ਮਗਨਰੇਗਾ ਦੀ ਥਾਂ ‘ਜੀ ਰਾਮ ਜੀ’ ਐਕਟ ਲਿਆਉਣਾ ਗਰੀਬ ਪੇਂਡੂ ਲੋਕਾਂ ਨਾਲ ਧੋਖਾ-ਬਲਵੀਰ ਸਿੱਧੂ

ਐਸ.ਏ.ਐਸ. ਨਗਰ, 23 ਦਸੰਬਰ (ਖ਼ਬਰ ਖਾਸ  ਬਿਊਰੋ)

ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਕਾਨੂੰਨ (ਮਗਨਰੇਗਾ) ਨੂੰ ਖਤਮ ਕਰਕੇ ਉਸ ਦੀ ਥਾਂ ‘ਜੀ ਰਾਮ ਜੀ ਐਕਟ’ ਲਿਆਂਦੇ ਜਾਣ ਦੇ ਕਦਮ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਹੈ ਕਿ ਇਹ ਫੈਸਲਾ ਗਰੀਬ ਪੇਂਡੂ ਜਨਤਾ ਨਾਲ ਧੋਖਾ ਅਤੇ ਉਨ੍ਹਾਂ ਦੇ ਸੰਵਿਧਾਨਕ ਅਧਿਕਾਰਾਂ ’ਤੇ ਸਿੱਧਾ ਹਮਲਾ ਹੈ।

ਸ਼੍ਰੀ ਸਿੱਧੂ ਨੇ ਕਿਹਾ ਕਿ ਮਗਨਰੇਗਾ ਕੋਈ ਆਮ ਸਕੀਮ ਨਹੀਂ ਹੈ, ਸਗੋਂ ਮਨਮੋਹਨ ਸਿੰਘ ਦੀ ਸਰਕਾਰ ਵੱਲੋਂ ਲਿਆਂਦਾ ਗਿਆ ਇੱਕ ਇਤਿਹਾਸਕ ਅਧਿਕਾਰ-ਅਧਾਰਿਤ ਕਾਨੂੰਨ ਹੈ, ਜਿਸ ਤਹਿਤ ਪੇਂਡੂ ਪਰਿਵਾਰਾਂ ਨੂੰ 100 ਦਿਨਾਂ ਦੇ ਰੋਜ਼ਗਾਰ ਦੀ ਕਾਨੂੰਨੀ ਗਾਰੰਟੀ ਮਿਲਦੀ ਹੈ। ਉਨ੍ਹਾਂ ਕਿਹਾ, “ਮਨਰੇਗਾ ਨੇ ਗਰੀਬ ਵਰਗਾਂ ਨੂੰ ਆਰਥਿਕ ਸਹਾਰਾ ਦਿੱਤਾ, ਪੇਂਡੂ ਢਾਂਚੇ ਨੂੰ ਮਜ਼ਬੂਤ ਕੀਤਾ, ਮਜ਼ਦੂਰਾਂ ਦੀ ਹਿਜ਼ਰਤ ਅਤੇ ਉਹਨਾਂ ਨੂੰ ਇੱਜ਼ਤ ਨਾਲ ਕੰਮ ਕਰਨ ਦਾ ਮੌਕਾ ਦਿੱਤਾ।”

ਹੋਰ ਪੜ੍ਹੋ 👉  ਪਹਿਲਾਂ ਬਣੀਆਂ ਸੜਕਾਂ ਦੇ ਮੁੜ ਟੈਂਡਰਾਂ ਰਾਹੀਂ 500 ਕਰੋੜ ਦੇ ਕਥਿਤ ਘੁਟਾਲੇ ਦੀ ਨਿਰਪੱਖ ਜਾਂਚ ਹੋਵੇ: ਰਾਜੇਸ਼ ਬਾਘਾ

ਸਾਬਕਾ ਸਿਹਤ ਮੰਤਰੀ ਨੇ ਦੋਸ਼ ਲਗਾਇਆ ਕਿ ਮੋਦੀ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਮਗਨਰੇਗਾ ਨੂੰ ਮਜ਼ਬੂਤ ਕਰਨ ਦੀ ਥਾਂ ਬਜਟ ਵਿੱਚ ਕਟੌਤੀਆਂ, ਮਜ਼ਦੂਰੀਆਂ ਦੀ ਦੇਰੀ ਨਾਲ ਅਦਾਇਗੀ ਅਤੇ ਤਕਨੀਕੀ ਰੁਕਾਵਟਾਂ ਖੜੀਆਂ ਕਰ ਕੇ ਇਸ ਸਕੀਮ ਨੂੰ ਲਗਾਤਾਰ ਕਮਜ਼ੋਰ ਕੀਤਾ ਹੈ। ਉਨ੍ਹਾਂ ਕਿਹਾ, “ਹੁਣ ਰਾਮ ਜੀ ਐਕਟ ਦੇ ਨਾਂਅ ਹੇਠ ਇਸ ਕਾਨੂੰਨੀ ਹੱਕ ਨੂੰ ਖਤਮ ਕਰਕੇ ਇਸਨੂੰ ਸਰਕਾਰੀ ਮਰਜ਼ੀ ’ਤੇ ਨਿਰਭਰ ਸਕੀਮ ਬਣਾ ਦਿਤਾ ਗਿਆ ਹੈ।”

ਸ਼੍ਰੀ ਸਿੱਧੂ ਨੇ ਚੇਤਾਵਨੀ ਦਿੱਤੀ ਕਿ ਰੋਜ਼ਗਾਰ ਦੀ ਕਾਨੂੰਨੀ ਗਾਰੰਟੀ ਖਤਮ ਹੋਣ ਨਾਲ ਕਰੋੜਾਂ ਪੇਂਡੂ ਪਰਿਵਾਰ ਅਫ਼ਸਰਸ਼ਾਹੀ ਅਤੇ ਰਾਜਨੀਤਿਕ ਮਨਮਰਜ਼ੀ ਦੇ ਰਹਿਮੋ-ਕਰਮ ’ਤੇ ਨਿਰਭਰ ਰਹਿ ਜਾਣਗੇ। ਉਨ੍ਹਾਂ ਕਿਹਾ ਉਨ੍ਹਾਂ ਕਿ ਇਹ ਫੈਸਲਾ ਕਿਸਾਨਾਂ, ਮਜ਼ਦੂਰਾਂ, ਦਲਿਤਾਂ ਅਤੇ ਸਮਾਜ ਦੇ ਗਰੀਬ ਵਰਗ ਦੇ ਹਿੱਤਾਂ ਦੇ ਖਿਲਾਫ਼ ਹੈ।

ਹੋਰ ਪੜ੍ਹੋ 👉  ਨਸ਼ਾ ਮਾਫੀਆ ਨੂੰ ਹੌਂਸਲਾ ਬਖਸ਼ਣ ਲਈ ਮੁੱਖ ਮੰਤਰੀ ਅਸਤੀਫਾ ਦੇਣ - ਹਰਸਿਮਰਤ ਬਾਦਲ

ਕਾਂਗਰਸੀ ਆਗੂ ਨੇ ਕਿਹਾ ਕਿ ਕੋਵਿਡ-19 ਵਰਗੇ ਸੰਕਟ ਸਮਿਆਂ ਦੌਰਾਨ ਮਗਨਰੇਗਾ ਪੰਜਾਬ ਸਮੇਤ ਪੂਰੇ ਦੇਸ਼ ਲਈ ਜੀਵਨਰੇਖਾ ਸਾਬਤ ਹੋਈ ਸੀ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਅੱਜ ਜਦੋਂ ਮਹਿੰਗਾਈ, ਬੇਰੋਜ਼ਗਾਰੀ ਅਤੇ ਪੇਂਡੂ ਸੰਕਟ ਵਧ ਰਹੇ ਹਨ, ਮਨਰੇਗਾ ਨੂੰ ਖਤਮ ਕਰਨਾ ਬੇਰਹਿਮੀ ਅਤੇ ਗੈਰ-ਜ਼ਿੰਮੇਵਾਰੀ ਦਾ ਸਬੂਤ ਹੈ।

ਸ਼੍ਰੀ ਸਿੱਧੂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਹ ਕਾਨੂੰਨ ਤੁਰੰਤ ਵਾਪਸ ਲਿਆ ਜਾਵੇ, ਮਗਨਰੇਗਾ ਲਈ ਪੂਰਾ ਫੰਡ ਮੁਹੱਈਆ ਕਰਵਾਇਆ ਜਾਵੇ ਅਤੇ ਬਕਾਇਆ ਮਜ਼ਦੂਰੀਆਂ ਜਲਦ ਅਦਾ ਕੀਤੀਆਂ ਜਾਣ। ਉਨ੍ਹਾਂ ਚੇਤਾਵਨੀ ਦਿੱਤੀ ਕਿ ਕਾਂਗਰਸ ਪਾਰਟੀ ਪੇਂਡੂ ਭਾਰਤ ਦੇ ਹੱਕਾਂ ’ਤੇ ਕੋਈ ਵੀ ਹਮਲਾ ਬਰਦਾਸ਼ਤ ਨਹੀਂ ਕਰੇਗੀ ਅਤੇ ਇਸ ਮੁੱਦੇ ’ਤੇ ਸੜਕਾਂ ਤੋਂ ਲੈ ਕੇ ਸੰਸਦ ਤੱਕ ਜ਼ੋਰਦਾਰ ਸੰਘਰਸ਼ ਕਰੇਗੀ।

ਹੋਰ ਪੜ੍ਹੋ 👉  ਗਲੋਬਲ ਕੰਬੋਜ ਐਜੂਕੇਸ਼ਨਲ ਐਂਡ ਵੈਲਫੇਅਰ ਆਰਗਨਾਈਜੇਸ਼ਨ ਵੱਲੋਂ ਵੱਖ-ਵੱਖ ਖੇਤਰਾਂ 'ਚ ਨਾਮਣਾ ਖੱਟਣ ਵਾਲੀਆਂ ਸ਼ਖ਼ਸੀਅਤਾਂ ਦਾ  ਸਨਮਾਨ

ਕਾਂਗਰਸੀ ਆਗੂ ਨੇ ਕਿਹਾ ਕਿ ਮੋਦੀ ਸਰਕਾਰ ਨੇ ਨਵੇਂ ਕਾਨੂੰਨ ਨੂੰ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਥਾਂ ਭਗਵਾਨ ਰਾਮ ਦੇ ਨਾਂ ਨਾਲ ਜੋੜਣ ਦਾ ਭੁਲੇਖਾ ਪੈਦਾ ਕਰਨ ਦੀ ਕੋਝੀ ਕੋਸ਼ਿਸ਼ ਕੀਤੀ ਹੈ, ਤਾਂ ਜੋ ਧਰਮ ਦੇ ਨਾਂ ’ਤੇ ਲੋਕਾਂ ਦੀਆਂ ਵੋਟਾਂ ਬਟੋਰੀਆਂ ਜਾ ਸਕਣ।

Leave a Reply

Your email address will not be published. Required fields are marked *