ਨਵ-ਭਾਰਤ ਨਿਰਮਾਤਾ!
ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਦਕਰ ਜੀ ਦਾ ਜਨਮ 14 ਅਪ੍ਰੈਲ 1891 ਨੂੰ ਮਹੂ ਆਰਮੀ ਛਾਉਣੀ, ਮੱਧ ਪ੍ਰਦੇਸ਼ ਐਮਪੀ ਮਹਾਰਾਸ਼ਟਰ ਵਿੱਚ ਪਿਤਾ ਰਾਮ ਜੀ ਸਕਪਾਲ ਦੇ ਘਰ ਮਾਤਾ ਭੀਮਾ ਬਾਈ ਦੇ ਕੁੱਖੋਂ ਹੋਇਆ ਸੀ। ਉਨ੍ਹਾਂ ਦੇ ਪਿਤਾ ਭਾਰਤੀ ਫੌਜ ਵਿੱਚ ਸੂਬੇਦਾਰ ਸਨ। 1894 ਵਿੱਚ ਆਪਣੇ ਪਿਤਾ ਦੀ ਸੇਵਾਮੁਕਤੀ ਤੋਂ ਬਾਅਦ, ਉਹ ਆਪਣੇ ਪੂਰੇ ਪਰਿਵਾਰ ਨਾਲ ਸਤਾਰਾ ਚਲੇ ਗਏ। ਚਾਰ ਸਾਲ ਬਾਅਦ, ਅੰਬੇਦਕਰ ਜੀ ਦੀ ਮਾਤਾ ਦਾ ਦਿਹਾਂਤ ਹੋ ਗਿਆ, ਜਿਸ ਪਿੱਛੋਂ ਉਨ੍ਹਾਂ ਦੀ ਮਾਸੀ ਨੇ ਉਨ੍ਹਾਂ ਦਾ ਪਾਲਣ-ਪੋਸ਼ਣ ਕੀਤਾ । ਬਾਬਾ ਸਾਹਿਬ ਅੰਬੇਦਕਰ ਆਪਣੇ ਪਰਿਵਾਰ ਦੇ 14 ਭੈਣਾਂ-ਭਰਾਵਾਂ ਵਿਚੋਂ ਸੱਭ ਤੋਂ ਛੋਟੇ ਸਨ। ਉਨ੍ਹਾਂ ਸਾਰੇ ਭੈਣਾਂ-ਭਰਾਵਾਂ ਵਿੱਚੋਂ ਕੇਵਲ ਅੰਬੇਦਕਰ ਸਾਹਿਬ ਹੀ ਹਾਈ ਸਕੂਲ ਗਏ। ਉਨ੍ਹਾਂ ਦੀ ਮਾਂ ਦੀ ਮੌਤ ਤੋਂ ਬਾਅਦ, ਉਨ੍ਹਾਂ ਦੇ ਪਿਤਾ ਜੀ ਨੇ ਦੁਬਾਰਾ ਵਿਆਹ ਕਰਵਾ ਲਿਆ ਅਤੇ ਪਰਿਵਾਰ ਨੂੰ ਬੰਬਈ ਲੈ ਗਏ, ਜਿਥੇ 15 ਸਾਲ ਦੀ ਉਮਰ ਵਿੱਚ ਅੰਬੇਦਕਰ ਜੀ ਦਾ ਵਿਆਹ ਰਮਾਬਾਈ ਜੀ ਨਾਲ ਹੋਇਆ।
ਉਹ ਇੱਕ ਗਰੀਬ ਦੱਬੇ ਕੁਚਲੇ ਸਮਾਜ ਦੀ ਜਾਤੀ ਦੇ ਪਰਿਵਾਰ ਵਿੱਚ ਪੈਦਾ ਹੋਏ ਸਨ, ਜਿਸ ਕਾਰਨ ਉਨ੍ਹਾਂ ਨੂੰ ਬਚਪਨ ਵਿੱਚ ਜਾਤੀ ਭੇਦ-ਭਾਵ ਅਤੇ ਸਮਾਜਿਕ ਅਪਮਾਨ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਦੇ ਪਰਿਵਾਰ ਨੂੰ ਉੱਚ ਵਰਗ ਦੇ ਪਰਿਵਾਰਾਂ ਦੁਆਰਾ ਅਛੂਤ ਮੰਨਿਆ ਜਾਂਦਾ ਸੀ। ਅੰਬੇਦਕਰ ਜੀ ਦੇ ਪੂਰਵਜ ਅਤੇ ਉਨ੍ਹਾਂ ਦੇ ਪਿਤਾ ਨੇ ਲੰਬੇ ਸਮੇਂ ਤੱਕ ਬ੍ਰਿਟਿਸ਼ ਈਸਟ ਇੰਡੀਅਨ ਆਰਮੀ ਵਿੱਚ ਸੇਵਾ ਕੀਤੀ ਸੀ। ਅੰਬੇਦਕਰ ਜੀ ਅਛੂਤ ਸਕੂਲਾਂ ਵਿੱਚ ਪੜ੍ਹਦੇ ਸਨ, ਪਰ ਅਧਿਆਪਕਾਂ ਵੱਲੋਂ ਉਨ੍ਹਾਂ ਨੂੰ ਮਹੱਤਵ ਨਹੀਂ ਦਿੱਤਾ ਜਾਂਦਾ ਸੀ।ਉਹਨਾਂ ਨੂੰ ਜਮਾਤ ਕਮਰੇ ਦੇ ਬਾਹਰ, ਬ੍ਰਾਹਮਣਾਂ ਅਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਸਮਾਜ ਦੇ ਉੱਚ ਵਰਗਾਂ ਤੋਂ ਵੱਖ ਕਰਕੇ ਬੈਠਣ ਲਈ ਵੱਖਰੀ ਥਾਂ ਮੁਕਰਰ ਕੀਤੀ ਗਈ ਸੀ, ਇੱਥੋਂ ਤੱਕ ਕਿ ਜਦੋਂ ਉਹਨਾਂ ਨੇ ਪਾਣੀ ਪੀਣਾ ਹੁੰਦਾ ਸੀ, ਤਾਂ ਚਪੜਾਸੀ ਦੁਆਰਾ ਉੱਚਾਈ ਤੋਂ ਪਾਣੀ ਡੋਲ੍ਹਿਆ ਜਾਂਦਾ ਸੀ ਕਿਉਂਕਿ ਉਹਨਾਂ ਨੂੰ ਪਾਣੀ ਅਤੇ ਭਾਂਡੇ ਨੂੰ ਛੂਹਣ ਦੀ ਆਗਿਆ ਨਹੀਂ ਸੀ। ਇਸ ਦਾ ਵਰਣਨ ਉਨ੍ਹਾਂ ਆਪਣੀ ਲਿਖਤ ‘ਨਾ ਚਪੜਾਸੀ, ਨਾ ਪਾਣੀ’ ਵਿੱਚ ਕੀਤਾ ਹੈ। ਅੰਬੇਦਕਰ ਜੀ ਨੂੰ ਆਰਮੀ ਸਕੂਲ ਸਮੇਤ ਹਰ ਥਾਂ ਸਮਾਜ ਦੁਆਰਾ ਅਲੱਗ-ਥਲੱਗ ਕਰਕੇ ਰੱਖਿਆ ਜਾਂਦਾ ਰਿਹਾ, ਜਿਸ ਕਰਕੇ ਉਨ੍ਹਾਂ ਨੂੰ ਹਰ ਥਾਂ, ਹਰ ਵੇਲੇ ਅਪਮਾਨ ਦਾ ਸਾਹਮਣਾ ਕਰਨਾ ਪਿਆ।
ਮੁੰਬਈ ਦੇ ਐਲਫਿੰਸਟਨ ਹਾਈ ਸਕੂਲ ਵਿਚ ਪੜ੍ਹਣ ਵਾਲਾ ਉਹ ਇਕਲੌਤਾ ਦਲਿਤ ਵਿਦਿਆਰਥੀ ਸੀ। ਦੱਸਵੀਂ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਉਹ 1908 ਵਿਚ ਐਲਫਿੰਸਟਨ ਕਾਲਜ ਵਿਚ ਦਾਖਲ ਹੋਏ । ਉਨ੍ਹਾਂ ਦੀ ਸਫਲਤਾ ਦੱਬੇ ਕੁਚਲੇ ਸਮਾਜ ਲਈ ਬਹੁਤ ਵੱਡੀ ਖੁਸ਼ੀ ਦਾ ਕਾਰਨ ਸੀ, ਕਿਉਂਕਿ ਉਹ ਅਜਿਹਾ ਕਰਨ ਵਾਲਾ ਪਹਿਲਾ ਵਿਅਕਤੀ ਸੀ। 1912 ਵਿੱਚ ਉਨ੍ਹਾਂ ਬੰਬਈ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਅਤੇ ਰਾਜਨੀਤੀ ਸ਼ਾਸਤਰ ਵਿੱਚ ਆਪਣੀ ਡਿਗਰੀ ਪ੍ਰਾਪਤ ਕੀਤੀ। ਉਨ੍ਹਾਂ ਬੜੌਦਾ ਦੇ ਰਾਜੇ ਦੁਆਰਾ ਸਥਾਪਤ ਯੋਜਨਾ ਦੇ ਤਹਿਤ ਬੜੌਦਾ ਸਟੇਟ ਸਕਾਲਰਸ਼ਿਪ ਪ੍ਰਾਪਤ ਕੀਤਾ ਅਤੇ ਅਰਥ ਸ਼ਾਸਤਰ ਦਾ ਅਧਿਐਨ ਕਰਨ ਲਈ ਨਿਊਯਾਰਕ ਵਿੱਚ ਕੋਲੰਬੀਆ ਯੂਨੀਵਰਸਿਟੀ ਵਿੱਚ ਦਾਖਲਾ ਲਿਆ।
ਜੂਨ 1915 ਵਿੱਚ ਉਨ੍ਹਾਂ ਅਰਥ-ਸ਼ਾਸਤਰ ਦੇ ਨਾਲ-ਨਾਲ ਇਤਿਹਾਸ, ਸਮਾਜ ਸ਼ਾਸਤਰ, ਦਰਸ਼ਨ ਅਤੇ ਰਾਜਨੀਤੀ ਵਰਗੇ ਹੋਰ ਵਿਸ਼ਿਆਂ ਵਿੱਚ ਮਾਸਟਰ ਡਿਗਰੀ ਪ੍ਰਾਪਤ ਕੀਤੀ। 1916 ਵਿੱਚ ਉਹ ਲੰਡਨ ਸਕੂਲ ਆਫ਼ ਇਕਨਾਮਿਕਸ ਗਏ ਅਤੇ “ਰੁਪਏ ਦੀ ਸਮੱਸਿਆ: ਇਸਦਾ ਮੂਲ ਅਤੇ ਹੱਲ” ਵਿਸ਼ੇ ਉਪਰ ਆਪਣੇ ਖੋਜ ਪੱਤਰ ਤਿਆਰ ਕੀਤਾ ਫਿਰ 1920 ਵਿੱਚ ਉਹ ਇੰਗਲੈਂਡ ਚਲੇ ਗਿਆ ਜਿੱਥੇ ਉਨ੍ਹਾਂ ਲੰਡਨ ਯੂਨੀਵਰਸਿਟੀ ਤੋਂ ਡਾਕਟਰੇਟ ਦੀ ਡਿਗਰੀ ਪ੍ਰਾਪਤ ਕੀਤੀ।
ਡਾ: ਭੀਮ ਰਾਓ ਅੰਬੇਦਕਰ ਸਾਹਿਬ ਇੱਕ ਮਹਾਨ ਦੇਸ਼ ਭਗਤ, ਨਿਆਂ ਦੇ ਪੁਜਾਰੀ ਅਤੇ ਉੱਘੇ ਸਿੱਖਿਆ ਸ਼ਾਸਤਰੀ ਸਨ। ਉਹ ਕੇਵਲ ਦਲਿਤਾਂ ਦੇ ਹੀ ਨਹੀਂ ਬਲਕਿ ਸਮੂਹ ਦੇਸ਼ ਵਾਸੀਆਂ ਦੇ ਮਸੀਹਾ ਸਨ। ਉਹ ਭਾਰਤ ਨੂੰ ਗੋਰਿਆਂ ਦੀ ਗੁਲਾਮੀ ਤੋਂ ਮੁਕਤ ਕਰਵਾ ਕੇ ਇਕ ਖੁਸ਼ਹਾਲ ਦੇਸ਼ ਬਣਾਉਣ ਲਈ ਤੱਤਪਰ ਸਨ। ਉਨ੍ਹਾਂ ਭਾਰਤੀ ਸੰਵਿਧਾਨ ਦੀ ਸਿਰਜਣਾ ਕਰਕੇ ਕੇਵਲ ਦੇਸ਼ ਵਿਚ ਹੀ ਨਹੀਂ ਸਗੋਂ ਸਮੁੱਚੇ ਸੰਸਾਰ ਵਿੱਚ ਆਪਣੀ ਤੀਖਣ ਬੁੱਧੀ ਦੀ ਵਿਲੱਖਣ ਮਿਸਾਲ ਦਿੱਤੀ, ਜਿਸ ਕਰਕੇ ਅੱਜ ਅਮਰੀਕਾ, ਇੰਗਲੈਂਡ ਅਤੇ ਕੈਨੇਡਾ ਵਰਗੇ ਅਮੀਰ ਅਤੇ ਤਾਕਤਵਰ ਦੇਸ਼ਾਂ ਵਿਚ ਉਨ੍ਹਾਂ ਦੇ ਨਾਂ ਹੇਠ ਲਾਇਬ੍ਰੇਰੀਆਂ ਅਤੇ ਉਨ੍ਹਾਂ ਦੇ ਬੁੱਤ ਸਥਾਪਿਤ ਕੀਤੇ ਗਏ ਹਨ। ਉਹ ਇਕ ਮਹਾਨ ਵਕੀਲ ਸਨ, ਜਿਸ ਕਰਕੇ ਉਹ ਹਰ ਗੱਲ ਤਰਕ ਨਾਲ ਪੇਸ਼ ਕਰਦੇ ਸਨ।
ਅੰਬੇਦਕਰ ਦਾ ਮੁੱਢਲਾ ਜੀਵਨ ਅਤੇ ਸਿੱਖਿਆ ਪ੍ਰਤੀ ਦਾ ਰਾਹ ਸੰਘਰਸ਼ਮਈ ਸੀ, ਉਨ੍ਹਾਂ ਨੂੰ ਬਚਪਨ ਤੋਂ ਹੀ ਛੂਤ-ਛਾਤ, ਵਿਤਕਰੇ ਆਦਿ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਆਪਣੇ ਹੀ ਜਮਾਤੀ ਅਤੇ ਸਮਾਜ ਦੀ ਨਫ਼ਰਤ ਦਾ ਸਾਹਮਣਾ ਕਰਨਾ ਪਿਆ। ਬੜੌਦਾ ਦੇ ਰਾਜੇ ਤੋਂ ਵਜ਼ੀਫ਼ੇ ਦੀ ਮਦਦ ਨਾਲ, ਉਹ ਉੱਚ ਸਿੱਖਿਆ ਲਈ ਵਿਦੇਸ਼ ਗਏ ਅਤੇ ਇੱਕ ਮਹਾਨ ਵਕੀਲ ਵਜੋਂ ਭਾਰਤ ਪਰਤੇ।
ਅਮਰੀਕਾ ਅਤੇ ਯੂਰਪ ਤੋਂ ਪਰਤਣ ਤੋਂ ਬਾਅਦ, ਉਨਾਂ 1935-36 ਵਿੱਚ 20 ਪੰਨਿਆਂ ਵਿੱਚ ਆਪਣੀ ਸਵੈ-ਜੀਵਨੀ ਲਿਖੀ, ਜਿਸ ਦਾ ਨਾਂ ‘ਵੇਟਿੰਗ ਫਾਰ ਏ ਵੀਜ਼ਾ’ ਰੱਖਿਆ। ਇਹ ਕਿਤਾਬ ਅੱਜ ਕੋਲੰਬੀਆ ਯੂਨੀਵਰਸਿਟੀ ਵਿੱਚ ਪੜ੍ਹਾਈ ਜਾਂਦੀ ਹੈ।
ਡਾ:ਅੰਬੇਦਕਰ ਸਾਹਿਬ ਦਾ ਕਿਰਤ ਸੁਧਾਰਾਂ ਵਿੱਚ ਅਹਿਮ ਯੋਗਦਾਨ ਰਿਹਾ ਹੈ, ਜਿਸ ਕਰਕੇ ਉਨ੍ਹਾਂ ਨੂੰ
ਕਿਰਤ ਸੁਧਾਰਾਂ ਦਾ ਇੰਜੀਨੀਅਰ ਕਰਕੇ ਵੀ ਜਾਣਿਆ ਜਾਂਦਾ ਹੈ।ਜਿਸ ਵੇਲੇ ਭਾਰਤ ਗੁਲਾਮ ਸੀ, ਉਸ ਵੇਲੇ ਭਾਰਤੀਆਂ ਕੋਲੋਂ ਬੰਧੂਆ ਕਾਮਿਆਂ ਵਾਗੂੰ ਕੰਮ ਕਰਵਾਇਆ ਜਾਂਦਾ ਸੀ ਜਾਂ ਫਿਰ 12 ਘੰਟਿਆਂ ਤੋਂ ਲੈ ਕੇ 16 ਘੰਟਿਆਂ ਤਕ ਕੰਮ ਕਰਵਾਇਆ ਜਾਂਦਾ ਸੀ, ਜਿਸ ਵਿਰੁੱਧ ਉਨ੍ਹਾਂ ਡੱਟਕੇ ਅਵਾਜ਼ ਬੁਲੰਦ ਕੀਤੀ, ਜਿਸ ਦਾ ਸਿੱਟਾ ਇਹ ਨਿਕਲਿਆ ਕਿ ਉਨ੍ਹਾਂ ਦੇ ਸੰਘਰਸ਼ ਸਦਕਾ ਕੰਮ ਕਰਨ ਦਾ ਸਮਾਂ 8 ਘੰਟੇ ਕਰ ਦਿੱਤਾ ਗਿਆ ਹੈ। ਇਹ ਤਬਦੀਲੀ ਨਵੰਬਰ 1942 ਵਿੱਚ ਨਵੀਂ ਦਿੱਲੀ ਵਿੱਚ ਭਾਰਤੀ ਮਜ਼ਦੂਰ ਸੰਮੇਲਨ ਦੇ ਸੱਤਵੇਂ ਸੈਸ਼ਨ ਵਿੱਚ ਹੋਈ। ਇਸ ਤੋਂ ਇਲਾਵਾ ਉਨ੍ਹਾਂ ਦੀ ਬਦੌਲਤ ਕਾਮਿਆਂ ਲਈ ਮਹਿੰਗਾਈ ਭੱਤਾ, ਛੁੱਟੀਆਂ ਦੇ ਲਾਭ, ਕਰਮਚਾਰੀਆਂ ਦਾ ਬੀਮਾ, ਡਾਕਟਰੀ ਛੁੱਟੀ, ਬਰਾਬਰ ਕੰਮ-ਬਰਾਬਰ ਤਨਖਾਹ, ਘੱਟੋ-ਘੱਟ ਉਜਰਤ ਅਤੇ ਸਮੇਂ-ਸਮੇਂ ‘ਤੇ ਤਨਖਾਹ ਸਕੇਲ ਦੀ ਸੋਧ ਵੀ ਸ਼ਾਮਲ ਸੀ।
ਡਾ: ਅੰਬੇਦਕਰ ਦੀ ਲਿਆਕਤ ਦੇ ਸੰਸਾਰ ਪੱਧਰੀ ਕੱਦ ਨੂੰ ਮਨੂੰਵਾਦੀ ਲੇਖਕਾਂ ਅਤੇ ਵਿਦਵਾਨਾਂ ਵਲੋਂ ਅਕਸਰ ਦਲਿਤਾਂ ਦੇ ਇਕ ਆਗੂ ਵਜੋਂ ਕਹਿਕੇ ਪੇਸ਼ ਕੀਤਾ ਹੈ, ਜਦ ਕਿ ਉਹ ਸਮੂਹ ਭਾਰਤੀਆਂ ਸਮੇਤ ਸਮੁੱਚੇ ਸੰਸਾਰ ਲਈ ਇੱਕ ਚਾਨਣ ਮੁਨਾਰਾ ਸਨ। ਉਨ੍ਹਾਂ ਦੇਸ਼ ਦੀ ਆਰਥਿਕ ਅਤੇ ਸਮਾਜਿਕ ਸਥਿਤੀ ਨੂੰ ਮਜਬੂਤ ਕਰਨ ਲਈ ਰਿਜ਼ਰਵ ਬੈਂਕ ਆਫ ਇੰਡੀਆ ਦੀ ਸਥਾਪਤੀ ਦਾ ਸੰਕਲਪ ਲਿਆ।
1934 ‘ਚ ਕੇਂਦਰੀ ਵਿਧਾਨ ਸਭਾ ‘ਚ ਆਰ. ਬੀ. ਆਈ. ਐਕਟ ਪਾਸ ਕੀਤਾ ਗਿਆ ਸੀ, ਜਿਸ ਵਿਚ ਕੇਂਦਰੀ ਬੈਂਕ ਦੀ ਲੋੜ ਸੀ। ਬੈਂਕ ਦੀ ਕਾਰਜ-ਸ਼ੈਲੀ ਅਤੇ ਦ੍ਰਿਸ਼ਟੀਕੋਣ ਡਾ: ਅੰਬੇਦਕਰ ਸਾਹਿਬ ਦੇ ਉਸੇ ਸੰਕਲਪ ਦੇ ਆਧਾਰ ‘ਤੇ ਤਿਆਰ ਕੀਤਾ ਗਿਆ ਸੀ, ਜੋ ਉਨ੍ਹਾਂ ਹਿਲਟਨ ਯੰਗ ਕਮਿਸ਼ਨ ਦੇ ਸਾਹਮਣੇ ਪੇਸ਼ ਕੀਤਾ ਸੀ। 25 ਅਗਸਤ 1925 ਨੂੰ ਭਾਰਤੀ ਮੁਦਰਾ ਅਤੇ ਵਿੱਤ ਬਾਰੇ ਕਮਿਸ਼ਨ ਦਾ ਗਠਨ ਕੀਤਾ ਗਿਆ ਸੀ। ਕਮਿਸ਼ਨ ਨੇ 4 ਅਗਸਤ 1926 ਨੂੰ ਆਪਣੀ ਰਿਪੋਰਟ ਸੌਂਪੀ। ਇਹ ਰਿਪੋਰਟ ਸਤੰਬਰ 1926 ਦੇ ਫੈਡਰਲ ਰਿਜ਼ਰਵ ਬੁਲੇਟਿਨ ਵਿੱਚ ਵੀ ਸੰਖੇਪ ਰੂਪ ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ।ਇਥੇ ਦੱਸਣਯੋਗ ਹੈ ਕਿ ਡਾ: ਅੰਬੇਦਕਰ ਸਦਕਾ
1 ਅਪ੍ਰੈਲ 1935 ਨੂੰ ਭਾਰਤ ਵਿਚ ਰਿਜ਼ਰਵ ਬੈਂਕ ਆਫ਼ ਇੰਡੀਆ ਦੀ ਸਥਾਪਨਾ ਕੀਤੀ ਗਈ। ਡਾ: ਅੰਬੇਦਕਰ ਕਿਸਾਨਾਂ, ਖੇਤ ਮਜ਼ਦੂਰਾਂ, ਮਜ਼ਦੂਰਾਂ, ਵਪਾਰੀਆਂ, ਸਨਅਤਕਾਰਾਂ, ਦੁਕਾਨਦਾਰਾਂ, ਮੁਲਾਜ਼ਮਾਂ ਅਤੇ ਔਰਤਾਂ ਦੀਆਂ ਸਮੱਸਿਆਵਾਂ ਨੂੰ ਪੂਰੀ ਤਰ੍ਹਾਂ ਸਮਝਦੇ ਸਨ ਅਤੇ ਉਹ ਹਮੇਸ਼ਾ ਉਨ੍ਹਾਂ ਨੂੰ ਹੱਲ ਕਰਨ ਲਈ ਯਤਨਸ਼ੀਲ ਰਹਿੰਦੇ ਸਨ।
ਡਾ: ਅੰਬੇਦਕਰ ਇੱਕ ਸੱਚੇ-ਸੁੱਚੇ ਦੇਸ਼ ਭਗਤ ਸਨ। ਉਹ ਸੰਸਾਰ ਪੱਧਰੀ ਸਿੱਖਿਆ-ਸ਼ਾਸਤਰੀ, ਸਮਾਜਿਕ-ਵਿਗਿਆਨੀ, ਆਰਥਿਕ-ਇੰਜੀਨੀਅਰ, ਰਾਜਨੀਤਿਕ-ਇੰਜੀਨੀਅਰ,ਦਰਸ਼ਨ-ਸਾਸ਼ਤਰੀ, ਸਮਾਜ-ਸੁਧਾਰਕ ਅਤੇ ਵਕਾਲਤ ਦੇ ਮਾਹਿਰ ਹੋਣ ਦੇ ਨਾਲ-ਨਾਲ ਇੱਕ ਮਹਾਨ ਇਨਸਾਨ ਸਨ, ਜਿਨ੍ਹਾਂ ਆਪਣੀ ਸਾਰੀ ਜ਼ਿੰਦਗੀ ਦੇਸ਼ ਦੇ ਲੋਕਾਂ ਲਈ ਅਰਪਿਤ ਕਰ ਦਿੱਤੀ। ਉਨ੍ਹਾਂ ਨੂੰ ‘ਨਵ-ਭਾਰਤ ਨਿਰਮਾਤਾ’ ਦੇ ਤੌਰ ‘ਤੇ ਜਾਣਿਆ ਜਾਂਦਾ ਹੈ।
ਡਾ: ਅੰਬੇਦਕਰ ਸੰਸਾਰ ਦੇ ਕੁਝ ਗਿਣੇ – ਚੁਣੇ ਮਹਾਨ ਲੋਕ-ਨਾਇਕਾਂ ਵਿਚੋਂ ਇਕ ਹਨ, ਜਿਨ੍ਹਾਂ ਦੀਆਂ ਤਸਵੀਰਾਂ ਲੋਕਾਂ ਦੇ ਘਰਾਂ ਵਿਚ ਇਸ ਤਰ੍ਹਾਂ ਸੁਸ਼ੋਭਿਤ ਹਨ, ਜਿਵੇਂ ਲੋਕ ਧਾਰਮਿਕ ਮਹਾਪੁਰਸ਼ਾਂ ਦੀਆਂ ਤਸਵੀਰਾਂ ਆਪਣੇ ਘਰਾਂ ਦੀਆਂ ਕੰਧਾਂ ਨਾਲ ਲਟਕਾਉੰਦੇ ਹਨ।
ਡਾ: ਅੰਬੇਦਕਰ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਦੇਸ਼ ਵਾਸੀ ਉਨ੍ਹਾਂ ਦੁਆਰਾ ਰਚਿਤ ‘ਭਾਰਤੀ ਸੰਵਿਧਾਨ’ ਨੂੰ ਬਚਾਉਣ ਲਈ ਤੱਤਪਰ ਰਹਿਣ ਤਾਂ ਜੋ ਦੇਸ਼ ਵਿੱਚ ਭਾਈਚਾਰਕ ਸਾਂਝ ਅਤੇ ਏਕਤਾ ਬਰਕਰਾਰ ਰਹੇ। ਭਾਰਤ ਕਿਸੇ ਇਕ ਵਰਗ ਜਾਂ ਇੱਕ ਸਮੁਦਾਇ ਦਾ ਨਹੀਂ ਬਲਕਿ ਸੱਭ ਦਾ ਸਾਂਝਾ ਹੈ। ਭਾਰਤ ਨੂੰ ਇਕ ਮੁੱਠੀ ਵਿੱਚ ਬੰਦ ਰੱਖਣ ਲਈ ਸੰਵਿਧਾਨ ਦੀ ਰਾਖੀ ਕਰਨਾ ਸਮੇਂ ਦੀ ਮੁੱਖ ਲੋੜ ਹੈ। ਡਾ: ਅੰਬੇਦਕਰ ਦਾ ਜਨਮ ਦਿਨ ਸੰਸਾਰ ਭਰ ਵਿੱਚ ‘ਸਮਾਨਤਾ ਦਿਵਸ’ ਅਤੇ ‘ਗਿਆਨ ਦਿਵਸ’ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਉਨ੍ਹਾਂ ਦਾ ਦ੍ਰਿਸ਼ਟੀਕੋਣ ਹਮੇਸ਼ਾ ਅਜਾਦੀ, ਬਰਾਬਰਤਾ ਅਤੇ ਭਾਈਚਾਰਕ ਸਾਂਝ ਰਿਹਾ ਹੈ। ਉਨ੍ਹਾਂ ਕੋਲ 32 ਡਿਗਰੀਆਂ ਸਨ, ਜਿਨ੍ਹਾਂ ਵਿਚ 11 ਵਿੱਦਿਅਕ ਡਿਗਰੀਆਂ ਜਦ ਕਿ ਬਾਕੀ ਦੀਆਂ ਵੱਖ ਵੱਖ ਥਾਵਾਂ ਤੋਂ ਮਿਲੀਆਂ ਸਨਮਾਨ ਉਪਾਧੀਆਂ ਸਨ ਅਤੇ ਉਹ 9 ਭਾਸ਼ਾਵਾਂ ਦੇ ਗਿਆਤਾ ਸਨ।
ਲੇਖਕ-ਸੁਖਦੇਵ ਸਲੇਮਪੁਰੀ (09780620233)