ਅਕਾਲੀ ਦਲ ਵਿਸ਼ਵ ਪੱਧਰੀ ਹੁਨਰ ਵਿਕਾਸ ਯੂਨੀਵਰਸਿਟੀ ਸਥਾਪਿਤ ਕਰਨ ਲਈ ਵਚਨਬੱਧ: ਬਾਦਲ

ਸਮਰਾਲਾ 1 ਮਾਰਚ (ਖ਼ਬਰ ਖਾਸ ਬਿਊਰੋ)

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ 2027 ਵਿਚ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਅਸੀਂ ਵਿਸ਼ਵ ਪੱਧਰੀ ਹੁਨਰ ਯੂਨੀਵਰਸਿਟੀ ਸਥਾਪਿਤ ਕਰਾਂਗੇ।

ਇਥੇ ਪੰਜਾਬ ਬਚਾਓ ਮੁਹਿੰਮ ਤਹਿਤ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਸ ਯੂਨੀਵਰਸਿਟੀ ਨਾਲ ਹਰ ਜ਼ਿਲ੍ਹੇ ਦੇ ਇਕ ਕਾਲਜ ਨੂੰ ਮਾਨਤਾ ਦੁਆਈ ਜਾਵੇਗੀ। ਉਹਨਾਂ ਕਿਹਾਕਿ ਅਸੀਂ ਹਰ ਸਾਲ ਇਕ ਲੱਖ ਨੌਜਵਾਨਾਂ ਨੂੰ ਹੁਨਰ ਸਿੱਖਲਾਈ ਸਿੱਖਿਆ ਦੇਣ ਦਾ ਟੀਚਾ ਮਿਥਾਂਗੇ। ਉਹਨਾਂ ਕਿਹਾ ਕਿ ਉਦਯੋਗ ਇਸ ਮੁਹਿੰਮ ਦਾ ਹਿੱਸਾ ਹੋਵੇਗਾ ਤੇ ਨੌਜਵਾਨਾਂ ਨੂੰ ਉਹਨਾਂ ਦੀ ਲੋੜ ਅਨੁਸਾਰ ਸਿੱਖਲਾਈ ਦਿੱਤੀ ਜਾਵੇਗੀ ਤਾਂ ਜੋ ਉਹਨਾਂ ਨੂੰ ਰੋਜ਼ਗਾਰ ਹਾਸਲ ਹੋ ਸਕੇ। ਉਹਨਾਂ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਪੰਜਾਬ ਵਾਸਤੇ ਇਹੀ ਰਾਹ ਠੀਕ ਹੈ। ਉਹਨਾਂ ਕਿਹਾ ਕਿ ਅਸੀਂ ਐਲ ਐਂਡ ਟੀ ਨਾਲ ਰਲ ਕੇ ਸ੍ਰੀ ਮੁਕਤਸਰ ਸਾਹਿਬ ਵਿਚ ਇਕ ਪ੍ਰਾਇਲਟ ਪ੍ਰਾਜੈਕਟ ਚਲਾ ਰਹੇ ਹਾਂ ਤੇ ਅਸੀਂ ਸਾਰੇ ਸੂਬੇ ਵਿਚ ਇਹੀ ਲਾਗੂ ਕਰਨਾ ਚਾਹੁੰਦੇ ਹਾਂ।

ਹੋਰ ਪੜ੍ਹੋ 👉  ਪੰਜਾਬ ਗੁਰੂਆਂ ਦੀ ਧਰਤੀ ਅਤੇ ਕੁਰਬਾਨੀ ਦੀ ਭੂਮੀ ਹੈ - ਸੈਣੀ

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਵਪਾਰੀ ਵਰਗ ’ਤੇ ਭਾਰੀ ਟੈਕਸ ਥੋਪਣ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਵਪਾਰੀਆਂ ’ਤੇ ਜੀ ਐਸ ਟੀ ਛਾਪੇਮਾਰੀ ਜਾਰੀ ਹੈ ਤੇ ਟੈਕਸ ਅਫਸਰਾਂ ਨੂੰ ਟੀਚੇ ਦਿੱਤੇ ਜਾ ਰਹੇ ਹਨ ਤੇ ਉਹ ਲਗਾਤਾਰ ਦੁਕਾਨਾਂ ਤੇ ਹੋਰ ਵਪਾਰਕ ਅਦਾਰਿਆਂ ’ਤੇ ਛਾਪੇ ਮਾਰ ਕੇ ਉਹਨਾਂ ਖਿਲਾਫ ਭਾਰੀ ਜ਼ੁਰਮਾਨੇ ਲਗਾ ਰਹੇ ਹਨ। ਉਹਨਾਂ ਕਿਹਾ ਕਿ ਇਕ ਵਾਰ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਇਹ ਛਾਪੇਮਾਰੀ ਬੰਦ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਰਾਹਤ ਸਕੀਮ ਤਜਿਸ ਤਹਿਤ ਇਕ ਮੁਸ਼ਤ ਟੈਕਸ ਦੀ ਸ਼ੁਰੂਆਤ ਕੀਤੀ ਗਈ ਸੀ, ਨੂੰ ਮੁੜ ਸ਼ੁਰੂ ਕੀਤਾ ਜਾਵੇਗਾ ਅਤੇ ਟੈਕਸ ਅਫਸਰਾਂ ਨੂੰ ਵਪਾਰੀਆਂ ਦੇ ਠਿਕਾਣਿਆਂ ਵਿਚ ਦਾਖਲ ਹੋਣ ਤੋਂ ਰੋਕਿਆ ਜਾਵੇਗਾ।

ਦਿੱਲੀ ਆਧਾਰਿਤ ਪਾਰਟੀਆਂ ’ਤੇ ਵਰ੍ਹਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਨਾ ਤਾਂ ਕਾਂਗਰਸ, ਆਪ ਤੇ ਭਾਜਪਾ ਨੂੰ ਉਹਨਾਂ ਦੇ ਹਿੱਤਾਂ ਦੀ ਚਿੰਤਾ ਹੈ। ਉਹਨਾਂ ਕਿਹਾ ਕਿ ਇਹ ਸਿਰਫ ਸੱਤਾ ਵਾਸਤੇ ਆਉਂਦੇ ਹਨ। ਉਹਨਾਂ ਕਿਹਾ ਕਿ ਦੂਜੇ ਪਾਸੇ ਅਕਾਲੀ ਦਲ ਹਮੇਸ਼ਾ ਲੋਕਾਂ ਨਾਲ ਚੰਗੇ ਮਾੜੇ ਸਮੇਂ ਵਿਚ ਸਾਥ ਦਿੰਦਾ ਹੈ। ਉਹਨਾਂ ਕਿਹਾ ਕਿ ਭਾਵੇਂ ਹੁਣ ਵੀ ਰਾਜ ਵਿਧਾਨ ਸਭਾ ਵਿਚ ਸਾਡੇ ਸਿਰਫ ਤਿੰਨ ਵਿਧਾਇਕ ਰਹਿ ਗਏ ਪਰ ਅਸੀਂ ਪਿਛਲੇ ਸਾਲ ਆਏ ਭਿਆਨਕ ਹੜ੍ਹਾਂ ਵੇਲੇ ਲੋਕਾਂ ਦੇ ਨਾਲ ਡਟੇ ਜਦੋਂ ਕੇਂਦਰ ਤੇ ਆਪ ਸਰਕਾਰ ਦੋਵੇਂ ਲੋਕਾਂ ਨੂੰ ਛੱਡ ਗਏ ਸਨ।

ਹੋਰ ਪੜ੍ਹੋ 👉  ਬੇਸਹਾਰਾ ਮਰੀਜ਼ਾਂ ਦੇ ਇਲਾਜ ਤੇ ਸਾਂਭ-ਸੰਭਾਲ ਲਈ  ਡਾ. ਇੰਦਰਜੀਤ ਕੌਰ ਨੇ ਕੀਤਾ ਭਗਤ ਪੂਰਨ ਸਿੰਘ ਵਾਰਡ ਦਾ ਉਦਘਾਟਨ 

ਉਹਨਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਦਾ ਡੱਟ ਕੇ ਸਾਥ ਦੇਣ ਅਤੇ ਜ਼ੋਰ ਦੇ ਕੇ ਕਿਹਾ ਕਿ ਹੁਣ ਪੰਜਾਬੀ ਹੋਰ ਤਜ਼ਰਬੇ ਨਹੀਂ ਕਰ ਸਕਦੇ।

ਸਰਦਾਰ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਉਹਨਾਂ ਸਾਰੇ ਕਿਸਾਨਾਂ ਨੂੰ ਟਿਊਬਵੈਲ ਕੁਨੈਕਸ਼ਨ ਦੇਵੇਗੀ ਜਿਹਨਾਂ ਕੋਲ ਕੁਨੈਕਸ਼ਨ ਨਹੀਂ ਹਨ। ਉਹਨਾਂ ਕਿਹਾ ਕਿ ਅਸੀਂ ਨੌਜਵਾਨਾਂ ਨੂੰ ਵਿਆਜ਼ ਮੁਕਤ 10 ਲੱਖ ਰੁਪਏ ਦਾ ਕਰਜ਼ਾ ਦੇਵਾਂਗੇ ਤਾਂ ਜੋ ਉਹ ਉਦਮੀ ਬਣ ਸਕਣ। ਉਹਨਾਂ ਕਿਹਾ ਕਿ ਅਸੀਂ ਆਟਾ ਦਾਲ ਸਕੀਮ ਤਹਿਤ 4 ਰੁਪਏ ਕਿਲੋ ਆਟਾ ਤੇ 20 ਰੁਪਏ ਕਿਲੋ ਦਾਲ ਦੇਵਾਂਗੇ ਅਤੇ ਸ਼ਗਨ ਸਕੀਮ ਤਹਿਤ ਰਾਸ਼ੀ ਵਧਾ ਕੇ 1 ਲੱਖ ਰੁਪਏ ਕਰਾਂਗੇ।

ਹੋਰ ਪੜ੍ਹੋ 👉  ਗ੍ਰਾਮ ਸਭਾ ਵਲੋਂ ਪੁਲਿਸ ਕਾਰਵਾਈ ਖ਼ਿਲਾਫ਼ ਖੜ੍ਹਾ ਹੋਣਾ, ਕਾਨੂੰਨ-ਵਿਵਸਥਾ ‘ਤੇ ਲੋਕਾਂ ਦਾ ਭਰੋਸਾ ਟੁੱਟ ਜਾਣ ਦੀ ਨਿਸ਼ਾਨੀ - ਮਜੀਠੀਆ

ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਮੱਧ ਪੂਰਬ ਵਿਚ ਜੰਗ ਦੇ ਹਾਲਾਤਾਂ ਕਾਰਨ ਪੰਜਾਬੀ ਉਥੇ ਫਸ ਗਏ ਹਨ ਅਤੇ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਸਾਰੇ ਪ੍ਰਭਾਵਤ ਮੁਲਕਾਂ ਵਿਚ ਫਸੇ ਭਾਰਤੀਆਂ ਨੂੰ ਕੱਢਣ ਵਾਸਤੇ ਫੌਰੀ ਕਦਮ ਚੁੱਕਣ। ਉਹਨਾਂ ਕਿਹਾ ਕਿ ਹਵਾਈ ਰਾਹ ਖੁੱਲ੍ਹਣ ’ਤੇ ਤੁਰੰਤ ਵਿਸ਼ੇਸ਼ ਜਹਾਜ਼ ਭੇਜ ਕੇ ਫਸੇ ਲੋਕਾਂ ਨੂੰ ਬਚਾਉਣਾ ਚਾਹੀਦਾ ਹੈ।

ਅਕਾਲੀ ਦਲ ਦੇ ਪ੍ਰਧਾਨ ਨੇ ਸਮਰਾਲਾ ਦੇ ਅਕਾਲੀ ਦਲ ਦੇ ਕੇਡਰ ਦੇ ਨਾਲ-ਨਾਲ ਪੰਜਾਬੀਆਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਪੰਜਾਬ ਬਚਾਓ ਰੈਲੀ ਨੂੰ ਭਰਵਾਂ ਹੁੰਗਾਰਾ ਦਿੱਤਾ। ਉਹਨਾਂ ਨੇ ਸਮਰਾਲਾ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਵੱਲੋਂ ਕੀਤੀ ਸਖ਼ਤ ਮਿਹਨਤ ਦੀ ਵੀ ਸ਼ਲਾਘਾ ਕੀਤੀ ਤੇ ਕਿਹਾ ਕਿ ਉਹਨਾਂ ਦੀ ਮਿਹਨਤ ਸਦਕਾ ਹਲਕੇ ਵਿਚ ਅਕਾਲੀ ਦਲ ਮਜ਼ਬੂਤ ਹੋਇਆ ਹੈ।

ਇਸ ਮੌਕੇ ਪਰਮਜੀਤ ਸਿੰਘ ਢਿੱਲੋਂ ਤੋਂ ਇਲਾਵਾ ਡਾ. ਦਲਜੀਤ ਸਿੰਘ ਚੀਮਾ, ਕੁਲਦੀਪ ਕੌਰ ਕੰਗ, ਸਰਬਜੀਤ ਸਿੰਘ ਝਿੰਜਰ,ਪਰਮਜੀਤ ਸਿੰਘ ਢਿੱਲੋਂ ਤੇ ਯਾਦਵਿੰਦਰ ਸਿੰਘ ਯਾਦੂ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ।

Leave a Reply

Your email address will not be published. Required fields are marked *