ਪੰਜਾਬ ਸਰਕਾਰ ਨੇ ਕਿਸਾਨਾਂ ਤੇ ਜ਼ੁਲਮ ਕਰਕੇ ਲੋਕਾਂ ਦਾ ਹੱਕ ਮੰਗਣ ਦਾ ਜਮਹੂਰੀ ਅਧਿਕਾਰ ਪੈਰਾਂ ਥੱਲੇ ਦਰੜਿਆ – ਸੰਯੁਕਤ ਕਿਸਾਨ ਮੋਰਚਾ

ਚੰਡੀਗੜ੍ਹ 18 ਫਰਵਰੀ (ਖ਼ਬਰ  ਖਾਸ ਬਿਊਰੋ)
ਸੰਯੁਕਤ ਕਿਸਾਨ ਮੋਰਚਾ ਪੰਜਾਬ ਨੇ ਅੱਜ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਤੇ ਕੀਤੇ ਜਬਰ ਦਾ ਸਖਤ ਨੋਟਿਸ ਲਿਆ ਹੈ। ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਲੋਕਾਂ ਨਾਲ ਦੁਸ਼ਮਣੀ ਦੇ ਨਵੇਂ ਰਿਕਾਰਡ ਪੈਦਾ ਕਰ ਰਹੀ ਹੈ। ਲੋਕਾਂ ਨੂੰ ਆਪਣੇ ਹੱਕਾਂ ਲਈ ਧਰਨਾ ਪ੍ਰਦਰਸ਼ਨ ਕਰਨ ਤੋਂ ਵੀ ਵਾਂਝਿਆਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੱਤਰਕਾਰਾਂ ਖਿਲਾਫ ਕੇਸ ਦਰਜ ਕੀਤੇ ਗਏ ਹਨ ਅਤੇ ਕਿਸਾਨਾਂ ਤੇ ਲਾਠੀਚਾਰਜ ਕਰਕੇ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ।
 ਅੱਜ ਪੰਜਾਬ ਵਿੱਚ ਅਨੇਕਾਂ ਥਾਵਾਂ ਤੇ ਕਿਸਾਨਾਂ ਤੇ ਨਜਾਇਜ਼ ਲਾਠੀਚਾਰਜ ਕੀਤਾ ਗਿਆ ਹੈ। ਬਠਿੰਡਾ ਵਿਖੇ ਸ਼ਾਂਤਮਈ ਧਰਨਾ ਦੇਣ ਜਾ ਰਹੇ ਕਿਸਾਨਾਂ ਨੂੰ ਥਾਂ ਥਾਂ ਰੋਕਿਆ ਗਿਆ ਹੈ। ਪੰਜਾਬ ਨੂੰ ਪੁਲਿਸ ਰਾਜ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਸੈਂਕੜਿਆਂ ਦੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਅਤੇ ਅਧਿਕਾਰੀ ਸੜਕਾਂ ਤੇ ਨਾਕੇ ਲਗਾ ਕੇ ਖੜ੍ਹੇ ਹਨ। ਪਾਣੀ ਦੀਆਂ ਬੁਛਾੜਾਂ ਮਾਰਨ ਵਾਲੀਆਂ ਗੱਡੀਆਂ ਅਤੇ ਟਿੱਪਰ ਤਾਇਨਾਤ ਕੀਤੇ ਹੋਏ ਹਨ ਜਿਸ ਤਰ੍ਹਾਂ ਕਿਸੇ ਦੁਸ਼ਮਣ ਦੇਸ਼ ਵੱਲੋਂ ਹਮਲਾ ਹੋਣ ਜਾ ਰਿਹਾ ਹੋਵੇ। ਬਠਿੰਡਾ ਜ਼ਿਲੇ ਦੇ ਪਿੰਡ ਜਿਉਂਦ ਦੇ ਲੋਕਾਂ ਤੇ ਅਣਮਨੁੱਖੀ ਤਸ਼ੱਦਦ ਕੀਤਾ ਗਿਆ ਹੈ।
ਪ੍ਰਧਾਨਗੀ ਮੰਡਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀ ਕੱਲ੍ਹ 19 ਫਰਵਰੀ ਨੂੰ ਹੋਣ ਜਾ ਰਹੀ ਮੀਟਿੰਗ ਵਿੱਚ ਇਹ ਮਸਲਾ ਉਚੇਚੇ ਤੌਰ ਤੇ ਵਿਚਾਰਿਆ ਜਾਵੇਗਾ। ਸੰਯੁਕਤ ਕਿਸਾਨ ਮੋਰਚਾ ਦੀਆਂ ਸਾਰੀਆਂ ਜਥੇਬੰਦੀਆਂ ਇਸ ਮਸਲੇ ਤੇ ਇੱਕਮੁੱਠ ਹਨ ਅਤੇ ਪੂਰੀ ਤਾਕਤ ਨਾਲ ਪੰਜਾਬ ਸਰਕਾਰ ਦੇ ਜ਼ੁਲਮ ਦਾ ਵਿਰੋਧ ਕਰਨਗੀਆਂ।ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ, ਬਲਕਰਨ ਸਿੰਘ ਬਰਾੜ, ਗੁਰਵਿੰਦਰ ਸਿੰਘ ਢਿੱਲੋ ਅਤੇ ਹਰਜਿੰਦਰ ਸਿੰਘ ਟਾਂਡਾ ਤੇ ਅਧਾਰਿਤ ਪ੍ਰਧਾਨਗੀ ਮੰਡਲ ਨੇ ਜਾਰੀ ਕੀਤਾ।
ਹੋਰ ਪੜ੍ਹੋ 👉  ਔਰਤਾਂ ਲਈ ਰੋਜ਼ਗਾਰ ਅਤੇ ਸਿਹਤ ਕੈਂਪ ਲਗਾਇਆ,1000 ਤੋਂ ਵੱਧ ਮਹਿਲਾਵਾਂ ਨੇ ਕੈਂਪ ਦਾ ਲਾਭ ਲਿਆ

Leave a Reply

Your email address will not be published. Required fields are marked *