ਅੰਗਰੇਜ਼ੀ ਵਿਸ਼ੇ ਦੀਆਂ ਖਾਲੀ ਪੋਸਟਾਂ ਤਰਕਸੰਗਤ ਢੰਗ ਨਾਲ ਸਾਰੇ ਜਿਲ੍ਹਿਆਂ ਵਿੱਚ ਦਿੱਤੀਆਂ ਜਾਣ: ਡੀਟੀਐੱਫ

ਚੰਡੀਗੜ੍ਹ 18 ਮਈ  (ਖ਼ਬਰ ਖਾਸ ਬਿਊਰੋ)

ਪਿਛਲੇ ਇੱਕ ਦਹਾਕੇ ਦੌਰਾਨ ਪੰਜਾਬ ਸਰਕਾਰ ਵੱਲੋਂ ਪਹਿਲੇ ਤਿੰਨ ਸਾਲ ਬਦਲੀ ਨਾ ਕਰਵਾਉਣ ਦੀ ਸ਼ਰਤ ਲਗਾ ਕੇ ਮਾਸਟਰ ਕਾਡਰ ਦੀ ਜਿਆਦਾਤਰ ਭਰਤੀ ਪੰਜਾਬ ਦੇ ਸਰਹੱਦੀ ਜਿਲ੍ਹਿਆਂ ਵਿੱਚ ਕੀਤੀ ਜਾਂਦੀ ਆ ਰਹੀ ਹੈ, ਪ੍ਰੰਤੂ ਬਾਕੀ ਵਿਸ਼ਿਆਂ ਦੇ ਮੁਕਾਬਲੇ ਨਾਨ-ਬਾਰਡਰ ਜਿਲ੍ਹਿਆਂ ਵਿੱਚ ਅੰਗਰੇਜ਼ੀ ਵਿਸ਼ੇ ਦੀਆਂ ਅਨੁਪਾਤਕ ਖਾਲੀ ਪੋਸਟਾਂ ਨਾ ਦੇਣ ਦੇ ਸਿੱਟੇ ਵਜੋਂ ਇਹ ਵੰਡ ਤਰਕਸੰਗਤ ਨਹੀਂ ਹੋ ਸਕੀ ਹੈ। ਜਿਸ ਦਾ ਖਮਿਆਜਾ ਵਿਦਿਆਰਥੀਆਂ ਦੇ ਵਿਸ਼ਾ ਮਾਹਰ ਅਧਿਆਪਕਾਂ ਤੋਂ ਵਿਰਵੇ ਰਹਿਣ ਤੋਂ ਇਲਾਵਾ ਅੰਗਰੇਜ਼ੀ ਅਧਿਆਪਕਾਂ ਨੂੰ ਕਈ-ਕਈ ਸਾਲ ਵਾਪਸ ਆਪਣੇ ਗ੍ਰਹਿ ਜਿਲੇ ਵਿੱਚ ਬਦਲੀ ਕਰਵਾਉਣ ਦਾ ਮੌਕਾ ਨਾ ਮਿਲਣ ਦੇ ਰੂਪ ਵਿੱਚ ਸਾਹਮਣੇ ਆਇਆ ਹੈ। ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀ.ਟੀ.ਐਫ.) ਨੇ ਪੰਜਾਬ ਸਰਕਾਰ ਤੋਂ ਇਸ ਮਾਮਲੇ ਵਿੱਚ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਵਿਸ਼ਿਆਂ ਦੀਆਂ ਅਸਾਮੀਆਂ ਨੂੰ ਤਰਕ ਸੰਗਤ ਢੰਗ ਨਾਲ ਆਪਸੀ ਵੰਡ ਕਰਕੇ, ਪੂਰੇ ਪੰਜਾਬ ਵਿੱਚ ਹੀ ਮੌਜੂਦਾ ਬਦਲੀਆਂ ਦੀ ਪ੍ਰਕਿਰਿਆ ਦੌਰਾਨ ਖਾਲੀ ਸਟੇਸ਼ਨ ਦੀ ਚੋਣ ਵਜੋਂ ਸ਼ੋ ਕਰਨ ਦੀ ਮੰਗ ਕੀਤੀ ਹੈ।

ਹੋਰ ਪੜ੍ਹੋ 👉  ਪਿੰਡ ਬਰਸਾਲਪੁਰ ਵਿਖੇ ਲਾਇਆ ਇੱਕ ਰੋਜਾ ਸਿਖਲਾਈ ਪ੍ਰੋਗਰਾਮ, ਕਿਸਾਨਾਂ ਨੂੰ ਦਿੱਤੀ ਜਾਣਕਾਰੀ

ਡੀ.ਟੀ.ਐਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ,. ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਸੂਬਾ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਇਤਰਾਜ ਜਾਹਿਰ ਕਰਦਿਆਂ ਦੱਸਿਆ ਕਿ ਜਥੇਬੰਦੀ ਪਿਛਲੇ ਕਈ ਸਾਲਾਂ ਤੋਂ ਸਿੱਖਿਆ ਮੰਤਰੀ, ਸਿੱਖਿਆ ਸਕੱਤਰ, ਡਾਇਰੈਕਟਰਜ ਨੂੰ ਅੰਗਰੇਜ਼ੀ ਵਿਸ਼ੇ ਦੀਆਂ ਖਾਲੀ ਅਸਾਮੀਆਂ ਨਾ ਸ਼ੋਅ ਹੋਣ ਕਾਰਨ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਦਰਪੇਸ਼ ਸਮੱਸਿਆਵਾਂ ਤੋਂ ਜਾਣੂ ਕਰਵਾਉਂਦੇ ਆ ਰਹੀ ਹੈ, ਪ੍ਰੰਤੂ ਹਾਲੇ ਤੱਕ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਕੱਢਿਆ ਗਿਆ ਹੈ। ਡੀਟੀਐਫ ਆਗੂਆਂ ਨੇ ਪੰਜਾਬ ਸਰਕਾਰ ਨੂੰ ਹੁਣ ਇਸ ਮਾਮਲੇ ਵੱਲ ਧਿਆਨ ਦੇ ਕੇ ਮੌਜੂਦਾ ਬਦਲੀਆਂ ਦੀ ਜਾਰੀ ਪ੍ਰਕਿਰਿਆ ਦੌਰਾਨ ਅੰਗ੍ਰੇਜ਼ੀ ਦੀਆਂ ਆਸਾਮੀਆਂ ਨੂੰ ਤਰਕਸੰਗਤ ਕਰਕੇ ਬਾਰਡਰ ਏਰੀਏ ਵਿੱਚ ਸੇਵਾ ਨਿਭਾ ਰਹੇ ਅੰਗ੍ਰੇਜ਼ੀ ਅਧਿਆਪਕਾਂ ਨੂੰ ਨਾਨ ਬਾਰਡਰ ਜਿਲ੍ਹਿਆਂ ਲਈ ਬਦਲੀਆਂ ਦਾ ਮੌਕਾ ਦੇਣ ਦੀ ਮੰਗ ਕੀਤੀ ਹੈ ਅਤੇ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਸੰਘਰਸ਼ ਦੀ ਚੇਤਵਾਨੀ ਵੀ ਦਿੱਤੀ ਹੈ। ਡੀ.ਟੀ.ਐਫ. ਦੇ ਸੂਬਾਈ ਮੀਤ ਪ੍ਰਧਾਨਾਂ ਰਾਜੀਵ ਕੁਮਾਰ ਬਰਨਾਲਾ, ਗੁਰਪਿਆਰ ਸਿੰਘ ਕੋਟਲੀ, ਬੇਅੰਤ ਫੁੱਲੇਵਾਲ, ਜਗਪਾਲ ਬੰਗੀ, ਹਰਜਿੰਦਰ ਵਡਾਲਾ ਬਾਂਗਰ ਅਤੇ ਰਘਵੀਰ ਭਵਾਨੀਗੜ੍ਹ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਮੌਜੂਦਾ ਸਮੇਂ ਵੀ ਅਧਿਆਪਕਾਂ ਦੀਆਂ ਬਦਲੀਆਂ ਸੰਬੰਧੀ ਪੋਰਟਲ ਖੋਲਿਆ ਹੋਇਆ ਹੈ ਅਤੇ ਡਾਟਾ ਅਪਡੇਸ਼ਨ ਦਾ ਕੰਮ ਜਾਰੀ ਹੈ, ਪਰ ਪਿਛਲੇ ਸਾਲਾਂ ਦੌਰਾਨ ਪੰਜਾਬ ਦੇ ਨਾਨ ਬਾਰਡਰ ਜਿਲ੍ਹਿਆਂ ਵਿੱਚ ਅੰਗਰੇਜ਼ੀ ਵਿਸ਼ੇ ਦੀ ਨਾਂਮਾਤਰ ਅਤੇ ਕਈ ਜਿਲ੍ਹਿਆਂ ਵਿੱਚ ਜ਼ੀਰੋ ਪੋਸਟ ਹੀ ਦਿਖਾਈ ਗਈ ਸੀ, ਜਿਸ ਕਾਰਨ ਪਿਛਲੇ ਤਕਰੀਬਨ ਪੰਜ ਸਾਲ ਤੋਂ ਆਪਣੇ ਘਰਾਂ ਤੋਂ 200-250 ਕਿਲੋਮੀਟਰ ਦੂਰ ਬਾਰਡਰ ਏਰੀਏ ਵਿੱਚ ਕੰਮ ਕਰਦੇ ਅੰਗਰੇਜ਼ੀ ਅਧਿਆਪਕ ਬਹੁਤ ਹੀ ਨਿਰਾਸ਼ਾ ਦੇ ਆਲਮ ਵਿੱਚ ਹਨ। ਜਿਕਰਯੋਗ ਹੈ ਕਿ ਇਹਨਾਂ ਅਧਿਆਪਕਾਂ ਵਿੱਚੋਂ ਬਹੁਤੇ ਮਹਿਲਾਂ ਅਧਿਆਪਕ ਹਨ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ।

ਹੋਰ ਪੜ੍ਹੋ 👉  ਪੰਜਾਬ ਦੇ ਮੁੱਖ ਮੰਤਰੀ ਨੇ ਪਟਨਾ ਸਾਹਿਬ ਵਿਖੇ ਟੇਕਿਆ ਮੱਥਾ,ਗੁਰਦੁਆਰਾ ਗੁਰੂ ਕਾ ਬਾਗ ਵਿਖੇ ਪੌਦਾ ਲਗਾਇਆ

ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਜਥੇਬੰਦਕ ਸਕੱਤਰ ਮੁਕੇਸ਼ ਕੁਮਾਰ, ਜਸਵਿੰਦਰ ਸਿੰਘ ਔਜਲਾ, ਕੁਲਵਿੰਦਰ ਸਿੰਘ ਜੋਸ਼ਨ, ਪ੍ਰੈਸ ਸਕੱਤਰ ਪਵਨ ਕੁਮਾਰ ਮੁਕਤਸਰ, ਸਹਾਇਕ ਵਿੱਤ ਸਕੱਤਰ ਤਜਿੰਦਰ ਸਿੰਘ ਕਪੂਰਥਲਾ ਅਤੇ ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ ਨੇ ਮੰਗ ਕੀਤੀ ਕਿ ਅੰਗ੍ਰੇਜ਼ੀ ਅਤੇ ਸਮਾਜਿਕ ਸਿੱਖਿਆ ਵਿਸ਼ੇ ਦੀਆਂ ਪੋਸਟਾਂ ਨੂੰ ਪੰਜਾਬ ਦੇ ਸਾਰੇ ਜਿਲ੍ਹਿਆਂ (ਬਾਰਡਰ ਅਤੇ ਨਾਨ ਬਾਰਡਰ) ਵਿੱਚ ਤਰਕਸੰਗਤ ਕੀਤਾ ਜਾਵੇ ਤਾਂ ਜੋ ਇਨ੍ਹਾਂ ਬਦਲੀਆਂ ਦੌਰਾਨ ਅੰਗ੍ਰੇਜ਼ੀ ਅਤੇ ਸਮਾਜਿਕ ਸਿੱਖਿਆ ਵਿਸ਼ੇ ਦੇ ਅਧਿਆਪਕਾਂ ਨੂੰ ਬਦਲੀ ਕਰਵਾਉਣ ਦਾ ਸਮਾਨ ਅਤੇ ਉਚਿਤ ਮੌਕਾ ਮਿਲ ਸਕੇ।

Leave a Reply

Your email address will not be published. Required fields are marked *