ਨਫ਼ਰਤ ਦੀ ਰਾਜਨੀਤੀ ਰਾਹੀਂ ‘ਵੋਟਾਂ ਵਟੋਰਨਾ’ ਜਮਹੂਰੀਅਤ ਨੂੰ ਖ਼ਤਮ ਕਰਨ ਤੇ ਦੇਸ਼ ਨੂੰ ਤੋੜਨ ਦੀ ਪ੍ਰਕਿਰਿਆ- ਸਿਵਲ ਸੁਸਾਇਟੀ

ਚੰਡੀਗੜ੍ਹ, 24 ਅਪ੍ਰੈਲ, (ਖ਼ਬਰ ਖਾਸ ਬਿਊਰੋ) 

ਨਫ਼ਰਤ ਦੀ ਸਿਆਸਤ ਰਾਹੀ ਭਾਰਤੀ ਸਮਾਜ ਨੂੰ ਫਿਰਕੂ ਲੀਹਾਂ ਉੱਤੇ ਵੰਡ ਕੇ, “ਵੋਟ-ਬੈਂਕ” ਖੜ੍ਹਾ ਕਰਨ ਦੀ ਰਾਜਨੀਤੀ ਇਕ ਦਿਨ ਦੇਸ਼ ਦੇ ਟੁਕੜੇ-ਟੁਕੜੇ ਕਰ ਦੇਵੇਗੀ ਅਤੇ ਹਰ ਦੇਸ਼ ਵਾਸੀ ਨੂੰ ਅਜਿਹੀ ਰਾਜਨੀਤੀ ਵਿਰੁੱਧ ਤਣ ਜਾਣਾ ਚਾਹੀਦਾ ਹੈ।
ਕੇਂਦਰੀ ਸਿੰਘ ਸਭਾ ਦੇ ਕੈਂਪਸ ਵਿੱਚ ਹੋਈ ਪੰਜਾਬੀ ਚਿੰਤਕਾਂ/ਬੁੱਧੀਜੀਵੀਆਂ ਦੀ ਮੀਟਿੰਗ ਨੇ ਫਿਰਕੂ/ਨਫ਼ਰਤੀ ਚੋਣ ਪ੍ਰਚਾਰ ਦਾ ਖੰਡਨ ਕਰਦਿਆਂ ਕਿਹਾ ਦੇਸ਼ ਦੇ ਕਾਰਜਕਾਰੀ ਹੈੱਡ ਅਤੇ ਹਾਕਮ ਪਾਰਟੀ, ਭਾਜਪਾ ਨੂੰ ਚਾਹੀਦਾ ਹੈ ਕਿ ਉਹ ਦੂਸ਼ਣ-ਬਾਜ਼ੀ ਅਤੇ ਫਿਰਕੂ ਚੋਣ ਪ੍ਰਚਾਰਾਂ ਤੋਂ ਉਪਰ ਉੱਠ ਕੇ ਮੁੱਦਿਆਂ ਆਧਾਰਤ ਚੋਣ ਮੁਹਿੰਮ ਨੂੰ ਤਰਜੀਹ ਦੇਣ। ਰਾਜਸਥਾਨ ਦੇ ਬਾਂਸਵਾੜਾ ਵਿੱਚ ਚੋਣ ਪ੍ਰਚਾਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ “ਕਾਂਗਰਸ ਦੇ ‘ਚੋਣ ਮਨੋਰਥ ਘੋਸ਼ਣਾ’ ਪੱਤਰ ਦੀ ਮਨਸ਼ਾ ਹੀ ਬਹੁਗਿਣਤੀ ਸਮਾਜ ਤੋਂ ਪੈਸਾ ਇਕੱਠਾ ਕਰ ਕੇ, “ਘੱਟ ਗਿਣਤੀ ਬਰਾਦਰੀ’ ਵਿੱਚ ਵੰਡਣਾ ਹੈ।” ਉਸਨੇ “ਘੱਟ ਗਿਣਤੀ” ਸਮਾਜ ਲਈ ਨਿੰਦਣਯੋਗ ਸ਼ਬਦ “ਘੁਸਪੈਠੀਏ” ਆਦਿ ਵੀ ਵਰਤੇ, ਜੋ ਨਿੰਦਣਯੋਗ ਹਨ।
ਚਿੰਤਕਾਂ ਨੇ ਕਿਹਾ ਕਿ “ਅਸੀਂ ਦੇਸ਼ਵਾਸੀ ਮੁੜ 1947 ਦੇ ਦੌਰ ਵਿੱਚ ਜਾ ਪਹੁੰਚੇ ਹਾਂ, ਜਦੋਂ ਵੱਖ ਵੱਖ ਧਾਰਮਿਕ ਬਰਾਦਰੀਆਂ ਨੇ ਆਪਣੇ ਧਰਮਾਂ ਨੂੰ “ਰਾਜਨੀਤੀ ਦਾ ਹਥਿਆਰ” ਦੇ ਤੌਰ ’ਤੇ ਵਰਤ ਕੇ, ਸਿਰਫ ਭਾਰਤ ਦੀ ਵੰਡ ਹੀ ਨਹੀਂ ਸੀ ਕੀਤੀ ਗਈ ਬਲਕਿ ਦਸ ਲੱਖ ਪੰਜਾਬੀਆਂ ਨੂੰ ਜਾਨਾਂ ਤੋਂ ਵੀ ਹੱਥ ਧੋਣੇ ਪਏ ਸਨ ਅਤੇ 80-90 ਲੱਖ ਲੋਕਾਂ ਨੂੰ ਘਰੋਂ-ਬੇਘਰ ਹੋਣਾ ਪਿਆ ਸੀ ਅਤੇ ਲੱਖਾਂ ਪੰਜਾਬੀ ਔਰਤਾਂ ਦੀ ਪੱਤ ਲੁੱਟੀ ਗਈ ਅਤੇ ਇੱਧਰ-ਉੱਧਰ ਉਧਾਲੀਆਂ ਗਈਆਂ ਸਨ।
ਸਭਾ ਦੇ ਕੈਂਪਸ ਵਿੱਚ ਇਕੱਤਰ ਹੋਏ ਚਿੰਤਕਾਂ ਨੇ ਕਿਹਾ, ਫਿਰਕੂ ਰਾਜਨੀਤੀ ਨੇ ਪਹਿਲਾਂ 1947 ਵਿੱਚ ਪੰਜਾਬੀਆਂ ਅਤੇ ਪੰਜਾਬ ਦਾ ਘਾਣ ਕੀਤਾ, ਫਿਰ 1980ਵੇਂ ਦੌਰਾਨ ਸ਼ੁਰੂ ਹੋਈ ‘ਨਫ਼ਰਤੀ ਸਿਆਸਤ’ ਨੇ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਦਹਿਸ਼ਤਵਾਦੀ ਹਕੂਮਤ ਦੀ ਭੇਟ ਚਾੜ੍ਹਿਆ। ਦੇਸ਼ ਦੇ ਇਕ ਨੰਬਰ ਸੂਬੇ, ਪੰਜਾਬ ਨੂੰ ਆਰਥਿਕ, ਸਮਾਜਿਕ ਅਤੇ ਵਿਦਿਅਕ ਪੱਖ ਤੋਂ ਨਿਵਾਣਾਂ ਵੱਲ ਧੱਕ ਦਿੱਤਾ ਹੈ। ਇਹਨਾਂ ਘਟਨਾਵਾਂ ਤੋਂ ਸਬਕ ਲੈਂਦਿਆ ਉਹਨਾਂ ਨੇ ਅਪੀਲ ਕੀਤੀ ਕਿ ਪੰਜਾਬੀ ‘ਨਫ਼ਰਤੀ ਸਿਆਸਤ’ ਵਿਰੁੱਧ ਤਣ ਜਾਣ, ਕਿਉਂਕਿ ਸਾਰੀ ਦੁਨੀਆਂ ਵਿੱਚ ਧਾਰਮਿਕ ਨਫ਼ਰਤ ਨੇ ਘੱਟ-ਗਿਣਤੀਆਂ ਦਾ ਹੀ ਘਾਣ ਕੀਤਾ ਹੈ।
ਉਹਨਾਂ ਕਿਹਾ, ਘੱਟ-ਗਿਣਤੀਆਂ ਨੂੰ ਜਾਣ-ਬੁੱਝ ਕੇ ਦਿੱਤੇ ਭੜਕਾਉ ਬਿਆਨਾਂ ਉੱਤੇ ਤੈਸ਼ ਵਿੱਚ ਨਹੀਂ ਆਉਣਾ ਚਾਹੀਦਾ, ਸਗੋਂ ਹਿੰਦੂ ਸਮਾਜ ਅੰਦਰਲੇ ਦੱਬੇ-ਕੁੱਚਲੇ ਵੱਡੇ ਹਿੱਸੇ ਨਾਲ ਮੋਢੇ ਨਾਲ ਮੋਢਾ ਜੋੜਕੇ, ਜਮਹੂਰੀਅਤ ਨੂੰ ਬਚਾਉਣ ਅਤੇ ਸਮਾਜਿਕ ਨਿਆਂ ਵਾਲੀ ਸਿਆਸਤ ਵਿੱਚ ਸਰਗਰਮ ਹਿੱਸਾ ਪਾਉਣਾ ਚਾਹੀਦਾ ਹੈ।
ਦੇਸ਼ ਦੀ ਏਕਤਾ-ਅਖੰਡਤਾ ਨੂੰ ਬਚਾਉਣ ਅਤੇ ਜਮਹੂਰੀਅਤ ਨੂੰ ਪੱਕਾ ਕਾਇਮ ਰੱਖਣ ਦੀ ਵੱਡੀ ਜ਼ਿੰਮੇਵਾਰੀ ਹਮੇਸ਼ਾ ਬਹੁਗਿਣਤੀ ਸਮਾਜ ਨੇ ਹੀ ਨਿਭਾਈ ਹੈ, ਕਿਉਂਕਿ ‘ਨਫ਼ਰਤੀ ਸਿਆਸਤ’ ਨੇ ਤਾਂ ਹਮੇਸ਼ਾ ਘੱਟਗਿਣਤੀ ਭਾਈਚਾਰੇ ਨੂੰ ਸ਼ਿਕਾਰ ਬਣਾਇਆ ਹੈ।
ਮੀਟਿੰਗ ਵਿੱਚ ਸ਼ਾਮਿਲ, ਗੁਰਪ੍ਰੀਤ ਸਿੰਘ (ਪ੍ਰਤੀਨਿਧ ਗਲੋਬਲ ਸਿੱਖ ਕੌਂਸਲ), ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ, ਰਾਜਵਿੰਦਰ ਸਿੰਘ ਰਾਹੀ, ਮਾਲਵਿੰਦਰ ਸਿੰਘ ਮਾਲੀ ਡਾ. ਪਿਆਰਾ ਲਾਲ ਗਰਗ, ਅਤੇ ਪ੍ਰੋ. ਮਨਜੀਤ ਸਿੰਘ ਆਦਿ ਸ਼ਾਮਿਲ ਹੋਏ।

ਹੋਰ ਪੜ੍ਹੋ 👉  ਛੋਟੇ ਸਾਹਿਬਜਾਦਿਆਂ ਤੇ ਮਾਤਾ ਗੁਜਰੀ ਜੀ ਦੀ  ਕੁਰਬਾਨੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਬਰ, ਜੁਲਮ ਅਤੇ ਬੇਇਨਸਾਫੀ ਵਿਰੁੱਧ ਲੜਨ ਲਈ ਪ੍ਰੇਰਿਤ ਕਰਦੀ ਰਹੇਗੀ: ਮੁੱਖ ਮੰਤਰੀ

Leave a Reply

Your email address will not be published. Required fields are marked *