ਪੰਜਾਬ ਵਿੱਚ ਮੂੰਹਖੁਰ ਦੀ ਬਿਮਾਰੀ ਤੋਂ ਬਚਾਅ ਲਈ 57.84 ਲੱਖ ਤੋਂ ਵੱਧ ਪਸ਼ੂਧਨ ਦਾ ਟੀਕਾਕਰਨ

ਚੰਡੀਗੜ੍ਹ, 17 ਜੂਨ (ਖ਼ਬਰ ਖਾਸ ਬਿਊਰੋ)

ਸੂਬੇ ਵਿੱਚ ਪਸ਼ੂਧਨ ਦੀ ਨਰੋਈ ਸਿਹਤ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਨੇ ਪਸ਼ੂਧਨ ਦੇ ਮੂੰਹਖੁਰ ਦੀ ਬਿਮਾਰੀ ਤੋਂ ਬਚਾਅ ਲਈ 15 ਅਪ੍ਰੈਲ, 2025 ਤੋਂ ਸ਼ੁਰੂ ਕੀਤੀ ਐਫ.ਐਮ.ਡੀ. ਟੀਕਾਕਰਨ ਮੁਹਿੰਮ ਅਧੀਨ 57.84 ਲੱਖ ਤੋਂ ਵੱਧ ਪਸ਼ੂਧਨ ਦਾ ਸਫ਼ਲਤਾਪੂਰਕ ਟੀਕਾਕਰਨ ਕੀਤਾ ਗਿਆ ਹੈ।

ਟੀਕਾਕਰਨ ਮੁਹਿੰਮ ਦੇ ਵੇਰਵੇ ਸਾਂਝੇ ਕਰਦਿਆਂ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ 57.84 ਲੱਖ ਤੋਂ ਵੱਧ ਪਸ਼ੂਆਂ ਦਾ ਟੀਕਾਕਰਨ ਕੀਤਾ ਗਿਆ ਹੈ, ਜਿਸ ਨਾਲ ਸੂਬੇ ‘ਚ 99.56 ਫੀਸਦੀ ਗਾਵਾਂ ਅਤੇ ਅਤੇ ਮੱਝਾਂ ਨੂੰ ਵੈਕਸੀਨ ਲਗਾਈ ਗਈ ਹੈ। ਇਸ ਮੁਹਿੰਮ ਤਹਿਤ ਵਿਆਪਕ ਪਹੁੰਚ ਨੂੰ ਯਕੀਨੀ ਬਣਾਉਣ ਲਈ ਪਸ਼ੂ ਪਾਲਕਾਂ ਦੇ ਕੋਲ ਜਾ ਕੇ ਪਸ਼ੂਆਂ ਨੂੰ ਮੁਫ਼ਤ ਟੀਕਾ ਲਾਇਆ ਗਿਆ ਹੈ। ਇਸ ਵਿਸ਼ਾਲ ਮੁਹਿੰਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਲਗਭਗ 900 ਵੈਟਰਨਰੀ ਟੀਮਾਂ ਨੂੰ ਇਸ ਕਾਰਜ ਵਿੱਚ ਲਾਇਆ ਗਿਆ ਸੀ, ਜੋ ਪਸ਼ੂਧਨ ਦੀ ਭਲਾਈ ਅਤੇ ਕਿਸਾਨਾਂ ਦੀ ਸਹਾਇਤਾ ਪ੍ਰਤੀ ਪਸ਼ੂ ਪਾਲਣ ਵਿਭਾਗ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਹੋਰ ਪੜ੍ਹੋ 👉  ਰੁੱਤ ਵਾਅਦਿਆਂ ਦੀ ਆਈ, ਵੜਿੰਗ ਨੇ ਕੀਤਾ ਕੱਚੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਪੱਕਾ ਕਰਨ ਦਾ ਵਾਅਦਾ

ਪਸ਼ੂ ਪਾਲਣ ਮੰਤਰੀ ਨੇ ਕਿਹਾ ਕਿ ਇਹ ਧਿਆਨ ਵਿੱਚ ਰੱਖਦਿਆਂ ਕਿ ਮੂੰਹਖੁਰ ਦੀ ਬਿਮਾਰੀ ਪਸ਼ੂਆਂ ਲਈ ਇੱਕ ਵੱਡਾ ਖ਼ਤਰਾ ਹੈ, ਜਿਸ ਨਾਲ ਦੁੱਧ ਦੀ ਪੈਦਾਵਾਰ ‘ਤੇ ਮਾੜਾ ਅਸਰ ਪੈਣ ਦੇ ਨਾਲ-ਨਾਲ ਗਰਭਪਾਤ ਵਰਗੀਆਂ ਸਮੱਸਿਆਵਾਂ ਕਰਕੇ ਕਾਫ਼ੀ ਆਰਥਿਕ ਨੁਕਸਾਨ ਹੁੰਦਾ ਹੈ, ਵਿਭਾਗ ਨੇ ਪਸ਼ੂਆਂ ਦੀ ਸਮੁੱਚੀ ਆਬਾਦੀ ਦਾ ਟੀਕਾਕਰਨ ਕੀਤਾ ਹੈ, ਜੋ ਇਸ ਬਿਮਾਰੀ ਦੀ ਰੋਕਥਾਮ ਅਤੇ ਨਿਯੰਤਰਣ ਵੱਲ ਇੱਕ ਮਹੱਤਵਪੂਰਨ ਕਦਮ ਹੈ।

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਪਸ਼ੂ ਪਾਲਕਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਦੀ ਵਚਨਬੱਧਤਾ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪਸ਼ੂਧਨ ਦੀ ਸਿਹਤ ਦੀ ਸੁਰੱਖਿਆ ਲਈ ਨਿਰੰਤਰ ਕੰਮ ਕਰ ਰਹੀ ਹੈ, ਜੋ ਸੂਬੇ ਦੇ ਪਸ਼ੂਧਨ ਦੀ ਤੰਦਰੁਸਤੀ ਨੂੰ ਯਕੀਨੀ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ।

ਹੋਰ ਪੜ੍ਹੋ 👉  ਵਿਧਾਨ ਸਭਾ ਚੋਣਾਂ-2027 ਲਈ ਸੰਵੇਦਨਸ਼ੀਲ ਖੇਤਰਾਂ ਦੀ ਪਛਾਣ ਤੇ ਚੋਣ ਪ੍ਰਕਿਰਿਆ ਨੂੰ ਨਿਰਪੱਖ ਬਣਾਉਣ ਲਈ ਸਿਵਲ ਅਤੇ ਪੁਲਿਸ ਅਧਿਕਾਰੀਆਂ ਦਿੱਤੀ ਗਈ ਸਿਖਲਾਈ: ਡਿਪਟੀ ਕਮਿਸ਼ਨਰ ਰੂਪਨਗਰ

Leave a Reply

Your email address will not be published. Required fields are marked *