ਚੰਡੀਗੜ੍ਹ,27 ਅਪ੍ਰੈਲ – ਪੰਜਾਬ ਦੀ ਮਜ਼ਦੂਰ,ਮੁਲਾਜ਼ਮ ਜਥੇਬੰਦੀਆਂ ਦੀ ਤਾਲਮੇਲ ਕਮੇਟੀ ਵਲੋਂ ਜੀਦਾ (ਬਠਿੰਡਾ) ਦੀ ਸਪੋਰਟਕਿੰਗ ਫੈਕਟਰੀ ਦੇ ਮਜ਼ਦੂਰਾਂ ਵਲੋਂ ਦਿਹਾੜੀ,ਤਨਖਾਹ ਵਧਾਉਣ ਅਤੇ ਹੋਰ ਮੰਗਾਂ ਦੇ ਹੱਲ ਲਈ ਚਲਾਏ ਜਾ ਰਹੇ ਸੰਘਰਸ਼ ਨੂੰ ਅਸਫ਼ਲ ਬਣਾਉਣ ਲਈ ਭਗਵੰਤ ਮਾਨ ਸਰਕਾਰ ਦੇ ਇਸ਼ਾਰੇ ਉੱਤੇ ਬਠਿੰਡਾ ਪੁਲਿਸ ਦੁਆਰਾ ਫੈਕਟਰੀ ਮੈਨੇਜਮੈਂਟ ਨਾਲ ਮਿਲੀਭੁਗਤ ਕਰਕੇ ਅੱਜ ਸਵੇਰੇ ਨੌਜਵਾਨ ਭਾਰਤ ਸਭਾ ਦੇ ਸੂਬਾ ਪ੍ਰਧਾਨ ਮੰਗਾ ਆਜ਼ਾਦ, ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਸੁਖਬੀਰ ਸਿੰਘ, ਸੁਖਬੀਰ ਖੇਮੂਆਣਾ ਸਮੇਤ ਸੈਂਕੜੇ ਫੈਕਟਰੀ ਮਜ਼ਦੂਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਸਾਰੇ ਸਾਥੀਆਂ ਨੂੰ ਰਿਹਾਅ ਕਰਨ ਅਤੇ ਘੱਟੋ ਇੱਕ ਹਜਾਰ ਰੁਪਏ ਦਿਹਾੜੀ ਅਨੁਸਾਰ ਮਜ਼ਦੂਰਾਂ ਦੀਆਂ ਤਨਖ਼ਾਹਾਂ ਵਿੱਚ ਵਾਧਾ ਕਰਨ ਅਤੇ ਬਾਕੀ ਮੰਗਾਂ ਨੂੰ ਹੱਲ ਕਰਨ ਦੀ ਮੰਗ ਕੀਤੀ ਗਈ ਹੈ।
ਤਾਲਮੇਲ ਕਮੇਟੀ ਚ ਸ਼ਾਮਲ ਇੰਡੀਅਨ ਫੈਡਰੇਸ਼ਨ ਆਫ਼ ਟਰੇਡ ਯੂਨੀਅਨਜ਼ (ਇਫਟੂ) ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਕੇਂਦਰੀ ਕਮੇਟੀ ਮੈਂਬਰ ਜੁਗਿੰਦਰਪਾਲ ਗੁਰਦਾਸਪੂਰ, ਸੂਬਾ ਪ੍ਰੈੱਸ ਸਕੱਤਰ ਜਸਬੀਰ ਦੀਪ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ,ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ,ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਛੱਜਲਵੱਡੀ, ਹਰਦੀਪ ਟੋਡਰਪੁਰ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਅਤੇ ਬਿੱਕਰ ਸਿੰਘ ਹਥੋਆ ਨੇ ਜੀਦਾ ਫੈਕਟਰੀ ਦੇ ਮਜ਼ਦੂਰਾਂ ਦੇ ਸੰਘਰਸ਼ ਦੀ ਡੱਟਵੀਂ ਹਮਾਇਤ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਫੈਕਟਰੀ ਮਾਲਕਾਂ ਵਲੋਂ ਜਿੰਨੀਂ ਦਿਹਾੜੀ ਮਜ਼ਦੂਰਾਂ ਨੂੰ ਦਿੱਤੀ ਜਾ ਰਹੀ ਹੈ, ਉਸ ਨਾਲ ਮਜ਼ਦੂਰ ਪਰਿਵਾਰ ਦਾ ਗੁਜ਼ਾਰਾ ਹੋਣਾਂ ਮੁਸ਼ਕਿਲ ਹੈ। ਉਨ੍ਹਾਂ ਮਜ਼ਦੂਰਾਂ ਦੀ ਦਿਹਾੜੀ ਅੱਠ ਘੰਟੇ ਕਰਨ,ਫੈਕਟਰੀ ਮਜ਼ਦੂਰਾਂ ਨੂੰ ਯੂਨੀਅਨ ਬਣਾਉਣ ਦਾ ਅਧਿਕਾਰ ਦੇਣ ਦੀ ਮੰਗ ਵੀ ਕੀਤੀ।
ਆਗੂਆਂ ਨੇ ਕਿਹਾ ਹੈ ਕਿ ਹੜਤਾਲ ਕਰਨਾ ਮਜ਼ਦੂਰਾਂ ਦਾ ਸੰਵਿਧਾਨਿਕ ਅਤੇ ਟ੍ਰੇਡ ਯੂਨੀਅਨ ਅਧਿਕਾਰ ਹੈ। ਮਜ਼ਦੂਰਾਂ ਦੇ ਟਰੇਡ ਯੂਨੀਅਨ ਅਧਿਕਾਰਾਂ ਉੱਤੇ ਹਮਲਾ ਕੀਤਾ ਜਾ ਰਿਹਾ ਹੈ।ਹੜਤਾਲੀ ਮਜ਼ਦੂਰਾਂ ਉੱਤੇ ਦਮਨ ਕਰਕੇ ਭਗਵੰਤ ਮਾਨ ਸਰਕਾਰ ਦਾ ਪੁਲਿਸ ਪ੍ਰਸ਼ਾਸਨ ਨੰਗੇ ਚਿੱਟੇ ਰੂਪ ਵਿੱਚ ਫੈਕਟਰੀ ਮਾਲਕਾਂ ਦੇ ਹੱਕ ਵਿੱਚ ਆ ਗਿਆ ਹੈ। ਜਿਸਨੂੰ ਸਹਿਣ ਨਹੀਂ ਕੀਤਾ ਜਾਵੇਗਾ।