ਚੰਡੀਗੜ੍ਹ 6 ਅਕਤੂਬਰ ( ਖ਼ਬਰ ਖਾਸ ਬਿਊਰੋ)
ਐੱਸ.ਸੀ.ਬੀ.ਸੀ ਅਧਿਆਪਕ ਯੂਨੀਅਨ ਨੇ ਈਟੀਟੀ ਕਾਡਰ ਦੀਆਂ ਪੋਸਟਾਂ ਤੇ ਉਮੀਦਵਾਰ ਦੀ ਸਹੀ ਕੈਟਾਗਰੀ ਨਾ ਭਰਨ ਦਾ ਦੋਸ਼ ਲਾਇਆ ਹੈ। ਯੂਨੀਅਨ ਦੇ ਵਫ਼ਦ ਨੇ ਨਿੱਜੀ ਤੌਰ ਉਤੇ ਡਾਇਰੈਕਟਰ ਸਕੂਲ ਐਲੀਮੈਂਟਰੀ ਪੰਜਾਬ ਨਾਲ ਮੀਟਿੰਗ ਕਰਕੇ ਧਿਆਨ ਵਿਚ ਲਿਆਂਦਾ ਕਿ ਰੋਸਟਰ ਰਜਿਸਟਰਾਂ ਵਿੱਚ ਰਾਖਵੀ ਸ਼੍ਰੇਣੀ ਉਮੀਦਵਾਰਾਂ ਦੇ ਅੰਕੜ੍ਹੇ ਸਹੀ ਕਰਨ ਬਾਰੇ ਪੱਤਰ ਮਿਲਣ ਦੇ ਬਾਵਜੂਦ ਕਈ ਜਿਲ੍ਹਿਆ ਵਿਚ ਈ ਟੀ ਟੀ ਕਾਡਰ ਦੀਆਂ ਪੋਸਟਾਂ ਦੀ ਕੈਟਾਗਰੀ ਸਹੀ ਨਹੀਂ ਭਰੀ ਜਾ ਰਹੀ। ਜਿਸ ਕਰਕੇ ਅਧਿਆਪਕਾਂ ਵਿਚ ਰੋਸ ਦੀ ਲਹਿਰ ਹੈ।
ਯੂਨੀਅਨ ਦੇ ਪ੍ਰਧਾਨ ਬਲਜੀਤ ਸਿੰਘ ਸਲਾਣਾ ਨੇ ਕਿਹਾ ਕਿ ਜੇਕਰ ਸਿੱਖਿਆ ਅਧਿਕਾਰੀਆਂ ਨੇ ਇਸ ਗਲਤੀ ਨੂੰ ਦਰੁਸਤ ਨਾ ਕੀਤਾ ਤਾਂ ਜਥੇਬੰਦੀ ਅਧਿਕਾਰੀਆਂ ਖ਼ਿਲਾਫ਼ ਵਿਭਾਗੀ ਐਕਸ਼ਨ ਕਰਵਾਉਣ ਲਈ ਸੰਘਰਸ਼ ਕਰਨ ਤੋਂ ਗੁਰੇਜ਼ ਨਹੀਂ ਕਰੇਗੀ। ਜ਼ਿਕਰਯੋਗ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਦੇ ਗੇਟ ਦੇ ਅੱਗੇ ਬੈਠੇ 2364 ਬੇਰੁਜ਼ਗਾਰ ਅਧਿਆਪਕ ਪਿਛਲੇ ਲੰਮੇ ਸਮੇਂ ਤੋਂ ਰੁਜ਼ਗਾਰ ਮਿਲ਼ਣ ਦੀ ਆਸ ਵਿੱਚ ਹਨ । ਜਿਨ੍ਹਾਂ ਨੂੰ ਸਰਕਾਰ ਦੀ ਟਾਲ ਮਟੋਲ ਨੀਤੀ ਦੇ ਚਲਦਿਆਂ ਨਿੱਤ ਖੱਜਲ ਖੁਆਰ ਹੋਣਾ ਪੈ ਰਿਹਾ ਹੈ।
ਯੂਨੀਅਨ ਦੇ ਸੂਬਾ ਕਾਰਜਕਾਰੀ ਪ੍ਰਧਾਨ ਕ੍ਰਿਸ਼ਨ ਸਿੰਘ ਦੁੱਗਾ ਤੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ ਨੇ ਕਿਹਾ ਕਿ ਇਹ 2364 ਬੇਰੁਜ਼ਗਾਰ ਉਹ ਅਧਿਆਪਕ ਹਨ ਜੋ 2020 ਤੋਂ ਲਗਾਤਾਰ ਲੜ ਰਹੇ ਹਨ। ਇਹ ਸਾਥੀ ਭਰਤੀ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਨ। ਇਨ੍ਹਾਂ ਦੀ ਸਟੇਸ਼ਨ ਚੁਆਇਸ ਵੇਲੇ ਸਿਰਫ ਐੱਸ ਸੀ ਤੇ ਬੀ ਸੀ ਸਾਥੀਆਂ ਨੂੰ ਨਾਂਹ ਮਿਲ ਜਾਂਦੀ ਹੈ।
ਸੂਬਾਈ ਮੀਤ ਪ੍ਰਧਾਨ ਪਰਵਿੰਦਰ ਭਾਰਤੀ ਤੇ ਗੁਰਪ੍ਰੀਤ ਸਿੰਘ ਗੁਰੂ ਨੇ ਕਿਹਾ ਕਿ ਜੇਕਰ ਪਿਛਲੀਆਂ ਪੰਜ ਕੁ ਭਰਤੀਆਂ ਦੀ ਨਿਯੁਕਤੀ ਵੇਲੇ ਰਿਜ਼ਰਵੇਸ਼ਨ ਪਾਲਿਸੀ ਨੂੰ ਵਾਚੀਏ ਤਾਂ ਸੰਬੰਧਿਤ ਬੇਰੁਜ਼ਗਾਰ ਅਧਿਆਪਕ ਤਾਂ ਇੱਕ ਹੀ ਜ਼ਿਲੇ ਵਿੱਚ ਨਿਕਲ ਰਹੇ ਬੈਕਲਾਗ ਤੇ ਭਰਤੀ ਹੋ ਜਾਣਗੇ। ਬਸ਼ਰਤੇ ਸਰਕਾਰ ਤੇ ਅਧਿਕਾਰੀਆਂ ਦੀ ਮਨਸ਼ਾ ਇਮਾਨਦਾਰੀ ਵਾਲ਼ੀ ਹੋਵੇ।
ਮੌਜੂਦਾ ਹਾਲਾਤ ਇਹ ਹਨ ਕਿ ਈ ਟੀ ਟੀ ਕਾਡਰ ਦੀਆਂ ਪਹਿਲਾਂ ਦੀਆਂ ਭਰਤੀਆਂ ਦੌਰਾਨ ਸਰਕਾਰਾਂ ਤੇ ਅਧਿਕਾਰੀਆਂ ਦੀਆਂ ਧੱਕੇਸ਼ਾਹੀਆਂ ਕਾਰਨ ਰਿਜ਼ਰਵੇਸ਼ਨ ਦੀਆਂ ਧੱਜੀਆਂ ਉਡਾਈਆਂ ਗਈਆਂ। ਐੱਸ ਸੀ ਤੇ ਬੀ ਸੀ ਵਰਗ ਦੇ ਉਹ ਅਧਿਆਪਕ ਜੋ ਆਪਣੀ ਮੈਰਿਟ ਦੇ ਆਧਾਰ ਉਤੇ ਜਨਰਲ ਤੇ ਓਪਨ ਵਰਗ ਵਿੱਚ ਸਿਲੈਕਟ ਹੋਣੇ ਬਣਦੇ ਸਨ, ਉਹਨਾਂ ਨੂੰ ਰੋਸਟਰ ਨੁਕਤਿਆਂ ਤੇ ਭਰਤੀ ਕਰਕੇ ਐੱਸ ਸੀ ਤੇ ਬੀ ਸੀ ਵਰਗ ਦੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਪੋਸਟਾਂ ਭਰ ਦਿੱਤੀਆਂ ਗਈਆਂ। ਜਿਸ ਦਾ ਖਮਿਆਜ਼ਾ ਅਜਿਹੇ 2364 ਵਰਗੇ ਬੇਰੁਜ਼ਗਾਰਾਂ ਨੂੰ ਭੁਗਤਣਾ ਪੈ ਰਿਹਾ ਹੈ।ਜੇਕਰ ਇਹ ਦਰੁਸਤ ਨਹੀਂ ਹੁੰਦਾ ਤਾਂ 5994 ਉਮੀਦਵਾਰਾਂ ਨੂੰ ਵੀ ਵਿਭਾਗ ਵਿੱਚ ਸੀਟਾਂ ਨਾ ਹੋਣ ਦੇ ਕਾਰਨ ਹਾਜ਼ਰ ਕਰਵਾਉਣ ਵਿੱਚ ਨਾ ਨੁਕਰ ਦੀ ਨੀਤੀ ਵਰਤੀ ਜਾ ਸਕਦੀ ਹੈ ।
ਯੂਨੀਅਨ ਆਗੂਆਂ ਨੇ ਕਿਹਾ ਕਿ ਡੀਪੀਆਈ ਐਲੀਮੈਂਟਰੀ ਨੇ ਸਾਰੇ ਜ਼ਿਲਾ ਅਧਿਕਾਰੀਆਂ ਨੂੰ ਦਰੁਸਤ ਰਿਪੋਰਟ ਭੇਜਣ ਸਬੰਧੀ ਪੱਤਰ ਲਿਖਿਆ ਹੈ, ਪਰ ਇਸਦੇ ਬਾਵਜੂਦ ਕਈ ਜ਼ਿਲਿਆਂ ਵਲੋਂ ਅਜੇ ਵੀ ਐੱਸ ਸੀ ਤੇ ਬੀ ਸੀ ਅਧਿਆਪਕਾਂ ਪ੍ਰਤੀ ਲਾਪਰਵਾਹੀ ਵਾਲਾ ਵਤੀਰਾ ਰੱਖਿਆ ਹੋਇਆ ਹੈ। ਜਿਸ ਨੂੰ ਐੱਸ ਸੀ ਬੀ ਸੀ ਅਧਿਆਪਕ ਯੂਨੀਅਨ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗੀ। ਲੋੜ ਪਈ ਤਾਂ ਸਬੰਧਤ ਅਧਿਕਾਰੀ ਦੇ ਖਿਲਾਫ ਸਖ਼ਤ ਐਕਸ਼ਨ ਲੈਣ ਲਈ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਤੱਕ ਪੁਹੰਚ ਕੀਤੀ ਜਾਵੇਗੀ ।ਇਸ ਸਮੇਂ 2364 ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਹਰਜੀਤ ਸਿੰਘ, ਅਵਤਾਰ ਸਿੰਘ, ਕੁਲਵਿੰਦਰ ਸਿੰਘ ਬਿੱਟੂ ਜ਼ਿਲ੍ਹਾ ਪ੍ਰੈੱਸ ਸਕੱਤਰ ਰੂਪਨਗਰ, ਹਰਜਿੰਦਰ ਸਿੰਘ ਅਰਜ਼ ਬਲਾਕ ਪ੍ਰਧਾਨ ਸਲੌਰਾ ਰੂਪਨਗਰ ਤੇ ਰਣਜੀਤ ਹਠੂਰ ਲੁਧਿਆਣਾ ਆਦਿ ਹਾਜ਼ਰ ਸਨ ।