ਚੰਡੀਗੜ 1 ਮਈ (ਖ਼ਬਰ ਖਾਸ ਬਿਊਰੋ)
ਆਲ ਇੰਡੀਆ ਅੰਬੇਡਕਰ ਮਹਾਂ ਸਭਾ ਪੰਜਾਬ ਇਕਾਈ ਦੇ ਸਕੱਤਰ ਜਨਰਲ ਹਰਮੀਤ ਸਿੰਘ ਛਿੱਬਰ ਨੇ ਮੁਹਾਲੀ ਪੁਲੀਸ ਵੱਲੋਂ ਪੱਤਰਕਾਰਤਾ ਵਿੱਚ ਵਿਸ਼ੇਸ਼ ਸਥਾਨ ਰੱਖਣ ਵਾਲੇ ਈਮਾਨਦਾਰ ਅਤੇ ਬੇਦਾਗ ਰਾਜਿੰਦਰ ਸਿੰਘ ਤੱਗੜ ਨੂੰ ਗਿਣੀ ਮਿੱਥੀ ਸਾਜ਼ਿਸ਼ ਤਹਿਤ ਗਿਰਫ਼ਤਾਰ ਕੀਤੇ ਜਾਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੇਸ ਵਿੱਚ ਤੱਗੜ ਨੂੰ ਫਸਾਉਣ ਦੀ ਕਾਰਵਾਈ ਜਾਅਲੀ ਅਨੂਸੂਚਿਤ ਜਾਤੀ ਸਰਟੀਫਿਕੇਟ ਤੇ ਨੌਕਰੀ ਕਰ ਰਹੇ ਵਿਜੀਲੈਂਸ ਬਿਊਰੋ ਵਿੱਚ ਇਕ ਏ ਆਈ ਜੀ ਦੇ ਰੀਡਰ ਰਣਜੀਤ ਸਿੰਘ , ਉਸ ਦੇ ਅਧਿਆਪਕ ਭਰਾ ਦਲਜੀਤ ਸਿੰਘ ਅਤੇ ਉਸ ਦੇ ਰਿਸ਼ਤੇਦਾਰ ਆਈ ਏ ਐਸ ਹਰਪ੍ਰੀਤ ਸਿੰਘ ਨੂੰ ਬਚਾਉਣ ਲਈ ਕੀਤੀ ਗਈ ਹੈ, ਜਿਸ ਬਾਰੇ ਰਾਜਿੰਦਰ ਸਿੰਘ ਤੱਗੜ ਸਾਰੀ ਜਾਣਕਾਰੀ ਪਹਿਲਾਂ ਹੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਦੇ ਚੁੱਕੇ ਹਨ। ਛਿੱਬਰ ਨੇ ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਉਹ ਇਸ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਵਿੱਚ ਜਾਅਲੀ ਅਨੂਸੂਚਿਤ ਜਾਤੀ ਸਰਟੀਫਿਕੇਟ ਤੇ ਨੌਕਰੀ ਕਰ ਰਹੇ ਇੰਸਪੈਕਟਰ ਰਣਜੀਤ ਸਿੰਘ ਅਤੇ ਉਸ ਦੇ ਰਿਸ਼ਤੇਦਾਰਾਂ ਵਿਰੁੱਧ ਉੱਚ ਪੱਧਰੀ ਸਪੈਸ਼ਲ ਜਾਂਚ ਟੀਮ ਦਾ ਗਠਨ ਕਰਕੇ ਮਾਮਲੇ ਦੀ ਜਾਂਚ ਕਰਵਾਉਣ ਅਤੇ ਨਜਾਇਜ਼ ਹਿਰਾਸਤ ਵਿਚ ਲਏ ਗਏ ਪੱਤਰਕਾਰ ਦੀ ਤੁਰੰਤ ਰਿਹਾਈ ਦੇ ਹੁਕਮ ਜਾਰੀ ਕਰਨ ਤਾਂ ਜ਼ੋ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਭਿਰਸ਼ਟਾਚਾਰ ਵਿਰੁੱਧ ਜ਼ੀਰੋ ਟੌਲਰੈਂਸ ਮੁਹਿੰਮ ਨੂੰ ਖੋਰਾ ਨਾ ਲੱਗ ਸਕੇ।