ਸੰਗਰੂਰ 24 ਦਸੰਬਰ (ਖ਼ਬਰ ਖਾਸ ਬਿਊਰੋ)
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਮੰਗਲਵਾਰ ਨੂੰ 29ਵੇਂ ਦਿਨ ਵੀ ਜਾਰੀ ਰਿਹਾ। ਅੱਜ ਕਈ ਦਿਨਾਂ ਬਾਅਦ ਜਗਜੀਤ ਸਿੰਘ ਡੱਲੇਵਾਲ ਨੂੰ ਬਾਹਰ ਇਕੱਠ ਵਿਚ ਲਿਆਂਦਾ ਗਿਆ। ਸਰੀਰਕ ਤੌਰ ’ਤੇ ਬਹੁਤ ਕਮਜ਼ੋਰ ਹੋਣ ਕਾਰਨ ਉਹਨਾਂ ਨੂੰ ਸਟਰੈਚਰ ਉੱਪਰ ਪਾ ਕੇ ਬਾਹਰ ਲਿਆਂਦਾ ਗਿਆ।
ਡੱਲੇਵਾਲ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਠੀਕ ਹਾਂ ਅਤੇ ਰਾਤ ਦੇ ਪਹਿਰੇ ਨੂੰ ਐਨਾ ਮਜ਼ਬੂਤ ਬਣਾਇਆ ਜਾਵੇ ਕਿ ਪੁਲਿਸ ਮੋਰਚੇ ‘ਤੇ ਹਮਲਾ ਕਰਨ ਦੀ ਹਿੰਮਤ ਨਾ ਕਰ ਸਕੇ। ਉਹਨਾ ਦੇਸ਼ ਦੇ ਕਿਸਾਨਾਂ ਨੂੰ ਇਹ ਵੀ ਕਿਹਾ ਕਿ ਪਿਛਲੇ ਅੰਦੋਲਨ ਨੂੰ ਮੁਲਤਵੀ ਕਰਨ ਸਮੇਂ ਕਈ ਰਾਜਾਂ ਦੇ ਕਿਸਾਨਾਂ ਨੇ ਸ਼ਿਕਾਇਤ ਕੀਤੀ ਸੀ ਕਿ ਅੰਦੋਲਨ ਬਹੁਤ ਜਲਦੀ ਮੁਲਤਵੀ ਕੀਤਾ ਜਾ ਰਿਹਾ ਹੈ ਇਸ ਲਈ ਹੁਣ MSP ਗਾਰੰਟੀ ਕਾਨੂੰਨ ਬਣਨ ਤੱਕ ਇਹ ਅੰਦੋਲਨ ਜਾਰੀ ਰਹਿਣਾ ਚਾਹੀਦਾ ਹੈ।
ਉਸ ਸਮੇਂ ਕੁੱਝ ਹੋਰ ਜਥੇਬੰਦੀਆਂ ਦੇ ਦਬਾਅ ਕਾਰਨ ਅੰਦੋਲਨ ਨੂੰ ਜਲਦੀ ਮੁਲਤਵੀ ਕਰਨਾ ਪਿਆ ਸੀ, ਪਰ ਹੁਣ ਫੇਰ ਤੋਂ ਮਜ਼ਬੂਤ ਮੋਰਚਾ ਲੱਗਿਆ ਹੋਇਆ ਹੈ ਅਤੇ ਪੂਰੇ ਦੇਸ਼ ਦੇ ਕਿਸਾਨਾਂ ਨੂੰ ਐਮਐਸਪੀ ਦੀ ਗਰੰਟੀ ਦਬਾਉਣ ਲਈ ਮੈਂ ਆਪਣੀ ਜਾਨ ਦਾਅ ਉਤੇ ਲਗਾ ਦਿੱਤੀ ਹੈ ਹੁਣ ਦੇਸ਼ ਦੇ ਕਿਸਾਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਅੰਦੋਲਨ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ।
ਕਿਸਾਨ ਆਗੂਆਂ ਕਿਹਾ ਕਿ 30 ਦਸੰਬਰ ਦੇ “ਪੰਜਾਬ ਬੰਦ” ਦੇ ਪ੍ਰੋਗਰਾਮ ਦੀ ਰੂਪ-ਰੇਖਾ ਤਿਆਰ ਕਰਨ ਲਈ 26 ਦਸੰਬਰ ਨੂੰ ਸਵੇਰੇ 10 ਵਜੇ ਸਵੇਰੇ ਖਨੌਰੀ ਮੋਰਚੇ ਉੱਪਰ ਸਮੂਹ ਸਮਾਜਿਕ, ਵਪਾਰਕ, ਸੱਭਿਆਚਾਰਕ, ਧਾਰਮਿਕ ਜਥੇਬੰਦੀਆਂ/ਯੂਨੀਅਨਾਂ ਦੀ ਮੀਟਿੰਗ ਸੱਦੀ ਗਈ ਹੈ। ਜਿਸ ਲਈ ਸਾਰਿਆਂ ਨੂੰ ਚਿੱਠੀ ਲਿਖੀ ਗਈ ਹੈ। ਅੱਜ ਫੇਰ ਜਗਜੀਤ ਸਿੰਘ ਡੱਲੇਵਾਲ ਜੀ ਵੱਲੋਂ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਗਿਆ ਅਤੇ ਕਿਹਾ ਗਿਆ ਸੀ ਕਿ ਖੇਤੀਬਾੜੀ ਦੇ ਵਿਸ਼ੇ ‘ਤੇ ਸੰਸਦ ਦੀ ਸਥਾਈ ਕਮੇਟੀ ਦੀ ਰਿਪੋਰਟ ਦੇ ਆਧਾਰ ‘ਤੇ ਤੁਹਾਨੂੰ MSP ਗਾਰੰਟੀ ਕਾਨੂੰਨ ਬਣਾਉਣਾ ਚਾਹੀਦਾ ਹੈ।
ਖਨੌਰੀ ਵਿਖੇ ਕੱਢਿਆ ਮੋਮਬੱਤੀ ਮਾਰਚ
ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਦੇ ਸੱਦੇ ਮੰਗਲਵਾਰ ਦੇਰ ਸ਼ਾਮ ਖਨੌਰੀ ਬਾਰਡਰ ਉੱਪਰ ਚੱਲ ਰਹੇ ਧਰਨੇ ਵਾਲੀ ਜਗ੍ਹਾ ਦੀ ਸਟੇਜ ਤੋਂ ਇਹ ਕੈਂਡਲ ਮਾਰਚ ਸ਼ੁਰੂ ਕੀਤਾ ਗਿਆ। ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਨੇ ਮੋਮਬੱਤੀਆਂ ਜਗਾਕੇ ਰੋਸ ਪ੍ਰਦਰਸ਼ਨ ਕੀਤਾ। ਕਿਸਾਨਾਂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਲਗਾਤਾਰ ਹਨੇਰੇ ਵਿੱਚ ਕੰਮ ਕਰ ਰਹੀ ਹੈ ਉਸ ਨੂੰ ਸੰਕੇਤਕ ਚਾਨਣ ਦਿਖਾਉਣ ਲਈ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ। ਦੇਸ਼ ਦੇ ਕਿਸਾਨਾਂ ਨੂੰ ਜਗਾਉਣ ਅਤੇ ਇਕੱਠੇ ਕਰਨ ਲਈ ਇਸ ਮਾਰਚ ਰਾਹੀਂ ਅਪੀਲ ਕੀਤੀ ਜਾ ਰਹੀ ਹੈ। ਇਸ ਮਾਰਚ ਵਿੱਚ ਕਿਸਾਨ ਬੀਬੀਆਂ ਦੀ ਭਰਵੀਂ ਸ਼ਮੂਲੀਅਤ ਸੀ। ਕਿਸਾਨਾਂ ਨੇ ਕਿਹਾ ਕਿ ਦੇਸ਼ ਖੇਤੀ ਪ੍ਰਧਾਨ ਦੇਸ਼ ਹੈ, ਜੇਕਰ ਖੇਤੀ ਬਚੇਗੀ ਤਾਂ ਹੀ ਦੇਸ਼ ਬਚੇਗਾ। ਇਹ ਯਤਨ ਕਿਸਾਨਾਂ ਨੂੰ ਜਗਾਉਣ ਲਈ ਹੀ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ-
ਮਾਣਯੋਗ ਨਰਿੰਦਰ ਮੋਦੀ ਜੀ
ਪ੍ਰਧਾਨ ਮੰਤਰੀ, ਭਾਰਤ
ਵਿਸ਼ਾ – ਖੇਤੀਬਾੜੀ ਬਾਰੇ ਸੰਸਦ ਦੀ ਸਥਾਈ ਕਮੇਟੀ ਦੀ ਰਿਪੋਰਟ ਬਾਰੇ ਚਿੱਠੀ।
ਸ਼੍ਰੀ ਮਾਨ ਜੀ
MSP ਗਾਰੰਟੀ ਕਾਨੂੰਨ ਸਮੇਤ 13 ਮੰਗਾਂ ਨੂੰ ਲੈ ਕੇ 13 ਫਰਵਰੀ ਤੋਂ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਵਿੱਚ ਅੰਦੋਲਨ ਚੱਲ ਰਿਹਾ ਹੈ। ਮੈਂ ਦੋਵਾਂ ਮੋਰਚਿਆਂ ਦੀ ਰਣਨੀਤੀ ਤਹਿਤ 26 ਨਵੰਬਰ ਤੋਂ ਮਰਨ ਵਰਤ ‘ਤੇ ਹਾਂ। ਮੈ ਉਮੀਦ ਕਰਦਾ ਹਾ ਕਿ ਤੁਸੀਂ ਮੋਰਚੇ ਦੀ ਸਥਿਤੀ ਬਾਰੇ ਤੁਹਾਨੂੰ ਜਾਣਕਾਰੀ ਮਿਲ ਗਈ ਹੋਵੇਗੀ।
ਮਾਣਯੋਗ ਪ੍ਰਧਾਨ ਮੰਤਰੀ ਜੀ, ਮੌਜੂਦਾ ਸਮੇਂ ਵਿੱਚ ਖੇਤੀਬਾੜੀ ਬਾਰੇ ਸੰਸਦ ਦੀ ਸਥਾਈ ਕਮੇਟੀ ਨੇ ਸੰਸਦ ਦੇ ਸਾਹਮਣੇ ਇੱਕ ਰਿਪੋਰਟ ਪੇਸ਼ ਕੀਤੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ MSP ਦਾ ਗਾਰੰਟੀ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ ਅਤੇ ਇਸ ਨਾਲ ਦੇਸ਼ ਦੀ ਆਰਥਿਕਤਾ, ਖਾਸ ਕਰਕੇ ਪੇਂਡੂ ਅਰਥਚਾਰੇ ਨੂੰ ਬਹੁਤ ਫਾਇਦਾ ਹੋਵੇਗਾ।ਇਸ ਸੰਸਦੀ ਕਮੇਟੀ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਦੇ ਸੰਸਦ ਮੈਂਬਰ ਸ਼ਾਮਲ ਹਨ, ਜਾਣੀ ਕੇ ਦੇਸ਼ ਦੀ ਸਰਵਉੱਚ ਸੰਸਥਾ “ਸੰਸਦ” ਦੀ ਭਾਵਨਾ ਦੇਸ਼ ਦੇ ਕਿਸਾਨਾਂ ਲਈ MSP ਦਾ ਗਾਰੰਟੀ ਕਾਨੂੰਨ ਬਣਾਉਣ ਦੇ ਹੱਕ ਵਿੱਚ ਹੈ, ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਕਮੇਟੀ ਵਿੱਚ ਸ਼ਾਮਲ ਸਾਰੇ ਸੰਸਦ ਮੈਂਬਰ ਨੇ ਸਰਬਸੰਮਤੀ ਨਾਲ ਇਹ ਰਿਪੋਰਟ ਤਿਆਰ ਕੀਤੀ ਹੈ।
ਮਾਣਯੋਗ ਪ੍ਰਧਾਨ ਮੰਤਰੀ ਜੀ, 20 ਮਈ, 2014 ਨੂੰ ਪਹਿਲੀ ਵਾਰ ਸੰਸਦ ਭਵਨ ਵਿੱਚ ਦਾਖਲ ਹੋਣ ਤੋਂ ਪਹਿਲਾਂ, ਤੁਸੀਂ ਪੌੜੀਆਂ ਦੇ ਅੱਗੇ ਮੱਥਾ ਟੇਕਿਆ ਸੀ, ਜਾਣੀ ਕੇ ਤੁਸੀਂ ਸੰਸਦ ਨੂੰ ਸਰਵਉੱਚ ਸੰਸਥਾ ਵਜੋਂ ਸਤਿਕਾਰ ਦਿੱਤਾ ਸੀ। ਅੱਜ ਦੇਸ਼ ਦੀ ਸਰਵਉੱਚ ਸੰਸਥਾ “ਸੰਸਦ” ਦੀ ਸਰਬ-ਪਾਰਟੀ ਕਮੇਟੀ ਨੇ MSP ਗਾਰੰਟੀ ਕਾਨੂੰਨ ਬਣਾਉਣ ਦੀ ਸਿਫ਼ਾਰਸ਼ ਕੀਤੀ ਹੈ। ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਸੀ ਸੰਸਦ ਅਤੇ ਕਿਸਾਨਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹੋਏ MSP ਦਾ ਗਾਰੰਟੀ ਕਾਨੂੰਨ ਬਣਾਓ ਅਤੇ ਜੇਕਰ ਤੁਸੀਂ ਸੋਚਦੇ ਹੋ ਕਿ
ਮੈਂ ਮਰਨ ਵਰਤ ਦੀ ਕੋਈ ਰਸਮੀ ਕਾਰਵਾਈ ਕਰ ਰਿਹਾ ਹਾਂ ਜਾਂ ਅਸੀਂ ਥੱਕ ਹਾਰ ਕੇ ਚਲੇ ਜਾਵਾਂਗੇ ਤਾਂ ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਅੱਜ ਮੇਰੇ ਮਰਨ ਵਰਤ ਦਾ 29ਵਾਂ ਦਿਨ ਹੈ ਜਾਂ ਤਾਂ MSP ਦਾ ਗਾਰੰਟੀ ਕਾਨੂੰਨ ਬਣਨ ਅਤੇ ਹੋਰ ਮੰਗਾਂ ਪੂਰੀਆਂ ਹੋਣ ਤੋਂ ਬਾਅਦ ਮੈਂ ਆਪਣਾ ਮਰਨ ਵਰਤ ਖ਼ਤਮ ਕਰਾਂਗਾ, ਨਹੀਂ ਤਾਂ ਮੈਂ ਧਰਨੇ ਵਾਲੀ ਜਗ੍ਹਾ ਉੱਪਰ ਹੀ ਆਪਣੀ ਸ਼ਹਾਦਤ ਦੇਵਾਂਗਾ। ਮਾਣਯੋਗ ਪ੍ਰਧਾਨ ਮੰਤਰੀ ਜੀ, ਹੁਣ ਤੁਸੀਂ ਫੈਸਲਾ ਕਰਨਾ ਹੈ ਕਿ ਤੁਸੀਂ ਸੰਸਦ ਅਤੇ ਕਿਸਾਨਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ MSP ਦਾ ਗਾਰੰਟੀ ਕਾਨੂੰਨ ਬਣਾਉਗੇ ਜਾਂ ਮੇਰੀ ਸ਼ਹਾਦਤ ਦਾ ਇੰਤਜ਼ਾਰ ਕਰੋਗੇ।
ਧੰਨਵਾਦ ਸਹਿਤ
ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ।