ਲੋਕ ਸਭਾ ਚੋਣ; ਚੰਨੀ ਤੇ ਭਗਵੰਤ ਮਾਨ ਦੇ ਸਿਆਸੀ ਭਵਿੱਖ ਤੇ ਲੋਕਪ੍ਰਿਯਤਾ ਦਾ ਹੋਵੇਗਾ ਨਿਬੇੜਾ

 

ਚੰਡੀਗੜ੍ਹ ,27 ਅਪ੍ਰੈਲ ( ਖ਼ਬਰ ਖਾਸ ਬਿਊਰੋ)

ਮੁੱਖ ਮੰਤਰੀ ਭਗਵੰਤ ਮਾਨ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਈ ਲੋਕ ਸਭਾ ਚੋਣਾਂ ਇੱਜਤ ਦਾ ਸਵਾਲ ਬਣ ਗਈਆਂ ਹਨ। ਇਹ ਚੋਣ ਦੋਵੇਂ ਨੇਤਾਵਾਂ ਦੇ ਸਿਆਸੀ ਭਵਿੱਖ ਅਤੇ ਲੋਕ ਪ੍ਰਿਯਤਾ ਦਾ ਨਿਬੇੜਾ ਕਰੇਗੀ। ਹਾਲਾਂਕਿ ਸੂੁਬੇ ਦੀਆਂ 13 ਸੀਟਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਲਈ ਅਹਿਮ ਹਨ, ਕਿਉਂਕਿ ਉਹ ਹਰ ਭਾਸ਼ਣ ਵਿਚ 13-0 ਦਾ ਰਾਗ ਅਲਾਪਦੇ ਹਨ, ਪਰ ਸੰਗਰੂਰ ਸੀਟ ਮਾਨ ਲਈ ਵਕਾਰ ਦਾ ਸਵਾਲ ਬਣੀ ਹੋਈ ਹੈ। ਸੰਗਰੂਰ ਮੁੱਖ ਮੰਤਰੀ ਦਾ ਜੱਦੀ ਜ਼ਿਲਾ ਹੈ ਅਤੇ ਦੋ ਵਾਰ ਇਸ ਸੰਸਦੀ ਹਲਕੇ ਤੋਂ ਮੈਂਬਰ ਚੁਣੇ ਗਏ ਹਨ। ਧੂਰੀ ਵਿਧਾਨ  ਸਭਾ ਹਲਕਾ ਵੀ ਸੰਗਰੂਰ ਹਲਕੇ ਦਾ ਇੱਜਤ ਹੈ।

ਦੂਜੇ ਪਾਸੇ ਕਾਂਗਰਸ ਪਾਰਟੀ ਨੇ ਸੀਨੀਅਰ ਤੇ ਦੁਆਬੇ ਦੇ ਸਾਰੇ ਆਗੂਆ ਦਾ ਵਿਰੋਧ ਨਜ਼ਰਅੰਦਾਜ਼ ਕਰਦੇ  ਸਭਤੋਂ ਮਹੱਤਵਪੂਰਨ ਸੀਟ ਜਲੰਧਰ ਉਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਉਤਾਰਿਆ ਹੈ। ਇਸ ਕਰਕੇ ਮੌਜੂਦਾ ਤੇ  ਸਾਬਕਾ ਮੁੱਖ ਮੰਤਰੀ ਉਤੇ ਵੋਟਰਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।  ਦੋਵੇਂ ਸੀਟਾਂ ਹੌਟ ਸੀਟਾਂ ਬਣ ਗੀਆਂ ਹਨ। ਇੱਥੇ ਕਾਂਟੇ ਦੀ ਟੱਕਰ ਹੋਣ ਦੀਆਂ ਸੰਭਾਵਨਾਵਾਂ ਬਣੀਆ ਹੋਈਆਂ ਹਨ। 

ਹੋਰ ਪੜ੍ਹੋ 👉  ‘ਰੀਟੇਕ ਜ਼ਿੰਦਗੀ’ ਦੀ ਕਾਮੇਡੀ ਨੇ ਉਠਾਏ ਪਤੀ-ਪਤਨੀ ਸਬੰਧਾਂ ਦੇ ਗੰਭੀਰ ਸਵਾਲ

ਆਮ ਆਦਮੀ ਪਾਰਟੀ ਨੇ ਸੰਗਰੂਰ ਲੋਕ ਸਭਾ ਹਲਕਾ ਤੋਂ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਇਸ ਹਲਕੇ ਵਿਚ ਨਾ ਸਿਰਫ਼ ਮੁੱਖ ਮੰਤਰੀ ਦਾ ਧੂਰੀ ਵਿਧਾਨ ਸਭਾ ਹਲਕਾ ਪੈਂਦਾ ਹੈ, ਬਲਕਿ ਭਗਵੰਤ ਮਾਨ ਇਥੋਂ ਦੋ ਵਾਰ ਸੰਸਦ ਚੁਣੇ ਗਏ ਹਨ। ਇਸ ਕਰਕੇ ਸੰਗਰੂਰ ਹਲਕੇ ਵਿਚ ਮੁੱਖ ਮੰਤਰੀ ਸਮੇਤ ਤਿੰਨ ਕੈਬਨਿਟ ਮੰਤਰੀਆਂ ਜਿਹਨਾੰ ਵਿਚ ਗੁਰਮੀਤ ਸਿੰਘ ਮੀਤ ਹੇਅਰ, ਜੋ ਖੁਦ ਉਮੀਦਵਾਰ ਵੀ  ਹਨ, ਖ਼ਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਨਵ ਨਵਿਆਉਣ ਵਿਭਾਗ ਦੇ ਮੰਤਰੀ ਅਮਨ ਅਰੋੜਾ ਲਈ ਵੀ ਇਹ ਸੀਟ ਵਕਾਰ ਦਾ ਸਵਾਲ ਹੈ। ਮਾਨ ਦੋ ਵਾਰ ਲਗਾਤਾਰ ਸੰਸਦ ਮੈਂਬਰ ਚੁਣੇ ਗਏ  ਪਰੰਤੂ  2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਦੇ ਅਸਤੀਫ਼ਾ ਦੇਣ ਬਾਅਦ ਹੋਈ ਜ਼ਿਮਨੀ ਚੋਣ ਵਿਚ  ਆਪ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ। ਵਿਧਾਨ ਸਭਾ ਚੋਣਾਂ ਵਿਚ ਸੰਗਰੂਰ ਹਲਕੇ ਦੇ ਲੋਕਾਂ ਨੇ  ਸਾਰੀਆਂ ਨੌ ਸੀਟਾਂ ਆਪ ਦੀ ਝੋਲੀ ਪਾਈਆ ਪਰ  ਜ਼ਿਮਨੀ ਚੋਣ ਵਿਚ ਵੋਟਰਾਂ ਨੇ ਗਰਮ ਖਿਆਲੀ ਆਗੂ ਵਜੋਂ ਜਾਣੇ ਜਾਂਦੇ ਸਿਮਰਨਜੀਤ ਸਿੰਘ ਮਾਨ ਉਤੇ ਭਰੋਸਾ ਪ੍ਗਟ ਕੀਤਾ ਸੀ, ਇਹ ਆਮ ਆਦਮੀ ਪਾਰਟੀ ਲਈ ਇਕ ਵੱਡਾ ਝਟਕਾ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣ ਦਾ ਸਮਾਂ ਸੀ।

ਹੋਰ ਪੜ੍ਹੋ 👉  ਜਿਸ ਲਾਹੌਰ ਨਹੀਂ ਵੇਖਿਆ..’ ਨਾਟਕ ਨੇ ਸਾਕਾਰ ਕੀਤਾ ਬਟਵਾਰੇ ਦਾ ਦਰਦ

ਉਧਰ ਕਾਂਗਰਸ  ਨੇ ਵੱਖ ਵੱਖ ਮੁੱਦਿਆ ’ਤੇ ਸਰਕਾਰ ਨੂੰ ਉਚੀ ਆਵਾਜ਼ ਵਿਚ ਘੇਰਨ ਵਾਲੇ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਉਮੀਦਵਾਰ ਬਣਾਇਆ ਹੈ। ਅਕਾਲੀ ਦਲ ਨੇ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾ ਨੂੰ ਚੋਣ ਮੈਦਾਨ ਵਿਚ ਭੇਜਿਆ ਹੈ। ਇਹ ਗੱਲ ਵੱਖਰੀ ਹੈ ਕਿ ਝੂੰਦਾ ਦੀ  ਢੀਡਸਾ ਪਰਿਵਾਰ ਅਤੇ ਢੀਂਡਸਾ ਧੜ੍ਹੇ ਦੇ ਨਾਲ ਨਾ ਚੱਲਣ ਕਾਰਨ ਰਫ਼ਤਾਰ ਮੱਠੀ ਬਣੀ ਹੋਈ ਹੈ।  ਸਿਮਰਨਜੀਤ ਸਿੰਘ ਮਾਨ ਫਿਰ ਤੋਂ ਮੈਦਾਨ ਵਿਚ ਹਨ ਅਤੇ ਭਾਜਪਾ ਨੇ ਅਜੇ ਤੱਕ ਆਪਣੇ ਪੱਤੇ ਨਹੀਂ ਖੋਲ੍ਹੇ।

 ਦੁਆਬਾ ਦਲਿਤ ਬਹੁ ਵਸੋਂ ਵਾਲਾ ਖਿੱਤਾ ਹੈ। ਵਿਧਾਨ ਸਭਾ ਚੋਣਾਂ  ਤੋ ਪਹਿਲਾਂ ਕਾਂਗਰਸ ਨੇ ਪਹਿਲੀ ਵਾਰ ਸੂਬੇ ਵਿਚ ਦਲਿਤ ਨੇਤਾ ਨੂੰ ਮੁੱਖ ਮੰਤਰੀ ਬਣਾਕੇ ਦਲਿਤ ਕਾਰਡ ਖੇਡਿਆ ਸੀ। ਚਰਚਾ ਹੈ ਕਿ ਵਿਧਾਨ ਸਭਾ ਚੋਣਾਂ ਵਿਚ ਦੁਆਬੇ ਵਿਚ ਚੰਨੀ ਜਾਦੂ ਚੱਲਿਆ ਸੀ, ਪਰ ਇਸ ਵਾਰ ਸਾਬਕਾ ਸੰਸਦ ਮਰਹੂਮ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ, ਵਿਧਾਇਕ ਬੇਟਾ ਵਿਕਰਮਜੀਤ ਸਿੰਘ ਚੌਧਰੀ ਨੇ  ਚੰਨੀ ਖਿਲਾਫ਼ ਮੋਰਚਾ ਖੋਲਿਆ ਹੋਇਆ ਹੈ। ਪਾਰਟੀ ਨੇ ਵਿਕਰਮਜੀਤ ਚੌਧਰੀ ਨੂੰ ਮੁਅੱਤਲ ਵੀ ਕਰ ਦਿੱਤਾ ਹੈ। ਵਿਕਰਮਜੀਤ ਚੌਧਰੀ ਦੀ ਮਾਤਾ ਕਰਮਜੀਤ ਕੌਰ ਭਾਜਪਾ ਵਿਚ ਸ਼ਾਮਲ ਹੋ ਗਏ ਹਨ।  ਚੰਨੀ ਦਾ ਕੁੜਮ ਮਹਿੰਦਰ ਸਿੰਘ ਕੇਪੀ ਵੀ ਉਨਾਂ ਦਾ ਸਾਥ ਛੱਡ  ਅਕਾਲੀ ਦਲ ਵਿਚ ਸ਼ਾਮਲ ਹੋ ਗਏ ਜਿਨ੍ਹਾਂ ਨੂੰ ਅਕਾਲੀ ਦਲ ਨੇ ਉਮੀਦਵਾਰ ਬਣਾਇਆ ਹੈ। ਕੇਪੀ ਚੰਨੀ ਨੂੰ ਸੱਜਰਾ ਸਰੀਕ ਬਣਕੇ ਟੱਕਰ ਗਿਆ ਹੈ।ਭਾਜਪਾ ਉਮੀਦਵਾਰ ਸੁਸ਼ੀਲ ਰਿੰਕੂ ਨੇ ਆਪਣਾ ਰਾਜਨੀਤਿਕ ਸਫ਼ਰ ਕਾਂਗਰਸ ਤੋ ਸ਼ੁਰੂ ਕੀਤਾ ਉਹ ਕਾਂਗਰਸ ਦੇ ਸਾਬਕਾ ਵਿਧਾਇਕ ਰਹਿ ਚੁੱਕੇ ਹਨ। ਇਸ ਤਰਾਂ ਇਹ ਆਗੂ ਕਾਂਗਰਸ ਦੀਆਂ ਵੋਟਾਂ ਨੂੰ ਸੰਨ ਲਾਉਣਗੇ।  ਬਸਪਾ ਨੇ ਨੌਜਵਾਨ ਆਗੂ ਬਲਵਿੰਦਰ ਕੁਮਾਰ ਨੂੰ ਚੋਣ ਪਿੜ ਵਿਚ ਉਤਾਰਿਆ ਹੈ। 

ਹੋਰ ਪੜ੍ਹੋ 👉  ਪੰਜੇ ਨੇ ਝਾੜੂ ਖਿਲਾਰਿਆ, ਪਿੰਕੀ ਕੌਰ 368 ਵੋਟਾਂ ਦੇ ਅੰਤਰ ਨਾਲ ਜੈਤੂ

ਹਾਲਾਂਕਿ ਵੋਟਾਂ ਇਕ ਜੂਨ ਨੂੰ ਪੈਣੀਆਂ ਹਨ। ਮਿਹਨਤ ਲਈ ਸਮਾਂ ਬਹੁਤ ਬਚਿਆ ਹੈ, ਪਰ ਇਹ ਚੋਣਾਂ ਮੌਜੂਦਾ ਤੇ ਸਾਬਕਾ ਮੁ੍ੱਖ ਮੰਤਰੀ ਲਈ ਵਕਾਰ ਦਾ ਸਵਾਲ ਹਨ।

 

 

Leave a Reply

Your email address will not be published. Required fields are marked *