਪੈਣ, ਜਦੋਂ ਪ੍ਰਸ਼ਾਸਨ ਲੋਕਾਂ ਦੀ ਸੇਵਾ ਦੀ ਥਾਂ ਸੱਤਾ ਦੀ ਸੇਵਾ ਕਰਨ ਲੱਗ ਪਏ, ਤਾਂ ਫਿਰ ਲੋਕ ਪੁੱਛਦੇ ਹਨ। ਕੀ ਸਿਸਟਮ ਗਟਰ ਬਣ ਗਿਆ ਹੈ? ਨਹੀਂ!
ਸੱਚ ਤਾਂ ਇਹ ਹੈ ਕਿ ਗਟਰਾਂ ਅਤੇ ਸਿਸਟਮ ਵਿੱਚ ਹੁਣ ਕੋਈ ਫ਼ਰਕ ਹੀ ਨਹੀਂ ਰਿਹਾ। ਇੱਕ ਵਿੱਚ ਗੰਦ ਦਿਸਦੀ ਹੈ, ਦੂਜੇ ਵਿੱਚ ਲੁਕਾਈ ਜਾਂਦੀ ਹੈ। ਦੋਵੇਂ ਇੱਕ ਦੂਜੇ ਨੂੰ ਜਾਣਦੇ ਹਨ ਤੇ ਬਚਾਉਂਦੇ ਹਨ।

ਬੁੱਧ ਬਾਣ
“ਜਦੋਂ ਗਟਰਾਂ ਦੇ ਢੱਕਣ ਚੋਰੀ ਹੋ ਜਾਣ ਅਤੇ ਜ਼ਿੰਮੇਵਾਰੀਆਂ ਦੇ ਵੀ, ਉਦੋਂ ਮੌਤਾਂ ਕਿਸਮਤ ਨਹੀਂ ਲਿਖਦੀਆਂ, ਸਿਸਟਮ ਲਿਖਦਾ ਹੈ।”
“ਖੁੱਲ੍ਹੇ ਗਟਰ ਨਾਲੋਂ ਵੱਧ ਖ਼ਤਰਨਾਕ ਉਹ ਪ੍ਰਬੰਧ ਹੁੰਦਾ ਹੈ ਜੋ ਹਰ ਮੌਤ ਤੋਂ ਬਾਅਦ ਵੀ ਆਪਣੀ ਜ਼ਮੀਰ ਉੱਤੇ ਢੱਕਣ ਪਾ ਲੈਂਦਾ ਹੈ।”
+++
ਬੁੱਧ ਸਿੰਘ ਨੀਲੋਂ
9464370823

Leave a Reply

Your email address will not be published. Required fields are marked *