ਗਿਆਨੀ ਹਰਪ੍ਰੀਤ ਸਿੰਘ ਨੇ ਪਹਿਲੀ ਵਾਰ ਕਿਹਾ , ਭਾਜਪਾ ਨਾਲ ਗਠਜੋੜ ਲਈ ਤਿਆਰ

ਚੰਡੀਗੜ੍ਹ 29 ਅਗਸਤ (ਖ਼ਬਰ ਖਾਸ ਬਿਊਰੋ)

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਦੀ ਪਾਰਟੀ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਲਈ ਤਿਆਰ ਹੈ। ਉਹਨਾਂ ਕਿਹਾ ਕਿ ਗੱਠਜੋੜ ਸਿਰਫ਼ ਸੱਤਾ ‘ਤੇ ਨਹੀਂ, ਸਗੋਂ ਸਾਂਝੇ ਏਜੰਡੇ ਅਤੇ ਸਪੱਸ਼ਟ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਮੁੱਦਿਆਂ ‘ਤੇ ਅਧਾਰਤ ਹੋਵੇਗਾ।  ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ‘ਤੇ ਕੋਈ ਇਤਰਾਜ਼ ਨਹੀਂ ਹੈ, ਪਰ ਬਾਦਲ ਪਰਿਵਾਰ ਦੀ ਅਗਵਾਈ ਵਾਲੀ ਪਾਰਟੀ ਨਾਲ ਸਮਝੌਤਾ ਸਵੀਕਾਰਯੋਗ ਨਹੀਂ ਹੋਵੇਗਾ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਭਾਜਪਾ ਨਾਲ ਗੱਲਬਾਤ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਭਾਜਪਾ ਨਾਲ ਗੱਠਜੋੜ ਕਰਨ ‘ਤੇ ਕੋਈ ਇਤਰਾਜ਼ ਨਹੀਂ ਹੈ ਅਤੇ ਉਨ੍ਹਾਂ ਦੀ ਪਾਰਟੀ ਗੱਠਜੋੜ ਲਈ ਤਿਆਰ ਹੈ। ਹਾਲਾਂਕਿ, ਕਿਸੇ ਵੀ ਰਾਜਨੀਤਿਕ ਸਮਝੌਤੇ ਲਈ ਸਾਂਝੇ ਮੁੱਦਿਆਂ ਅਤੇ ਏਜੰਡੇ ‘ਤੇ ਸਮਝੌਤੇ ਦੀ ਲੋੜ ਹੋਵੇਗੀ।

ਹੋਰ ਪੜ੍ਹੋ 👉  ਵੜਿੰਗ ਨੇ ਨਸ਼ਿਆਂ ਦੀ ਤਸਕਰੀ ਨੂੰ ਲੈ ਕੇ ਭਾਜਪਾ ਤੋਂ ਮੰਗਿਆ ਜਵਾਬ,ਕਿਹਾ, ਭਾਜਪਾ ਆਪਣੀ 'ਬੀ-ਟੀਮ' ਨਾਲ ਦੋਸਤਾਨਾ ਮੈਚ ਖੇਡ ਰਹੀ 

ਗਿਆਨੀ ਹਰਪ੍ਰੀਤ ਸਿੰਘ ਦਾ ਧੜਾ ਹੋਰ ਖੇਤਰੀ ਪੰਥਕ ਸਮੂਹਾਂ ਨਾਲ ਵੀ ਰਾਜਨੀਤਿਕ ਸੰਭਾਵਨਾਵਾਂ ਦੀ ਪੜਚੋਲ ਕਰ ਰਿਹਾ ਹੈ। ਹਾਲਾਂਕਿ, ਭਾਜਪਾ ਨਾਲ ਗੱਠਜੋੜ ਦਾ ਮੁੱਦਾ ਇਨ੍ਹਾਂ ਸਮੂਹਾਂ ਵਿਚਕਾਰ ਮਤਭੇਦ ਪੈਦਾ ਕਰ ਸਕਦਾ ਹੈ। ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਵਿਚਾਰ-ਵਟਾਂਦਰੇ ਦੇ ਨਤੀਜੇ ਪੰਜਾਬ ਦੀ ਪੰਥਕ ਰਾਜਨੀਤੀ ਅਤੇ 2027 ਦੇ ਚੋਣ ਸਮੀਕਰਨਾਂ ਨੂੰ ਪ੍ਰਭਾਵਤ ਕਰਨ ਦੀ ਸੰਭਾਵਨਾ ਹੈ।

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਬਹੁਤ ਜਲਦੀ ਪਾਰਟੀ ਦੇ ਹਲਕਾ ਕੋਆਰਡੀਨੇਟਰ  ਨਿਯੁਕਤ ਕੀਤੇ  ਜਾਣਗੇ ਅਤੇ ਪਹਿਲੀ ਲਿਸਟ ਇਕ ਦੋ ਦਿਨਾਂ ਵਿਚ ਆ ਜਾਵੇਗੀ। ਚੋਣਾਂ ਨੇੜੇ ਆ ਗਈਆਂ ਹਨ, ਪੰਜਾਬ ਧਾਰਮਿਕ, ਸਿਆਸੀ ਤੇ ਆਰਥਿਕ ਤੌਰ ਪੂਰੀ ਤਰਾਂ ਬਿਖੜਿਆ ਹੋਇਆ ਹੈ। ਉਹਨਾਂ ਕਿਹਾ ਕਿ ਪੰਜਾਬ ਨੂੰ ਅਜਿਹੀ ਸਥਿਤੀ ਵਿਚੋ ਬਾਹਰ ਕੱਢਣ ਲਈ ਲੋਕਾਂ ਨਾਲ  ਵਿਚਾਰ ਵਿਟਾਂਦਰਾ ਕਰਨ ਲਈ ਸੱਥਾਂ  ਵਿਚ ਬੈਠ ਕੇ ਗੱਲ ਬਾਤ ਕੀਤੀ ਜਾਵੇਗੀ।

ਹੋਰ ਪੜ੍ਹੋ 👉  ਸਫ਼ਾਈ ਕਰਮਚਾਰੀਆਂ ਦੇ ਬੱਚਿਆਂ ਨੂੰ ਵਜ਼ੀਫ਼ਾ ਦੇਣ ਦਾ ਫੈਸਲਾ ਇਤਿਹਾਸਕ ਕਦਮ: ਵਿਜੇ ਸਾਂਪਲਾ

ਇਕ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਪਾਰਟੀ ਨੇ ਦੂਜੀਆਂ ਪਾਰਟੀਆਂ ਨਾਲ ਹਟਕੇ ਹਲਕਾ ਇੰਚਾਰਜ਼ ਦੀ ਥਾਂ ਹਲਕਾ ਕੋਆਰਡੀਨੇਡਰ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ। ਉਨਾਂ ਕਿਹਾ ਕਿ 2 ਦਸੰਬਰ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਰੋਸ਼ਨੀ ਵਿਚ ਪਾਰਟੀ ਅੱਗੇ ਵਧੇਗੀ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਾਰਟੀ ਦਾ ਸਟੈਂਡ ਸਪਸ਼ਟ ਹੈ ਕਿ ਉਹ ਅਕਾਲੀ ਦਲ ਨਾਲ ਜੁੜ ਸਕਦੇ ਹਨ ਪਰ ਬਾਦਲ ਪਰਿਵਾਰ ਨਾਲ ਨਹੀਂ। ਉਨਾਂ ਕਿਹਾ ਕਿ ਵਾਰਿਸ ਪੰਜਾਬ ਨਾਲ ਅਤੇ ਭਾਜਪਾ ਨਾਲ ਵੀ ਗੱਲਬਾਤ ਚੱਲ ਰਹੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਨੂੰ ਪੰਜ ਮੈਂਬਰੀ ਕਮੇਟੀ ਨੇ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਸੀ। ਉਹਨਾਂ ਕਿਹਾ ਕਿ ਸੁਖਬੀਰ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪਿਠ ਦਿਖਾਈ ਹੈ।

ਹੋਰ ਪੜ੍ਹੋ 👉  ਪੰਜਾਬ ਚ ਨਸ਼ਿਆਂ ਨੂੰ ਨ ਰੋਕ ਪਾਉਣ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਬਰਾਬਰ ਦੀ ਜ਼ਿੰਮੇਵਾਰ: ਰੰਧਾਵਾ

ਗਿਆਨੀ  ਹਰਪ੍ਰੀਤ ਸਿੰਘ ਨੇ ਕਿਹਾ ਕਿ ਨੇਤਾ ਦੋ ਕਾਰਨਾਂ ਕਰਕੇ ਪਾਰਟੀ ਛੱਡ ਦਿੰਦੇ ਹਨ ਇਕ ਤਾਂ ਸਿਧਾਂਤਾ ਪਿੱਛੇ ਦੂਜਾ ਜਦੋਂ ਉਹਨਾਂ ਨੂੰ ਲੱਗਦਾ ਕਿ ਇਥੇ ਰਹਿਕੇ ਉਹ ਵਿਧਾਇਕ ਐਮ ਪੀ ਨਹੀ ਬਣ ਸਕਦੇ। ਉਹਨਾਂ ਕਿਹਾ ਕਿ ਪਾਰਟੀ ਮੁਲਾਜਮਾਂ ਦੇ ਹਿੱਤਾਂ ਨਾਲ ਖੜੀ ਹੈ।

Leave a Reply

Your email address will not be published. Required fields are marked *