30 ਕਿਲੋ ਹੈਰੋਇਨ ਬਰਾਮਦ; ਦੋ ਨਾਬਾਲਗਾਂ ਸਮੇਤ ਛੇ ਗ੍ਰਿਫ਼ਤਾਰ

ਅੰਮ੍ਰਿਤਸਰ, 11 ਜੂਨ (ਖ਼ਬਰ ਖਾਸ  ਬਿਊਰੋ)

ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਛੇ ਵਿਅਕਤੀਆਂ, ਜਿਨ੍ਹਾਂ ਵਿੱਚੋਂ ਦੋ ਨਾਬਾਲਗ ਹਨ, ਨੂੰ 30.045 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਕੇ ਸਰਹੱਦ ਪਾਰੋਂ ਨਸ਼ਾ ਤਸਕਰੀ ਵਾਲੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਅੰਮ੍ਰਿਤਸਰ ਦੀ ਫਤਿਹ ਸਿੰਘ ਕਲੋਨੀ ਦੇ ਰਹਿਣ ਵਾਲੇ ਗੌਤਮ (24), ਅੰਮ੍ਰਿਤਸਰ ਦੇ ਛੇਹਰਟਾ ਦੇ ਰਹਿਣ ਵਾਲੇ ਕਬੀਰ ਉਰਫ਼ ਕਾਕੂ (22), ਅੰਮ੍ਰਿਤਸਰ ਦੇ ਰਹਿਣ ਵਾਲੇ ਸਮੀਰ ਉਰਫ਼ ਸਭਰਵਾਲ (18), ਅੰਮ੍ਰਿਤਸਰ ਦੀ ਔਰਚਿਡ ਵੈਲੀ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਉਰਫ਼ ਕੀੜਾ (18) ਵਜੋਂ ਹੋਈ ਹੈ। ਇਸ ਤੋਂ ਇਲਾਵਾ ਗ੍ਰਿਫ਼ਤਾਰ ਮੁਲਜ਼ਮਾਂ ਵਿੱਚ ਦੋ ਨਾਬਾਲਗ ਵੀ ਸ਼ਾਮਲ ਹਨ। ਗ੍ਰਿਫ਼ਤਾਰ ਮੁਲਜ਼ਮ ਕਬੀਰ ਉਰਫ਼ ਕਾਕੂ ਦਾ ਪੁਰਾਣਾ ਅਪਰਾਧਕ ਰਿਕਾਰਡ ਹੈ ਜਿਸ ਖ਼ਿਲਾਫ਼ ਥਾਣਾ ਛੇਹਰਟਾ ਵਿਖੇ ਐਨਡੀਪੀਐਸ ਤਹਿਤ ਪਹਿਲਾਂ ਹੀ ਕੇਸ ਦਰਜ ਹੈ।

ਹੋਰ ਪੜ੍ਹੋ 👉  ਦੋਖੀ ਸਰਕਾਰ ਦਾ ਇਤਿਹਾਸ,ਨੌਜਵਾਨਾਂ 'ਤੇ ਡੰਡੇ, ਮੁਲਾਜ਼ਮਾਂ 'ਤੇ ਲਾਠੀ, ਕਿਸਾਨਾਂ 'ਤੇ ਕੇਸ- ਮਜੀਠੀਆ

ਨਸ਼ਿਆਂ ਦੀ ਖੇਪ ਬਰਾਮਦ ਕਰਨ ਤੋਂ ਇਲਾਵਾ ਪੁਲਿਸ ਟੀਮਾਂ ਨੇ ਉਨ੍ਹਾਂ ਦਾ ਮੋਟਰਸਾਈਕਲ ਵੀ ਜ਼ਬਤ ਕੀਤਾ ਹੈ, ਜਿਸਦੀ ਵਰਤੋਂ ਉਹ ਨਸ਼ਾ ਤਸਕਰੀ ਲਈ ਕਰ ਰਹੇ ਸਨ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਗ੍ਰਿਫ਼ਤਾਰ ਮੁਲਜ਼ਮ ਦੁਬਈ ਅਧਾਰਤ ਤਸਕਰ ਨਾਲ ਸੰਪਰਕ ਵਿੱਚ ਸਨ ਜੋ ਸਰਹੱਦ ਪਾਰੋਂ ਹੈਰੋਇਨ ਤਸਕਰੀ ਵਿੱਚ ਉਨ੍ਹਾਂ ਦੀ ਸਹਾਇਤਾ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਦੁਬਈ ਅਧਾਰਤ ਤਸਕਰ ਦੇ ਨਿਰਦੇਸ਼ਾਂ ‘ਤੇ ਕੰਮ ਕਰਦਿਆਂ ਉਕਤ ਮੁਲਜ਼ਮ ਨਿਰਧਾਰਤ ਥਾਵਾਂ ਤੋਂ ਖੇਪਾਂ ਪ੍ਰਾਪਤ ਕਰਕੇ ਉਨ੍ਹਾਂ ਨੂੰ ਅੱਗੇ ਪੰਜਾਬ ਭਰ ‘ਚ ਸਪਲਾਈ ਕਰਦੇ ਸਨ।

ਡੀਜੀਪੀ ਨੇ ਕਿਹਾ ਕਿ ਇਸ ਨੈੱਟਵਰਕ ਵਿੱਚ ਸ਼ਾਮਲ ਹੋਰ ਮੁਲਜ਼ਮਾਂ ਦੀ ਪਛਾਣ ਕਰਨ ਅਤੇ ਵਿੱਤੀ ਸਰੋਤਾਂ ਦਾ ਪਤਾ ਲਗਾ ਕੇ ਸੰਭਾਵਿਤ ਹਵਾਲਾ ਸਬੰਧਾਂ ਦਾ ਪਰਦਾਫਾਸ਼ ਕਰਨ ਲਈ ਲਈ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।

ਹੋਰ ਪੜ੍ਹੋ 👉  ਪ੍ਰਧਾਨ ਮੰਤਰੀ ਦਾ ਪੰਜਾਬ ਦੌਰਾ ਸਿਰਫ਼ ਭਾਸ਼ਣਾਂ ਤੱਕ ਸੀਮਤ ਰਿਹਾ : ਕਾਂਗਰਸ

ਆਪ੍ਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਪੁਲਿਸ ਕਮਿਸ਼ਨਰ (ਸੀਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਖੁਫੀਆ ਜਾਣਕਾਰੀ ‘ਤੇ ਅਧਾਰਤ ਕਾਰਵਾਈ ਵਿੱਚ ਪੁਲਿਸ ਟੀਮਾਂ ਨੇ ਮੁਲਜ਼ਮ ਗੌਤਮ ਨੂੰ ਉਸਦੇ ਦੋ ਨਾਬਾਲਗ ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ ਅਤੇ ਉਨ੍ਹਾਂ ਕੋਲੋਂ 30.045 ਕਿਲੋ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਗੌਤਮ ਦੇ ਖੁਲਾਸੇ ‘ਤੇ ਤਿੰਨ ਹੋਰ ਦੋਸ਼ੀਆਂ ਜਿਨ੍ਹਾਂ ਦੀ ਪਛਾਣ ਕਬੀਰ ਉਰਫ਼ ਕਾਕੂ, ਸਮੀਰ ਉਰਫ਼ ਸਭਰਵਾਲ ਅਤੇ ਗੁਰਪ੍ਰੀਤ ਸਿੰਘ ਉਰਫ਼ ਕੀੜਾ ਵਜੋਂ ਹੋਈ ਹੈ, ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜਾਂਚ ਅਨੁਸਾਰ ਦੁਬਈ ਅਧਾਰਤ ਤਸਕਰ ਇਸ ਮਾਡਿਊਲ ਦਾ ਮਾਸਟਰਮਾਈਂਡ ਹੈ, ਜੋ ਪੁਲਿਸ ਨੂੰ ਪਹਿਲਾਂ ਹੀ 42 ਕਿਲੋ ਹੈਰੋਇਨ ਰਿਕਵਰੀ ਕੇਸ ਅਤੇ 10 ਕਿਲੋਆਈਸੀਈ ਰਿਕਵਰੀ ਕੇਸ ਸਮੇਤ ਤਿੰਨ ਵੱਡੇ ਐਨਡੀਪੀਐਸ ਮਾਮਲਿਆਂ ਵਿੱਚ ਲੋੜੀਂਦਾ ਹੈ। ਉਨ੍ਹਾਂ ਦੱਸਿਆ ਕਿ ਦੁਬਈ ‘ਚ ਬੈਠ ਕੇ ਕੰਮ ਕਰਦਿਆਂ ਉਕਤ ਮੁਲਜ਼ਮ ਨੌਜਵਾਨਾਂ, ਜਿਨ੍ਹਾਂ ਵਿੱਚ ਨਾਬਾਲਗ ਵੀ ਸ਼ਾਮਲ ਹਨ, ਨੂੰ ਪੈਸੇ ਦਾ ਲਾਲਚ ਦੇ ਕੇ ਲੁਭਾਉਂਦਾ ਸੀ ਅਤੇ ਫਿਰ ਉਨ੍ਹਾਂ ਨੂੰ ਨਸ਼ਿਆਂ ਦੀ ਖੇਪ ਹਾਸਲ ਕਰਨ ਤੋਂ ਲੈ ਕੇ ਇਨ੍ਹਾਂ ਦੀ ਅੱਗੇ ਸਪਲਾਈ ਵਰਗੇ ਕੰਮਾਂ ਲਈ ਵਰਤਦਾ ਸੀ।

ਹੋਰ ਪੜ੍ਹੋ 👉  138 ਐਨ.ਆਈ. ਐਕਟ ਦੇ ਕੇਸਾਂ ਨਾਲ ਸਬੰਧਤ ਸਪੈਸ਼ਲ ਲੋਕ ਅਦਾਲਤ ਦਾ ਸਫਲਤਾਪੂਰਵਕ ਆਯੋਜਨ

ਇਸ ਸਬੰਧੀ ਅੰਮ੍ਰਿਤਸਰ ਦੇ ਥਾਣਾ ਛੇਹਰਟਾ ਵਿਖੇ ਐਨਡੀਪੀਐਸ ਐਕਟ ਦੀ ਧਾਰਾ 21-ਸੀ, 25 ਅਤੇ 29 ਤਹਿਤ ਐਫਆਈਆਰ ਨੰਬਰ 122 ਮਿਤੀ 03.06.2026 ਦਰਜ ਹੈ।

Leave a Reply

Your email address will not be published. Required fields are marked *