ਗੁਰਦੁਆਰਾ ਟਿੱਬੀ ਸਾਹਿਬ ਵਿਖੇ ਕੌਮੀ ਸਵੈ-ਇੱਛੁਕ ਖ਼ੂਨਦਾਨ ਦਿਵਸ ਨੂੰ ਸਮਰਪਿਤ ਲਾਇਆ ਵਿਸ਼ੇਸ਼ ਖ਼ੂਨਦਾਨ ਕੈਂਪ

ਰੂਪਨਗਰ, 17 ਸਤੰਬਰ (ਖ਼ਬਰ ਖਾਸ ਬਿਊਰੋ)
ਸਟੇਟ ਬਲੱਡ ਟਰਾਂਸਫਿਊਜ਼ਨ ਕੌਂਸਲ, ਪੰਜਾਬ ਵੱਲੋਂ ਕੌਮੀ ਸਵੈ-ਇੱਛੁਕ ਖ਼ੂਨਦਾਨ ਦਿਵਸ-2026 ਸਬੰਧੀ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਅੱਜ ਗੁਰਦੁਆਰਾ ਹੈੱਡ ਦਰਬਾਰ ਕੋਟ ਪੁਰਾਣ ਟਿੱਬੀ ਸਾਹਿਬ, ਰੂਪਨਗਰ ਵਿਖੇ ਵਿਸ਼ੇਸ਼ ਖ਼ੂਨਦਾਨ ਕੈਂਪ ਲਗਾਇਆ ਗਿਆ। ਮਾਨਵਤਾ ਦੀ ਸੇਵਾ ਨੂੰ ਸਮਰਪਿਤ ਇਸ ਕੈਂਪ ਦਾ ਮੁੱਖ ਉਦੇਸ਼ ਆਮ ਲੋਕਾਂ ਵਿੱਚ ਸਵੈ-ਇੱਛੁਕ ਖ਼ੂਨਦਾਨ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਲੋੜਵੰਦ ਮਰੀਜ਼ਾਂ ਲਈ ਖ਼ੂਨ ਦੀ ਨਿਰੰਤਰ ਉਪਲਬਧਤਾ ਯਕੀਨੀ ਬਣਾਉਣਾ ਸੀ।
ਇਹ ਖ਼ੂਨਦਾਨ ਕੈਂਪ ਸਿਵਲ ਸਰਜਨ ਰੂਪਨਗਰ ਡਾ. ਵਿਵੇਕ ਕਟਾਰੀਆ ਦੀ ਯੋਗ ਅਗਵਾਈ ਹੇਠ ਲਗਾਇਆ ਗਿਆ। ਕੈਂਪ ਦੇ ਸੁਚੱਜੇ ਪ੍ਰਬੰਧ ਲਾਈਫ ਲਾਈਨ ਬਲੱਡ ਡੋਨਰ ਸੁਸਾਇਟੀ, ਰੂਪਨਗਰ ਵੱਲੋਂ ਕੀਤੇ ਗਏ, ਜਦਕਿ ਖ਼ੂਨ ਇਕੱਤਰ ਕਰਨ ਦੀ ਅਹਿਮ ਅਤੇ ਤਕਨੀਕੀ ਸੇਵਾ ਬਲੱਡ ਸੈਂਟਰ, ਸਿਵਲ ਹਸਪਤਾਲ ਰੂਪਨਗਰ ਦੀ ਮਾਹਿਰ ਡਾਕਟਰੀ ਟੀਮ ਵੱਲੋਂ ਪੂਰੀ ਤਨਦੇਹੀ ਅਤੇ ਸਾਵਧਾਨੀ ਨਾਲ ਨਿਭਾਈ ਗਈ। ਇਸ ਮੌਕੇ ਇੰਡੀਅਨ ਰੈੱਡ ਕਰਾਸ ਸੁਸਾਇਟੀ ਰੂਪਨਗਰ ਵੱਲੋਂ ਵੀ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਆਪਣਾ ਵਡਮੁੱਲਾ ਸਹਿਯੋਗ ਦਿੱਤਾ ਗਿਆ।
ਇਸ ਮੌਕੇ ਸਿਵਲ ਸਰਜਨ ਡਾ. ਵਿਵੇਕ ਕਟਾਰੀਆ ਨੇ ਕਿਹਾ ਕਿ ਖ਼ੂਨਦਾਨ ਮਹਾਨ ਦਾਨ ਹੈ, ਕਿਉਂਕਿ ਸਾਡੇ ਵੱਲੋਂ ਦਾਨ ਕੀਤਾ ਗਿਆ ਖ਼ੂਨ ਕਿਸੇ ਲੋੜਵੰਦ ਵਿਅਕਤੀ ਦੀ ਕੀਮਤੀ ਜਾਨ ਬਚਾਉਣ ਵਿੱਚ ਸਹਾਈ ਹੋ ਸਕਦਾ ਹੈ। ਉਨ੍ਹਾਂ ਨੌਜਵਾਨਾਂ ਸਮੇਤ ਆਮ ਲੋਕਾਂ ਨੂੰ ਸਵੈ-ਇੱਛਾ ਨਾਲ ਖ਼ੂਨਦਾਨ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ, ਤਾਂ ਜੋ ਹਸਪਤਾਲਾਂ ਵਿੱਚ ਖ਼ੂਨ ਦੀ ਘਾਟ ਕਾਰਨ ਕਿਸੇ ਵੀ ਮਰੀਜ਼ ਨੂੰ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕੌਮੀ ਸਵੈ-ਇੱਛੁਕ ਖ਼ੂਨਦਾਨ ਦਿਵਸ ਦੀ ਮਹੱਤਤਾ ਬਾਰੇ ਵੀ ਚਾਨਣਾ ਪਾਇਆ।
ਕੈਂਪ ਦੌਰਾਨ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਸ਼ਰਧਾਲੂਆਂ, ਨੌਜਵਾਨਾਂ ਅਤੇ ਸਥਾਨਕ ਵਸਨੀਕਾਂ ਵਿੱਚ ਖ਼ੂਨਦਾਨ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਦੌਰਾਨ ਸਾਰੇ ਸਿਹਤ ਅਤੇ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕਰਦਿਆਂ ਲਗਭਗ 25 ਯੂਨਿਟ ਖ਼ੂਨ ਸਵੈ-ਇੱਛਾ ਨਾਲ ਦਾਨ ਕੀਤਾ ਗਿਆ। ਬਲੱਡ ਸੈਂਟਰ ਦੀ ਮਾਹਿਰ ਟੀਮ ਵੱਲੋਂ ਹਰੇਕ ਖ਼ੂਨਦਾਨੀ ਦੀ ਸਿਹਤ ਦੀ ਲੋੜੀਂਦੀ ਜਾਂਚ ਕਰਨ ਉਪਰੰਤ ਹੀ ਖ਼ੂਨ ਇਕੱਤਰ ਕੀਤਾ ਗਿਆ ਅਤੇ ਖ਼ੂਨਦਾਨੀਆਂ ਨੂੰ ਰਿਫ਼ਰੈਸ਼ਮੈਂਟ ਵੀ ਮੁਹੱਈਆ ਕਰਵਾਈ ਗਈ।
ਲਾਈਫ ਲਾਈਨ ਬਲੱਡ ਡੋਨਰ ਸੁਸਾਇਟੀ ਦੇ ਅਹੁਦੇਦਾਰਾਂ ਵੱਲੋਂ ਖ਼ੂਨਦਾਨੀਆਂ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ, ਜਿਨ੍ਹਾਂ ਵੱਲੋਂ ਕੈਂਪ ਲਈ ਢੁੱਕਵੀਂ ਥਾਂ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਉਪਲਬਧ ਕਰਵਾਈਆਂ ਗਈਆਂ। ਇਸ ਤੋਂ ਇਲਾਵਾ ਸਹਿਯੋਗੀ ਸੰਸਥਾਵਾਂ, ਸਮਾਜ ਸੇਵੀਆਂ ਅਤੇ ਮੀਡੀਆ ਕਰਮੀਆਂ ਦਾ ਵੀ ਇਸ ਮਾਨਵਤਾ ਭਲਾਈ ਦੇ ਕਾਰਜ ਨੂੰ ਸਫ਼ਲ ਬਣਾਉਣ ਲਈ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
ਪ੍ਰਬੰਧਕਾਂ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਕਿ 17 ਸਤੰਬਰ ਤੋਂ 2 ਅਕਤੂਬਰ 2026 ਤੱਕ ਚਲਾਈ ਜਾ ਰਹੀ ਕੌਮੀ ਸਵੈ-ਇੱਛੁਕ ਖ਼ੂਨਦਾਨ ਮੁਹਿੰਮ ਤਹਿਤ ਵੱਧ ਤੋਂ ਵੱਧ ਲੋਕ ਸਵੈ-ਇੱਛਾ ਨਾਲ ਖ਼ੂਨਦਾਨ ਕਰਨ ਲਈ ਅੱਗੇ ਆਉਣ। ਖ਼ੂਨਦਾਨੀ ਬਲੱਡ ਸੈਂਟਰ, ਸਿਵਲ ਹਸਪਤਾਲ ਰੂਪਨਗਰ ਵਿਖੇ ਪਹੁੰਚ ਕੇ ਜਾਂ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ’ਤੇ ਲਗਾਏ ਜਾ ਰਹੇ ਖ਼ੂਨਦਾਨ ਕੈਂਪਾਂ ਵਿੱਚ ਆਪਣਾ ਖ਼ੂਨਦਾਨ ਕਰ ਸਕਦੇ ਹਨ। ਇਸ ਤਰ੍ਹਾਂ ਹਰ ਵਿਅਕਤੀ ਮਾਨਵਤਾ ਦੀ ਸੇਵਾ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਸਕਦਾ ਹੈ।
ਹੋਰ ਪੜ੍ਹੋ 👉  ਦਿਲ ਦੇ ਦੌਰੇ ਦੇ 9 ਮਰੀਜ਼ਾਂ ਲਈ ਜੀਵਨਦਾਤਾ ਬਣਿਆ ਸਟੈਮੀ ਪ੍ਰਾਜੈਕਟ

Leave a Reply

Your email address will not be published. Required fields are marked *