ਫਿਰੋਜ਼ਪੁਰ 21 ਮਾਰਚ, (ਖ਼ਬਰ ਖਾਸ ਬਿਊਰੋ)
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਅੱਜ ਸ਼ਹੀਦੇ ਆਜਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਸਮਾਰਕ ਉਤੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਪੁੱਜੇ। ਸਿਸੋਦੀਆ ਦੇ ਸਵਾਗਤ ਲਈ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ, ਐਸਐਸਪੀ ਭੁਪਿੰਦਰ ਸਿੰਘ ਸਿੱਧੂ ਤੇ ਹੋਰ ਅਧਿਕਾਰੀ ਸਮਾਰਕ ਦੇ ਬਾਹਰ ਉਨ੍ਹਾਂ ਦਾ ਸਵਾਗਤ ਲਈ ਹੱਥਾਂ ਵਿਚ ਗੁਲਦਸਤਾ ਲਈ ਖੜ੍ਹੇ ਸਨ। ਡਿਪਟੀ ਕਮਿਸ਼ਨਰ ਨੇ ਮਨੀਸ਼ ਸਿਸੋਦੀਆ ਨੂੰ ਗੁਲਦਸਤਾ ਭੇਟ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਗੁਲਦਸਤੇ ਨੂੰ ਛੂਹਿਆ ਅਤੇ ਗੁਲਦਸਤਾ ਆਪਣੇ ਅੰਗ ਰੱਖਿਅਕ ਨੂੰ ਫੜਾ ਦਿੱਤਾ। ਇਸੇ ਤਰਾਂ ਪਾਰਟੀ ਵਰਕਰ ਜਦੋਂ ਸਿਸੋਦੀਆ ਨੂੰ ਗੁਲਦਸਤਾ ਭੇਟ ਕਰਨ ਲਈ ਅੱਗੇ ਆਏ ਤਾਂ ਸਿਸੋਦੀਆ ਨੇ ਗੁਲਦਸਤਾ ਸਵੀਕਾਰ ਕਰਨ ਦੀ ਬਜਾਏ “ਸ਼ਾਂਤ ਰਹਿਣ ਲਈ ਕਿਹਾ। ਉਹਨਾਂ ਕਿਹਾ ਕਿ ਤੁਸੀਂ ਫੋਟੋ ਲਈ ਕਿਉਂ ਜ਼ੋਰ ਪਾ ਰਹੇ ਹੋ? ਇਹ ਸੁਣਕੇ ਆਪਣੇ ਮਹਿਬੂਬ ਨੇਤਾ ਦਾ ਇੰਤਜ਼ਾਰ ਕਰ ਰਹੇ ਵਰਕਰ ਫਿਰ ਪਿੱਛੇ ਹਟ ਗਏ।
ਭੁੱਲਰ ਬਾਰੇ ਕਹੀ ਇਹ ਗੱਲ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਸੋਦੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਚ ਸਮਝਕੇ ਕਾਰਵਾਈ ਕੀਤੀ ਹੈ। ਸਿਸੋਦੀਆ ਨੇ ਕਿਹਾ ਕਿ ਉਹ ਫਿਰੋਜ਼ਪੁਰ ਵਿੱਚੋਂ ਲੰਘ ਰਹੇ ਸਨ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੀ ਇੱਛਾ ਮਹਿਸੂਸ ਕੀਤੀ। ਉਨ੍ਹਾਂ ਕਿਹਾ ਕਿ ਜਿਸ ਉਮਰ ਵਿੱਚ ਨੌਜਵਾਨ ਕਰੀਅਰ ਬਣਾਉਣ ਸਿੱਖ ਰਹੇ ਹਨ, ਭਗਤ ਸਿੰਘ ਵਰਗੇ ਬਹਾਦਰ ਯੋਧਿਆਂ ਨੇ ਨਾ ਸਿਰਫ਼ ਉਤਸ਼ਾਹ ਨਾਲ, ਸਗੋਂ ਪੂਰੀ ਚੇਤਨਾ ਅਤੇ ਯੋਜਨਾਬੰਦੀ ਨਾਲ ਫਾਂਸੀ ਰੱਸੇ ਨੂੰ ਚੁੰਮਿਆ।ਇਸ ਮੌਕੇ ਵਿਧਾਇਕ ਰਣਬੀਰ ਭੁੱਲਰ, ਵਿਧਾਇਕ ਨਰੇਸ਼ ਕਟਾਰੀਆ, ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਘਾਂਗਾ ਤੇ ਹੋਰ ਹਾਜ਼ਰ ਸਨ।