ਚੰਡੀਗੜ੍ਹ, 11 ਅਕਤੂਬਰ (ਖ਼ਬਰ ਖਾਸ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਕਿ ਫਾਜ਼ਿਲਕਾ ਅਨਾਜ ਮੰਡੀ ਵਿਚ ਭਾਰੀ ਬਰਸਾਤ ਕਾਰਨ ਜਿਹੜੇ ਕਿਸਾਨਾਂ ਦੀ ਝੋਨੇ ਦੀ ਸਫਲ ਦਾ ਨੁਕਸਾਨ ਹੋਇਆ, ਉਹਨਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ ਅਤੇ ਸੂਬੇ ਭਰ ਵਿਚ ਭਾਰੀ ਬਰਸਾਤ ਕਾਰਨ ਕਿਸਾਨਾਂ ਦੀ ਝੋਨੇ ਤੇ ਹੋਰ ਫਸਲਾਂ ਦੇ ਹੋਏ ਨੁਕਸਾਨ ਦੇ ਜਾਇਜ਼ੇ ਲਈ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਭਾਰੀ ਬਰਸਾਤ ਕਾਰਨ ਫਾਜ਼ਿਲਕਾ ਅਨਾਜ ਮੰਡੀ ਵਿਚ ਕਿਸਾਨਾਂ ਦਾ ਝੋਨੇ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਅਤੇ ਵੱਡੀ ਮਾਤਰਾ ਵਿਚ ਫਸਲ ਰੁੜ ਗਈ ਹੈ। ਉਹਨਾਂ ਕਿਹਾ ਕਿ ਮੰਡੀ ਵਿਚ ਪੰਜ ਤੋਂ ਛੇ ਫੁੱਟ ਤੱਕ ਪਾਣੀ ਭਰ ਗਿਆ ਜਿਸ ਕਾਰਨ ਝੋਨੇ ਦੀ ਫਸਲ ਰੁੜ ਗਈ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਸਾਰੀ ਮੰਡੀ ਹੀ ਪਾਣੀ ਵਿਚ ਰੁੜ ਗਈ ਤੇ ਇਸ ਕਾਰਨ ਬਹੁਤ ਵੱਡਾ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਇਸ ਨੁਕਸਾਨ ਵਾਸਤੇ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਮਿਲਣਾ ਚਾਹੀਦਾ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਮੰਡੀ ਵਿਚ ਢੁਕਵੀਂ ਡਰੇਨੇਜ ਸਹੂਲਤ ਨਾ ਹੋਣ ਕਾਰਨ ਕਿਸਾਨ ਦਾ ਵੱਡਾ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਭਾਰੀ ਬਰਸਾਤ ਦੀ ਭਵਿੱਖਬਾਣੀ ਪਹਿਲਾਂ ਹੀ ਕੀਤੀ ਗਈ ਸੀ ਪਰ ਮੰਡੀ ਵਿਚ ਪਈ ਫਸਲ ਨੂੰ ਬਚਾਉਣ ਵਾਸਤੇ ਕੋਈ ਢੁਕਵੇਂ ਕਦਮ ਨਹੀਂ ਚੁੱਕ ਗਏ। ਉਹਨਾਂ ਕਿਹਾ ਕਿ ਸੂਬੇ ਭਰ ਵਿਚ ਫੌਰੀ ਕਦਮ ਚੁੱਕੇ ਜਾਣੇ ਚਾਹੀਦੇ ਸਨ ਤਾਂ ਜੋ ਸਾਰੀਆਂ ਅਨਾਜ ਮੰਡੀਆਂ ਵਿਚ ਢੁਕਵੀਂਆਂ ਡਰੇਨੇਜ ਸਹੂਲਤਾਂ ਦਾ ਇੰਤਜ਼ਾਮ ਕਰ ਕੇ ਫਸਲਾਂ ਦਾ ਨੁਕਸਾਨ ਹੋਣ ਤੋਂ ਬਚਾਅ ਕੀਤਾ ਜਾਂਦਾ।
ਉਹਨਾਂ ਨੇ ਇਹ ਵੀ ਮੰਗ ਕੀਤੀ ਕਿ ਜਿਥੇ ਕਿਤੇ ਭਾਰੀ ਬਰਸਾਤ ਨਾਲ ਝੋਨੇ ਦਾ ਨੁਕਸਾਨ ਹੋਇਆ ਹੈ, ਉਸਦੀ ਤੁਰੰਤ ਗਿਰਦਾਵਰੀ ਕਰਵਾਈ ਜਾਵੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਐਲਾਨ ਮੁਤਾਬਕ ਕਿਸਾਨਾਂ ਨੂੰ 50-50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਗਿਰਦਾਵਰੀ ਤੋਂ ਪਹਿਲਾਂ ਦਿੱਤਾ ਜਾਵੇ। ਉਹਨਾਂ ਨੇ ਮੁੱਖ ਮੰਤਰੀ ਇਹ ਵੀ ਮੰਨਣ ਕਿ ਦੋ ਸਾਲਾਂ ਤੋਂ ਕਿਸਾਨਾਂ ਨੂੰ ਫਸਲਾਂ ਦੇ ਹੋਏ ਨੁਕਸਾਨ ਦਾ ਕੋਈ ਮੁਆਵਜ਼ਾ ਨਹੀਂ ਮਿਲਿਆ। ਉਹਨਾਂ ਕਿਹਾ ਕਿ ਕਿਸਾਨਾਂ ਦਾ ਹੜ੍ਹਾਂ ਤੇ ਗੜ੍ਹੇਮਾਰੀ ਕਾਰਨ ਵੱਡਾ ਨੁਕਸਾਨ ਹੋਇਆ ਪਰ ਉਹਨਾਂ ਨੂੰ ਕੋਈ ਵੀ ਮੁਆਵਜ਼ਾ ਨਹੀਂ ਮਿਲਿਆ।