ਚੰਡੀਗੜ੍ਹ 27 ਫਰਵਰੀ : ਮਿਸਲ ਸਤਲੁਜ ਦੇ ਪ੍ਰਧਾਨ ਸਰਦਾਰ ਅਜੇਪਾਲ ਸਿੰਘ ਬਰਾੜ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇੱਕ ਵਿਸਥਾਰਪੂਰਵਕ ਪੱਤਰ ਲਿਖ ਕੇ ਗੁਰਦਾਸਪੁਰ ਵਿੱਚ ਹੋਏ ਕਥਿਤ ਪੁਲਿਸ ਮੁਕਾਬਲੇ ਦੀ ਸਮਾਂ-ਬੱਧ ਅਤੇ ਨਿਰਪੱਖ ਜਾਂਚ ਸੀਬੀਆਈ (Central Bureau of Investigation) ਤੋਂ ਕਰਵਾਉਣ ਦੀ ਮੰਗ ਕੀਤੀ ਗਈ ਹੈ। ਸਰਦਾਰ ਅਜੇਪਾਲ ਸਿੰਘ ਬਰਾੜ ਵੱਲੋਂ ਇਹ ਪੱਤਰ ਕੇਂਦਰੀ ਗ੍ਰਹਿ ਮੰਤਰਾਲੇ (Ministry of Home Affairs) ਨੂੰ ਭੇਜਿਆ ਗਿਆ ਹੈ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਮ ਹੇਠ ਭੇਜੇ ਗਏ ਪੱਤਰ ਵਿੱਚ ਗੁਰਦਾਸਪੁਰ ਵਿੱਚ ਹੋਏ ਪੁਲਿਸ ਮੁਕਾਬਲੇ ਦੇ ਹਰ ਪਹਿਲੂ ਨੂੰ ਦਰਸਾਇਆ ਗਿਆ ਹੈ। ਸਰਦਾਰ ਬਰਾੜ ਨੇ ਆਪਣੇ ਪੱਤਰ ਵਿੱਚ ਲਿਖਿਆ ਕਿ, ਗੁਰਦਾਸਪੁਰ ਵਿੱਚ ਇੱਕ ਸਿੱਖ ਨੌਜਵਾਨ ਦੀ ਕਥਿਤ ਪੁਲਿਸ ਮੁਕਾਬਲੇ ਦੌਰਾਨ ਮੌਤ ਨੇ ਪੰਜਾਬ ਦੇ ਲੋਕਾਂ ਵਿੱਚ ਗੰਭੀਰ ਚਿੰਤਾ ਅਤੇ ਅਸੁਰੱਖਿਆ ਦਾ ਮਾਹੌਲ ਪੈਦਾ ਕੀਤਾ ਹੈ। ਸਰਦਾਰ ਬਰਾੜ ਨੇ ਕਿਹਾ ਹੈ ਕਿ ਇਸ ਘਟਨਾ ਦੀ ਸੱਚਾਈ, ਸਹੀ ਤੱਥ ਅਤੇ ਪੁਲਿਸ ਵਲੋਂ ਪੇਸ਼ ਕੀਤੇ ਜਾ ਰਹੇ ਦਾਅਵਿਆਂ ਦੀ ਅਸਲ ਸੱਚਾਈ ਨੂੰ ਸਾਹਮਣੇ ਲਿਆਉਣ ਅਤੇ ਦੋਹਾਂ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਕੇਂਦਰੀ ਏਜੰਸੀ ਵੱਲੋਂ ਜਾਂਚ ਬਹੁਤ ਜ਼ਰੂਰੀ ਹੈ।
ਪ੍ਰਧਾਨ ਅਜੇਪਾਲ ਸਿੰਘ ਬਰਾੜ ਨੇ ਲਿਖੇ ਆਪਣੇ ਪੱਤਰ ਵਿੱਚ ਜ਼ਿਕਰ ਕੀਤਾ ਹੈ ਕਿ,1980 ਅਤੇ 1995 ਦੇ ਦਹਾਕੇ ਦੌਰਾਨ ਪੰਜਾਬ ਨੇ ਫਰਜ਼ੀ ਮੁਕਾਬਲਿਆਂ ਅਤੇ ਮਨੁੱਖੀ ਅਧਿਕਾਰ ਉਲੰਘਣਾਂ ਦਾ ਦੁਖਦਾਈ ਸਮਾਂ ਵੇਖਿਆ ਸੀ। ਸਰਦਾਰ ਬਰਾੜ ਨੇ ਪੱਤਰ ਵਿੱਚ ਯਾਦ ਕਰਵਾਇਆ ਕਿ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਭਾਈ ਜਸਵੰਤ ਸਿੰਘ ਖਾਲੜਾ ਵੱਲੋਂ ਉਸ ਸਮੇਂ ਬੇਨਕਾਬ ਕੀਤੀਆਂ ਘਟਨਾਵਾਂ ਨੇ ਪੂਰੇ ਦੇਸ਼ ਨੂੰ ਹਿਲਾ ਦਿੱਤਾ ਸੀ ਅਤੇ ਬਾਅਦ ਵਿੱਚ ਕਈ ਮਾਮਲਿਆਂ ਦੀ ਜਾਂਚ ਹੋਈ ਸੀ ਅਤੇ ਨਕਲੀ ਪੁਲਿਸ ਮੁਕਾਬਲੇ ਦੇ ਦੋਸ਼ੀ ਪੁਲਿਸ ਅਫਸਰਾਂ ਨੂੰ ਸਜਾਵਾਂ ਵੀ ਮਿਲੀਆਂ।
ਸਰਦਾਰ ਬਰਾੜ ਨੇ ਕਿਹਾ ਹੈ ਕਿ ਜੇਕਰ ਇਸ ਤਰ੍ਹਾਂ ਦੀਆਂ ਘਟਨਾਵਾਂ ਦੀ ਪਾਰਦਰਸ਼ੀ ਜਾਂਚ ਨਾ ਹੋਵੇ ਤਾਂ ਲੋਕਾਂ ਦਾ ਕਾਨੂੰਨ ਅਤੇ ਪ੍ਰਸ਼ਾਸਨ ‘ਤੇ ਭਰੋਸਾ ਕਮਜ਼ੋਰ ਹੁੰਦਾ ਹੈ। ਇਸ ਲਈ ਕੇਂਦਰ ਸਰਕਾਰ ਨੂੰ ਤੁਰੰਤ ਦਖਲ ਦੇ ਕੇ ਸੀਬੀਆਈ ਜਾਂਚ ਨੂੰ ਮਨਜੂਰੀ ਦੇਣੀ ਚਾਹੀਦੀ ਹੈ।ਜਾਰੀ ਬਿਆਨ ਵਿੱਚ ਸਰਦਾਰ ਬਰਾੜ ਨੇ ਕਿਹਾ ਕਿ, ਜੇਕਰ ਕੇਂਦਰ ਸਰਕਾਰ ਵੱਲੋਂ ਇਸ ਪੁਲਿਸ ਮੁਕਾਬਲੇ ਨੂੰ ਲੈਕੇ ਉੱਠ ਰਹੇ ਸਵਾਲਾਂ ਦੀ ਗੰਭੀਰਤਾ ਨੂੰ ਲੈਕੇ ਸਮਾਂ ਬੱਧ ਨਿਰਪੱਖ ਜਾਂਚ ਕਰਵਾਉਣ ਨੂੰ ਲੈਕੇ ਅੱਗੇ ਆਉਣਾ ਚਾਹੀਦਾ ਹੈ।