ਚੰਡੀਗੜ੍ਹ 20 ਫਰਵਰੀ (ਖ਼ਬਰ ਖਾਸ ਬਿਊਰੋ)
ਅੰਤਰਰਾਸ਼ਟਰੀ ਏਆਈ ਸਮਿੱਟ ਵਰਗੇ ਮਹੱਤਵਪੂਰਨ ਮੰਚ ‘ਤੇ, ਜਿੱਥੇ ਸੰਸਾਰ ਭਾਰਤ ਦੀ ਬੁੱਧੀ-ਸ਼ਕਤੀ, ਤਕਨੀਕੀ ਕਾਬਲੀਅਤ ਅਤੇ ਨਵਚੇਤਨਾ ਦੀ ਸਰਾਹਨਾ ਕਰ ਰਿਹਾ ਸੀ, ਉੱਥੇ ਕਾਂਗਰਸ ਅਤੇ ਇਸ ਦੀ ਯੂਥ ਇਕਾਈ ਨਾਲ ਸੰਬੰਧਤ ਵਰਕਰਾਂ ਵੱਲੋਂ ਦੇਸ਼ ਦੀ ਛਵੀ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਬਹੁਤ ਹੀ ਨਿੰਦਣਯੋਗ ਹੈ ਇਹ ਕਹਿਣਾ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦਾ । ਇਹ ਸਾਫ਼ ਦਰਸਾਉਂਦਾ ਹੈ ਕਿ ਕਾਂਗਰਸ ਪਾਰਟੀ ਭਾਰਤ ਦੀ ਚੜ੍ਹਦੀ ਕਲਾ ਅਤੇ ਤਰੱਕੀ ਨੂੰ ਸਹਿਨ ਨਹੀਂ ਕਰ ਸਕਦੀ ਅਤੇ ਰਾਜਨੀਤਿਕ ਲਾਭ ਲਈ ਦੇਸ਼ ਦੀ ਇੱਜ਼ਤ ਨਾਲ ਖੇਡਣ ਤੋਂ ਵੀ ਗੁਰੇਜ਼ ਨਹੀਂ ਕਰਦੀ।
ਸ਼ਰਮਾ ਨੇ ਕਿਹਾ ਕਿ ਲੋਕਤੰਤਰ ਵਿੱਚ ਰਾਜਨੀਤਿਕ ਵਿਰੋਧ ਆਪਣੀ ਜਗ੍ਹਾ ਹੈ, ਪਰ ਅੰਤਰਰਾਸ਼ਟਰੀ ਮੰਚ ‘ਤੇ ਦੇਸ਼ ਦੀ ਮਰਯਾਦਾ ਨੂੰ ਢਾਹ ਲਗਾਉਣਾ ਕਦੇ ਵੀ ਬਰਦਾਸ਼ਤਯੋਗ ਨਹੀਂ ਹੋ ਸਕਦਾ। ਜਦੋਂ ਭਾਰਤ ਵਿਸ਼ਵ ਪੱਧਰ ‘ਤੇ ਨਵੀਆਂ ਉੱਚਾਈਆਂ ਛੂਹ ਰਿਹਾ ਹੈ, ਤਦ ਕੁਝ ਤਾਕਤਾਂ ਦੇਸ਼ ਨੂੰ ਅੱਗੇ ਵਧਾਉਣ ਦੀ ਬਜਾਏ ਪਿੱਛੇ ਖਿੱਚਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਸ਼ਰਮਾ ਨੇ ਕਿਹਾ ਕਿ 140 ਕਰੋੜ ਭਾਰਤ ਵਾਸੀ ਇਸ ਗੈਰ-ਜ਼ਿੰਮੇਵਾਰਾਨਾ ਅਤੇ ਰਾਸ਼ਟਰ-ਵਿਰੋਧੀ ਵਰਤਾਰੇ ਨੂੰ ਕਦੇ ਨਹੀਂ ਭੁੱਲਣਗੇ। ਕਾਂਗਰਸ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਰਾਜਨੀਤੀ ਲਈ ਰਾਸ਼ਟਰ ਦੀ ਬਦਨਾਮੀ ਦਾ ਖੇਡ ਹੁਣ ਨਹੀਂ ਚੱਲੇਗਾ। ਉਹਨਾਂ ਕਿਹਾ ਕਿ ਭਾਰਤ ਦੀ ਤਰੱਕੀ ਅਟੱਲ ਹੈ ਅਤੇ ਅਸੀਂ ਦੇਸ਼ ਦਾ ਮਾਣ-ਸਨਮਾਨ ਕਿਸੇ ਵੀ ਕੀਮਤ ‘ਤੇ ਝੁਕਣ ਨਹੀਂ ਦੇਵਾਂਗੇ।