ਦੁਨੀਆਂ ਭਰ ਦੇ ਕਿਰਤੀਓ ਇੱਕ ਹੋ ਜਾਓ-ਡੱਲਾ

ਦੁਨੀਆਂ ਭਰ ਦੇ ਕਿਰਤੀਓ ਇੱਕ ਹੋ ਜਾਓ

ਇੱਕ ਮਈ ਦਾ ਦਿਨ ਦੁਨੀਆਂ ਭਰ ਦੇ ਮਜ਼ਦੂਰਾਂ ਲਈ ਬਹੁਤ ਵੱਡੀ ਮਹੱਤਤਾ ਰੱਖਦਾ ਹੈ। ਇਹ ਦਿਨ ਅਮਰੀਕਾ ਦੇ ਉਦਯੋਗਿਕ ਸ਼ਹਿਰ ਸ਼ਿਕਾਗੋ ਵਿੱਚ ਕਾਰਖਾਨੇ ਦੇ ਮਜ਼ਦੂਰਾਂ ਦੀਆਂ ਸ਼ਹੀਦੀਆਂ ਦਾ ਦਿਨ ਹੈ। ਜਦੋਂ ਮਿੱਲ ਮਾਲਕਾਂ ਵਲੋਂ ਮਜ਼ਦੂਰਾਂ ਨੂੰ ਬਹੁਤ ਹੀ ਘੱਟ ਤਨਖਾਹਾਂ ਦੇ ਕੇ 18 ਘੰਟਿਆਂ ਤੱਕ ਕੰਮ ਲਿਆ ਜਾਂਦਾ ਸੀ ਤੇ ਮਜ਼ਦੂਰਾਂ ਨਾਲ ਗ਼ਲਾਮਾਂ ਵਾਲਾ ਸਲੂਕ ਕੀਤਾ ਜਾਂਦਾ ਸੀ। ਜਿਸ ਤੋਂ ਤੰਗ ਆ ਕੇ ਮਜ਼ਦੂਰਾਂ ਨੇ‌ ਏਕਾ ਕਰਕੇ ਅਮਰੀਕਾ ਵਿੱਚ ਸੰਘਰਸ਼ ਦਾ ਬਿਗੁਲ ਬਜਾਇਆ ਸੀ। ਉਨ੍ਹਾਂ ਨੇ ਸ਼ਿਕਾਗੋ ਸ਼ਹਿਰ ਵਿੱਚ ਪੁਰ ਅਮਨ ਢੰਗ ਨਾਲ 8 ਘੰਟੇ ਦੀ ਦਿਹਾੜੀ ਕਰਨ ਲਈ ਹੜਤਾਲ ਕੀਤੀ ਸੀ। ਇਸ ਸਮੇਂ ਉੱਥੋਂ ਦੀ ਸਰਕਾਰ ਅਤੇ ਕਾਰਖਾਨੇਦਾਰਾਂ ਨੇ ਬੁਖਲਾ ਕੇ ਮਜ਼ਦੂਰਾਂ ਉੱਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਇੱਕ ਮਜ਼ਦੂਰ ਨੂੰ ਸ਼ਹੀਦ ਕਰ ਦਿੱਤਾ ਅਤੇ ਦਰਜਨਾਂ ਮਜ਼ਦੂਰ ਪੁਲਿਸ ਦੀ ਗੋਲੀ ਨਾਲ ਜ਼ਖ਼ਮੀ ਹੋ ਗਏ। 4 ਮਈ 1886 ਨੂੰ ਅਮਰੀਕਾ ਦੇ ਕਾਰਖਾਨਿਆਂ‌ ਵਿੱਚ ਰੋਸ ਰੈਲੀਆਂ ਕੀਤੀਆਂ ਗਈਆਂ,ਪਰ ਸ਼ਹਿਰ ਸ਼ਿਕਾਗੋ ਵਿੱਚ ਵਧੇਰੇ ਤਣਾਅ ਹੋਣ ਕਰਕੇ ਪੁਲਿਸ ਨੇ‌ ਦੂਜੀ ਵਾਰ ਮਜ਼ਦੂਰਾਂ ਉੱਤੇ ਗੋਲੀ ਚਲਾ ਕੇ ਅੱਠ ਮਜ਼ਦੂਰਾਂ ਨੂੰ ਸ਼ਹੀਦ ਕਰ ਦਿੱਤਾ। ਇਸ ਤੋਂ ਭੜਕੇ ਮਜ਼ਦੂਰਾਂ ਨੇ ਅਮਰੀਕਾ ਵਿੱਚ ਰੋਸ ਰੈਲੀਆਂ ਕਰਕੇ ਮਜ਼ਦੂਰਾਂ ਦੇ ਹੱਕਾਂ ਲਈ ਮਿੱਲਾਂ ਬੰਦ ਕਰ ਦਿੱਤੀਆਂ। ਜਿਸ ਦੇ ਚੱਲਦਿਆਂ ਮਜ਼ਦੂਰਾਂ ਉੱਤੇ ਅੰਨ੍ਹਾ ਤਸ਼ੱਦਦ ਕੀਤਾ ਗਿਆ ਅਤੇ 11 ਨਵੰਬਰ 1887 ਨੂੰ ਮਜ਼ਦੂਰਾਂ ਦੇ ਚਾਰ ਆਗੂਆਂ ਨੂੰ ਫਾਂਸੀ ਦੇ ਦਿੱਤੀ। ਉਸ ਸਮੇੰ ਫਾਂਸੀ ਦੇ ਤਖ਼ਤੇ ਉੱਤੇ ਚੜ੍ਹਦਿਆਂ ਮਜ਼ਦੂਰ ਆਗੂ ਅਗਸਟ ਸਪਾਇਜ਼ ਨੇ ਕਿਹਾ ਸੀ ਕਿ,
“ਤੁਸੀਂ ਫਾਂਸੀ ਦੇ ਕੇ ਸਾਡੀ ਆਵਾਜ਼ ਤਾਂ ਖਤਮ ਕਰ ਸਕਦੇ ਹੋ, ਪਰ ਸਾਡੇ ਵਿਚਾਰ ਤੁਸੀਂ ਕਦੇ ਖਤਮ‌ ਨਹੀਂ ਕਰ ਸਕਦੇ”। ਇਸ ਸਮੇਂ ਅਮਰੀਕੀ ਅਖ਼ਬਾਰਾਂ ਨੇ ਮਜ਼ਦੂਰਾਂ ਦੇ ਸੰਘਰਸ਼ ਨੂੰ “ਲਾਲ ਅੱਤਵਾਦ” ਕਿਹਾ ਸੀ। ਦੋਸਤੋ, ਯਾਦ ਰੱਖੋ ਕਿ ਸ਼ਿਕਾਗੋ ਦੇ ਸ਼ਹੀਦਾਂ ਦੀ ਕੁਰਬਾਨੀ ਕਰਕੇ‌ ਹੀ ਅੱਜ ਅਸੀਂ ਅੱਠ ਘੰਟੇ ਦੀ ਮੰਗ ਪ੍ਰਾਪਤ ਕਰਕੇ ਵੱਡੀ ਰਾਹਤ ਮਹਿਸੂਸ ਕਰ ਰਹੇ ਸਾਂ।
ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡੇ ਦੇਸ਼ ਦੀ ਸਰਕਾਰ ਨੇ ਹੁਣ ਫੇਰ ਮਜ਼ਦੂਰਾਂ ਉੱਤੇ 12 ਘੰਟੇ ਕੰਮ ਕਰਵਾਉਂਣ ਲਈ ਕਾਨੂੰਨ ਪਾਸ ਕਰ ਦਿੱਤਾ ਹੈ। ਜਿਸ ਵਿਰੁੱਧ ਦੇਸ਼ ਦੀਆਂ ਮਜ਼ਦੂਰ ਜਥੇਬੰਦੀਆਂ ਲੜਾਈ ਲੜ ਰਹੀਆਂ ਹਨ। ਮੋਦੀ ਦੀ ਬੀ ਜੇ ਪੀ ਸਰਕਾਰ ਨੇ ਚਾਰ ਕੋਡ ਬਿਲ ਲਿਆ ਕੇ ਮਜਦੂਰਾਂ ਦੇ ਹੱਕਾਂ ਨੂੰ ਕੁਚਲਣ ਲਈ ਕਾਨੂੰਨ ਪਾਸ ਕਰ ਲਿਆ ਹੈ। ਜਿਸ ਨਾਲ ਮਜ਼ਦੂਰਾਂ ਵਲੋਂ ਕੁਰਬਾਨੀਆਂ ਕਰਕੇ ਬਣਵਾਏ 29 ਲੇਬਰ ਕਾਨੂੰਨ ਖਤਮ ਕਰਕੇ ਕਾਰਪੋਰੇਟਰਾਂ ਦੀ ਮਦਦ ਕੀਤੀ ਜਾ ਰਹੀ ਹੈ। ਅਸੀਂ ਪੰਜਾਬ ਵਿੱਚ ਕੰਮ ਕਰਦੇ ਮਜ਼ਦੂਰ 4 ਕੋਡ ਬਿਲਾਂ ਨੂੰ ਵਾਪਸ ਕਰਵਾਉਂਣ ਲਈ ਲਗਾਤਾਰ ਲੜਾਈ ਲੜ ਰਹੇ ਹਾਂ। ਜਿੰਨਾ ਚਿਰ ਚਾਰ ਕੋਡ ਬਿਲ ਵਾਪਸ ਨਹੀਂ ਲਏ ਜਾਂਦੇ ਸਾਡੀ ਲੜਾਈ ਜਾਰੀ ਰਹੇਗੀ। ਆਓ ਇਕੱਠੇ ਹੋ ਕੇ ਮਜ਼ਦੂਰਾਂ ਦੀ ਆਰਥਕ ਦਸ਼ਾ ਦੇ ਸੁਧਾਰ ਲਈ 29 ਲੇਬਰ ਕਾਨੂੰਨਾਂ ਦੀ ਬਹਾਲੀ ਤੱਕ ਸੰਘਰਸ਼ ਨੂੰ ਮੱਠਾ ਨਾ ਪੈਣ ਦਈਏ। ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ (ਸੀਟੂ) ਖਰੜ ਹੋਰ ਹਮਖਿਆਲੀ ਜਥੇਬੰਦੀਆਂ, ਕਿਸਾਨ ਯੂਨੀਅਨਾਂ,ਮੁਲਾਜਮ‌ ਜਥੇਬੰਦੀਆਂ ਨੂੰ ਅਪੀਲ ਕਰਦੀ ਹੈ ਕਿ 1 ਮਈ 2024 ਦਾ ਮਜ਼ਦੂਰ ਦਿਨ ਸਾਡੀਆਂ ਹੇਠ ਲਿਖੀਆਂ ਮੰਗਾਂ ਨੂੰ ਸਮਰਪਿਤ ਕਰਕੇ ਸੰਘਰਸ਼ ਨੂੰ ਅੱਗੇ ਵਧਾਈਏ।
ਮੰਗਾਂ
1. ਕਾਨੂੰਨ ਦੀ ਧਾਰਾ 44 ਤੋਂ 46 ਅਨੁਸਾਰ ਮਜ਼ਦੂਰ ਦੀ ਘੱਟੋ ਘੱਟ ਤਨਖਾਹ 26000/- ਰੁਪੈ ਮਹੀਨਾ ਕੀਤੀ ਜਾਵੇ।
2. ਮਜ਼ਦੂਰ ਵਿਰੋਧੀ 4 ਲੇਬਰ ਕੋਡ ਰੱਦ ਕਰੋ ਅਤੇ 29 ਲੇਬਰ ਕਾਨੂੰਨ ਮੁੜ ਲਾਗੂ ਕਰੋ।
3. ਨਿਰਮਾਣ ਮਜ਼ਦੂਰਾਂ ਨੂੰ ਮਿਲਣ ਵਾਲੇ ਲਾਭਾਂ ਵਿੱਚ ਕੀਤੀਆਂ ਕਟੌਤੀਆਂ ਬੰਦ ਕਰੋ। ਕਲੇਮਾਂ ਦਾ ਨਿਪਟਾਰਾ 15 ਦਿਨ ਦੇ ਅੰਦਰ ਅੰਦਰ ਕਰਕੇ ਮਜ਼ਦੂਰਾਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਵਾਓ।
4.ਮਜਦੂਰਾਂ ਦੇ ਕੰਮ ਕਰਨ ਦੇ ਘੰਟਿਆਂ ਦਾ 12 ਘੰਟੇ ਵਾਲਾ ਕਾਨੂੰਨ ਰੱਦ ਕਰੋ ਅਤੇ 8 ਘੰਟੇ ਕੰਮ ਵਾਲਾ ਕਾਨੂੰਨ ਬਹਾਲ ਕਰੋ।
5. ਮਨਰੇਗਾ ਅਤੇ ਭੱਠਿਆਂ ਉੱਤੇ ਕੰਮ ਕਰਦੇ ਮਜ਼ਦੂਰਾਂ ਨੂੰ ਵੀ ਨਿਰਮਾਣ ਕਾਮਿਆਂ ਵਿੱਚ ਸ਼ਾਮਲ ਕਰੋ।
6. ਕੁਦਰਤੀ ਮੌਤ ਹੋ ਜਾਣ ਉੱਤੇ ਮਿਰਤਕ ਮਜ਼ਦੂਰ ਨੂੰ ਦਿੱਤੀ ਜਾਣ ਵਾਲੀ ਰਾਸ਼ੀ 3 ਲੱਖ ਤੋਂ 2 ਲੱਖ ਕਰ ਦਿੱਤੀ ਗਈ ਹੈ, ਨੂੰ 5 ਲੱਖ ਰੁਪੈ ਕੀਤਾ ਜਾਵੇ।
7.ਸਰਕਾਰ ਵਲੋਂ ਲੇਬਰ ਕਾਰਡ ਦੀ ਸ਼ਗਨ ਸਕੀਮ ਨੂੰ ਅਸ਼ੀਰਵਾਦ ਸਕੀਮ ਨਾਲ ਜੋੜ ਕੇ 51000/- ਰੁਪੈ ਤੋਂ 21000/- ਕਰ ਦਿੱਤਾ ਗਿਆ ਹੈ, ਨੂੰ 75000/- ਰੁਪੈ ਕੀਤਾ ਜਾਵੇ।
8.ਪਰਵਾਸੀ ਮਜ਼ਦੂਰਾਂ ਨੂੰ 1979 ਵਿੱਚ ਬਣੇ‌ ਕਾਨੂੰਨ ਅਨੁਸਾਰ ਉਸਾਰੀ ਮਜ਼ਦੂਰ ਮੰਨਿਆਂ ਜਾਵੇ।
9. ਸਾਇਕਲ ਸਕੀਮ ਦੇ 6000/- ਰੁਪੈ ਹਰ ਇੱਕ ਉਸਾਰੀ ਮਜ਼ਦੂਰ ਦੇ ਖਾਤੇ ਵਿੱਚ ਪਾਏ ਜਾਣ।
10. ਉਸਾਰੀ ਮਜ਼ਦੂਰਾਂ ਨੂੰ ਬਿਨਾਂ ਵਿਆਜ 5 ਲੱਖ ਰੁਪੈ ਮਕਾਨ ਉਸਾਰੀ ਲਈ ਕਰਜ਼ਾ ਦਿੱਤਾ ਜਾਵੇ।
11.BOCW ਬੋਰਡ ਵਿੱਚ ਮਜ਼ਦੂਰ ਜਥੇਬੰਦੀਆਂ ਦੇ ਮੈਂਬਰਾਂ ਨੂੰ ਸ਼ਾਮਲ ਕੀਤਾ ਜਾਵੇ।
12.ਲੇਬਰ ਕਾਰਡ ਧਾਰਕ ਉਸਾਰੀ ਮਜ਼ਦੂਰ ਦੀ ਉਮਰ 60 ਸਾਲ ਹੋ ਜਾਣ ਬਾਅਦ ਅਲੱਗ ਤੌਰ ‘ਤੇ ਪੈਂਨਸ਼ਨ ਲਗਾਈ ਜਾਵੇ।
13.ਮਜਦੂਰਾਂ ਦੇ ਅਪੰਗ ਬੱਚਿਆਂ ਨੂੰ ਸਾਲਾਨਾ 24000/- ਰੁਪੈ ਦੀ ਮਿਲਦੀ ਪੈਂਨਸ਼ਨ ਉੱਤੋਂ ਹਰ ਸਾਲ ਲਾਈਫ ਸਰਟੀਫਿਕੇਟ ਦੀ ਸ਼ਰਤ ਹਟਾਈ ਜਾਵੇ।
14. ਨਿਰਮਾਣ ਮਜ਼ਦੂਰਾਂ ਤੋਂ ਹਰ ਵਾਰ 27 ਨੰਬਰ ਫਾਰਮ ਦੀ ਸ਼ਰਤ ਰੱਦ ਕੀਤੀ ਜਾਵੇ।
15. ਚਿੱਪ ਵਾਲੇ ਮੀਟਰ ਲਗਾਉਂਣੇ ਬੰਦ ਕੀਤੇ ਜਾਣ।
16. ਫਸਲਾਂ ਉੱਤੇ ਐੱਮ ਐੱਸ ਪੀ ਸਕੀਮ ਲਾਗੂ ਕੀਤੀ ਜਾਵੇ।
17. ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ।
18. ਸ਼ਹਿਰਾਂ ਵਿੱਚ ਕੰਮ ਕਰਦੇ ਉਸਾਰੀ ਮਜ਼ਦੂਰਾਂ ਦੀ ਰਿਹਾਇਸ਼ ਲਈ ਝੁੱਗੀਆਂ ਦੀ ਵਿਜਾਏ ਯੋਗ ਰਹਾਇਸ਼ੀ ਪ੍ਰਬੰਧ ਕਰਵਾਏ ਜਾਣ।

ਹੋਰ ਪੜ੍ਹੋ 👉  ਮੋਹਾਲੀ ਵਿਖੇ ਬਹੁ ਮੰਜ਼ਿਲਾਂ ਇਮਰਾਤ ਡਿੱਗੀ, ਦਰਜ਼ਨਾਂ ਵਿਅਕਤੀਆਂ ਦੇ ਦੱਬੇ ਹੋਣ ਦਾ ਖਦਸ਼ਾ, ਫੌਜ ਬੁਲਾਈ

ਪ੍ਰਕਾਸ਼ਕ : ‌ਹਰਨਾਮ ਸਿੰਘ ਡੱਲਾ

Leave a Reply

Your email address will not be published. Required fields are marked *