ਚੰਡੀਗੜ੍ਹ, 21 ਫਰਵਰੀ (ਖ਼ਬਰ ਖਾਸ ਬਿਊਰੋ)
ਪੰਜਾਬ ਦੇ ਉਚੇਰੀ ਸਿੱਖਿਆ ਅਤੇ ਭਾਸ਼ਾ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਲੋਕਾਂ ਨੂੰ ਸਿੱਖਿਆ, ਸੰਚਾਰ, ਸੱਭਿਆਚਾਰ ਸੰਭਾਲ ਅਤੇ ਟਿਕਾਊ ਵਿਕਾਸ ਵਿੱਚ ਮਾਤ ਭਾਸ਼ਾ ਦੀ ਮਹੱਤਵਪੂਰਨ ਭੂਮਿਕਾ ਦਾ ਹਵਾਲਾ ਦਿੰਦਿਆਂ ਮਾਂ ਬੋਲੀ ਪੰਜਾਬੀ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਅਪਣਾਉਣ ਦਾ ਸੱਦਾ ਦਿੱਤਾ।
ਲੋਕਾਂ ਨੂੰ ਕੌਮਾਂਤਰੀ ਮਾਂ ਬੋਲੀ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਜ਼ੋਰ ਦੇ ਕੇ ਕਿਹਾ ਕਿ ਸਾਰੀਆਂ ਭਾਸ਼ਾਵਾਂ ਬਰਾਬਰ ਸਤਿਕਾਰ-ਯੋਗ ਹਨ। ਉਨ੍ਹਾਂ ਨੇ ਪੰਜਾਬੀ ਦੇ ਪਾਸਾਰ ਤੇ ਸੱਭਿਆਚਾਰ ਦੀ ਸੰਭਾਲ ਪ੍ਰਤੀ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਅਟੁੱਟ ਵਚਨਬੱਧਤਾ ਨੂੰ ਦੁਹਰਾਇਆ।
ਸ. ਬੈਂਸ ਨੇ ਦੱਸਿਆ ਕਿ ਸੂਬੇ ਦੇ ਕੋਨੇ-ਕੋਨੇ ਤੱਕ ਪੰਜਾਬੀ ਭਾਸ਼ਾ ਦੇ ਪਾਸਾਰ ਅਤੇ ਮਾਣ-ਸਨਮਾਨ ਨੂੰ ਯਕੀਨੀ ਬਣਾਉਣ ਲਈ ਭਾਸ਼ਾ ਵਿਭਾਗ ਨੇ ਕੌਮਾਂਤਰੀ ਮਾਤ ਭਾਸ਼ਾ ਦਿਵਸ ‘ਤੇ ਪੰਜਾਬ ਭਰ ਵਿੱਚ 13 ਸਮਾਗਮ ਆਯੋਜਿਤ ਕੀਤੇ ਹਨ। ਇਨ੍ਹਾਂ ਸਮਾਗਮਾਂ ਵਿੱਚ ਕਵੀ ਦਰਬਾਰ, ਨਾਟਕ, ਭਾਸ਼ਾ ਸੈਮੀਨਾਰ, ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ ਅਤੇ ਸਾਹਿਤਕ ਚਰਚਾਵਾਂ ਸ਼ਾਮਲ ਹਨ।
ਪੰਜਾਬ ਸਰਕਾਰ ਵੱਲੋਂ ਮਾਤ ਭਾਸ਼ਾ ਦੀ ਸੰਭਾਲ ਅਤੇ ਇਸਦੇ ਵਿਸ਼ਵਵਿਆਪੀ ਪ੍ਰਚਾਰ ਲਈ ਕੀਤੇ ਗਏ ਕਈ ਉਪਰਾਲਿਆਂ ਨੂੰ ਉਜਾਗਰ ਕਰਦਿਆਂ ਭਾਸ਼ਾ ਮੰਤਰੀ ਨੇ ਕਿਹਾ ਕਿ ਪੰਜਾਬੀ ਸਾਹਿਤ ਲਈ ਆਪਣਾ ਜੀਵਨ ਸਮਰਪਿਤ ਕਰਨ ਵਾਲੀਆਂ ਸ਼ਖ਼ਸੀਅਤਾਂ ਦੇ ਸਨਮਾਨ ਲਈ ਵਿਭਾਗ ਵੱਲੋਂ ਲੋੜਵੰਦ ਲੇਖਕਾਂ, ਸਾਹਿਤਕਾਰਾਂ ਅਤੇ ਉਨ੍ਹਾਂ ਦੇ ਆਸ਼ਰਿਤ ਪਰਿਵਾਰਾਂ ਨੂੰ 15,000 ਰੁਪਏ ਦੀ ਮਹੀਨਾਵਾਰ ਪੈਨਸ਼ਨ/ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਵਿਭਾਗ ਸਾਲ 2025 ਲਈ ਬੈਸਟ ਲਿਟਰੇਰੀ ਪੰਜਾਬੀ ਬੁੱਕ ਐਵਾਰਡ ਯੋਜਨਾ ਦੇ ਤਹਿਤ ਵੱਖ-ਵੱਖ ਸ਼੍ਰੇਣੀਆਂ ਵਿੱਚ 10 ਪੁਰਸਕਾਰ ਪ੍ਰਦਾਨ ਕੀਤੇ ਹਨ। ਇਸ ਦੇ ਨਾਲ ਹੀ ਵਿਭਾਗ ਵੱਲੋਂ 11 ਪੰਜਾਬੀ ਸਾਹਿਤਕ ਸਭਾਵਾਂ ਨੂੰ ਵਿੱਤੀ ਸਹਾਇਤਾ ਵੀ ਦਿੱਤੀ ਗਈ ਤਾਂ ਜੋ ਉਹ ਮਾਂ ਬੋਲੀ ਦੇ ਪਾਸਾਰ ਲਈ ਸਮਰਪਿਤ ਸਮਾਗਮ ਕਰਵਾ ਸਕਣ।
ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਵਿੱਚ ਪੰਜਾਬੀ ਭਾਸ਼ਾ ਪ੍ਰਤੀ ਲਗਾਵ ਪੈਦਾ ਕਰਨ ਦੇ ਯਤਨਾਂ ਤਹਿਤ ਵਿਭਾਗ ਨੇ 20 ਜ਼ਿਲ੍ਹਾ ਭਾਸ਼ਾ ਦਫ਼ਤਰਾਂ ਵਿੱਚ ਪੰਜਾਬੀ ਸਾਹਿਤਕ ਸਿਰਜਣਾ ਅਤੇ ਕਵਿਤਾ ਗਾਇਨ ਮੁਕਾਬਲੇ ਕਰਵਾਏ ਹਨ। ਇਸੇ ਦੇ ਨਾਲ ਹੀ ਰਾਜ ਭਰ ਵਿੱਚ ਪੰਜਾਬੀ ਬਾਲ ਸਾਹਿਤ ਕੁਇਜ਼ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਦੇ ਫਾਈਨਲ ਮੁਕਾਬਲੇ ਮੋਗਾ ਵਿੱਚ ਰੱਖੇ ਗਏ ਅਤੇ ਭਾਸ਼ਾਈ ਉੱਤਮਤਾ ਪ੍ਰਤੀ ਮੁਕਾਬਲੇ ਦੀ ਭਾਵਨਾ ਨੂੰ ਉਤਸ਼ਾਹਿਤ ਕਰਦਿਆਂ ਜੇਤੂਆਂ ਨੂੰ ਵੱਖ-ਵੱਖ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ।
ਵਿਭਾਗ ਦੇ ਸਾਲ ਭਰ ਚੱਲਣ ਵਾਲੇ ਵਿਭਿੰਨ ਸਾਹਿਤਕ ਸਮਾਗਮਾਂ ਵਿੱਚ ਸਾਹਿਤਕ ਸ਼ਖਸੀਅਤਾਂ ਨਾਲ ਪੰਜ ‘ਰੂ-ਬ-ਰੂ’ ਪ੍ਰੋਗਰਾਮ, ‘ਕਹਾਣੀ ਦਰਬਾਰ’, ‘ਸਾਵਨ ਕਵੀ ਦਰਬਾਰ’ ਅਤੇ ਨਵਾਂਸ਼ਹਿਰ ਵਿਖੇ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਇੱਕ ਵਿਸ਼ੇਸ਼ ਸੈਮੀਨਾਰ ਸ਼ਾਮਲ ਹਨ। ਇਸਦੇ ਨਾਲ ਹੀ ਵਿਭਾਗ ਨੇ ਤਿੰਨ-ਭਾਸ਼ਾਈ ਕਵਿਤਾ ਗਾਇਨ, ਉਰਦੂ ਮੁਸ਼ਾਇਰਿਆਂ, ਹਿੰਦੀ ਦਿਵਸ ਅਤੇ ਸੰਸਕ੍ਰਿਤ ਦਿਵਸ ਵਰਗੇ ਸਮਾਗਮ ਕਰਵਾ ਕੇ ਭਾਸ਼ਾਈ ਵਿਭਿੰਨਤਾ ਦਾ ਜਸ਼ਨ ਵੀ ਮਨਾਇਆ ਗਿਆ । ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਇਨ੍ਹਾਂ ਉਪਰਾਲਿਆ ਵਿੱਚ ਸ੍ਰੀ ਫਤਿਹਗੜ੍ਹ ਸਾਹਿਬ ਵਿੱਚ ਇਤਿਹਾਸਕ ਸ਼ਹੀਦੀ ਜੋੜ ਮੇਲ ਵਿਖੇ ਧਾਰਮਿਕ ਕਵਿਤਾ ਮੁਕਾਬਲੇ ਕਰਵਾਉਣਾ ਵੀ ਸ਼ਾਮਲ ਹੈ।
ਨਵੰਬਰ 2025 ਦਾ ਮਹੀਨਾ ‘ਪੰਜਾਬੀ ਮਹੀਨੇ’ ਵਜੋਂ ਸਮਰਪਿਤ ਕੀਤਾ ਗਿਆ, ਜਿਸ ਵਿੱਚ ਲੋਕਾਂ ਨੂੰ ਉਨ੍ਹਾਂ ਦੀਆਂ ਭਾਸ਼ਾਈ ਜੜ੍ਹਾਂ ਨਾਲ ਜੋੜਨ ਲਈ ਰਾਜ ਭਰ ਵਿੱਚ 10 ਪ੍ਰਮੁੱਖ ਸਮਾਗਮ ਕਰਵਾਏ ਗਏ। ਉਨ੍ਹਾਂ ਕਿਹਾ ਕਿ ਵਿਭਾਗ ਨੇ ਆਪਣੀ ਲਾਇਬ੍ਰੇਰੀ ਵਿੱਚ ਉਪਲਬਧ 1.25 ਲੱਖ ਕਿਤਾਬਾਂ ਦੇ ਡਿਜੀਟਲ ਸੰਗ੍ਰਹਿ ਲਈ ਇੱਕ ਵੱਡੇ ਪੱਧਰ ਦਾ ਪ੍ਰੋਜੈਕਟ ਸ਼ੁਰੂ ਕੀਤਾ ਹੈ, ਜਿਸ ਵਿੱਚ ਪੰਜਾਬੀ, ਹਿੰਦੀ, ਉਰਦੂ, ਸੰਸਕ੍ਰਿਤ ਅਤੇ ਅੰਗਰੇਜ਼ੀ ਸ਼ਾਮਲ ਹਨ। ਇਹ ਪਹਿਲ ਦੁਨੀਆਂ ਭਰ ਦੇ ਪਾਠਕਾਂ ਨੂੰ ਕਲਾਸਿਕ ਅਤੇ ਸਮਕਾਲੀ ਸਾਹਿਤ ਤੱਕ ਡਿਜੀਟਲ ਪਹੁੰਚ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਪਰੰਪਰਾ ਅਤੇ ਤਕਨਾਲੋਜੀ ਦਰਮਿਆਨ ਪਾੜੇ ਨੂੰ ਪੂਰਦਿਆਂ ਵਿਭਾਗ ਦੀ ਵੈੱਬਸਾਈਟ ਪਹਿਲਾਂ ਹੀ ਸ਼ਬਦਕੋਸ਼ਾਂ ਅਤੇ ਸ਼ਬਦਾਵਲੀਆਂ ਦੇ ਚੋਖੇ ਭੰਡਾਰ ਦੇ ਨਾਲ ਨਾਲ ਪੰਜਾਬੀ ਵਿੱਚ ਵਿਸ਼ਵ ਕਲਾਸਿਕ ਸਾਹਿਤ ਦੀ ਸਹੂਲਤ ਪ੍ਰਦਾਨ ਕਰ ਰਹੀ ਹੈ।
ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਭਾਸ਼ਾ ਸਿਰਫ਼ ਸੰਚਾਰ ਦਾ ਸਾਧਨ ਨਹੀਂ ਹੈ; ਇਹ ਸਾਡੀ ਪਛਾਣ ਹੈ। ਸਾਡੇ ਲੇਖਕਾਂ ਦੇ ਪਰਿਵਾਰਾਂ ਦੀ ਸਹਾਇਤਾ ਤੋਂ ਲੈ ਕੇ 1.25 ਲੱਖ ਕਿਤਾਬਾਂ ਔਨਲਾਈਨ ਪਾਉਣ ਤੱਕ, ਸਾਡੀ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਪੰਜਾਬੀ ਭਾਸ਼ਾ ਦੀ ਸੰਭਾਲ ਦੇ ਨਾਲ-ਨਾਲ ਇਸਨੂੰ ਵਿਸ਼ਵ ਪੱਧਰ ‘ਤੇ ਵੱਧ ਤੋਂ ਵੱਧ ਪ੍ਰਫੁੱਲਤ ਕੀਤਾ ਜਾਵੇ।