ਜੇ ਤੁਸੀਂ ਮੁਲਕ ਦੀ ਰਾਜਧਾਨੀ ‘ਚ ਧਰਨਾ ਦੇਣ ਜਾਣਾ ਹੈ ਤਾਂ ਇਜਾਜ਼ਤ ਨਹੀਂ, ਡਾਂਗਾਂ, ਗੋਲ਼ੀਆਂ ਜੇਲ੍ਹਾਂ ਹਨ।
ਜੇ ਮਗਰੋਂ ਵੋਟਾਂ ਵੇਲੇ ਤੁਸੀਂ ਕੀਤੇ ਜੁਲਮਾਂ ਦਾ ਹਿਸਾਬ ਮੰਗਣਾ ਹੈ ਤਾਂ ਫਿਰ ਡਾਂਗਾਂ ਤੇ ਜੇਲ੍ਹਾਂ ਹਨ। ਇਹ ਅਖੌਤੀ ਭਾਰਤੀ ਜਮਹੂਰੀਅਤ ਦਾ ਸੱਚ ਹੈ
ਤੁਸੀਂ ਬੇਪਰਵਾਹ ਹੋ ਕੇ ਲੋਕਾਂ ‘ਤੇ ਜ਼ੁਲਮ ਢਾਹ ਸਕਦੇ ਹੋ, ਗੱਡੀਆਂ ਥੱਲੇ ਕੁਚਲ ਦੇਣ ਵਾਲਿਆਂ ਨੂੰ ਮੰਤਰੀ ਮੰਡਲਾਂ ‘ਚ ਸਜਾ ਸਕਦੇ ਹੋ, ਫਿਰ ਬੇਪਰਵਾਹ ਹੋ ਕੇ ਹੀ ਲੋਕਾਂ ਤੋਂ ਵੋਟਾਂ ਮੰਗਣ ਜਾ ਸਕਦੇ ਹੋ, ਉਦੋਂ ਵੀ ਨਿਰਪੱਖ ਚੋਣਾਂ ਦੇ ਨਾਂ ਹੇਠ ਨਾਲ ਪੁਲਿਸੀ ਧਾੜਾਂ ਲਿਜਾ ਸਕਦੇ ਹੋ। ਲੋਕਾਂ ਕੋਲ ਭਲਾ ਕੀ ਰਾਹ ਹੈ! ਇਹ “ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ” ਦਾ ਸੱਚ ਹੈ।
ਜਮਹੂਰੀਅਤ ਵੋਟਾਂ ਲਈ ਪ੍ਰਚਾਰ ਕਰਨ ਜਾਣ ਦਾ ਹੱਕ ਹੀ ਨਹੀਂ ਹੁੰਦੀ, ਅਸਲ ਜਮਹੂਰੀਅਤ ਤਾਂ ਸੱਤਾ ਖਿਲਾਫ ਵਿਰੋਧ ਕਰਨ ਦੇ ਹੱਕ ‘ਚ ਹੁੰਦੀ ਹੈ। ਅਖੌਤੀ ਭਾਰਤੀ ਜਮਹੂਰੀਅਤ ਇਹ ਹੱਕ ਨਹੀਂ ਦਿੰਦੀ। ਸੰਘਰਸ਼ ਕਰਨ ਦੇ ਸਾਰੇ ਹੱਕ ਕੁਚਲ ਕੇ ਇਕ ਦਿਨ ਬਟਨ ਦੱਬਣ ਜਾਣ ਦੇ ਹੱਕ ਨੂੰ ਹੀ ਦੁਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ ਦੇ ਦਾਅਵੇ ਵਜੋਂ ਪੇਸ਼ ਕਰਦੀ ਹੈ। ਬਟਨ ਦੱਬਣ ਜਾਣ ਦਾ ਹੱਕ ਪਹਿਲਾਂ ਹੀ ਕਿੰਨੇ ਦਾਬਿਆਂ ਹੇਠ ਦੱਬਿਆ ਪਿਆ ਹੈ ਅਤੇ ਕਿੰਨੀ ਸੌਖੀ ਤਰ੍ਹਾਂ ਉਧਾਲਿਆ ਜਾ ਸਕਦਾ ਹੈ, ਇਹ ਇਕ ਵੱਖਰਾ ਵਿਸ਼ਾ ਹੈ।
ਇਸ ਜਮਹੂਰੀਅਤ ਦਾ ਅਸਲ ਸੱਚ ਇਹ ਹੈ ਕਿ ਲੋਕਾਂ ਕੋਲ ਜਿੰਨੀ ਵੀ ਆਪਣੀ ਜਥੇਬੰਦ ਤਾਕਤ ਹੈ, ਇਸ ਰਾਜ ਵਿੱਚ ਉਹ ਓਨੀ ਜਮਹੂਰੀਅਤ ਮਾਣ ਸਕਦੇ ਹਨ। ਉਸ ਤਾਕਤ ਦੇ ਹਿਸਾਬ ਹੀ ਆਪਣੇ ਜਮਹੂਰੀ ਹੱਕ ਪਗਾ ਸਕਦੇ ਹਨ। ਜਿਵੇਂ ਹੁਣ ਕਿਸਾਨਾਂ ਵੱਲੋਂ ਨਿਰੋਲ ਆਪਣੀ ਜਥੇਬੰਦ ਤਾਕਤ ਦੇ ਜ਼ੋਰ ਹੀ ਵਿਰੋਧ ਕੀਤਾ ਜਾ ਰਿਹਾ ਹੈ, ਕਮਜ਼ੋਰ ਜਥੇਬੰਦ ਤਾਕਤ ਨਾਲ ਭਾਜਪਾ ਦੇ ਉਮੀਦਵਾਰਾਂ ਦਾ ਇਹ ਵਿਰੋਧ ਸੰਭਵ ਨਹੀਂ ਸੀ। ਇਸ ਲਈ ਜੇ ਲੋਕਾਂ ਨੇ ਅਸਲ ਅਰਥਾਂ ‘ਚ ਆਪਣੀ ਜਮਹੂਰੀਅਤ ਮਾਨਣੀ ਹੈ ਤਾਂ ਲੋਕਾਂ ਨੂੰ ਆਪਣਾ ਰਾਜ ਬਣਾਉਣਾ ਪੈਣਾ ਹੈ।