ਪੰਜਾਬ ਦੇ ਮੁੱਖ ਮੰਤਰੀ ਨੇ ਪਟਨਾ ਸਾਹਿਬ ਵਿਖੇ ਟੇਕਿਆ ਮੱਥਾ,ਗੁਰਦੁਆਰਾ ਗੁਰੂ ਕਾ ਬਾਗ ਵਿਖੇ ਪੌਦਾ ਲਗਾਇਆ

ਪਟਨਾ, 18 ਮਈ (ਖ਼ਬਰ ਖਾਸ ਬਿਊਰੋ)

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਆਪਣੀ ਪਤਨੀ ਡਾ ਗੁਰਪ੍ਰੀਤ ਕੌਰ, ਮਾਤਾ ਅਤੇ ਬੱਚੀ ਸਮੇਤ  ਤਖਤ ਪਟਨਾ ਸਾਹਿਬ ਵਿਖੇ ਨਤਮਸਤਕ ਹੋਏ।  ਤਖ਼ਤ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ, ਜਰਨਲ ਸਕੱਤਰ  ਇੰਦਰਜੀਤ ਸਿੰਘ, ਉਪ ਪ੍ਰਧਾਨ ਗੁਰਵਿੰਦਰ ਸਿੰਘ, ਬੁਲਾਰੇ  ਸੁਦੀਪ ਸਿੰਘ, ਹਰਦੇਵ ਸਿੰਘ ਸੋਹੀ, ਮਨਵਿੰਦਰ ਸਿੰਘ, ਸੁਪਰਡੈਂਟ ਦਲਜੀਤ ਸਿੰਘ ਅਤੇ ਮੈਨੇਜਰ ਹਰਜੀਤ ਸਿੰਘ ਵੱਲੋਂ ਪਟਨਾ ਏਅਰਪੋਰਟ ‘ਤੇ ਫੁੱਲਾਂ ਦੇ ਗੁਲਦਸਤੇ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਗਿਆ।

ਤਖ਼ਤ ਪਟਨਾ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਜਥੇਦਾਰ ਗਿਆਨੀ ਬਲਦੇਵ ਸਿੰਘ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਭੇਟ ਕੀਤਾ ਗਿਆ। ਉਨ੍ਹਾਂ ਨੇ ਪਰਿਵਾਰ ਸਮੇਤ ਕੀਰਤਨ ਸਰਵਣ ਕੀਤਾ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਮਾਤਾ ਸਾਹਿਬ ਕੌਰ ਜੀ ਦੇ ਜੋੜਾ ਸਾਹਿਬ ਦੇ ਦਰਸ਼ਨ ਵੀ ਕੀਤੇ। ਇਸ ਮੌਕੇ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੀ ਖੁਸ਼ਹਾਲੀ ਲਈ ਅਰਦਾਸ  ਕੀਤੀ।

ਹੋਰ ਪੜ੍ਹੋ 👉  ਬੱਚਿਆਂ ਨੂੰ ਸਫਾਈ ਪ੍ਰਤੀ ਜਾਗਰੂਕ ਕਰਨ ਨਾਲ ਸਮਾਜ 'ਤੇ ਸਦੀਵੀ ਪ੍ਰਭਾਵ ਪਵੇਗਾ: ਸੰਤ ਬਲਬੀਰ ਸਿੰਘ ਸੀਚੇਵਾਲ

ਤਖ਼ਤ ਪਟਨਾ ਸਾਹਿਬ ਕਮੇਟੀ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਕਿਰਪਾਨ ਭੇਟ ਕੀਤੀ ਗਈ। ਇਸ ਮੌਕੇ ਉਨ੍ਹਾਂ ਵੱਲੋਂ ਤਖ਼ਤ ਸਾਹਿਬ ਦੀ ਮੈਗਜ਼ੀਨ “ਗੋਬਿੰਦ ਪ੍ਰਕਾਸ਼” ਦੇ ਮਈ ਮਹੀਨੇ ਦੇ ਅੰਕ ਦਾ ਵਿਮੋਚਨ ਵੀ ਕੀਤਾ ਗਿਆ। ਇਸ ਤੋਂ ਬਾਅਦ ਭਗਵੰਤ ਮਾਨ ਪਰਿਵਾਰ ਸਮੇਤ ਗੁਰੂਦਵਾਰਾ ਗੁਰੂ ਕਾ ਬਾਗ ਪਹੁੰਚੇ, ਜਿੱਥੇ ਉਨ੍ਹਾਂ ਨੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦੇ ਹੋਏ ਪੌਦਾ ਵੀ ਲਗਾਇਆ। ਉਨ੍ਹਾਂ ਦੇ ਪਰਿਵਾਰ ਦਾ ਮੰਨਣਾ ਹੈ ਕਿ ਇਸੀ ਸਥਾਨ ‘ਤੇ ਅਰਦਾਸ ਕਰਨ ਨਾਲ ਉਨ੍ਹਾਂ ਨੂੰ ਬੱਚੇ ਦੀ ਦਾਤ ਪ੍ਰਾਪਤ ਹੋਈ ਸੀ, ਇਸ ਲਈ ਅੱਜ ਗੁਰੂ ਜੀ ਦਾ ਧੰਨਵਾਦ ਕੀਤਾ ਗਿਆ ਅਤੇ ਮੁੜ ਪੌਦਾ ਲਗਾਇਆ ਗਿਆ।

ਹੋਰ ਪੜ੍ਹੋ 👉  ਖੇਡਾਂ ਵਤਨ ਪੰਜਾਬ ਦੀਆਂ-2026: ਖੋ-ਖੋ, ਕਬੱਡੀ ਤੇ ਬੈਡਮਿੰਟਨ ਵਿੱਚ ਖਿਡਾਰੀਆਂ ਨੇ ਦਿਖਾਏ ਸ਼ਾਨਦਾਰ ਜੌਹਰ

ਇਸ ਤੋਂ ਬਾਅਦ ਉਹ ਗੁਰਦੁਆਰਾ ਬਾਲ ਲੀਲਾ ਵਿਖੇ ਵੀ ਨਤਮਸਤਕ ਹੋਣ ਪਹੁੰਚੇ, ਜਿੱਥੇ ਕਾਰ ਸੇਵਾ ਵਾਲੇ ਬਾਬਾ ਭੂਰੀ ਜੀ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ।

ਸਰਦਾਰ ਮਾਨ ਨੇ ਕਿਹਾ ਕਿ ਇਹ ਉਨ੍ਹਾਂ ਦਾ ਸੁਭਾਗ ਹੈ ਕਿ ਉਨ੍ਹਾਂ ਨੂੰ ਇੱਕ ਵਾਰ ਫਿਰ ਤਖਤ ਪਟਨਾ ਸਾਹਿਬ ਵਿਖੇ ਨਤਮਸਤਕ ਹੋਣ ਦਾ ਮੌਕਾ ਮਿਲਿਆ ਹੈ। ਇਸ ਤੋਂ ਪਹਿਲਾਂ ਵੀ ਉਹ ਅਤੇ ਉਨ੍ਹਾਂ ਦਾ ਪਰਿਵਾਰ ਤਖ਼ਤ ਸਾਹਿਬ ਮੱਥਾ ਟੇਕ ਚੁੱਕੇ ਹਨ। ਉਨ੍ਹਾਂ ਨੇ ਤਖ਼ਤ ਸਾਹਿਬ ਵਿੱਚ ਪ੍ਰਬੰਧ, ਲੰਗਰ ਅਤੇ ਸਫ਼ਾਈ ਆਦਿ ਦੀ ਵਿਵਸਥਾ ਲਈ ਪ੍ਰਬੰਧਕ ਕਮੇਟੀ ਦੇ ਕੰਮਾਂ ਦੀ ਪ੍ਰਸ਼ੰਸਾ ਕੀਤੀ। ਖ਼ਾਸ ਕਰਕੇ ਪ੍ਰਧਾਨ ਜਗਜੋਤ ਸਿੰਘ ਸੋਹੀ ਦੀ ਸਰਾਹਨਾ ਕਰਦਿਆਂ ਉਨ੍ਹਾਂ ਕਿਹਾ ਕਿ ਗੁਰੂ ਘਰ ਵਿੱਚ ਮੁਖੀ ਦੀ ਬਹੁਤ ਅਹਿਮ ਜ਼ਿੰਮੇਵਾਰੀ ਹੁੰਦੀ ਹੈ ਅਤੇ ਉਹ ਆਪਣੇ ਫ਼ਰਜ਼ ਨੂੰ ਬਹੁਤ ਚੰਗੀ ਤਰ੍ਹਾਂ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਆਉਣ ਵਾਲੀ ਸੰਗਤ ਵੱਲੋਂ ਵੀ ਤਖ਼ਤ ਪਟਨਾ ਸਾਹਿਬ ਦੇ ਪ੍ਰਬੰਧਾਂ ਦੀ ਪ੍ਰਸ਼ੰਸਾ ਕੀਤੀ ਜਾਂਦੀ ਹੈ।

ਹੋਰ ਪੜ੍ਹੋ 👉  ਹੁਣ ਪਰਗਟ ਸਿੰਘ ਹੋਣਗੇ ਕਾਂਗਰਸ ਦੇ ਕਪਤਾਨ

 

Leave a Reply

Your email address will not be published. Required fields are marked *